ਜੈਕਾਰਿਆਂ ਦੀ ਗੂੰਜ ’ਚ ਨਿਕਲਿਆ ਨਗਰ ਕੀਰਤਨ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 24 ਨਵੰਬਰ
ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਨਗਰ ਕੀਰਤਨਾਂ ਦੌਰਾਨ ਬੂਟੇ ਵੰਡਣ ਦੀ ਚਲਾਈ ਵਿਸ਼ੇਸ਼ ਮੁਹਿੰਮ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਹਿਆ ਹੈ। ਅੱਜ ਨਿਰਮਲ ਕੁਟੀਆ ਸੀਚੇਵਾਲ ਤੋਂ ਚੱਲਿਆ ਤੀਜਾ ‘ਹਰਾ ਨਗਰ ਕੀਰਤਨ’ ਵੱਖ-ਵੱਖ ਪਿੰਡਾਂ ਵਿਚੋਂ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਬਾਬੇ ਨਾਨਕ ਦੀ ਨਗਰੀ ਪਹੁੰਚਿਆ। ਹੁਣ ਤੱਕ ਤਿੰਨਾਂ ਨਗਰ ਕੀਰਤਨਾਂ ਵਿੱਚ ਪੰਜ-ਪੰਜ ਹਾਜ਼ਾਰ ਬੂਟੇ ਪ੍ਰਸ਼ਾਦ ਦੇ ਰੂਪ ਵਿੱਚ ਵੰਡੇ ਗਏ ਹਨ। ਸੰਗਤਾਂ ਪੂਰੇ ਸ਼ਰਧਾ ਤੇ ਸਤਿਕਾਰ ਨਾਲ ਬੂਟਿਆਂ ਦਾ ਪ੍ਰਸ਼ਾਦ ਲੈ ਰਹੀਆਂ ਹਨ।
ਨਿਰਮਲ ਕੁਟੀਆ ਸੀਚੇਵਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜੇ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਮਾਹੌਲ ਬਹੁਤ ਹੀ ਜੋਸ਼ੀਲਾ ਬਣ ਗਿਆ। ਇਸ ਮੌਕੇ ਸ੍ਰੀ ਸੀਚੇਵਾਲ ਨੇ ਗੁਰਬਾਣੀ ਦੇ ਹਵਾਲਿਆਂ ਨਾਲ ਸੰਗਤਾਂ ਨੂੰ ਕਾਦਰ ਦੀ ਕੁਦਰਤ ਦੀ ਰਾਖੀ ਕਰਨ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਵਾਤਾਵਰਣ ਛੱਡ ਕੇ ਜਾਣ ਲਈ ਅਪੀਲ ਕੀਤੀ। ਹਰ ਨਗਰ ਕੀਰਤਨ ਵਿੱਚ ਪੰਜ ਹਾਜ਼ਰ ਬੂਟੇ ਵੰਡੇ ਜਾ ਰਹੇ ਹਨ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 11,000 ਬੂਟੇ ਵੰਡੇ ਜਾਣਗੇ। ਇਸ ਤਰ੍ਹਾਂ 31 ਹਾਜ਼ਾਰ ਬੂਟੇ ਵੰਡਣ ਦਾ ਸੰਕਲਪ ਪੂਰਾ ਹੋ ਜਾਵੇਗਾ। ਯੂ-ਟਿਊਬ ’ਤੇ ਲਾਈਵ ਟੈਲੀਕਾਸਟ ਹੋਣ ਨਾਲ ਇਹ ਨਗਰ ਕੀਰਤਨ ਦੁਨੀਆਂ ਭਰ ਵਿੱਚ ਦੇਖਿਆ ਗਿਆ। ਸੰਤ ਸੀਚੇਵਾਲ ਨੇ ਲਗਾਤਾਰ ਸ਼ਬਦ ਗਾਇਨ ਕਰ ਕੇ ਸੰਗਤਾਂ ਨੂੰ ਨਾਮ ਸਿਮਰਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਬਾਬੇ ਨਾਨਕ ਦੇ ਜੀਵਨ ਦੇ ਪ੍ਰਸੰਗ ਵੀ ਸੁਣਾਏ। ਇਸ ਮੌਕੇ ਸੰਤ ਗੁਰਮੇਜ਼ ਸਿੰਘ ਸੈਦਰਾਣਾ ਸਾਹਿਬ, ਸੰਤ ਅਮਰੀਕ ਸਿੰਘ ਡੇਰਾ ਬਾਬਾ ਹਰਜੀ, ਸੁਰਜੀਤ ਸਿੰਘ ਸ਼ੰਟੀ, ਅਮਰੀਕ ਸਿੰਘ ਸੰਧੂ ਅਤੇ ਹੋਰ ਸੇਵਾਦਾਰ ਹਾਜ਼ਰ ਸਨ। ਇਸ ਮੌਕੇ ਗਤਕਾ ਟੀਮ ਨੇ ਵੀ ਆਪਣੀ ਕਲਾ ਦੇ ਜੌਹਰ ਦਿਖਾਏ।
ਪਠਾਨਕੋਟ (ਐੱਨਪੀ ਧਵਨ): ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦੇ 554ਵੇਂ ਆਗਮਨ ਪੁਰਬ ਮੌਕੇ ਗੁਰਦੁਆਰਾ ਸਿੰਘ ਸਭਾ ਦਸਮੇਸ਼ ਗਾਰਡਨ ਕਲੋਨੀ ਤੋਂ ਗੁਰੂ ਗ੍ਰੰਥ ਸਾਹਿਬ ਦੀ ਛਤਰਛਾਇਆ ਹੇਠ 5 ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਦਸਮੇਸ਼ ਗਾਰਡਨ ਕਲੋਨੀ ਤੋਂ ਆਰੰਭ ਹੋ ਕੇ ਢਾਕੀ ਏਅਰ ਫੋਰਸ ਸਟੇਸ਼ਨ, ਬੱਜਰੀ ਕੰਪਨੀ, ਪੀਰ ਬਾਬਾ ਚੌਕ, ਸਲਾਰੀਆ ਚੌਕ, ਗਾੜੀ ਅਹਾਤਾ ਚੌਕ, ਡਾਕਖਾਨਾ ਚੌਕ, ਗਾਂਧੀ ਚੌਕ, ਵਾਲਮੀਕ ਚੌਕ, ਰੇਲਵੇ ਰੋਡ, ਇੰਦਰਾ ਕਲੋਨੀ ਤੋਂ ਹੁੰਦਾ ਹੋਇਆ ਗੁਰਦੁਆਰਾ ਸਿੰਘ ਸਭਾ ਸਰਾਈਂ ਮੁਹੱਲਾ ਵਿਖੇ ਸ਼ਾਮ ਨੂੰ ਸਮਾਪਤ ਹੋਇਆ।
ਜਲੰਧਰ: ਨਗਰ ਕੀਰਤਨ ਮੌਕੇ ਆਵਾਜਾਈ ਦੇ ਰੂਟਾਂ ’ਚ ਤਬਦੀਲੀ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਮੌਕੇ ਸਜਾਏ ਜਾ ਰਹੇ ਨਗਰ ਕੀਰਤਨ ਦੌਰਾਨ ਅਵਾਜਾਈ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ ਟਰੈਫਿਕ ਲਈ ਬਦਲਵੇਂ ਰੂਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਬੰਧੀ ਸਰਕਾਰੀ ਬੁਲਾਰੇ ਨੇ ਦੱਸਿਆ ਕਿ 25 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਨਗਰ ਕੀਰਤਨ ਆਰੰਭ ਹੋਵੇਗਾ। ਉਨ੍ਹਾਂ ਦੱਸਿਆ ਕਿ ਸੰਗਤ ਦੀ ਭਾਰੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਸਵੇਰੇ 9 ਵਜੇ ਤੋਂ ਰਾਤ 10 ਵਜੇ ਤੱਕ ਵਾਹਨਾਂ ਦੀ ਅਵਾਜਾਈ ਨੂੰ ਬਦਲਿਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਮਦਨ ਫਿਲੌਰ ਮਿੱਲ ਚੌਕ, ਅਲਾਸਕਾ ਚੌਕ, ਟੀ ਪੁਆਇੰਟ ਰੇਲਵੇ ਸਟੇਸ਼ਨ, ਇਕਹਿਰੀ ਪੁਲੀ ਦਮੋਰੀਆ ਪੁਲ, ਕਿਸ਼ਨਪੁਰਾ ਚੌਕ/ਰੇਲਵੇ ਫਾਟਕ, ਦੁਆਬਾ ਚੌਕ/ਰੇਲਵੇ ਫਾਟਕ, ਪਟੇਲ ਚੌਕ, ਵਰਕਸ਼ਾਪ ਚੌਕ, ਕਪੂਰਥਲਾ ਰੋਡ, ਚਿੱਕ-ਚਿੱਕ ਚੌਕ, ਲਕਸ਼ਮੀ ਨਰਾਇਣ ਮੰਦਿਰ ਮੋੜ, ਫੁਟਬਾਲ ਚੌਕ, ਟੀ-ਪੁਆਇੰਟ ਸ਼ਕਤੀ ਨਗਰ, ਨਕੋਦਰ ਚੌਕ, ਸਕਾਈਲਾਰਕ ਚੌਕ, ਪ੍ਰੀਤ ਹੋਟਲ ਮੋੜ, ਮਖਦੂਮਪੁਰਾ ਗਲੀ (ਫੁੱਲਾਂਵਾਲਾ ਚੌਕ), ਪਲਾਜ਼ਾ ਚੌਕ, ਕੰਪਨੀ ਬਾਗ ਚੌਕ (ਪੀ.ਐਨ.ਬੀ.ਚੌਕ), ਮਿਲਾਪ ਚੌਕ ਅਤੇ ਸ਼ਾਸ਼ਤਰੀ ਮਾਰਕਿਟ ਚੌਕ ਤੋਂ ਵਾਹਨਾਂ ਦੀ ਆਵਾਜਾਈ ਨੂੰ ਬਦਲਿਆ ਗਿਆ ਹੈ। ਬੁਲਾਰੇ ਨੇ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਟਰੈਫਿਕ ਪੁਲੀਸ ਹੈਲਪਲਾਈਨ ਨੰਬਰ 0181-2227296 ’ਤੇ ਸੰਪਰਕ ਕੀਤਾ ਜਾ ਸਕਦਾ ਹੈ।