ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ

12:13 PM Nov 15, 2024 IST
ਆਨੰਦਪੁਰ ਸਾਹਿਬ ’ਚ ਸਜਾਏ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ।

ਬੀਐੱਸ ਚਾਨਾ
ਕੀਰਤਪੁਰ ਸਾਹਿਬ, 14 ਨਵੰਬਰ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਕੀਰਤਪੁਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਚਰਨ ਕੰਵਲ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ, ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਚਰਨ ਕੰਵਲ ਸਾਹਿਬ ਤੋਂ ਸ਼ੁਰੂ ਹੋਇਆ, ਨਗਰ ਕੀਰਤਨ ਮੌਕੇ ਆਰੰਭਤਾ ਦੀ ਅਰਦਾਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੱਲੋਂ ਕੀਤੀ ਗਈ। ਉਪਰੰਤ ਇਹ ਨਗਰ ਕੀਰਤਨ ਮੇਨ ਬਾਜ਼ਾਰ, ਅੰਬ ਵਾਲਾ ਚੌਕ, ਨਵਾਂ ਬੱਸ ਅੱਡਾ, ਪੁਰਾਣਾ ਬੱਸ ਅੱਡਾ ਤੋਂ ਹੁੰਦਾ ਹੋਇਆ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਸਮਾਪਤ ਹੋਇਆ|
ਮੋਰਿੰਡਾ(ਸੰਜੀਵ ਤੇਜਪਾਲ): ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਤੋਂ ਡੇਰਾ ਕਾਰ ਸੇਵਾ ਮੋਰਿੰਡਾ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਨਕ ਸ਼ਹਿਰ ਵਾਸੀਆਂ ਅਤੇ ਆਸ-ਪਾਸ ਦੇ ਪਿੰਡਾਂ ਦੀ ਸੰਗਤ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਦੇ ਕਾਰਜਕਾਰੀ ਪ੍ਰਧਾਨ ਸਵਰਨ ਸਿੰਘ ਬਿੱਟੂ ਨੇ ਦੱਸਿਆ ਕਿ ਇਸ ਨਗਰ ਕੀਰਤਨ ਵਿੱਚ ਜਿੱਥੇ ਸਿੱਖ ਸੰਗਤ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ, ਉੱਥੇ ਹੀ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ, ਸ੍ਰੀ ਵਿਜੈ ਕੁਮਾਰ ਟਿੰਕੂ ਹਲਕਾ ਇੰਚਾਰਜ ਖਰੜ ਵਰਲਡ ਸਿੱਖ ਮਿਸ਼ਨ ਦੇ ਵਿੱਤ ਸਕੱਤਰ ਭਾਈ ਕੁਲਵੰਤ ਸਿੰਘ ਵੀ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਤਮਸਤਕ ਹੋਏ।

Advertisement

ਕੁਰਾਲੀ ’ਚ ਸਜਾਏ ਨਗਰ ਕੀਰਤਨ ਦੀ ਝਲਕ।

ਕੁਰਾਲੀ (ਮਿਹਰ ਸਿੰਘ): ਇਥੇ ਗੁਰਦੁਆਰਾ ਸ੍ਰੀ ਹਰਗੋਬਿੰਦਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸਜਾਏ ਗਏ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਸੰਗਤ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।
ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਸਮਾਜ ਸੇਵੀ ਸੰਸਥਾਵਾਂ ਤੇ ਸ਼ਹਿਰੀਆਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਨਗਰ ਕੀਰਤਨ ਵਿੱਚ ਰਣਜੀਤ ਸਿੰਘ ਜੀਤੀ ਪਡਿਆਲਾ, ਦਵਿੰਦਰ ਸਿੰਘ ਠਾਕੁਰ ਸਮੇਤ ਕਈ ਪਤਵੰਤਿਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਖਰੜ (ਸ਼ਸ਼ੀ ਪਾਲ ਜੈਨ): ਇਥੇ ਮਲੂਕ ਦਾਸ ਜੰਡਪੁਰ ਤੋਂ ਹਰਲਾਲ ਪੁਰ, ਝੂਗੀਆਂ ਤੋਂ ਖਰੜ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ, ਜੋ ਵੱਖ-ਵੱਖ ਪੜਾਵਾਂ ’ਚੋਂ ਹੁੰਦੇ ਹੋਏ ਜੰਡਪੁਰ ਚ ਸਮਾਪਤ ਹੋਇਆ, ਜਿਸ ’ਚ ਬਾਬਾ ਭੁਪਿੰਦਰ ਦਾਸ ਸਮੇਤ ਗੁਰਦੁਆਰਾ ਤਾਲਮੇਲ ਕਮੇਟੀ ਅਤੇ ਐੱਸਐੱਸ ਪ੍ਰਾਪਰਟੀ ਦੇ ਸਾਰੇ ਆਗੂ ਮੌਜੂਦ ਸਨ।
ਘਨੌਲੀ (ਜਗਮੋਹਨ ਸਿੰਘ): ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਗੁਰੂਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਘਨੌਲੀ ਦੀ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰੂਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਗੋਲੀਆ ਮੁਹੱਲਾ, ਥਲੀ ਖੁਰਦ, ਬੇਗਮਪੁਰਾ ਆਬਾਦੀ, ਮੇਨ ਬਾਜ਼ਾਰ , ਦਸਮੇਸ਼ ਨਗਰ ਤੋਂ ਹੁੰਦਾ ਹੋਇਆ ਵਾਪਸ ਗੁਰੂਦੁਆਰਾ ਸਾਹਿਬ ਪੁੱਜ ਕੇ ਸਮਾਪਤ ਹੋਇਆ।
ਅਮਲੋਹ(ਰਾਮ ਸਰਨ ਸੂਦ): ਇਥੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਅੱਜ ਇਥੇ ਗੁਰਦੁਆਰਾ ਸ੍ਰੀ ਸਿੰਘ ਸਭਾ ਅਮਲੋਹ ਵਲੋਂ ਸ਼ਹਿਰ ਵਿਚ 5 ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਕਈ ਗਤਕਾ ਪਾਰਟੀਆਂ ਨੇ ਆਪਣੇ ਜੌਹਰ ਦਿਖਾਏ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁੰਦਰ ਪਾਲਕੀ ਵਿਚ ਸੰਸੋਭਿਤ ਕੀਤਾ ਗਿਆ ਜਿਸ ਦੇ ਪਿਛੇ ਸੰਗਤਾਂ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦੀਆਂ ਜਾ ਰਹੀਆਂ ਸਨ।

ਬਨੂੜ ਵਿੱਚ ਗਤਕੇ ਦੇ ਜ਼ੌਹਰ ਦਿਖਾਉਂਦੇ ਹੋਏ ਨਿਰਵੈਰ ਏਡ ਸੰਸਥਾ ਦੇ ਸਿੰਘ।

ਖਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਨਗਰ ਕੀਰਤਨ ਸਜਾਇਆ

ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ।

ਚਮਕੌਰ ਸਾਹਿਬ(ਸੰਜੀਵ ਬੱਬੀ): ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਸਕੂਲ ਦੀ ਪ੍ਰਿੰਸੀਪਲ ਕਿਰਨਜੋਤ ਕੌਰ ਖੰਗੂੜਾ ਨੇ ਦੱਸਿਆ ਕਿ ਇਹ ਨਗਰ ਕੀਰਤਨ ਸਵੇਰੇ 10 ਵਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਕੂਲ ਤੋਂ ਆਰੰਭ ਹੋ ਕੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਗੜੀ ਸਾਹਿਬ , ਗੁਰਦੁਆਰਾ ਸ਼ਹੀਦੀ ਬੁਰਜ ਬਾਬਾ ਜੀਵਨ ਸਿੰਘ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਸ੍ਰੀ ਰਣਜੀਤਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਵਿਖੇ ਨਤਮਸਤਕ ਹੁੰਦਾ ਹੋਇਆ ਮੁੜ ਸਕੂਲ ਵਿੱਚ ਸੰਪੰਨ ਹੋਇਆ।

Advertisement

ਹਰਿਆਣਾ ਗੁਰਦੁਆਰਾ ਕਮੇਟੀ ਨੇ ਨਗਰ ਕੀਰਤਨ ਸਜਾਇਆ

ਅੰਬਾਲਾ (ਰਤਨ ਸਿੰਘ ਢਿੱਲੋਂ): ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਅੱਜ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਅੰਬਾਲਾ ਸ਼ਹਿਰ ਦੇ ਗੁਰਦੁਆਰਾ ਮੰਜੀ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ ਜੋ ਹੈੱਡ ਗ੍ਰੰਥੀ ਭਾਈ ਸਤਨਾਮ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ 12 ਵਜੇ ਸ਼ੁਰੂ ਹੋਇਆ। ਇਹ ਵਿਸ਼ਾਲ ਨਗਰ ਕੀਰਤਨ ਮੀਰੀ-ਪੀਰੀ ਚੌਕ, ਨਾਹਨ ਹਾਊਸ, ਜਗਾਧਰੀ ਗੇਟ, ਪਟੇਲ ਰੋਡ, ਸਰਾਫਾ ਬਾਜ਼ਾਰ, ਧਰਮਸ਼ਾਲਾ ਗੈਂਡਾਮਲ ਚੌਕ, ਨਦੀ ਮੁਹੱਲਾ, ਰੇਲਵੇ ਰੋਡ , ਤੰਦੂਰਾਂ ਬਾਜ਼ਾਰ, ਪੁਰਾਣੀ ਅਨਾਜ ਮੰਡੀ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਮੰਜੀ ਸਾਹਿਬ ਪਹੁੰਚ ਕੇ ਸੰਪੂਰਨ ਹੋਇਆ।

ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਨਗਰ ਕੀਰਤਨ ਸਜਾਇਆ

ਬਨੂੜ(ਕਰਮਜੀਤ ਸਿੰਘ ਚਿੱਲਾ): ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਅੱਜ ਬਨੂੜ ਦੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਵਿਚ ਕੱਢੇ ਗਏ ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਬਾਬਾ ਗੁਰਦੇਵ ਸਿੰਘ ਦੀ ਦੇਖ-ਰੇਖ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੱਢੇ ਗਏ ਨਗਰ ਕੀਰਤਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁੰਦਰ ਸਜਾਈ ਹੋਈ ਪਾਲਕੀ ਵਿੱਚ ਸੁਸ਼ੋਭਿਤ ਸੀ। ਨਗਰ ਕੀਰਤਨ ਵਿੱਚ ਗੱਤਕਾ ਅਤੇ ਬੈਂਡ ਪਾਰਟੀਆਂ ਨੇ ਜੌਹਰ ਵਿਖਾਏ। ਵੱਡੀ ਗਿਣਤੀ ਵਿੱਚ ਸਕੂਲੀ ਬੱਚੇ ਅਤੇ ਪਿੰਡਾਂ ਵਿੱਚੋਂ ਵੀ ਸੰਗਤ ਟਰੈਕਟਰ ਟਰਾਲੀਆਂ ਲੈ ਕੇ ਪਹੁੰਚੀ ਹੋਈ ਸੀ। ਨਗਰ ਕੀਰਤਨ ਦਾ ਸਮੁੱਚੇ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ, ਮਾਰਕੀਟਾਂ ਅਤੇ ਵਾਰਡਾਂ ਵਿਚ ਭਰਵਾਂ ਸਵਾਗਤ ਕੀਤਾ ਗਿਆ। ਸੰਗਤਾਂ ਲਈ ਚਾਹ, ਪਕੌੜਿਆਂ, ਮਠਿਆਈਆਂ, ਫਲਾਂ ਅਤੇ ਪਰਸਾਦੇ ਆਦਿ ਦੇ ਲੰਗਰਾਂ ਦੀ ਸੇਵਾ ਕੀਤੀ ਗਈ।

Advertisement