ਰਾੜਾ ਸਾਹਿਬ ਹਸਪਤਾਲ ਨੂੰ ਐੱਨਏਬੀਐੱਚ ਦੀ ਮਾਨਤਾ
ਦੇਵਿੰਦਰ ਸਿੰਘ ਜੱਗੀ
ਪਾਇਲ, 29 ਨਵੰਬਰ
ਸੰਤ ਈਸ਼ਰ ਸਿੰਘ ਮੈਮੋਰੀਅਲ ਹਸਪਤਾਲ ਰਾੜਾ ਸਾਹਿਬ ਨੇ ਨੈਸ਼ਨਲ ਐਕਰੀਡੇਸ਼ਨ ਬੋਰਡ ਫਾਰ ਹਾਸਪਿਟਲਸ ਐਂਡ ਸਿਹਤ ਸੰਭਾਲ ਪ੍ਰੋਵਾਈਡਰਜ਼ (ਐੱਨ.ਏ.ਬੀ.ਐੱਚ.) ਤੋਂ ਮਾਨਤਾ ਪ੍ਰਾਪਤ ਕਰ ਲਈ ਹੈ। ਰਾੜਾ ਸਾਹਿਬ ਹਸਪਤਾਲ ਨੂੰ ਮਿਲੀ ਐੱਨਏਬੀਐੱਚ ਮਾਨਤਾ ਸਿਹਤ ਸੰਭਾਲ ਉਦਯੋਗ ਵਿੱਚ ਇੱਕ ਪ੍ਰਤਿਸ਼ਠ ਮਾਪਦੰਡ ਹੈ, ਜੋ ਮਰੀਜ਼ਾਂ ਦੀ ਦੇਖਭਾਲ, ਸੁਰੱਖਿਆ ਉਪਾਵਾਂ, ਮੈਡੀਕਲ ਪ੍ਰਬੰਧਨ, ਬੁਨਿਆਦੀ ਢਾਂਚੇ ਤੇ ਸਮੁੱਚੀ ਸੰਗਠਨਾਤਮਕ ਕੁਸ਼ਲਤਾ ਸਮੇਤ ਵੱਖ-ਵੱਖ ਮਾਪਦੰਡਾਂ ’ਤੇ ਹਸਪਤਾਲਾਂ ਦਾ ਮੁਲਾਂਕਣ ਕਰਦਾ ਹੈ। ਹਸਪਤਾਲ ਦੇ ਪ੍ਰਬੰਧਕ ਮਲਕੀਤ ਸਿੰਘ ਪਨੇਸਰ ਨੇ ਦੱਸਿਆ ਕਿ ਇਸ ਪ੍ਰਾਪਤੀ ਦੇ ਨਾਲ ਇਹ ਉੱਚ ਪੱਧਰੀ ਗੁਣਵੱਤਾ ਵਾਲੇ ਹਸਪਤਾਲ ਉੱਤਮਤਾ ਪ੍ਰੋਗਰਾਮ ਦੇ ਮੋਢੀ ਬਣਨ ਲਈ ਪੇਂਡੂ ਖੇਤਰ ਵਿੱਚ ਇਕੱਲਾ ਹਸਪਤਾਲ ਹੈ। ਡਾ. ਹਰਪ੍ਰੀਤ ਸਿੰਘ ਗਿੱਲ ਸੀਓ ਨੇ ਕਿਹਾ ਕਿ ਇਹ ਪ੍ਰਾਪਤੀ ਪੂਰੀ ਟੀਮ ਦੀ ਮਿਹਨਤ ਤੇ ਸਮਰਪਣ ਦਾ ਨਤੀਜਾ ਹੈ। ਪਹਿਲੇ ਦਿਨ ਤੋਂ ਸਾਰੀ ਟੀਮ ਦਾ ਧਿਆਨ ਉੱਚ-ਪੱਧਰੀ ਦੇਖ-ਭਾਲ ਯਕੀਨੀ ਬਣਾਉਣ ਰਿਹਾ ਹੈ। ਟਰੱਸਟੀ ਮੈਂਬਰ ਮਲਕੀਤ ਸਿੰਘ ਪਨੇਸਰ, ਮਨਿੰਦਰਜੀਤ ਸਿੰਘ ਬੈਨੀਪਾਲ, ਗੁਰਨਾਮ ਸਿੰਘ ਅੜੈਚਾਂ, ਪ੍ਰਿੰਸੀਪਲ ਗੁਰਨਾਮ ਕੌਰ ਨੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ।