ਨਾਭਾ: ਸਾਢੇ ਤਿੰਨ ਕਿੱਲੋ ਅਫੀਮ ਨਾਲ ਪੰਚਾਇਤ ਸਕੱਤਰ ਸਾਥੀ ਸਣੇ ਗ੍ਰਿਫ਼ਤਾਰ
ਜੈਸਮੀਨ ਭਾਰਦਵਾਜ
ਨਾਭਾ, 26 ਸਤੰਬਰ
ਇਥੋਂ ਦੀ ਸਦਰ ਪੁਲੀਸ ਨੇ ਸਾਢੇ ਤਿੰਨ ਕਿੱਲੋ ਅਫੀਮ ਦੀ ਤਸਕਰੀ ਕਰਨ ਦੇ ਦੋਸ਼ ਹੇਠ ਪੰਚਾਇਤ ਸਕੱਤਰ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਨਾਭਾ ਦੇ ਡੀਐੱਸਪੀ ਦਵਿੰਦਰ ਅਤਰੀ ਮੁਤਾਬਕ ਕਾਊਂਟਰ ਇੰਟੈਲੀਜੈਂਸ ਅਤੇ ਪੁਲੀਸ ਦੇ ਸਾਂਝੇ ਐਕਸ਼ਨ ਤਹਿਤ ਇਹ ਸਫਲਤਾ ਪ੍ਰਾਪਤ ਹੋਈ, ਜਿਸ ਤਹਿਤ ਪੰਚਾਇਤ ਸਕੱਤਰ ਦੀਪਕ ਗਰਗ ਅਤੇ ਉਸ ਦੇ ਸਾਥੀ ਨਵਪ੍ਰੀਤ ਪਾਲ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਆਪਣੀ ਚੰਡੀਗੜ੍ਹ ਨੰਬਰ ਪਲੇਟ ਵਾਲੀ ਕਾਰ ਦੇ ਹੇਠਲੇ ਪਾਸੇ ਚੋਰ ਬਕਸਾ ਵੀ ਜੜਵਾ ਰੱਖਿਆ ਹੈ। ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਨਵਪ੍ਰੀਤ ਪਾਲ ਰੇਤੇ ਦਾ ਟਿੱਪਰ ਚਲਾਉਂਦਾ ਹੈ ਤੇ ਇਹ ਦੋਵੇਂ ਮੁਲਜ਼ਮ ਡੇਢ ਸਾਲ ਤੋਂ ਰਾਜਸਥਾਨ ਤੋਂ ਅਫੀਮ ਲਿਆਕੇ ਵੇਚ ਰਹੇ ਹਨ। ਹੁਣ ਤੱਕ 60 ਕਿੱਲੋ ਅਫੀਮ ਵੇਚ ਚੁੱਕੇ ਹਨ। ਭਵਾਨੀਗੜ੍ਹ ਨਿਵਾਸੀ ਪੰਚਾਇਤ ਸਕੱਤਰ ਦੀਪਕ ਗਰਗ ਨਾਭਾ ਬਲਾਕ ਪੰਚਾਇਤ ਅਤੇ ਵਿਕਾਸ ਦਫਤਰ ਵਿਖੇ ਤਾਇਨਾਤ ਹੈ ਤੇ ਪਾਲੀਆ, ਬਿਰਦਨੋ, ਦੰਦਰਾਲਾ ਢੀਂਡਸਾ ਸਮੇਤ ਨਾਭਾ ਦੇ ਪੰਜ ਪਿੰਡਾਂ ਦਾ ਪੰਚਾਇਤ ਸਕੱਤਰ ਹੈ। ਗਰਗ ਦੇ ਪਿਤਾ ਅਤਿਵਾਦ ਦੌਰਾਨ ਮਾਰੇ ਗਏ ਸਨ ਤੇ ਤਰਸ ਦੇ ਅਧਾਰ 'ਤੇ ਉਸ ਨੂੰ ਇਹ ਨੌਕਰੀ ਮਿਲੀ ਸੀ। ਫਿਲਹਾਲ ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਕਾਰ ਸਮੇਤ ਹਿਰਾਸਤ ਵਿੱਚ ਲੈ ਕੇ ਕੇਸ ਦਰਜ ਕਰ ਲਿਆ ਹੈ।