ਜਿਮਨਾਸਟਿਕਸ ਦੀ ਆਲਮੀ ਮਲਿਕਾ ਨਾਦੀਆ ਕੋਮੈਂਸੀ
ਪ੍ਰਿੰ. ਸਰਵਣ ਸਿੰਘ
ਪ੍ਰਫੈਕਟ 10 ਸਕੋਰ ਵਾਲੀ ਨਾਦੀਆ ਕੋਮੈਂਸੀ ਜਿਮਨਾਸਟਿਕਸ ਦੀ ਮਲਿਕਾ ਹੈ। ਮਸਾਂ ਪੈਰ ਟਿਕਾਉਣ ਜੋਗੇ ਬੈਲੇਂਸ ਬੀਮ ਅਤੇ ਅਨਈਵਨ ਬਾਰਾਂ ’ਤੇ ਲੰਗੂਰਾਂ ਵਾਂਗ ਲਾਈਆਂ ਉਹਦੀਆਂ ਉੱਚੀਆਂ-ਨੀਵੀਆਂ ਤੇ ਸਿੱਧੀਆਂ-ਪੁੱਠੀਆਂ, ਦੂਹਰੀਆਂ-ਤੀਹਰੀਆਂ ਛਾਲਾਂ ਨੇ ਦੁਨੀਆ ਹੈਰਾਨ ਕਰ ਦਿੱਤੀ ਸੀ। ਐਨੀ ਅਡੋਲਤਾ, ਐਨਾ ਸੰਤੁਲਨ, ਐਨੀ ਪਰਿਪੱਕਤਾ, ਜਿਵੇਂ ਰੋਬੋਟ ਹੋਵੇ! ਵਿਸ਼ਵ ਦੀ ਉਹ ਪਹਿਲੀ ਜਿਮਨਾਸਟ ਹੈ ਜਿਸ ਨੇ ਮੌਂਟਰੀਅਲ-1976 ਦੀਆਂ ਓਲੰਪਿਕ ਖੇਡਾਂ ’ਚ ਸੱਤ ਵਾਰ ਪ੍ਰਫੈਕਟ 10 ਅੰਕ ਪ੍ਰਾਪਤ ਕੀਤੇ। ਜਿਮਨਾਸਟਿਕਸ ਦੇ ਮੁਕਾਬਲਿਆਂ ਵਿੱਚ ਦਸ ਬਟਾ ਦਸ ਅੰਕ ਹਾਸਲ ਕਰਨਾ ਕਿਸੇ ਹੱਡ ਮਾਸ ਦੇ ਜੁੱਸੇ ਦਾ ਦੈਵੀ ਕ੍ਰਿਸ਼ਮਾ ਹੀ ਕਿਹਾ ਜਾ ਸਕਦੈ। ਇਸ ਕ੍ਰਿਸ਼ਮੇ ਨਾਲ ਉਹ ਬਾਲੜੀ ਏਨੀ ਪ੍ਰਸਿੱਧ ਹੋ ਗਈ ਕਿ ਸਟੇਡੀਅਮ ਵਿਚਲੀਆਂ ਹਜ਼ਾਰਾਂ ਨਜ਼ਰਾਂ ਤੇ ਟੀਵੀ ਵੇਖਦੀਆਂ ਕਰੋੜਾਂ ਅੱਖਾਂ ਉਹਦੇ ’ਤੇ ਕੇਂਦਰਿਤ ਹੋ ਗਈਆਂ! ਵਿਸ਼ਵ ਦੇ ਲੱਖਾਂ ਕਰੋੜਾਂ ਲੋਕ ਉਹਦੇ ਦੀਵਾਨੇ ਹੋ ਗਏ। ਉਸ ਨੂੰ ਵਿਸ਼ਵ ਦੀ ਸਰਬੋਤਮ ਖਿਡਾਰਨ ਐਲਾਨਿਆ ਗਿਆ। ਉਹਦਾ ਨਾਂ ਇੰਟਰਨੈਸ਼ਨਲ ਹਾਲ ਆਫ ਫੇਮ ਵਿੱਚ ਸੁਸ਼ੋਭਿਤ ਕੀਤਾ ਗਿਆ।
ਪ੍ਰਸਿੱਧ ਮੈਗਜ਼ੀਨ ‘ਟਾਈਮ’, ‘ਨਿਊਜ਼ਵੀਕ’ ਤੇ ‘ਸਪੋਰਟਸ ਇਲੱਸਟ੍ਰੇਟਿਡ’ ਦੇ ਟਾਈਟਲਾਂ ’ਤੇ ਉਹਦੀਆਂ ਰੰਗੀਨ ਤਸਵੀਰਾਂ ਛਾਪੀਆਂ ਗਈਆਂ। ਓਲੰਪਿਕ ਖੇਡਾਂ ਦੇ 80 ਸਾਲਾ ਇਤਿਹਾਸ ਵਿੱਚ ਅਜਿਹਾ ਕ੍ਰਿਸ਼ਮਾ ਪਹਿਲੀ ਵਾਰ ਹੋਇਆ ਸੀ। ਉਦੋਂ ਸਕੂਲ ਪੜ੍ਹਦੀ ਨਾਦੀਆ ਦੀ ਉਮਰ ਕੇਵਲ 14 ਸਾਲ, ਵਜ਼ਨ ਸਿਰਫ਼ 84 ਪੌਂਡ ਤੇ ਕੱਦ 4 ਫੁੱਟ 11 ਇੰਚ ਸੀ। ਵੇਖਣ ਨੂੰ ਬੇਬੀ ਲੱਗਦੀ ਸੀ ਜਿਸ ਦੀ ਨਿੱਕੀ ਗੁੱਤ ਦੁਆਲੇ ਰੰਗਦਾਰ ਧਾਰੀਆਂ ਵਾਲਾ ਰਬਨਿ ਚਾੜ੍ਹਿਆ ਹੋਇਆ ਸੀ। ਉਹ ਰਬੜ ਦੇ ਖਿਡੌਣੇ ਵਰਗੀ ਗੁੱਡੀ ਜਾਪ ਰਹੀ ਸੀ। ਉੱਥੇ ਉਸ ਨੇ ਇੱਕਾ-ਦੁੱਕਾ ਨਹੀਂ ਬਲਕਿ 5 ਓਲੰਪਿਕ ਮੈਡਲ ਜਿੱਤੇ। ਉਨ੍ਹਾਂ ’ਚ 3 ਸੋਨੇ, 1 ਚਾਂਦੀ ਤੇ 1 ਕਾਂਸੀ ਦਾ ਤਗ਼ਮਾ ਸੀ। ਮੌਂਟਰੀਅਲ ਦੀਆਂ ਓਲੰਪਿਕ ਖੇਡਾਂ ਨਾਦੀਆ ਕੋਮੈਂਸੀ ਦੀਆਂ ਖੇਡਾਂ ਕਹੀਆਂ ਜਾਂਦੀਆਂ ਹਨ। ਰੋਮਾਨੀਆ ਪਰਤਣ ’ਤੇ ਉਸ ਦਾ ਸ਼ਾਹੀ ਸਵਾਗਤ ਹੋਇਆ। ਉਹਦਾ ਨਾਂ ਹਰ ਸ਼ਖ਼ਸ ਦੀ ਜ਼ੁਬਾਨ ’ਤੇ ਚੜ੍ਹ ਗਿਆ।
1980 ਦੀ ਮਾਸਕੋ ਓਲੰਪਿਕਸ ਵਿੱਚੋਂ ਉਸ ਨੇ 2 ਗੋਲਡ ਤੇ 2 ਸਿਲਵਰ ਮੈਡਲ ਹੋਰ ਜਿੱਤ ਕੇ ਆਪਣੇ ਨਾਮ 9 ਓਲੰਪਿਕ ਮੈਡਲ ਕਰ ਲਏ ਜੋ 18 ਸਾਲ ਦੀ ਉਮਰੇ ਬੇਜੋੜ ਪ੍ਰਾਪਤੀ ਸੀ। 4 ਮੈਡਲ ਵਿਸ਼ਵ ਜਿਮਨਾਸਟਿਕਸ ਚੈਂਪੀਅਨਸ਼ਿਪਾਂ ’ਚੋਂ ਜਿੱਤੇ। ਉਸ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਗੋਲਡ ਮੈਡਲਾਂ ਦੀ ਗਿਣਤੀ 131 ਹੈ। ਉਸ ਦੀ ਜਿਮਨਾਸਟਿਕਸ ਕਲਾ ਨੇ ਏਨਾ ਪ੍ਰਭਾਵ ਪਾਇਆ ਕਿ ਜਿਮਨਾਸਟਿਕਸ ਕਰਨ ਵਾਲਿਆਂ ਦੀ ਗਿਣਤੀ ਸੈਂਕੜੇ ਹਜ਼ਾਰਾਂ ਤੋਂ ਵਧ ਕੇ ਲੱਖਾਂ ਤੱਕ ਪਹੁੰਚ ਗਈ। ’ਕੱਲੇ ਅਮਰੀਕਾ ਵਿੱਚ ਹੀ ਜਿੱਥੇ 15000 ਜਿਮਨਾਸਟ ਸਨ, ਦੋ ਸਾਲਾਂ ’ਚ ਵਧ ਕੇ 150000 ਹੋ ਗਏ।
1970 ਵਿੱਚ ਉਹ ਓਨੈਸਟੀ ਦੀ ਜਿਮਨਾਸਟਿਕਸ ਟੀਮ ਵਿੱਚ ਚੁਣੀ ਗਈ ਤੇ ਰੁਮਾਨੀਆ ਨੈਸ਼ਨਲ ਦਾ ਖ਼ਿਤਾਬ ਜਿੱਤਣ ਵਾਲੀ ਸਭ ਤੋਂ ਛੋਟੀ ਜਿਮਨਾਸਟ ਬਣ ਗਈ। 1971 ਵਿੱਚ ਉਸ ਨੇ ਪਹਿਲੇ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਭਾਗ ਲਿਆ ਜੋ ਰੁਮਾਨੀਆ ਤੇ ਯੂਗੋਸਲਾਵੀਆ ਵਿਚਕਾਰ ਹੋਇਆ। ਉੱਥੇ ਉਸ ਨੇ ਆਪਣੀ ਟੀਮ ਲਈ ਗੋਲਡ ਮੈਡਲ ਤੇ ਆਲਰਾਊਂਡ ਟਾਈਟਲ ਜਿੱਤਿਆ। ਫੇਰ ਕੀ ਸੀ ਉਹ ਹੰਗਰੀ, ਇਟਲੀ ਤੇ ਪੋਲੈਂਡ ਨਾਲ ਰੁਮਾਨੀਆ ਦੀਆਂ ਦੁਵੱਲੀਆਂ ਮੀਟਾਂ ’ਚੋਂ ਤਗ਼ਮੇ ਜਿੱਤਣ ਲੱਗੀ। 11 ਸਾਲ ਦੀ ਉਮਰ ਵਿੱਚ ਉਹ ਪਹਿਲੀ ਵਾਰ ਅੰਤਰਰਾਸ਼ਟਰੀ ਜੂਨੀਅਰ ਫਰੈਂਡਸ਼ਿਪ ਟੂਰਨਾਮੈਂਟ ਡਰੁਜ਼ਬਾ ਵਿੱਚ ਸ਼ਾਮਲ ਹੋਈ ਜਿੱਥੇ ਟੀਮ ਲਈ ਗੋਲਡ ਮੈਡਲ ਤੇ ਆਪਣੇ ਲਈ ਆਲਰਾਊਂਡ ਦਾ ਟਾਈਟਲ ਜਿੱਤਿਆ।
ਉਹ 13 ਸਾਲਾਂ ਦੀ ਹੋਈ ਤਾਂ ਨਾਰਵੇ ਦੀ ਯੂਰਪੀਨ ਵੂਮੈੱਨ ਆਰਟਿਸਟਿਕ ਚੈਂਪੀਅਨਸ਼ਿਪ ’ਚੋਂ ਆਲਰਾਊਂਡ ਗੋਲਡ ਮੈਡਲ ਤੇ ਫਲੋਰ ਐਕਸਰਸਾਈਜ਼ ’ਚੋਂ ਸਿਲਵਰ ਮੈਡਲ ਜਿੱਤੇ। ਰੁਮਾਨੀਅਨ ਨੈਸ਼ਨਲ ਚੈਂਪੀਅਨਸ਼ਿਪਸ ਵਿੱਚ ਤਾਂ ਉਸ ਨੇ ਮੈਡਲਾਂ ਨੂੰ ਹੂੰਝਾ ਹੀ ਫੇਰ ਦਿੱਤਾ। ਮੌਂਟਰੀਅਲ ਓਲੰਪਿਕ ਖੇਡਾਂ ਤੋਂ ਚਾਰ ਮਹੀਨੇ ਪਹਿਲਾਂ ਅਮਰੀਕਨ ਕੱਪ ਦਾ ਮੁਕਾਬਲਾ ਆ ਗਿਆ ਜੋ ਮੈਨਹਟਨ ਦੇ ਮੈਡੀਸਨ ਸੁਕੇਅਰ ਗਾਰਡਨ ਵਿੱਚ ਸੀ। ਉਦੋਂ ਉਸ ਦੇ ਖ਼ਾਬ ਖ਼ਿਆਲ ਵਿੱਚ ਵੀ ਨਹੀਂ ਸੀ ਕਿ ਕਿਸੇ ਦਨਿ ਉਹ ਅਮਰੀਕਨ ਸਿਟੀਜ਼ਨ ਬਣ ਜਾਵੇਗੀ। ਉੱਥੇ ਉਸ ਨੇ ਮੈਡਲ ਜਿੱਤਣ ਨਾਲ ਅਮਰੀਕਾ ਦੇ ਇੱਕ ਨੌਜਵਾਨ ਜਿਮਨਾਸਟ ਬਾਰਟ ਕੋਨਰ ਦਾ ਦਿਲ ਵੀ ਜਿੱਤ ਲਿਆ। ਨਾਦੀਆ ਚੌਦਾਂ ਸਾਲਾਂ ਦੀ ਸੀ, ਬਾਰਟ ਕੋਨਰ 18 ਸਾਲਾਂ ਦਾ। ਇਹ ਅਜਨਬੀ ਮੇਲ ਸੀ ਜੋ ਕੰਪੀਟੀਸ਼ਨ ਦੌਰਾਨ ਹੋਇਆ। ਦੋਹਾਂ ਨੇ ਸਿਲਵਰ ਕੱਪ ਜਿੱਤਿਆ ਜਿਸ ਕਰਕੇ ਦੋਹਾਂ ਦੀ ’ਕੱਠੀ ਫੋਟੋ ਖਿੱਚੀ ਗਈ। ਉਦੋਂ ਵਿਆਹ ਦੀ ਗੱਲ ਤਾਂ ਕੋਈ ਸੋਚ ਵੀ ਨਹੀਂ ਸਕਦਾ ਕਿਉਂਕਿ ਰੁਮਾਨੀਆ ਸਮਾਜਵਾਦੀ ਮੁਲਕ ਸੀ ਤੇ ਅਮਰੀਕਾ ਸਾਮਰਾਜੀ। ਉਨ੍ਹੀਂ ਦਨਿੀਂ ਦੋਹਾਂ ਵਿਚਕਾਰ ਠੰਢੀ ਜੰਗ ਚੱਲ ਰਹੀ ਸੀ।
ਉਤੋਂ ਮੌਂਟਰੀਅਲ ਦੀਆਂ ਓਲੰਪਿਕ ਖੇਡਾਂ ਆ ਗਈਆਂ। ਬਾਰਟ ਕੋਨਰ ਅਮਰੀਕਾ ਦੀ ਟੀਮ ਵੱਲੋਂ ਮੌਂਟਰੀਅਲ ਗਿਆ ਤੇ ਨਾਦੀਆ ਕੁਮੈਂਸੀ ਰੁਮਾਨੀਆ ਵੱਲੋਂ। ਨਵੇਂ ਹੋਣ ਕਾਰਨ ਦੋਹਾਂ ਤੋਂ ਕੋਈ ਵੱਡੀਆਂ ਆਸਾਂ ਨਹੀਂ ਸਨ। ਔਰਤਾਂ ਦੀ ਜਿਮਨਾਸਟਿਕਸ ਵਿੱਚ ਸੋਵੀਅਤ ਰੂਸ ਦੀ ਓਲਗਾ ਕੋਰਬਤ ਤੇ ਨੈਲੀ ਕਿਮ ਦੀ ਬੱਲੇ ਬੱਲੇ ਸੀ। ਓਲਗਾ ਨੇ ਚਾਰ ਸਾਲ ਪਹਿਲਾਂ ਮਿਊਨਿਖ ਦੀਆਂ ਓਲੰਪਿਕ ਖੇਡਾਂ ਵਿੱਚ ਧੰਨ ਧੰਨ ਕਰਾ ਦਿੱਤੀ ਸੀ। ਉਂਜ ਵੀ ਉਸ ਨੂੰ ਮੀਡੀਆ ਨਾਲ ਨਿਝੱਕ ਗੱਲਾਂ ਬਾਤਾਂ ਕਰਨੀਆਂ ਆਉਂਦੀਆਂ ਸਨ ਤੇ ਹਰ ਥਾਂ ਮੁਸਕਰਾਹਟਾਂ ਵੰਡਦੀ ਫਿਰਦੀ ਸੀ। ਨਾਦੀਆ ਅਜੇ ਸੰਗਾਊ ਸੀ। ਚੌਦਾਂ ਸਾਲਾਂ ਦੀ ਹੋ ਕੇ ਵੀ ਬਾਰਾਂ ਸਾਲ ਦੀ ਬਾਲੜੀ ਲੱਗ ਰਹੀ ਸੀ। ਜਿਮਨਾਸਟਿਕਸ ਹਾਲ ਵਿੱਚ ਵਧੇਰੇ ਜ਼ਿਕਰ ਓਲਗਾ ਤੇ ਨੈਲੀ ਦਾ ਸੀ।
ਪਰ ਜਦੋਂ ਜਿਮਨਾਸਟਿਕਸ ਦੇ ਮੁਕਾਬਲੇ ਸ਼ੁਰੂ ਹੋਏ ਤਾਂ ਨਾਦੀਆ ਕੁਮੈਂਸੀ ਦੇ ਵਾਰ ਵਾਰ ਪ੍ਰਫੈਕਟ 10 ਸਕੋਰ ਨੇ ਕੁਲ ਦੁਨੀਆ ਦੇ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਉਸ ਨੇ ਅਨਈਵਨ ਬਾਰਜ਼ ਦੇ ਈਵੈਂਟ ਵਿੱਚ ਸੱਤਾਂ ’ਚੋਂ ਚਾਰ ਪ੍ਰਫੈਕਟ 10 ਸਕੋਰ ਹਾਸਲ ਕੀਤੇ। 23 ਸਕਿੰਟਾਂ ਦੇ ਵਕਫ਼ੇ ਵਿੱਚ ਓਲੰਪਿਕ ਖੇਡਾਂ ਦਾ ਰੰਗ ਰੂਪ ਹੀ ਬਦਲ ਗਿਆ। ਜਨਿਾਸਟਿਕਸ ਹਾਲ ਦੀਆਂ ਟਿਕਟਾਂ ਲੈਣ ਲਈ ਦਰਸ਼ਕਾਂ ਦਾ ਧੱਕਾ ਪੈਣ ਲੱਗਾ। ਨਾਦੀਆ ਦੇ ਦਰਸ਼ਨ ਦੁਰਲੱਭ ਹੋਣ ਲੱਗੇ। ਬੈਲੇਂਸ ਬੀਮ ਉੱਤੇ ਸਿੱਧੀਆਂ ਪੁੱਠੀਆਂ ਛਾਲਾਂ ਲਾਉਣ ਵਿੱਚ ਵੀ ਨਾਦੀਆ ਨੇ ਕਮਾਲ ਕਰ ਦਿੱਤੀ। ਉਸ ਵਿੱਚ ਉਸ ਦੇ ਤਿੰਨ ਵਾਰ ਪ੍ਰਫੈਕਟ 10 ਸਕੋਰ ਸਨ। 18 ਜੁਲਾਈ 1976 ਦਾ ਦਨਿ ਨਾਦੀਆ ਕੁਮੈਂਸੀ ਲਈ ਸੋਨ-ਰੰਗਾ ਹੋ ਨਿੱਬੜਿਆ। ਉਸ ਦੀ ਸੁਨਹਿਰੀ ਚਮਕ ਸਾਹਵੇਂ ਸੋਵੀਅਤ ਰੂਸ ਦੀ ਓਲਗਾ ਤੇ ਨੈਲੀ ਦੇ ਰੰਗ ਫਿੱਕੇ ਪੈ ਗਏ। ਉਸ ਨੇ ਪਹਿਲੇ ਦਨਿ ਅਨਈਵਨ ਬਾਰਜ਼, ਅਗਲੇ ਦਨਿ ਬੀਮ ਬੈਲੇਂਸ ਤੇ ਫਿਰ ਫਲੋਰ ਕਸਰਤਾਂ ਵਿੱਚ ਗੋਲਡ ਮੈਡਲ ਜਿੱਤੇ। ਨਾਲ ਇੱਕ ਸਿਲਵਰ ਤੇ ਇੱਕ ਕਾਂਸੀ ਮੈਡਲ ਜਿੱਤਣ ਨਾਲ ਉਹ ਓਲੰਪਿਕ ਖੇਡਾਂ ਦੀ ਸਰਬੋਤਮ ਜਿਮਨਾਸਟ ਬਣ ਗਈ ਤੇ ਉਸ ਨੂੰ ‘ਲਿਟਲ ਮਿਸ ਪ੍ਰਫੈਕਟ’ ਕਿਹਾ ਜਾਣ ਲੱਗਾ।
ਨਾਦੀਆ ਰੁਮਾਨੀਆ ਦੀ ਪਹਿਲੀ ਜਿਮਨਾਸਟ ਹੈ ਜਿਸ ਨੇ 14 ਸਾਲ ਦੀ ਉਮਰੇ ਓਲੰਪਿਕ ਆਲਰਾਊਂਡ ਦਾ ਟਾਈਟਲ ਜਿੱਤਿਆ। ਰਿਕਾਰਡ ਟੁੱਟਦੇ ਰਹਿੰਦੇ ਹਨ, ਪਰ ਇਹ ਰਿਕਾਰਡ ਕਦੇ ਨਹੀਂ ਟੁੱਟਣਾ ਕਿਉਂਕਿ ਮੌਂਟਰੀਅਲ ਦੀ ਓਲੰਪਿਕਸ ਪਿੱਛੋਂ ਜਿਮਨਾਸਟਾਂ ਲਈ ਓਲੰਪਿਕ ਖੇਡਾਂ ’ਚ ਭਾਗ ਲੈਣ ਦੀ ਘੱਟੋ ਘੱਟ ਉਮਰ 16 ਸਾਲ ਕਰ ਦਿੱਤੀ ਗਈ ਹੈ। ਨਾਦੀਆ ਦੀ ਪ੍ਰਾਪਤੀ ਨੂੰ ਐਸੋਸੀਏਟਡ ਪ੍ਰੈੱਸ ਨੇ ‘ਫੀਮੇਲ ਆਫ ਦਿ ਯੀਅਰ’ ਤੇ ਬੀਬੀਸੀ ਨੇ ‘ਓਵਰਸੀਜ਼ ਸਪੋਰਟਸ ਪਰਸਨੈਲਟੀ ਆਫ ਦਿ ਯੀਅਰ’ ਕਹਿ ਕੇ ਵਡਿਆਇਆ। ਰੁਮਾਨੀਆ ਨੇ ਉਸ ਨੂੰ ‘ਦਾਤੀ ਹਥੌੜੇ’ ਦੇ ਗੋਲਡ ਮੈਡਲ ਅਤੇ ‘ਹੀਰੋ ਆਫ ਸੋਸ਼ਲਿਸਟ ਲੇਬਰ’ ਦੇ ਕੌਮੀ ਐਵਾਰਡਾਂ ਨਾਲ ਸਨਮਾਨਿਆ। ਉਸ ਦੀਆਂ ਪ੍ਰਾਪਤੀਆਂ ਨੂੰ ਗਾਣਿਆਂ ਤੇ ਫਿਲਮਾਂ ਰਾਹੀਂ ਗਾਇਆ ਤੇ ਵਿਖਾਇਆ ਜਾਣ ਲੱਗਾ।
1977 ਵਿੱਚ ਨਾਦੀਆ ਨੇ ਯੂਰਪੀਨ ਚੈਂਪੀਅਨਸ਼ਿਪ ਦਾ ਆਲਰਾਊਂਡ ਟਾਈਟਲ ਦੁਬਾਰਾ ਜਿੱਤਿਆ। ਫਿਰ ਉਹ ਬੁਖਰੈਸਟ ਦੇ ਸਪੋਰਟਸ ਕੰਪਲੈਕਸ ਵਿੱਚ ਸਿਖਲਾਈ ਲੈਣ ਲੱਗੀ। ਉੱਥੇ ਉਸ ਦਾ ਕੱਦ ਵੀ ਵਧਿਆ ਤੇ ਭਾਰ ਵੀ। ਭਾਰ ਨਾਲ ਪ੍ਰਫਾਰਮੈਂਸ ਮਾਂਦੀ ਪੈ ਗਈ। ਉਹ ਉਦਾਸ ਰਹਿਣ ਲੱਗੀ ਤੇ ਇੱਕ ਸਮੇਂ ਖ਼ੁਦਕੁਸ਼ੀ ਕਰਨ ਦਾ ਕਦਮ ਵੀ ਚੁੱਕਿਆ, ਪਰ ਬਚ ਗਈ। 1978 ਵਿੱਚ ਉਸ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਗ ਲਿਆ। ਤਦ ਤੱਕ ਉਹਦਾ ਕੱਦ 7 ਇੰਚ ਹੋਰ ਉੱਚਾ ਹੋ ਗਿਆ ਸੀ ਤੇ ਭਾਰ ਵੀ 21 ਪੌਂਡ ਵਧ ਗਿਆ ਸੀ। ਉਹ ਅਨਈਵਨ ਬਾਰ ਤੋਂ ਇੱਕ ਵਾਰ ਡਿੱਗ ਵੀ ਪਈ ਜਿਸ ਕਰਕੇ ਚੌਥੇ ਸਥਾਨ ’ਤੇ ਆ ਸਕੀ, ਪਰ ਬੀਮ ਦਾ ਗੋਲਡ ਤੇ ਵਾਲਟ ਦਾ ਸਿਲਵਰ ਮੈਡਲ ਜਿੱਤ ਗਈ।
1980 ਦੀਆਂ ਮਾਸਕੋ ਓਲੰਪਿਕ ਖੇਡਾਂ ਵਿੱਚ ਅਮਰੀਕਾ ਗੁੱਟ ਦੇ ਦੇਸ਼ਾਂ ਨੇ ਬਾਈਕਾਟ ਕਰ ਦਿੱਤਾ ਸੀ। ਉੱਥੇ ਨਾਦੀਆ ਨੇ ਬੈਲੇਂਸ ਬੀਮ ਤੇ ਫਲੋਰ ਐਕਸਰਸਾਈਜ਼ ਵਿੱਚੋਂ ਦੋ ਗੋਲਡ ਮੈਡਲ, ਟੀਮ ਆਲਰਾਊਂਡ ਤੇ ਵਿਅਕਤੀਗਤ ਆਲਰਾਊਂਡ ’ਚੋਂ ਦੋ ਸਿਲਵਰ ਮੈਡਲ ਜਿੱਤੇ। 1981 ਵਿੱਚ ਨਾਦੀਆ ਆਪਣੇ ਕੋਚ ਬੇਲਾ ਤੇ ਮਾਰਤਾ ਕਰੋਲੇਈ ਦੀ ਅਗਵਾਈ ਵਿੱਚ ਦੁਬਾਰਾ ਅਮਰੀਕਾ ਦੇ ਟੂਰ ’ਤੇ ਗਈ। ਬੱਸ ਵਿੱਚ ਉਹਦਾ ਫਿਰ ਅਮਰੀਕਨ ਜਿਮਨਾਸਟ ਬਾਰਤ ਕੋਨਰ ਨਾਲ ਮੇਲ ਹੋਇਆ ਜੋ ਮੌਂਟਰੀਅਲ ਤੋਂ ਖਾਲੀ ਹੱਥ ਪਰਤਿਆ ਸੀ। ਟੂਰ ਦੇ ਅਖੀਰਲੇ ਦਨਿ ਕੋਚ ਜੋੜਾ ਅਮਰੀਕਾ ਵਿੱਚ ਹੀ ਪਨਾਹ ਲੈਣ ਲਈ ਖਿਸਕ ਗਿਆ। ਉਨ੍ਹਾਂ ਨੇ ਕਿਹਾ ਤਾਂ ਨਾਦੀਆ ਨੂੰ ਵੀ ਸੀ, ਪਰ ਉਸ ਨੂੰ ਰੁਮਾਨੀਆ ਦਾ ‘ਮਾਣ’ ਹੋਣ ਕਾਰਨ ਵਾਪਸ ਮੁੜਨਾ ਪਿਆ।
1984 ਦੀਆਂ ਓਲੰਪਿਕ ਖੇਡਾਂ ਲਾਸ ਏਂਜਲਸ ਵਿੱਚ ਹੋਈਆਂ ਜਨਿ੍ਹਾਂ ਦਾ ਸੋਵੀਅਤ ਗੁੱਟ ਨੇ ਬਾਈਕਾਟ ਕੀਤਾ। ਰੁਮਾਨੀਆ ਨੇ ਇਸ ਸ਼ਰਤ ’ਤੇ ਆਪਣੀ ਟੀਮ ਭੇਜੀ ਕਿ ਅਮਰੀਕਾ ’ਚ ਕਿਸੇ ਖਿਡਾਰੀ ਨੂੰ ਪਨਾਹ ਨਹੀਂ ਦਿੱਤੀ ਜਾਵੇਗੀ। ਨਾਦੀਆ ਚਲੀ ਤਾਂ ਗਈ, ਪਰ ਉਸ ਨੇ ਕਿਸੇ ਮੁਕਾਬਲੇ ’ਚ ਭਾਗ ਨਾ ਲਿਆ। ਉੱਥੇ ਉਹ ਓਬਜ਼ਰਬਰ ਬਣ ਗਈ। ਰੁਮਾਨੀਅਨ ਡੈਲੀਗੇਸ਼ਨ ਨੇ ਉਹਦੀ ਨਿਗਰਾਨੀ ਰੱਖੀ, ਕਿਤੇ ਖਿਸਕ ਨਾ ਜਾਵੇ। ਉਸ ਨੂੰ ਵਾਪਸ ਮੁੜਨਾ ਪਿਆ। 1984 ਵਿੱਚ ਹੀ ਉਸ ਨੇ ਜਿਮਨਾਸਟਿਕਸ ਦੇ ਸਰਗਰਮ ਮੁਕਾਬਲਿਆਂ ਤੋਂ ਬਾਕਾਇਦਾ ਰਿਟਾਇਰਮੈਂਟ ਲੈ ਲਈ।
27 ਨਵੰਬਰ 1989 ਦੀ ਇੱਕ ਰਾਤ ਨੂੰ ਉਹ ਰੁਮਾਨੀਅਨ ਗਰੁੱਪ ਨਾਲ ਪੈਦਲ ਰੁਮਾਨੀਆ-ਹੰਗਰੀ ਦਾ ਬਾਰਡਰ ਲੰਘੀ ਤੇ ਆਸਟਰੀਆ ਤੋਂ ਜਹਾਜ਼ ਚੜ੍ਹ ਕੇ ਅਮਰੀਕਾ ਪਹੁੰਚੀ। 1991 ’ਚ ਉਹ ਓਕਲਹਾਮਾ ਰਹਿੰਦੇ ਆਪਣੇ ਪੁਰਾਣੇ ਪ੍ਰੇਮੀ ਓਲੰਪਿਕ ਚੈਂਪੀਅਨ ਬਾਰਤ ਕੋਨਰ ਨੂੰ ਜਾ ਮਿਲੀ। ਉਹ ਚਾਰ ਸਾਲ ਦੋਸਤਾਂ ਵਾਂਗ ’ਕੱਠੇ ਰਹੇ ਤੇ ਜਿਮਨਾਸਟਿਕਸ ਦੀ ਕੋਚਿੰਗ ਦਿੰਦੇ ਰਹੇ। ਅਖ਼ੀਰ ਮੰਗਣੀ ਕਰ ਲਈ। 1996 ’ਚ ਓਕਲਹਾਮਾ ਤੋਂ ਬਰਾਤ ਚੜ੍ਹੀ ਜੋ ਬੁਖਾਰੈਸਟ ਪਹੁੰਚੀ। ਤਦ ਤੱਕ ਸੋਵੀਅਤ ਯੂਨੀਅਨ ਟੁੱਟ ਚੁੱਕੀ ਸੀ। ਰੁਮਾਨੀਆ ਬਦਲ ਚੁੱਕਾ ਸੀ। ਉਨ੍ਹਾਂ ਦਾ ਵਿਆਹ ਟੈਲੀਵਿਜ਼ਨ ਤੋਂ ਸਾਰੇ ਰੁਮਾਨੀਆ ਨੂੰ ਵਿਖਾਇਆ ਗਿਆ। 2001 ਵਿੱਚ ਨਾਦੀਆ ਕੋਮੈਂਸੀ ਅਮਰੀਕਨ ਸਿਟੀਜ਼ਨ ਬਣ ਗਈ ਤੇ 2006 ਵਿੱਚ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ।
ਨਾਦੀਆ ਕੋਨਰ ਜੋੜਾ ਅਮਰੀਕਾ ਵਿੱਚ ਜਿਮਨਾਸਟਿਕਸ ਦੀ ਕੋਚਿੰਗ ਦਿੰਦਾ, ਓਲੰਪਿਕ ਖੇਡਾਂ ਦੀ ਕੁਮੈਂਟਰੀ ਕਰਦਾ, ਟੀਵੀ ਦੇ ਸ਼ੋਅ ਤੇ ਕਮੱਰਸ਼ਲ ਮਸ਼ਹੂਰੀਆਂ ਦੀ ਖੱਟੀ ਖਾਂਦਾ ਆ ਰਿਹਾ ਹੈ। ਉਨ੍ਹਾਂ ਨੇ ਏਥਨਜ਼ ਦੀਆਂ ਓਲੰਪਿਕ ਖੇਡਾਂ-2004, ਲੰਡਨ-2008, ਬੀਜਿੰਗ-2012 ਤੇ ਰੀਓ-2016 ਦੀਆਂ ਓਲੰਪਿਕ ਖੇਡਾਂ ਦੀ ਕੁਮੈਂਟਰੀ ਕੀਤੀ ਹੈ। ਨਾਦੀਆ ਨੂੰ ਵਿਸ਼ਵ ਪੱਧਰ ’ਤੇ ਅਨੇਕਾਂ ਮਾਣ ਸਨਮਾਨ ਮਿਲੇ ਹਨ ਜਨਿ੍ਹਾਂ ਵਿੱਚ ਓਲੰਪਿਕ ਆਰਡਰ ਵੀ ਸ਼ਾਮਲ ਹੈ। ਉਹ ਰੁਮਾਨੀਆ ਤੇ ਅਮਰੀਕਾ ਦੀ ਸਿਟੀਜ਼ਨ ਹੈ। 2003 ਵਿੱਚ ਰੁਮਾਨੀਆ ਦੀ ਸਰਕਾਰ ਨੇ ਉਸ ਨੂੰ ਅਮਰੀਕਾ ਦੀ ਆਨਰੇਰੀ ਕੌਂਸਲ ਜਨਰਲ ਬਣਾ ਦਿੱਤਾ ਸੀ ਤਾਂ ਜੋ ਦੋਹਾਂ ਦੇਸ਼ਾਂ ਵਿੱਚ ਸਬੰਧ ਸਾਜ਼ਗਾਰ ਹੋਣ।
ਈ-ਮੇਲ: principalsarwansingh@gmail.com