ਸੋਸ਼ਲ ਮੀਡੀਆ ਰਾਹੀਂ ਪ੍ਰਸ਼ਾਸਨ ਨੂੰ ਜੁਆਬਦੇਹ ਬਣਾ ਰਹੇ ਨੇ ਨਾਭਾ ਵਾਸੀ
ਜੈਸਮੀਨ ਭਾਰਦਵਾਜ
ਨਾਭਾ, 19 ਦਸੰਬਰ
ਸ਼ਹਿਰ ਨਿਵਾਸੀ ਪ੍ਰਸ਼ਾਸਨ ਨੂੰ ਜੁਆਬਦੇਹ ਬਣਾਉਣ ਲਈ ਸੋਸ਼ਲ ਮੀਡੀਆ ਦਾ ਸੁਚੱਜਾ ਇਸਤੇਮਾਲ ਕਰ ਰਹੇ ਹਨ। ਪਿਛਲੇ ਇੱਕ ਮਹੀਨੇ ਵਿੱਚ ਸ਼ਹਿਰ ਵਾਸੀਆਂ ਵੱਲੋਂ ਆਵਾਰਾ ਕੁੱਤਿਆਂ, ਪਸ਼ੂਆਂ, ਸਫਾਈ ਪ੍ਰਬੰਧਾਂ, ਟਰੈਫਿਕ, ਅਪਰਾਧ, ਮਿਲਾਵਟੀ ਖਾਣੇ, ਟੁੱਟੀਆਂ ਸੜਕਾਂ, ਚਾਈਨਾ ਡੋਰ, ਨਾਜਾਇਜ਼ ਕਬਜ਼ਿਆਂ, ਸ਼ੋਰ ਪ੍ਰਦੂਸ਼ਣ, ਕੁਝ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਆਦਿ ਸਮੱਸਿਆਵਾਂ ਸਬੰਧੀ ਪ੍ਰਸ਼ਾਸਨ ਕੋਲ ਆਵਾਜ਼ ਉਠਾਈ ਗਈ। ਸੋਸ਼ਲ ਮੀਡੀਆ ਉੱਪਰ ਹੀ ਲੋਕਾਂ ਦੀ ਸ਼ਿਕਾਇਤਾਂ ਅਤੇ ਸੁਝਾਅ ਲੈ ਕੇ ਨਾਭਾ ਐੱਸਡੀਐੱਮ ਹੁਣ ਤੱਕ ਵੱਖ ਵੱਖ ਵਿਭਾਗਾਂ ਨੂੰ 12 ਦੇ ਕਰੀਬ ਨਿਰਦੇਸ਼ ਪੱਤਰ ਜਾਰੀ ਕਰ ਚੁੱਕੇ ਹਨ।
ਪਿਛਲੇ ਮਹੀਨੇ ਕੁਝ ਸ਼ਹਿਰ ਵਾਸੀਆਂ ਵੱਲੋਂ ਇਲਾਕੇ ਦੇ ਮਸਲੇ ਉਠਾਉਣ ਲਈ ‘ਸੰਵਾਦ’ ਨਾਮੀ ਵਟਸਐਪ ਗਰੁੱਪ ਬਣਾਇਆ ਗਿਆ ਜਿਸ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਜੋੜਿਆ ਗਿਆ। ਫਜ਼ੂਲ ਮੈਸੇਜ ਦੂਰ ਰੱਖਣ ਲਈ ਬਣਾਏ ਨਿਯਮਾਂ ਹੇਠ ਰੋਜ਼ ਕਿਸੇ ਇੱਕ ਮੁੱਦੇ ਉੱਪਰ ਕੁਝ ਸਮਾਂ ਵਿਚਾਰ ਕਰਦੇ ਹੋਏ ਸ਼ਿਕਾਇਤਾਂ, ਉਪਰਾਲੇ, ਸੁਝਾਅ ਸਾਂਝਾ ਕਰਦੇ ਹਨ। ਇਸ ਗਰੁੱਪ ਵਿੱਚ ਡਾਕਟਰ, ਅਧਿਆਪਕ, ਵਪਾਰੀਆਂ, ਐਕਟੀਵਿਸਟ ਅਤੇ ਰਿਟਾਇਰਡ ਅਫਸਰਾਂ ਸਮੇਤ 300 ਦੇ ਕਰੀਬ ਸ਼ਹਿਰ ਵਾਸੀ ਜੁੜ ਚੁੱਕੇ ਹਨ। ‘ਸੰਵਾਦ’ ਦੇ ਮੋਢੀ ਰਾਜੇਸ਼ ਢੀਂਗਰਾ ਨੇ ਦੱਸਿਆ ਕਿ ਮਹਿਲਾਵਾਂ ਅਤੇ ਪਿੰਡ ਵਾਸੀਆਂ ਨੂੰ ਵੀ ਅੱਗੇ ਇਸ ਵਿੱਚ ਜੋੜਿਆ ਜਾਵੇਗਾ।
ਲੋਕਾਂ ਵੱਲੋਂ ਉਠਾਏ ਮਸਲਿਆਂ ਤੋਂ ਬਾਅਦ ਬਾਜ਼ਾਰਾਂ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਲਈ ਜਿਥੇ ਪ੍ਰਸ਼ਾਸਨ ਨੇ ਸਖਤੀ ਕਰਨ ਤੋਂ ਪਹਿਲਾਂ ਵਪਾਰ ਮੰਡਲ ਨਾਲ ਮੀਟਿੰਗ ਕੀਤੀ, ਉੱਥੇ ਹੀ ਟਰੈਫਿਕ ਅਤੇ ਅਪਰਾਧਿਕ ਮਾਮਲਿਆਂ ਸਬੰਧੀ ਬਿਨਾਂ ਨੰਬਰ ਪਲੇਟ ਵਾਲੇ ਅਤੇ ਨਾਬਾਲਗ ਵਾਹਨ ਚਾਲਕਾਂ ਨੂੰ ਤੇਲ ਵੇਚਣ ਲਈ ਪੈਟਰੋਲ ਪੰਪ ਮਾਲਕਾਂ ਨੂੰ ਰੋਕਿਆ ਗਿਆ। ਖਾਦ ਪਦਾਰਥਾਂ ਸੈਂਪਲ ਭਰੇ ਗਏ ਤੇ ਹਸਪਤਾਲ ਰੋਡ ਉੱਪਰ ਜਾਮ ਦੀ ਸਮੱਸਿਆ ਦੇ ਹੱਲ ਲਈ ਲੋਕਾਂ ਦੇ ਸੁਝਾਅ ਮੁਤਾਬਕ ਆਰਜ਼ੀ ਪ੍ਰਬੰਧ ਨਾਲ ਤਜ਼ਰਬਾ ਕੀਤਾ ਜਾ ਰਿਹਾ ਹੈ।
ਪਸ਼ੂ ਪਾਲਣ ਵਿਭਾਗ ਅਤੇ ਨਗਰ ਕੌਂਸਲ ਵੱਲੋਂ ਅਵਾਰਾ ਪਸ਼ੂਆਂ ਨੂੰ ਫੜਨ ਲਈ ਵੀ ਉਪਰਾਲੇ ਸ਼ੁਰੂ ਕੀਤੇ ਗਏ। ਕਿਸੇ ਮੁੱਦੇ ’ਤੇ ਕਾਰਵਾਈ ਸਬੰਧੀ ਇੱਕ ਕਾਪੀ ‘ਸੰਵਾਦ’ ਦੇ ਨਾਮ ਉੱਤੇ ਜਾਰੀ ਕਰਕੇ ਗਰੁੱਪ ਵਿਚ ਸਾਂਝੀ ਕੀਤੀ ਜਾਂਦੀ ਹੈ। ਨਾਭਾ ਦੇ ਐੱਸਡੀਐੱਮ ਤਰਸੇਮ ਚੰਦ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਰਦਰਸ਼ੀ ਤਰੀਕੇ ਨਾਲ ਲੋਕਾਂ ਦੇ ਹਕੀਕੀ ਮਸਲੇ ਉਨ੍ਹਾਂ ਤੱਕ ਪਹੁੰਚਣ ਕਰਕੇ ਉਹ ਵੀ ਵੱਖ ਵੱਖ ਵਿਭਾਗਾਂ ਦੀ ਸਹੀ ਜਵਾਬ ਤਲਬੀ ਕਰ ਪਾ ਰਹੇ ਹਨ।