For the best experience, open
https://m.punjabitribuneonline.com
on your mobile browser.
Advertisement

ਨਾਭਾ: ਮਿਲਾਵਟੀ ਤੇਲ ਕਾਰਨ ਹੋਈਆਂ ਸਨ ਮੌਤਾਂ

07:49 AM Oct 15, 2024 IST
ਨਾਭਾ  ਮਿਲਾਵਟੀ ਤੇਲ ਕਾਰਨ ਹੋਈਆਂ ਸਨ ਮੌਤਾਂ
Advertisement

ਜੈਸਮੀਨ ਭਾਰਦਵਾਜ
ਨਾਭਾ, 14 ਅਕਤੂਬਰ
ਨਾਭਾ ਦੀ ਜੈਮਲ ਕਲੋਨੀ ਦੇ ਇੱਕੋ ਘਰ ਵਿੱਚ ਸਤੰਬਰ ਦੇ ਵੱਖ ਵੱਖ ਦਿਨਾਂ ’ਚ ਹੋਈਆਂ ਤਿੰਨ ਮੌਤਾਂ ਦੇ ਮਾਮਲੇ ’ਚ ਨਵਾਂ ਖੁਲਾਸਾ ਹੋਇਆ ਹੈ। ਇਸ ਵਿੱਚ ਮੌਤ ਦਾ ਕਾਰਨ ਖਾਣੇ ਵਿੱਚ ਮਿਲਾਵਟੀ ਤੇਲ ਦੀ ਵਰਤੋਂ ਦੱਸਿਆ ਜਾ ਰਿਹਾ ਹੈ। 26 ਅਤੇ 36 ਸਾਲਾ ਦੋ ਮਹਿਲਾਵਾਂ ਦੀ ਮੌਤ ਨਿੱਜੀ ਹਸਪਤਾਲਾਂ ’ਚ ਹੋਈ ਸੀ ਤੇ 72 ਸਾਲਾ ਇੱਕ ਬਜ਼ੁਰਗ ਦੀ ਮੌਤ ਘਰ ਵਿੱਚ ਹੋਈ ਸੀ। ਇਸ ਦੇ ਨਾਲ ਹੀ ਇੱਕ 7 ਸਾਲਾ ਬੱਚੀ ਵੀ ਹਸਪਤਾਲ ’ਚ ਦਾਖਲ ਰਹੀ ਹੈ। ਸਾਰੀ ਕਹਾਣੀ ਉਸ ਸਮੇਂ ਸਾਫ ਹੋਈ ਜਦੋਂ ਇਸੇ ਘਰ ਦੀ 50 ਸਾਲਾ ਸੰਤੋਸ਼ ਕੁਮਾਰੀ ਨੂੰ ਵੀ ਸਤੰਬਰ ਦੇ ਆਖਰੀ ਹਫਤੇ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ। ਮਰੀਜ਼ ਦੇ ਲੱਛਣਾਂ ਸਮੇਤ ਪਰਿਵਾਰ ਦੀ ਸਾਰੀ ਹਿਸਟਰੀ ਨੂੰ ਸਮਝਦੇ ਹੋਏ 8 ਅਕਤੂਬਰ ਨੂੰ ਪੀਜੀਆਈ ਨੇ ਪਟਿਆਲਾ ਸਿਹਤ ਵਿਭਾਗ ਨੂੰ ਜਲੋਧਰੀ ਮਹਾਮਾਰੀ ਬਾਰੇ ਸੂਚਿਤ ਕੀਤਾ ਤਾਂ ਖਾਧ ਸੁਰੱਖਿਆ ਅਫਸਰਾਂ ਦੀ ਇੱਕ ਟੀਮ ਨੇ ਸੰਤੋਸ਼ ਕੁਮਾਰੀ ਦੇ ਘਰ ਪਹੁੰਚ ਕੀਤੀ। ਉਥੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਅਗਸਤ ਮਹੀਨੇ ’ਚ ਪਰਿਵਾਰ ਨੇ ਕਿਸੇ ਕੋਹਲੂ ਵਾਲੇ ਨੂੰ ਆਪ ਸਰ੍ਹੋਂ ਦੇ ਕੇ ਤੇਲ ਕਢਵਾਇਆ ਸੀ, ਜਿਸਦੀ ਖਰੜ ਲੈਬ ਤੋਂ ਜਾਂਚ ਕਰਵਾਈ ਗਈ ਤੇ ਉਸ ਵਿੱਚ ਅਰਜੇਮਨ ਦੀ ਹੋਂਦ ਪਾਈ ਗਈ ਹੈ। ਮਾਹਰਾਂ ਮੁਤਾਬਕ ਅਰਜੇਮਨ ਮੇਕਸੀਕਾਨਾ ਆਮ ਭਾਸ਼ਾ ’ਚ ਸਤਿਆਨਾਸੀ ਕੱਖ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਇਸਦਾ ਬੀਜ ਸਰ੍ਹੋਂ ਵਰਗਾ ਹੀ ਹੁੰਦਾ ਹੈ ਤੇ ਇਹ ਸਰ੍ਹੋਂ ਦੇ ਤੇਲ ’ਚ ਮਿਲਾਵਟ ਲਈ ਵਰਤਿਆ ਜਾਂਦਾ ਹੈ। ਵੱਧ ਮਾਤਰਾ ’ਚ ਖਾਏ ਜਾਣ ’ਤੇ ਇਸਦੇ ਸਿਹਤ ਨੂੰ ਵੱਡੇ ਨੁਕਸਾਨ ਹੁੰਦੇ ਹਨ। ਪਟਿਆਲਾ ਸਿਵਲ ਸਰਜਨ ਨੇ ਪਟਿਆਲਾ ਡੀਸੀ ਅਤੇ ਸਹਿਕਾਰੀ ਸਭਾਵਾਂ ਦੇ ਡਿਪਟੀ ਰਜਿਸਟਰਾਰ ਨੂੰ ਸਾਰੇ ਮਾਮਲੇ ਬਾਰੇ ਦੱਸਿਆ ਤੇ ਹੁਣ ਜ਼ਿਲ੍ਹੇ ’ਚ ਥਾਂ ਥਾਂ ਸਰ੍ਹੋਂ ਦੇ ਬੀਜਾਂ ਅਤੇ ਤੇਲ ਦੇ ਸੈਂਪਲ ਲਏ ਜਾ ਰਹੇ ਹਨ। ਜ਼ਿਲ੍ਹੇ ਦੇ ਸਾਰੇ ਨਿੱਜੀ ਹਸਪਤਾਲਾਂ ਨੂੰ ਜਲੋਧਰੀ ਦੇ ਲੱਛਣ ਦਿਖਣ ’ਤੇ ਤੁਰੰਤ ਰਿਪੋਰਟ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਸਿਹਤ ਵਿਭਾਗ ਨੇ ਉਕਤ ਕੋਹਲੂ ਤੋਂ ਵੀ ਤੇਲ ਦੇ ਸੈਂਪਲ ਲੈ ਕੇ ਖਰੜ ਭੇਜੇ ਹੋਏ ਹਨ ਜਿਸ ਦੀ ਰਿਪੋਰਟ ਆਉਣੀ ਬਾਕੀ ਹੈ। ਸਿਵਲ ਸਰਜਨ ਜਤਿੰਦਰ ਕਾਂਸਲ ਨੇ ਦੱਸਿਆ ਕਿ ਪੀੜਤ ਪਰਿਵਾਰ ਕੋਲ ਸਰ੍ਹੋਂ ਤਿੰਨ ਥਾਵਾਂ ਤੋਂ ਆਈ ਸੀ ਤੇ ਸਰ੍ਹੋਂ ਦੇ ਸਰੋਤ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ। ਅਜੇ ਇਹ ਕਹਿਣਾ ਮੁਸ਼ਕਲ ਹੈ ਕਿ ਸਰ੍ਹੋਂ ਦੇ ਬੀਜਾਂ ਵਿੱਚ ਮਿਲਾਵਟ ਸੀ ਜਾਂ ਤੇਲ ਕੱਢਣ ਵਾਲੇ ਦੇ ਪੱਧਰ ’ਤੇ ਮਿਲਾਵਟ ਹੋਈ ਹੈ ਤੇ ਇਸ ਸਬੰਧੀ ਪੜਤਾਲ ਪੂਰੀ ਹੋਣ ਉਪਰੰਤ ਲੋੜੀਂਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Advertisement

Advertisement
Advertisement
Author Image

Advertisement