For the best experience, open
https://m.punjabitribuneonline.com
on your mobile browser.
Advertisement

ਨਾਭਾ ਜੇਲ੍ਹ ਬਰੇਕ: ਮੁੱਖ ਸਾਜ਼ਿਸ਼ਘਾੜੇ ਰਮਨਜੀਤ ਰੋਮੀ ਨੂੰ ਹਾਂਗਕਾਂਗ ਤੋਂ ਭਾਰਤ ਲਿਆਂਦਾ

06:39 AM Aug 23, 2024 IST
ਨਾਭਾ ਜੇਲ੍ਹ ਬਰੇਕ  ਮੁੱਖ ਸਾਜ਼ਿਸ਼ਘਾੜੇ ਰਮਨਜੀਤ ਰੋਮੀ ਨੂੰ ਹਾਂਗਕਾਂਗ ਤੋਂ ਭਾਰਤ ਲਿਆਂਦਾ
ਪੰਜਾਬ ਪੁਲੀਸ ਦੀ ਟੀਮ ਰਮਨਜੀਤ ਰੋਮੀ ਨੂੰ ਹਾਂਗਕਾਂਗ ਤੋਂ ਵਾਪਸ ਲਿਆਂਦੀ ਹੋਈ।
Advertisement

* ਸਾਲ 2016 ਵਿੱਚ ਵਾਪਰੀ ਸੀ ਨਾਭਾ ਜੇਲ੍ਹ ਬਰੇਕ ਦੀ ਘਟਨਾ
* ਡੀਜੀਪੀ ਗੌਰਵ ਯਾਦਵ ਵੱਲੋਂ ਹਾਂਗਕਾਂਗ ਦੇ ਅਧਿਕਾਰੀਆਂ, ਕੇਂਦਰ ਸਰਕਾਰ ਤੇ ਏਜੰਸੀਆਂ ਦਾ ਧੰਨਵਾਦ

ਆਤਿਸ਼ ਗੁਪਤਾ
ਚੰਡੀਗੜ੍ਹ, 22 ਅਗਸਤ
ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਟੀਮ ਵੱਲੋਂ ਸਾਲ 2016 ਦੇ ਨਾਭਾ ਜੇਲ੍ਹ ਬਰੇਕ ਕਾਂਡ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਉਰਫ਼ ਰੋਮੀ ਨੂੰ ਅੱਜ ਹਾਂਗਕਾਂਗ ਤੋਂ ਵਾਪਸ ਭਾਰਤ ਲਿਆਂਦਾ ਗਿਆ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ’ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਨਾਭਾ ਜੇਲ੍ਹ ਬਰੇਕ ਮਾਮਲੇ ਦਾ ਮੁੱਖ ਸਾਜ਼ਿਸ਼ਘਾੜਾ ਰੋਮੀ ਆਈਐੱਸਆਈ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐੱਲਐਫ) ਦੇ ਹੋਰ ਫਰਾਰ ਕੈਦੀਆਂ ਸਮੇਤ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਗਲਵੱਡੀ ਦੇ ਸੰਪਰਕ ਵਿੱਚ ਸੀ। ਡੀਜੀਪੀ ਨੇ ਰੋਮੀ ਨੂੰ ਭਾਰਤ ਲਿਆਉਣ ਵਿੱਚ ਸਹਿਯੋਗ ਕਰਨ ’ਤੇ ਹਾਂਗਕਾਂਗ ਦੇ ਅਧਿਕਾਰੀਆਂ, ਸੀਬੀਆਈ, ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਹੋਰ ਸਾਰੀਆਂ ਕੇਂਦਰੀ ਏਜੰਸੀਆਂ ਦਾ ਧੰਨਵਾਦ ਕੀਤਾ ਹੈ।
ਚੇਤੇ ਰਹੇ ਕਿ 27 ਨਵੰਬਰ 2016 ਨੂੰ ਸਵੇਰੇ 9 ਵਜੇ ਦੇ ਕਰੀਬ ਜ਼ਿਲ੍ਹਾ ਪਟਿਆਲਾ ਦੇ ਨਾਭਾ ਸ਼ਹਿਰ ਵਿਚ ਜੇਲ੍ਹ ਬਰੇਕ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਪੁਲੀਸ ਵਰਦੀ ਵਿਚ ਆਏ ਗੈਂਗਸਟਰ ਉੱਚ ਸੁਰੱਖਿਆ ਵਾਲੀ ਜੇਲ੍ਹ ਵਿੱਚ ਘੁਸਪੈਠ ਕਰਕੇ 6 ਖ਼ਤਰਨਾਕ ਕੈਦੀਆਂ ਤੇ ਗੈਂਗਸਟਰਾਂ ਨੂੰ ਫ਼ਰਾਰ ਕਰਵਾਉਣ ਵਿਚ ਸਫ਼ਲ ਰਹੇ ਸਨ।
ਇਨ੍ਹਾਂ ਗੈਂਗਸਟਰਾਂ ਵਿੱਚ ਹਰਮਿੰਦਰ ਸਿੰਘ ਉਰਫ ਮਿੰਟੂ, ਗੁਰਪ੍ਰੀਤ ਸਿੰਘ ਸੇਖੋਂ, ਅਮਨਦੀਪ ਸਿੰਘ ਢੋਟੀਆਂ, ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ, ਕਸ਼ਮੀਰ ਸਿੰਘ ਉਰਫ ਗਲਵੱਡੀ ਅਤੇ ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਸ਼ਾਮਲ ਸਨ। ਇਸ ਜੇਲ੍ਹ ਬਰੇਕ ਨੂੰ ਅੰਜਾਮ ਦੇਣ ਵਿੱਚ ਰਮਨਜੀਤ ਸਿੰਘ ਉਰਫ਼ ਰੋਮੀ ਨੇ ਮੁੱਖ ਭੁਮਿਕਾ ਨਿਭਾਈ ਸੀ।
ਜੇਲ੍ਹ ਬਰੇਕ ਦੌਰਾਨ ਫ਼ਰਾਰ ਹੋਏ ਕੈਦੀਆਂ ਵਿੱਚੋਂ ਵਿੱਕੀ ਗੌਂਡਰ ਨੂੰ ਪੰਜਾਬ ਪੁਲੀਸ ਨੇ 26 ਜਨਵਰੀ 2018 ਨੂੰ ਰਾਜਸਥਾਨ ’ਚ ਮੁਕਾਬਲੇ ਦੌਰਾਨ ਮਾਰ ਮੁਕਾਇਆ ਸੀ, ਜਦਕਿ ਹੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਰੋਮੀ, ਜੋ ਸ਼ੇਰਾ ਖੁੱਬਣ ਤੇ ਵਿੱਕੀ ਗੌਂਡਰ ਗੈਂਗ ਦਾ ਮੁੱਖ ਮੈਂਬਰ ਹੈ, ਨੇ ਨਾਭਾ ਜੇਲ੍ਹ ਬਰੇਕ ਨੂੰ ਅੰਜਾਮ ਦੇਣ ਲਈ ਗਰੋਹ ਦੇ ਮੈਂਬਰਾਂ ਨੂੰ ਵਿੱਤੀ ਸਹਾਇਤਾ, ਹਥਿਆਰ ਅਤੇ ਜੇਲ੍ਹ ਅੰਦਰ ਜਾਣ ਲਈ ਜਾਅਲੀ ਆਈਡੀ ਮੁਹੱਈਆ ਕਰਵਾਈ ਸੀ। ਇਸ ਦੇ ਨਾਲ ਹੀ ਜੇਲ੍ਹ ਵਿੱਚੋਂ ਫਰਾਰ ਹੋਏ ਕੈਦੀਆਂ ਨੂੰ ਸੁਰੱਖਿਅਤ ਘਰ ਤੇ ਛੁਪਣਗਾਹਾਂ ਵੀ ਮੁਹੱਈਆ ਕਰਵਾਈਆਂ ਸਨ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਨਾਭਾ ਜੇਲ੍ਹ ਬਰੇਕ ਵਿੱਚ ਹੁਣ ਤੱਕ ਕੁੱਲ 26 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਚਾਰਜਸ਼ੀਟ ਕੀਤਾ ਜਾ ਚੁੱਕਾ ਹੈ ਜਦੋਂ ਕਿ ਰਮਨਜੀਤ ਸਿੰਘ ਉਰਫ਼ ਰੋਮੀ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਰੋਮੀ ਖਿਲਾਫ ‘ਲੁੱਕ ਆਊਟ’ ਸਰਕੁਲਰ ਅਤੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ।
ਉਸ ਦੀ ਹਵਾਲਗੀ ਲੈਣ ਸਬੰਧੀ ਪ੍ਰਕਿਰਿਆ 2018 ਵਿੱਚ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਹਾਂਗਕਾਂਗ ਨਾਲ ਆਪਸੀ ਕਾਨੂੰਨੀ ਸਹਾਇਤਾ ਸੰਧੀ ਤਹਿਤ ਕੀਤੀ ਗਈ ਸੀ। ਇਸ ਤੋਂ ਬਾਅਦ ਹਾਂਗਕਾਂਗ ਦੇ ਮਾਣਯੋਗ ਮੁੱਖ ਕਾਰਜਕਾਰੀ ਅਧਿਕਾਰੀ ਵੱਲੋਂ 6 ਅਗਸਤ ਨੂੰ ਰੋਮੀ ਦੇ ਆਤਮ ਸਮਰਪਣ ਸਬੰਧੀ ਆਦੇਸ਼ ਜਾਰੀ ਕੀਤਾ ਗਿਆ। ਉਨ੍ਹਾਂ ਆਦੇਸ਼ਾਂ ਦੇ ਚਲਦਿਆਂ ਅੱਜ ਰੋਮੀ ਨੂੰ ਭਾਰਤ ਲਿਆਂਦਾ ਗਿਆ ਹੈ।

Advertisement

Advertisement
Tags :
Author Image

joginder kumar

View all posts

Advertisement
×