ਨਾਬਰੀ ਅਤੇ ਬਰਾਬਰੀ ਦਾ ਸ਼ਾਇਰ
ਪਾਸ਼ ਦੀ ਸਮੁੱਚੀ ਕਵਿਤਾ ਅਤੇ ਵਾਰਤਕ ਇਤਿਹਾਸਕ ਵਿਰਸੇ, ਵਰਤਮਾਨ ਅਤੇ ਭਵਿੱਖ ਦੀ ਅਹਿਮ ਕੜੀ ਹੈ। ਪਾਸ਼ ਦੀ ਸਾਹਿਤਕ ਸਿਰਜਣਾ ਦੁਨੀਆ ਭਰ ਦੇ ਸਮਾਜ ਸਿਰਜਕਾਂ ਦੇ ਇਨਕਲਾਬੀ ਸਾਹਿਤ ਦੀ ਸੰਗੀ-ਸਾਥੀ ਹੈ। ਗ਼ਦਰ, ਕੂਕਾ, ਬੱਬਰ ਅਕਾਲੀ, ਕਿਰਤੀ, ਨੌਜਵਾਨ ਭਾਰਤ ਸਭਾ ਅਤੇ ਸਮੇਂ ਸਮੇਂ ਦੀਆਂ ਸਮਾਜਿਕ ਤਬਦੀਲੀਆਂ ਅਤੇ ਮਾਨਵੀ ਸਰੋਕਾਰਾਂ ਨੂੰ ਕੇਂਦਰ ਵਿੱਚ ਰੱਖ ਕੇ ਚੱਲੀਆਂ ਲਹਿਰਾਂ ਦਾ ਦਿਲ, ਪਾਸ਼ ਦੀ ਕਵਿਤਾ ਵਿੱਚ ਧੜਕਦਾ ਹੈ। ਪਾਸ਼ ਭਾਵੇਂ ਕਿਸੇ ਵੇਲੇ ਆਪਣੀ ਕਵਿਤਾ ਨੂੰ ਤਲਵੰਡੀ ਸਲੇਮ ਦੇ 20 ਕਿਲੋਮੀਟਰ ਦੇ ਅਰਧ-ਵਿਆਸ ਦਾਇਰੇ ’ਚ ਸਿਮਟੀ ਕਵਿਤਾ ਦਾ ਨਾਂਅ ਦਿੰਦਾ ਹੈ ਪਰ ਉਸ ਦੀ ਸਮੁੱਚੀ ਕਾਵਿ- ਸਿਰਜਣਾ ਦੀ ਪਰਵਾਜ਼ ਵਿਸ਼ਵ ਵਿਆਪੀ ਦਰਜਾ ਰੱਖਦੀ ਹੋਣ ਦਾ ਸਪੱਸ਼ਟ ਪ੍ਰਮਾਣ ਹੈ।
ਪਾਸ਼ ਦੇ ਗਹਿਰੇ ਚਿੰਤਨ ’ਚੋਂ ਉੱਗੇ ਅਹਿਸਾਸ ਉਸ ਦੀ ਹੱਥ ਲਿਖਤ ਵਿੱਚੋਂ ਪੜ੍ਹੇ ਜਾ ਸਕਦੇ ਹਨ। ਉਹ ਰਵਾਇਤੀ ਅਤੇ ਕੌਮੀ ਸਰੂਪ ਦੀ ਕਵਿਤਾ ਤਾਂ ਕੀ ਕ੍ਰਾਂਤੀਕਾਰੀ ਕਵਿਤਾ ਦੇ ਵੀ ਪ੍ਰਚੱਲਤ ਰੂਪ ਉਪਰ ਸਵੈ-ਸੰਤੁਸ਼ਟ ਹੋਣ ਤੋਂ ਪਾਰ ਜਾਣ ਦਾ ਤੀਖਣ ਅਹਿਸਾਸ ਕਰਦੇ ਖ਼ਤ ’ਚ ਲਿਖਦਾ ਹੈ:
“ਕ੍ਰਾਂਤੀਕਾਰੀ ਕਵਿਤਾ ਦਾ ਪ੍ਰਚੱਲਤ ਰੂਪ ਜੇ ਹੁਣ ਨਾ ਬਦਲਿਆ ਗਿਆ ਤਾਂ ਇਹ ਕੇਵਲ ਦਿਮਾਗ਼ੀ ਹੱਥਰਸੀ ਹੋ ਕੇ ਰਹਿ ਜਾਏਗੀ। ਕ੍ਰਾਂਤੀਕਾਰੀ ਸਾਹਿਤ ਨੂੰ ਹੁਣ ਆਮ ਇਨਸਾਨ ਦੇ ਪ੍ਰਚੱਲਿਤ ਮਾਪਦੰਡਾਂ ਵੱਲ ਪ੍ਰੇਰਨ ਦੀ ਲੋੜ ਹੈ। ਅੱਜ ਦੀ ਕ੍ਰਾਂਤੀਕਾਰੀ ਕਵਿਤਾ ਕੇਵਲ ਮੁੱਠੀ ਭਰ ਬੁੱਧੀਜੀਵੀਆਂ, ਵਿਦਿਆਰਥੀਆਂ, ਅਧਿਆਪਕਾਂ ਤੇ ਪੜ੍ਹੇ ਲਿਖੇ ਮੁਲਾਜ਼ਮਾਂ ਦਾ ਮਨ ਪ੍ਰਚਾਵਾ ਹੀ ਕਰ ਰਹੀ ਹੈ। ਜਿਨ੍ਹਾਂ ਲੋਕਾਂ ਬਾਰੇ ਇਹ ਲਿਖੀ ਜਾ ਰਹੀ ਹੈ, ਜਿਨ੍ਹਾਂ ਲੋਕਾਂ ਦੇ ਹਿੱਤਾਂ ਦੀ ਇਹ ਗੱਲ ਕਰਦੀ ਹੈ, ਉਨ੍ਹਾਂ ਨਾਲ ਇਸ ਦਾ ਦੂਰ ਦਾ ਵੀ ਵਾਸਤਾ ਨਹੀਂ।”
ਇਹ ਪਾਸ਼ ਦਾ ਕਿਸੇ ਨੂੰ ਦਿੱਤਾ ਉਲਾਂਭਾ ਨਹੀਂ। ਉਸ ਦਾ ਸਵੈ-ਚਿੰਤਨ ਹੈ। ਉਹ ਸੁਆਲ ਹੀ ਨਹੀਂ ਕਰਦਾ ਸਗੋਂ ਉਹ ਖ਼ੁਦ ਨੂੰ ਵਧੇਰੇ ਮੁਖ਼ਾਤਬ ਹੁੰਦਾ ਹੈ। ਉਸ ਦਾ ਜ਼ਿੰਦਗੀ ਦੀ ਅਗਨ ਪ੍ਰੀਖਿਆ ਵਿੱਚੋਂ ਗੁਜ਼ਰਦੇ ਹੋਣ ਦਾ ਅਹਿਸਾਸ ਹੈ। ਇਨ੍ਹਾਂ ਫ਼ਿਕਰਾਂ ਦੀ ਬਾਂਹ ਫੜਦੇ ਪਾਸ਼ ਦੇ ਇਹ ਸਰੋਕਾਰ ਅੱਜ ਵੀ ਵਿਰਾਟ ਅਤੇ ਤੀਖਣ ਰੂਪ ਵਿੱਚ ਦਰਪੇਸ਼ ਹਨ। ਪਾਸ਼ ਸਮਝਦਾ ਹੈ ਕਿ ਸਮਾਜ ਅੰਦਰ ਲਿਤਾੜੇ ਵਰਗਾਂ ਦੇ ਮਨ ਦੀ ਜ਼ਮੀਨ ਉਪਰ ਪੁੰਗਰਦੇ, ਤੜਫ਼ਦੇ, ਬੁਝਦੇ ਅਤੇ ਸੁਲਗ਼ਦੇ ਸੁਆਲਾਂ ਦੀ ਨਿਰਖ ਪਰਖ ਕਰਨ ਦੀ ਲੋੜ ਹੈ। ਲੋਕ-ਮੁਕਤੀ ਲਈ ਚੇਤਨ ਸੰਘਰਸ਼ ਕਰਦੇ ਸਭਨਾਂ ਹਿੱਸਿਆਂ ਦੀਆਂ ਸਭਨਾਂ ਪਰਤਾਂ ਨੂੰ ਆਪਣੀ ਸਿਰਜਣਾ ਵਿੱਚ ਸਮੋਣ ਦੀ ਲੋੜ ਹੈ। ਖੜ੍ਹੇ ਪਾਣੀਆਂ, ਘੁੰਮਣਘੇਰੀ ਅਤੇ ਜਮੂਦ ਵਰਗੀ ਹਾਲਤ ਤੋਂ ਪਾਰ ਜਾਣ ਵਾਲੇ ਨਵੇਂ ਰਾਹਾਂ ਲਈ ਅਹੁਲਦੇ, ਜਾਨ ਹੂਲਵੇਂ ਸੰਘਰਸ਼ ਕਰਦੇ ਚੇਤਨ ਕਾਫ਼ਲਿਆਂ ਦੀ ਬਾਤ ਵੀ ਪਾਈ ਜਾਏ। ਸਿਰਫ਼ ਇਨ੍ਹਾਂ ਨਿੱਕੜੇ ਵਿਕਸਤ ਕਾਫ਼ਲਿਆਂ ਤੋਂ ਹੀ ਸਵੈ-ਸੰਤੁਸ਼ਟ ਹੋ ਜਾਣ ਵਰਗੇ ਦਾਇਰੇ ਵਿੱਚ ਹੀ ਸਿਮਟਦੀ ਸਾਹਿਤ ਸਿਰਜਣਾ ਤੋਂ ਉਪਰ ਉੱਠ ਕੇ ਹਨੇਰਾ ਢੋਂਦੀ ਅਤੇ ਇਸ ਹਨੇਰ ਨਗਰੀ ਨੂੰ ਹੀ ਆਪਣਾ ਜੀਣਾ-ਥੀਣਾ ਸਮਝ ਬੈਠੀ ਲੋਕਾਈ ਨੂੰ ਬੁੱਕਲ ਵਿੱਚ ਲੈਂਦੇ ਸਾਹਿਤ ਦੀ ਤੀਬਰ ਲੋੜ ਮਹਿਸੂਸ ਕਰਦਾ ਹੈ। ਸਾਹਿਤ ਜਿਨ੍ਹਾਂ ਦੁਆਰਾ ਲਿਖਿਆ ਅਤੇ ਜਿਨ੍ਹਾਂ ਲਈ ਲਿਖਿਆ ਜਾ ਰਿਹਾ ਹੈ ਇਸ ਦੀ ਇਕਸੁਰਤਾ ਅਤੇ ਸਰਗਮ ’ਚ ਰਸ ਕਿੰਨਾ ਕੁ ਹੈ, ਇਹ ਕੰਨ ਲਾ ਕੇ ਸੁਣਨਾ ਅਤੇ ਗੌਰ ਨਾਲ ਅਧਿਐਨ ਕਰਨਾ ਜ਼ਰੂਰੀ ਹੈ। ਅਸੀਂ ਪਾਸ਼ ਦੇ ਕੀ ਲੱਗਦੇ ਹਾਂ? ਸਾਡੀ ਕਥਨੀ ਅਤੇ ਕਰਨੀ ਵਿੱਚ ਇਕਸੁਰਤਾ ਹੀ ਇਸ ਦਾ ਪੁਖ਼ਤਾ ਪ੍ਰਮਾਣ ਹੈ।
ਪਾਸ਼ ਦੀ ਕਵਿਤਾ ਦੀ ਇਹ ਤਾਕਤ ਹੀ ਹੈ ਜਿਹੜੀ ਉਸ ਦੇ ਸਵੈ-ਕਥਨ ਦੀ ਪੁਸ਼ਟੀ ਕਰਦੀ ਹੈ। ਉਸ ਲਿਖਿਆ ਸੀ ਕਿ ‘ਮੇਰੀ ਕਵਿਤਾ ਕਦੇ ਨਹੀਂ ਮਰੇਗੀ’। ਇਹ ਕਿਸੇ ਹਉਮੈ ਦਾ ਪ੍ਰਗਟਾਵਾ ਨਹੀਂ ਸੀ। ਇਹ ਠੋਸ ਬੁਨਿਆਦ ਉਪਰ ਟਿਕੀ ਹਕੀਕਤ ਸੀ। ਜਿਉਂ ਜਿਉਂ ਵਕਤ ਆਪਣੇ ਸਫ਼ਰ ’ਤੇ ਰਿਹਾ ਤਿਉਂ ਤਿਉਂ ਇਹ ਭਰਮ ਕੀਚਰੇ ਹੋਣ ਲੱਗਾ ਕਿ ਪਾਸ਼ ਦੀ ਕਵਿਤਾ ਨੂੰ 20 ਸਾਲ ਬਾਅਦ ਕਿਸੇ ਨਹੀਂ ਪੁੱਛਣਾ। ਜਦੋਂ ਵੀ ਕਲਮਾਂ ਨੂੰ ਫੁਰਮਾਨ ਸੁਣਾਉਣ, ਜੇਲ੍ਹੀਂ ਡੱਕਣ, ਜ਼ੁਬਾਨਬੰਦੀ ਕਰਨ, ਵੰਨ-ਸੁਵੰਨੇ ਕਾਨੂੰਨ ਘੜ ਕੇ ਲੋਕ-ਜੀਵਨ ਨਾਲ ਜੁੜੀ ਸ਼ਬਦਾਂ ਦੀ ਫ਼ਸਲ ਉੱਗਣ ਤੋਂ ਰੋਕਣ ਅਤੇ ਲੋਕ-ਮਨਾਂ ਨੂੰ ਬੰਜਰ ਬਣਾ ਧਰਨ ਦੀਆਂ ਜੁਗਤਾਂ ਘੜੀਆਂ ਜਾਣਗੀਆਂ ਅਜਿਹੇ ਸਮੇਂ ਪਾਸ਼ ਦੀ ਕਵਿਤਾ ਇਹ ਕਹਿੰਦੀ ਸੁਣਾਈ ਦੇਵੇਗੀ:
“ਮੇਰੇ ਤੋਂ ਆਸ ਨਾ ਕਰਿਓ
ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਗ਼ਲੇ
ਸਵਾਦਾਂ ਦੀ ਗੱਲ ਕਰਾਂਗਾ।’’
ਪਾਸ਼ ਜਿੱਥੇ ਆਪਣੀ ਕਵਿਤਾ ਦੇ ਸਦੀਵੀ ਸਫ਼ਰ ’ਤੇ ਰਹਿਣ ਦਾ ਜ਼ਿਕਰ ਕਰਦਾ ਹੈ, ਉੱਥੇ ਉਸ ਦਾ ਦੂਜਾ ਸਿਰਾ ਇਹ ਵੀ ਹੈ:
‘ਜੇ ਤੁਸੀਂ ਮੈਨੂੰ ਜ਼ਿੰਦਗੀ ਵਿੱਚ ਕੁਝ ਹਾਸਲ ਨਾ ਕਰ ਸਕਣ ’ਤੇ ਵੀ ਚੜ੍ਹਦੀ ਕਲਾ ਵਿੱਚ ਰਹਿਣ ਵਾਲਿਆਂ ਵਿੱਚ ਤੱਕਣਾ ਚਾਹੁੰਦੇ ਹੋ ਤਾਂ ਮੈਨੂੰ ਮਾਫ਼ ਕਰਨਾ।’
ਪਾਸ਼ ਨੇ 1977 ’ਚ ਇੱਕ ਚਿੱਠੀ ਵਿੱਚ ਜੋ ਲਿਖਿਆ ਉਹ ਅਜੋਕਾ ਸੱਚ ਹੈ। ਜੇ ਅਸੀਂ ਹਕੀਕਤਮੁਖੀ ਹੋ ਕੇ ਸਮਾਜ ਅੰਦਰ ਨਹੀਂ ਵਿਚਰਦੇ ਤਾਂ ਆਉਣ ਵਾਲਾ ਕੱਲ੍ਹ ਵੀ ਇਹੋ ਬਿਆਨ ਕਰੇਗਾ:
“ਜਿਹੜਾ ਬੰਦਾ ਸਵੈ ਨਾਲ ਇਮਾਨਦਾਰ ਨਹੀਂ, ਉਹ ਕਦੇ ਵੀ ਸਮਾਜ ਜਾਂ ਲੋਕਾਂ ਨਾਲ ਇਨਸਾਫ਼ ਤੇ ਇਮਾਨਦਾਰੀ ਦੇ ਗੁਣਾਂ ਵਾਲਾ ਸਾਹਿਤ ਨਹੀਂ ਲਿਖ ਸਕਦਾ। ਇਸ ਕਰਕੇ ਹੀ ਸਾਡੇ ਲੋਕ ਹਿਤੂ ਸਾਹਿਤ ਵਿੱਚ ਸ਼ਕਤੀ ਨਹੀਂ ਭਰ ਰਹੀ। ਜੇ ਅਸੀਂ ਲੋਕ ਨਿੱਜੀ ਜੀਵਨ ਵਿੱਚ ਖ਼ੁਦ ਸਾਹਵੇਂ ਗੁਨਾਹਗਾਰ ਹੁੰਦੇ ਹੋਏ ਵੀ ਜਨਤਾ ਦੇ ਗੁਨਾਹਗਾਰਾਂ ਨੂੰ ਲਲਕਾਰਦੇ ਹਾਂ ਤਾਂ ਸਾਡੀ ਲਲਕਾਰ ਕੱਚੀ ਪਿੱਲੀ ਹੋਣੀ ਕੁਦਰਤੀ ਹੈ। ਮੇਰਾ ਵਿਸ਼ਵਾਸ ਹੈ ਕਿ ਅਸ਼ਕਤ ਲੋਕ ਜਿਊਂਦੀ ਕਵਿਤਾ ਅਤੇ ਕਹਾਣੀ ਕਦੇ ਨਹੀਂ ਲਿਖ ਸਕਦੇ।’’
ਪਾਸ਼ ਕਵਿਤਾ ਨੂੰ ਰੱਜਵਾਂ ਪਿਆਰ ਕਰਦਾ ਹੈ। ਉਸ ਦਾ ਸਾਫ਼ ਕਹਿਣਾ ਸੀ ਕਿ:
‘ਪਿਆਰ ਕਵਿਤਾ ਕਦੇ ਵੀ ਕਾਤਲਾਂ ਦੇ ਹੱਕ ’ਚ ਨਹੀਂ ਭੁਗਤ ਸਕਦੀ। ਇਹ ਜ਼ਿੰਦਗੀ ਦੇ ਮਾਰਗਾਂ ਦੀ ਖੋਜ ਕਰਨ ਤੁਰੇ ਲੋਕਾਂ ਦਾ ਹੀ ਨਸੀਬ ਬਣਦੀ ਹੈ ਅਤੇ ਉਨ੍ਹਾਂ ਦੇ ਹੱਕ ਵਿੱਚ ਖਲੋਂਦੀ ਹੈ।’
ਉਹ ਪਿਆਰ ਕਵਿਤਾ ਨੂੰ ਕੁਝ ਅਜਿਹੇ ਸੁਹਜ ਲਿਬਾਸ ਪਹਿਨਾਉਂਦਾ ਹੈ: ‘ਮੇਰੇ ਹਿੱਸੇ ਦਾ ਜੀਅ ਲੈਣਾ ਮੇਰੀ ਦੋਸਤ।’
ਉਹ ਅਜਿਹੇ ਸ਼ਬਦਾਂ ਦੀ ਮਾਲ਼ਾ ਪਰੋਂਦਾ ਹੈ :
‘ਜੇ ਤੂੰ ਨਾ ਮੁਕਲਾਵੇ ਜਾਂਦੀ
ਤੈਨੂੰ ਭਰਮ ਰਹਿਣਾ ਸੀ
ਕਿ ਰੰਗਾਂ ਦਾ ਮਤਲਬ
ਫੁੱਲ ਹੀ ਹੁੰਦਾ ਹੈ।’
ਪਾਸ਼ ਦੀ ਵਾਰਤਕ ਦਾ ਅਧਿਐਨ ਕੀਤਿਆਂ ਪਤਾ ਲੱਗਦਾ ਹੈ ਕਿ ਉਹ ਬਾਬਾ ਨਾਨਕ, ਬਾਬਾ ਰਵਿਦਾਸ ਦੇ ਆਪਣੇ ਸਮਿਆਂ ਵਿੱਚ ਲੁੱਟ, ਜਬਰ, ਜਾਤ-ਪਾਤ, ਅਨਿਆਂ, ਨਾ-ਬਰਾਬਰੀ, ਭੁੱਖ-ਨੰਗ, ਗ਼ਰੀਬੀ ਦੀ ਨਪੀੜੀ ਲੋਕਾਈ ਦੇ ਦਰਦਾਂ ਦੀ ਪੀੜ ਦਾ ਆਪਣੀ ਕਲਮ ਨਾਲ ਬਿਆਨ ਹੀ ਨਹੀਂ ਕਰਦਾ ਸਗੋਂ ਸਾਂਝੀਵਾਲਤਾ ਭਰਿਆ ਬੇਗ਼ਮਪੁਰਾ ਵਸਾਉਣ ਦੀ ਬਾਤ ਪਾਉਂਦਾ ਹੈ। ਤਰਕਸ਼ੀਲ ਸਮਾਜਿਕ ਵਿਗਿਆਨ, ਤਾਰਾ ਵਿਗਿਆਨ, ਰੰਗਮੰਚ, ਬੇਜ਼ਮੀਨੇ ਗ਼ਰੀਬ ਅਤੇ ਦਰਮਿਆਨੇ ਕਿਸਾਨਾਂ, ਔਰਤਾਂ ਦੀ ਜ਼ਿੰਦਗੀ, ਪਾੜ੍ਹਿਆਂ ਦੇ ਮਸਲੇ, ਬੁੱਧੀਜੀਵੀਆਂ ਦੀ ਭੂਮਿਕਾ, ਸਾਹਿਤ, ਕਲਾ ਅਤੇ ਲੋਕਾਂ ਦੇ ਆਪਸੀ ਰਿਸ਼ਤੇ ਆਦਿ ਅਨੇਕਾਂ ਵਿਸ਼ੇ ਹਨ ਜਿਨ੍ਹਾਂ ਦੀ ਰਚਨਾ ਰਾਹੀਂ ਪਾਸ਼ ਪਾਠਕਾਂ, ਆਲੋਚਕਾਂ, ਸਮੀਖਿਆਕਾਰਾਂ ਅੱਗੇ ਆਪਣੀ ਕਵਿਤਾ ਅਤੇ ਹੋਰ ਮੁੱਲਵਾਨ ਰਚਨਾਵਾਂ ਲੈ ਕੇ ਹਾਜ਼ਰ ਹੈ। ਇਸ ਸਾਹਿਤਕ ਧਰੋਹਰ ਵਿੱਚੋਂ ਅਸੀਂ ਆਪਣੇ ਬੀਤੇ ਕੱਲ੍ਹ, ਅੱਜ ਅਤੇ ਆਉਣ ਵਾਲੇ ਕੱਲ੍ਹ ਦਾ ਵਿਗਿਆਨਕ ਨਿਰੀਖਣ ਕਰ ਸਕਦੇ ਹਾਂ।
ਪਾਸ਼ ਉਨ੍ਹਾਂ ਗੂੰਗਿਆਂ ਦੀ ਝੋਲੀ ਗੀਤ ਪਾਉਣ ਦੀ ਆਵਾਜ਼ ਦਿੰਦਾ ਹੈ ਜਿਨ੍ਹਾਂ ਨੂੰ ਗੀਤਾਂ ਦੀ ਕਦਰ ਹੈ। ਕਾਹਲ, ਬੇਲੋੜੇ ਸ਼ੋਰ, ਚੁੱਪ, ਪਾਸਾ ਵੱਟ ਕੇ ਲੰਘ ਜਾਣ ਦੀ ਕਾਹਲ ਦਾ ਗੰਭੀਰ ਨੋਟਿਸ ਲੈਂਦਾ ਪਾਸ਼, ਸੁਫ਼ਨਿਆਂ ਦੇ ਮਰ ਜਾਣ ਨੂੰ ‘ਸਭ ਤੋਂ ਖ਼ਤਰਨਾਕ’ ਕਰਾਰ ਦਿੰਦਾ ਹੈ। ਪਾਸ਼ ਨੂੰ ਤੱਤੀ ਕਵਿਤਾ ਦਾ ਹੀ ਕਵੀ ਕਹਿਣ, ਉਸ ਨੂੰ ਬਿਨ ਸੋਚੇ ਸਮਝੇ ਵੱਟੇ ਮਾਰਨ ਤੋਂ ਪਹਿਲਾਂ ਪਾਸ਼ ਦੀ ਸਮੁੱਚੀ ਵਾਰਤਕ ਅਤੇ ਸੰਪੂਰਨ ਕਾਵਿ ਦੇ ਦਰਪਣ ਅੱਗੇ ਖੜ੍ਹੇ ਹੋ ਕੇ ਆਪਣਾ ਚਿਹਰਾ ਤੱਕਣ ਦੀ ਲੋੜ ਹੈ। ਪਾਸ਼ ਜ਼ਿੰਦਗੀ ਦੇ ਬਹੁਰੰਗਾਂ ਦਾ ਕਵੀ ਹੈ। ਉਹ ਜ਼ਿੰਦਗੀ ਦਾ ਚਿਤੇਰਾ ਹੀ ਨਹੀਂ ਸਗੋਂ ਨਵੀਂ ਜ਼ਿੰਦਗੀ ਦਾ ਸਿਰਜਣਹਾਰਾ ਹੈ। ਉਹਦੀ ਕਵਿਤਾ ਬੋਲਦੀ ਹੈ:
‘ਅਸੀਂ ਬੇਅਦਬੀ ਦੀਆਂ ਤੰਦਾਂ ’ਚ
ਅਮਨ ਵਰਗਾ ਕੁਝ ਉਣਦੇ ਰਹੇ
ਅਸੀਂ ਬਰਛੀ ਦੇ ਵਾਂਗ
ਹੱਡਾਂ ’ਚ ਖੁਭੇ ਹੋਏ
ਸਾਲਾਂ ਨੂੰ ਉਮਰ ਕਹਿੰਦੇ ਰਹੇ’
9 ਸਤੰਬਰ 1950 ਨੂੰ ਪਿੰਡ ਤਲਵੰਡੀ ਸਲੇਮ (ਜਲੰਧਰ) ’ਚ ਜਨਮੇ ਕਵੀ ਪਾਸ਼ ਦਾ 74ਵਾਂ ਜਨਮ ਦਿਨ ਅਸਲ ’ਚ ਕੱਖਾਂ ਦੀਆਂ ਕੁੱਲੀਆਂ ਦੇ ਮੀਨਾਰ ਬਣਨ ਅਤੇ ਲੋਕਾਂ ਦੀ ਜ਼ਿੰਦਗੀ ’ਚ ਸੱਜਰੀ ਸਵੇਰ ਲਿਆਉਣ ਲਈ ਆਪਣੇ ਫ਼ਰਜ਼ਾਂ, ਕਹਿਣੀ ਅਤੇ ਕਰਨੀ ’ਚ ਇਕਸੁਰਤਾ ਦਾ ਰਾਗ ਛੇੜਨ ਅਤੇ ਕਲਮ, ਕਲਾ ਦੇ ਸਿਰ ’ਤੇ ਸ਼ੂਕਦੀਆਂ ਕਾਲ਼ੀਆਂ ਹਨੇਰੀਆਂ ਨੂੰ ਰੋਸ਼ਨੀਆਂ ਦੀ ਰੁੱਤ ’ਚ ਬਦਲਣ ਦਾ ਅਹਿਦ ਕਰਨ ਦਾ ਦਿਹਾੜਾ ਹੈ। ਨਾਬਰੀ ਅਤੇ ਬਰਾਬਰੀ ਦੇ ਕਲਮਕਾਰ ਪਾਸ਼ ਦੀ ਸਿਰਜਣਾ ਦਾ ਪੱਲਾ ਫੜਦੀ ਹੋਈ ਜੁਆਨੀ ਨਵੀਂ ਸਰਘੀ ਦਾ ਮੱਥਾ ਚੁੰਮ ਸਕਦੀ ਹੈ।
ਸੰਪਰਕ: 98778-68710