ਸਿਹਤ ਸੰਭਾਲ ਬਾਰੇ ਮਿੱਥਾਂ ਅਤੇ ਸਿਹਤ ਸਿੱਖਿਆ
ਆਲੇ-ਦੁਆਲੇ ਦੀਆਂ ਵੱਖ-ਵੱਖ ਘਟਨਾਵਾਂ ਦੇ ਕਾਰਨਾਂ ਤੋਂ ਅਣਜਾਣ, ਪ੍ਰਾਚੀਨ ਮਨੁੱਖ ਨੇ ਕਈ ਕੁਦਰਤੀ ਘਟਨਾਵਾਂ ਜਿਵੇਂ ਮੀਂਹ, ਅੱਗ, ਭੁਚਾਲ ਆਦਿ ਲਈ ਆਕਾਸ਼ੀ ਕਾਰਨਾਂ ਨੂੰ ਜਿ਼ੰਮੇਵਾਰ ਠਹਿਰਾਇਆ। ਇਸੇ ਤਰ੍ਹਾਂ ਉਨ੍ਹਾਂ ਨੇ ਬਿਮਾਰੀਆਂ ਨੂੰ ਕਿਸੇ ਅਲੌਕਿਕ ਸ਼ਕਤੀ ਦੇ ਕਰੋਧ ਦਾ ਨਤੀਜਾ ਸਮਝਿਆ। ਉਪਾਅ ਵੀ ਮੁੱਢਲਾ ਸੀ ਅਤੇ ਉਸ ਸ਼ਕਤੀ ਨੂੰ ਖੁਸ਼ ਕਰਨ ਲਈ ਮੱਥਾ ਟੇਕਣ ’ਤੇ ਆਧਾਰਿਤ ਸੀ। ਸਮਾਂ ਬੀਤਣ ਨਾਲ ਮਨੁੱਖ ਜਾਤੀ ਨੇ ਆਲੇ-ਦੁਆਲੇ ਦੀ ਮਾੜੀ ਸਿਹਤ ਲਈ ਜਿ਼ੰਮੇਵਾਰ ਕਾਰਨ ਲੱਭਣ ਦੀ ਕੋਸਿ਼ਸ਼ ਕੀਤੀ; ਇਉਂ ਉਨ੍ਹਾਂ ਕੁਦਰਤ ਵਿੱਚ ਹੀ ਇਲਾਜ ਦੀ ਖੋਜ ਕੀਤੀ। ਇਸ ਨਾਲ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਇਲਾਜ ਪ੍ਰਣਾਲੀਆਂ ਦਾ ਵਿਕਾਸ ਹੋਇਆ। ਆਧੁਨਿਕ ਚਿਕਿਤਸਾ ਪ੍ਰਣਾਲੀ ਬਿਮਾਰੀ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਤੀਬਰ ਖੋਜ ਦੁਆਰਾ ਵਿਗਿਆਨਕ ਢੰਗ ਨਾਲ ਅੱਗੇ ਵਧੀ ਅਤੇ ਇਸ ਅਨੁਸਾਰ ਹੀ ਮੈਡੀਕਲ/ਸਰਜੀਕਲ ਇਲਾਜ ਵਿਕਸਿਤ ਕੀਤਾ ਗਿਆ। ਇਸ ਨੇ ਬਿਮਾਰੀਆਂ ਬਾਰੇ ਕਈ ਪ੍ਰਚਲਿਤ ਮਿੱਥਾਂ ਅਤੇ ਵਿਸ਼ਵਾਸ ਤੋੜ ਦਿੱਤੇ।
ਉਂਝ, ਇਨ੍ਹਾਂ ਸਾਰੀਆਂ ਵਿਕਾਸ ਤੇ ਆਧੁਨਿਕ ਤਕਨੀਕੀ ਕਾਢਾਂ ਦੇ ਬਾਵਜੂਦ ਸਾਡੇ ਸਮਾਜ ਵਿੱਚ ਸਿਹਤ ਸੰਭਾਲ ਬਾਰੇ ਬਹੁਤ ਸਾਰੀਆਂ ਮਿੱਥਾਂ ਪ੍ਰਚਲਿਤ ਹਨ। ਇਨ੍ਹਾਂ ਵਿੱਚੋਂ ਕੁਝ ਤਾਂ ਸੰਗਠਿਤ ਢੰਗ ਨਾਲ ਪ੍ਰਚਾਰੀਆਂ ਜਾ ਰਹੀਆਂ ਹਨ। ਸਿਹਤ ਸੰਭਾਲ ਵਿੱਚ ਗੈਰ-ਵਿਗਿਆਨਕ, ਪੁਰਾਣੇ ਵਿਚਾਰਾਂ ਵਾਲਾ ਵਿਸ਼ਵਾਸ ਸਮਾਜ ਦੇ ਸਾਰੇ ਵਰਗਾਂ ਵਿੱਚ ਵੱਖੋ-ਵੱਖਰੇ ਪੱਧਰਾਂ ’ਤੇ ਕਾਇਮ ਹੈ ਭਾਵੇਂ ਇਹ ਵਿਚਾਰ ਸਮੇਂ ਦੀ ਅਜ਼ਮਾਇਸ਼ ਵਿੱਚ ਅਸਫਲ ਰਹੇ ਹਨ। ਵਿਗਿਆਨਕ ਵਿਕਾਸ ਨਾਲ ਵਿਗਿਆਨਕ ਸੁਭਾਅ ਵੀ ਵਿਕਸਿਤ ਹੋਏਗਾ, ਇਹ ਕੋਈ ਜ਼ਰੂਰੀ ਨਹੀਂ। ਲੋਕ ਆਪਣੇ ਫਾਇਦੇ ਲਈ ਵਿਗਿਆਨਕ ਕਾਢਾਂ ਦੀ ਵਰਤੋਂ ਕਰਦੇ ਹਨ ਪਰ ਗੈਰ-ਵਿਗਿਆਨਕ ਵਿਚਾਰਾਂ ਵਿੱਚ ਸ਼ਾਮਲ ਰਹਿੰਦੇ ਹਨ। ਵਿਗਿਆਨਕ ਸੁਭਾਅ ਦੇ ਵਿਕਾਸ ਲਈ ਲੋਕਾਂ ਨੂੰ ਸਿੱਖਿਅਤ ਕਰਨ ਲਈ ਠੋਸ ਯਤਨਾਂ ਦੀ ਲੋੜ ਹੈ। ਇਸ ਲਈ ਜ਼ਰੂਰੀ ਹੈ ਕਿ ਬਚਪਨ ਤੋਂ ਹੀ ਵਿਗਿਆਨਕ ਆਧਾਰ ’ਤੇ ਸਿਹਤ ਸਿੱਖਿਆ ਦਿੱਤੀ ਜਾਵੇ ਤਾਂ ਜੋ ਬੱਚੇ ਵੱਡੇ ਹੁੰਦੇ-ਹੁੰਦੇ ਅਜਿਹੇ ਝੂਠੇ ਵਿਸ਼ਵਾਸਾਂ ਦਾ ਸਿ਼ਕਾਰ ਨਾ ਹੋਣ।
ਇਨ੍ਹਾਂ ਮਿਥਿਹਾਸ ਅਤੇ ਵਿਸ਼ਵਾਸਾਂ ਦੇ ਗੰਭੀਰ ਨਤੀਜੇ ਹੋ ਸਕਦੇ ਹਨ; ਵਿਸ਼ੇਸ਼ ਤੌਰ ’ਤੇ ਜਦੋਂ ਮਰੀਜ਼ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਮਾਮਲੇ ਵਿੱਚ ਵੀ ਵਿਸ਼ਵਾਸੀ ਇਲਾਜ ਕਰਨ ਵਾਲਿਆਂ ਨੂੰ ਮਿਲਦੇ ਹਨ। ਅਜਿਹੇ ਹਾਲਾਤ ਵਿੱਚ ਬਿਮਾਰੀ ਜਿਸ ਨੂੰ ਠੀਕ/ਕੰਟਰੋਲ ਕੀਤਾ ਜਾ ਸਕਦਾ ਸੀ ਜਾਂ ਘੱਟ ਦਰਦਨਾਕ ਬਣਾਇਆ ਜਾ ਸਕਦਾ ਸੀ, ਘਾਤਕ ਬਣ ਜਾਂਦਾ ਹੈ ਅਤੇ ਮਰੀਜ਼ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਉਂਦਾ ਹੈ।
ਸਿਹਤ ਸੰਭਾਲ ਦੀਆਂ ਮਿੱਥਾਂ ਹਰ ਕਿਸਮ ਦੀਆਂ ਬਿਮਾਰੀਆਂ ਨਾਲ ਸਬੰਧਿਤ ਹਨ ਭਾਵੇਂ ਉਹ ਸੰਚਾਰੀ, ਗੈਰ-ਸੰਚਾਰੀ ਜਾਂ ਵਿਗਾੜਨਸ਼ੀਲ ਹੋਣ ਅਤੇ ਸਰੀਰ ਦੀ ਕਿਸੇ ਪ੍ਰਣਾਲੀ ਨਾਲ ਸਬੰਧਿਤ ਹੋਣ। ਕਈ ਲੋਕ ਅਜੇ ਵੀ ਮੰਨਦੇ ਹਨ ਕਿ ਮਿਰਗੀ ‘ਡੈਣਾਂ’ ਦੇ ਪਰਛਾਵੇਂ ਕਾਰਨ ਹੁੰਦੀ ਹੈ, ਇਸ ਲਈ ਇਲਾਜ ‘ਡੈਣ’ ਤੋਂ ਛੁਟਕਾਰਾ ਪਾਉਣ ’ਤੇ ਆਧਾਰਿਤ ਹੈ। ਕਈਆਂ ਦਾ ਮੰਨਣਾ ਹੈ ਕਿ ਗੰਦੀ ਜੁੱਤੀ ਦੀ ਬਦਬੂ ਦੌਰੇ ਦੇ ਮਰੀਜ਼ ਨੂੰ ਠੀਕ ਕਰ ਦੇਵੇਗੀ। ਸਿਫਿਲਿਸ ਜਿਨਸੀ ਤੌਰ ’ਤੇ ਫੈਲਣ ਵਾਲੀ ਬਿਮਾਰੀ ਹੈ ਜਿਸ ਨੂੰ ਦੇਸ਼ ਦੇ ਕੁਝ ਹਿੱਸਿਆਂ ਵਿੱਚ ‘ਜਲੇਬੀ ਨਾਲ ਦੁੱਧ ਦਾ ਸੇਵਨ’ ਕਰ ਕੇ ਹੋਣ ਵਾਲਾ ਰੋਗ ਮੰਨਿਆ ਜਾਂਦਾ ਹੈ।
ਬਹੁਤ ਸਾਰੀਆਂ ਬਿਮਾਰੀਆਂ ਕੁਦਰਤ ਵਿੱਚ ਸਵੈ-ਸੀਮਤ ਹੁੰਦੀਆਂ ਹਨ। ਉਨ੍ਹਾਂ ਨੂੰ ਸਹਾਇਕ ਇਲਾਜ ਦੀ ਲੋੜ ਹੁੰਦੀ ਹੈ। ਉਦਾਹਰਨ ਲਈ ਕੰਨ ਪੇੜੇ ਵਰਗੀ ਵਾਇਰਲ ਬਿਮਾਰੀ ਆਮ ਤੌਰ ’ਤੇ ਇੱਕ ਹਫ਼ਤੇ ਜਾਂ ਇਸ ਤੋਂ ਥੋੜ੍ਹਾ ਵੱਧ ਸਮੇਂ ਵਿੱਚ ਠੀਕ ਹੋ ਜਾਂਦੀ ਹੈ। ਇਸ ਨੂੰ ਦਰਦ ਅਤੇ ਹੋਰ ਮੁਸੀਬਤ ਦੇ ਲੱਛਣਾਂ ਨੂੰ ਘਟਾਉਣ ਲਈ ਸਹਾਇਕ ਉਪਾਵਾਂ ਦੀ ਲੋੜ ਹੁੰਦੀ ਹੈ ਪਰ ਕੰਨ ਪੇੜੇ ਦੇ ਮਰੀਜ਼ ਇਸ ਵਿਸ਼ਵਾਸ ਨਾਲ ਘੁਮਾਰ (ਮਿੱਟੀ ਦੇ ਘੜੇ ਬਣਾਉਣ ਵਾਲੇ) ਕੋਲ ਜਾਂਦੇ ਹਨ ਕਿ ਉਸ ਦੇ ਮੂੰਹ ਤੋਂ ਕੁਝ ਮੰਤਰਾਂ ਅਤੇ ਗੱਲ੍ਹਾਂ ’ਤੇ ਮਿੱਟੀ ਲਗਾਉਣ ਨਾਲ ਰੋਗ ਠੀਕ ਹੋ ਜਾਵੇਗਾ। ਕੰਨ ਪੇੜੇ ਪੈਰਾਮਾਈਕਸੋ ਵਾਇਰਸ ਕਾਰਨ ਹੋਣ ਵਾਲੀ ਲਾਰ ਦੀ ਗ੍ਰੰਥੀਆਂ ਦੀ ਵਾਇਰਲ ਲਾਗ ਹੈ ਜਿੱਥੇ ਮਰੀਜ਼ ਨੂੰ ਗੱਲ੍ਹਾਂ ਦੀ ਦਰਦਨਾਕ ਜਾਂ ਜਬਾੜੇ ਦੇ ਹੇਠਾਂ ਸੋਜ ਹੁੰਦੀ ਹੈ। ਇਹ ਸਵੈ-ਸੀਮਿਤ ਵਿਕਾਰ ਹੈ ਅਤੇ ਸਮੇਂ ਨਾਲ ਤੇ ਸਹਾਇਕ ਉਪਾਵਾਂ ਨਾਲ ਠੀਕ ਹੋ ਜਾਂਦਾ ਹੈ।
ਚੇਚਕ (ਚਿਕਨਪੌਕਸ) ਅਤੇ ਅਜਿਹੀਆਂ ਹੋਰ ਬਿਮਾਰੀਆਂ ਲਈ ਵੀ ਇਹੀ ਸੱਚ ਹੈ। ਮੰਨਿਆ ਜਾਂਦਾ ਹੈ ਕਿ ਚਿਕਨਪੌਕਸ ਉਦੋਂ ਹੁੰਦਾ ਹੈ ਜਦੋਂ ‘ਦੇਵੀ ਮਾਤਾ’ ਗੁੱਸੇ ਹੋ ਜਾਂਦੀ ਹੈ। ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਇਸ ਬਿਮਾਰੀ ਨੂੰ ‘ਛੋਟੀ ਮਾਤਾ’ ਕਿਹਾ ਜਾਂਦਾ ਹੈ। ਇਸ ਲਈ ਲੋਕ ਦੇਵੀ ਨੂੰ ਪ੍ਰਸੰਨ ਕਰਨ ਅਤੇ ਅਸ਼ੀਰਵਾਦ ਪ੍ਰਾਪਤ ਕਰਨ ਲਈ ਉਸ ਦੀ ਪੂਜਾ ਕਰਦੇ ਹਨ।
ਇਸੇ ਤਰ੍ਹਾਂ ਬੇਲਜ਼ ਪਾਲਸੀ (ਚਿਹਰੇ ਦੇ ਇੱਕ ਪਾਸੇ ਦਾ ਅਧਰੰਗ/ਲਕਵਾ) ਨੂੰ ਅਜਿਹੇ ਮਿਥਿਆਵਾਦੀ ਅਖੌਤੀ ਡਾਕਟਰਾਂ ਦੁਆਰਾ ਵੱਖ-ਵੱਖ ਤਰੀਕਿਆਂ ਨਾਲ ਠੀਕ ਕੀਤਾ ਜਾਂਦਾ ਹੈ। ਅਜਿਹਾ ਹੀ ਇੱਕ ਤਰੀਕਾ ਹੈ ‘ਕਨਵੈਕਸ ਲੈਂਸ’ ਦੀ ਵਰਤੋਂ ਕਰ ਕੇ ਮਰੀਜ਼ ਦੀ ਗਰਦਨ ’ਤੇ ਸੂਰਜ ਦੀ ਰੌਸ਼ਨੀ ਫੋਕਸ ਕਰਨਾ। ਇਸ ਨਾਲ ਚਮੜੀ ’ਤੇ ਜਲਣ ਹੋ ਜਾਂਦੀ ਹੈ। ਜਿਵੇਂ-ਜਿਵੇਂ ਜਲਣ ਠੀਕ ਹੋ ਜਾਂਦੀ ਹੈ, ਚਿਹਰੇ ਦਾ ਅਧਰੰਗ ਵੀ ਠੀਕ ਹੋ ਜਾਂਦਾ ਹੈ ਕਿਉਂਕਿ ਜਿ਼ਆਦਾਤਰ ਮਾਮਲਿਆਂ ਵਿੱਚ ਇਹ ਸਵੈ-ਸੀਮਤ ਬਿਮਾਰੀ ਹੈ।
ਮਿੱਥਾਂ ਉਦੋਂ ਮਜ਼ਬੂਤ ਹੁੰਦੀਆਂ ਜਦੋਂ ਰਾਜ ਦੇ ਮੁਖੀ ਅਜਿਹੇ ਬੇਤੁਕੇ ਵਿਚਾਰ ਕਾਇਮ ਰੱਖਦੇ ਹਨ। ਸਾਡੇ ਪ੍ਰਧਾਨ ਮੰਤਰੀ ਨੇ 2014 ’ਚ ਕਿਹਾ ਕਿ ਪੁਰਾਣੇ ਸਮੇਂ ਵਿੱਚ ਭਾਰਤ ਵਿੱਚ ਸਰਜਰੀ ਇੰਨੀ ਉੱਨਤ ਸੀ ਕਿ ਅਸੀਂ ਹਾਥੀ ਦਾ ਸਿਰ ਮਨੁੱਖੀ ਸਰੀਰ ਉੱਤੇ ਸਫਲਤਾਪੂਰਵਕ ਟ੍ਰਾਂਸਪਲਾਂਟ ਕਰ ਸਕਦੇ ਸਾਂ। ਇਹ ਉਨ੍ਹਾਂ ਦਾ ਆਪਣੀ ਪਾਰਟੀ ਦੇ ਕਾਰਕੁਨਾਂ ਨੂੰ ਅਜਿਹੀਆਂ ਗੈਰ-ਪ੍ਰਮਾਣਿਤ ਚੀਜ਼ਾਂ ਫੈਲਾਉਣ ਲਈ ਅੱਗੇ ਵਧਣ ਦਾ ਸੰਕੇਤ ਸੀ। ਇਸ ਤੋਂ ਬਾਅਦ ਮਨੁੱਖੀ ਸਿਹਤ ਲਈ ਗਊ ਮੂਤਰ ਅਤੇ ਗੋਬਰ ਦੀ ਉਪਯੋਗਤਾ ਵਰਗੇ ਪੁਰਾਣੇ ਗੈਰ-ਵਿਗਿਆਨਕ ਵਿਚਾਰਾਂ ਨੂੰ ਜ਼ੋਰ-ਸ਼ੋਰ ਨਾਲ ਉਜਾਗਰ ਕੀਤਾ ਜਾ ਰਿਹਾ ਹੈ ਹਾਲਾਂਕਿ ਇਸ ਦੇ ਪੱਖ ਵਿੱਚ ਕੋਈ ਵਿਗਿਆਨਕ ਸਬੂਤ ਨਹੀਂ ਹਨ।
ਡਾਕਟਰੀ ਇਲਾਜ ਦੇ ਮੁੱਦਿਆਂ ’ਤੇ ਰਾਏ ਦੇਣ ਲਈ ਹਸਪਤਾਲਾਂ ਵਿਚ ਜੋਤਸ਼ੀ ਨਿਯੁਕਤ ਕਰਨ ਦੀਆਂ ਵੀ ਗੱਲਾਂ ਕੀਤੀਆਂ ਜਾ ਰਹੀਆਂ ਹਨ। ਗੁਜਰਾਤ ਸਰਕਾਰ ਦੇ ਕੁਝ ਮੰਤਰੀਆਂ ਵੱਲੋਂ ‘ਤਾਂਤਰਿਕਾਂ’ ਦੇ ਸੰਮੇਲਨ ਵਿੱਚ ਹਿੱਸਾ ਲੈ ਕੇ ਉਨ੍ਹਾਂ ਦਾ ਸਨਮਾਨ ਕਰਨ ਦੀ ਵੀ ਖ਼ਬਰ ਹੈ। ਅਰੋਗਿਆ ਭਾਰਤੀ ਦੁਆਰਾ ‘ਗਰਭ ਵਿਗਿਆਨ ਸੰਸਕਾਰ’ ਇੱਕ ਹੋਰ ਵਿਚਾਰਨ ਵਾਲਾ ਮਾਮਲਾ ਹੈ। ਉਹ ਪਤੀ ਪਤਨੀ ਦੇ ਮੇਲਣ ਦੇ ਸਮੇਂ ਜੋੜਿਆਂ ਨੂੰ ਸ਼ਲੋਕਾਂ ਦਾ ਪਾਠ ਕਰਵਾਉਣ ਲਈ ਪ੍ਰਚਾਰ ਕਰਨ ਹਿਤ ਵਰਕਸ਼ਾਪਾਂ ਲਾਉਂਦੇ ਹਨ ਤਾਂ ਜੋ ਉਨ੍ਹਾਂ ਦੀ ਪਸੰਦ ਦੇ ਬੱਚੇ (ਉਤਮ ਸੰਤਤੀ) ਪੈਦਾ ਕੀਤੇ ਜਾ ਸਕਣ। ਉਹ ਦਾਅਵਾ ਕਰਦੇ ਹਨ ਕਿ ਜੋੜੇ ਦੀ ਪਸੰਦ ਦੇ ਬੱਚੇ ਹੋ ਸਕਦੇ ਹਨ ਅਤੇ ਇਸ ਨਾਲ ਸ਼ੁੱਧ ਤੇ ਸ਼ਕਤੀਸ਼ਾਲੀ ਪੀੜ੍ਹੀ ਦਾ ਵਿਕਾਸ ਹੋਵੇਗਾ।
ਕੁਝ ਸਮਾਂ ਪਹਿਲਾਂ ਆਂਧਰਾ ਪ੍ਰਦੇਸ਼ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਨਾਗੇਸ਼ਵਰ ਰਾਓ ਨੇ ਜਲੰਧਰ ਵਿੱਚ ਇੰਡੀਅਨ ਸਾਇੰਸ ਕਾਂਗਰਸ ਦੌਰਾਨ ਕਿਹਾ ਸੀ ਕਿ ਪੁਰਾਣੇ ਸਮੇਂ ਵਿਚ ਸਾਡੇ ਕੋਲ ਸਟੈੱਮ ਸੈੱਲ ਤਕਨੀਕ ਇੰਨੀ ਉੱਨਤ ਸੀ ਜੋ ਕਲੋਨਿੰਗ ਵਿਚ ਵਰਤੀ ਜਾਂਦੀ ਸੀ; ਕਰਨ ਅਤੇ 100 ਕੌਰਵਾਂ ਦਾ ਜਨਮ ਇਸ ਤਕਨੀਕ ਨਾਲ ਹੋਇਆ ਸੀ। ਇਹ ਵਿਗਿਆਨਕ ਸਬੂਤ ’ਤੇ ਆਧਾਰਿਤ ਨਹੀਂ; ਇਹ ਕੇਵਲ ਮਿਥਿਹਾਸ ਅਤੇ ਅਸਪੱਸ਼ਟਤਾ ਕਾਇਮ ਰੱਖਣ ਲਈ ਹਨ। ਹਾਲ ਹੀ ਵਿੱਚ ਆਈਆਈਟੀ ਮੰਡੀ ਦੇ ਡਾਇਰੈਕਟਰ ਲਕਸ਼ਮੀਧਰ ਬਿਹੜਾ ਨੇ ਕਿਹਾ ਹੈ ਕਿ ਦਿਲ ਉਦੋਂ ਧੜਕਣਾਂ ਬੰਦ ਕਰ ਦਿੰਦਾ ਹੈ ਜਦੋਂ ਦਿਲ ਵਿੱਚ ਰਹਿੰਦੀ ਰੂਹ ਉਸ ਨੂੰ ਛੱਡ ਦਿੰਦੀ ਹੈ। ਦਿਲ ਦੇ ਦੌਰੇ ਬਾਰੇ ਡਾਕਟਰਾਂ ਦੀ ਥਿਊਰੀ ਉਨ੍ਹਾਂ ਅਨੁਸਾਰ ਬੇਤੁਕੀ ਹੈ। ਮਹੇਸ਼ ਚੰਦ ਸ਼ਰਮਾ ਜੋ ਹੁਣ ਰਾਜਸਥਾਨ ਹਾਈ ਕੋਰਟ ਦੇ ਸੇਵਾਮੁਕਤ ਜੱਜ ਹਨ, ਕਹਿੰਦੇ ਹਨ ਕਿ ਮਾਦਾ ਮੋਰ ਮਿਲਣ ਕਰ ਕੇ ਨਹੀਂ ਸਗੋਂ ਮੋਰ ਦੀਆਂ ਅੱਖਾਂ ਵਿੱਚੋਂ ਵਗਣ ਵਾਲੇ ਹੰਝੂ ਚੱਟਣ ਕਾਰਨ ਆਂਡੇ ਦਿੰਦੀ ਹੈ।
ਇਸੇ ਲੜੀ ਵਿੱਚ ਹਾਲ ਹੀ ਵਿੱਚ ਹੋਈਆਂ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਦੇ ਬਿਆਨ ਦਾ ਜਿ਼ਕਰ ਵਾਜਬ ਹੈ ਕਿ ਉਨ੍ਹਾਂ ਨੂੰ ਪਰਮਾਤਮਾ ਨੇ ਸਿੱਧੇ ਤੌਰ ’ਤੇ ਇਸ ਧਰਤੀ ’ਤੇ ਭੇਜਿਆ ਹੈ; ਭਾਵ ਉਹ ਮਾਂ ਦੀ ਕੁੱਖ ਤੋਂ ਨਹੀਂ ਪੈਦਾ ਹੋਇਆ। ਇਹ ਸਮਾਜ ਨੂੰ ਪਛੜੇਪਣ ਵਿੱਚ ਰੱਖਣ ਦੀ ਚਾਲ ਹੈ ਤੇ ਆਪਣੇ ਆਪ ਨੂੰ ਆਮ ਪੁਰਖਾਂ ਨਾਲੋਂ ਉੱਤਮ ਦੱਸਣ ਦੀ ਹੋਛੀ ਗੱਲ ਹੈ।
ਅੱਜ ਡਾਕਟਰੀ ਸੰਸਥਾਵਾਂ, ਤਰਕਸ਼ੀਲ ਸਮਾਜਾਂ ਅਤੇ ਵਿਗਿਆਨਕ ਨਜ਼ਰੀਏ ਵਾਲੇ ਸਹੀ ਸੋਚ ਵਾਲੇ ਲੋਕਾਂ ਲਈ ਚੁਣੌਤੀ ਵਾਲਾ ਸਮਾਂ ਹੈ। ਮੱਧਕਾਲੀ ਵਿਚਾਰਾਂ ਰਾਹੀਂ ਆਧੁਨਿਕਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਸਾਡੇ ਲੋਕਾਂ ਦੀ ਸਿਹਤ, ਖਾਸ ਕਰ ਕੇ ਔਰਤਾਂ ਅਤੇ ਬੱਚਿਆਂ ਦੀ ਸਿਹਤ ਨੂੰ ਤਰਕਹੀਣ ਵਿਚਾਰਾਂ ਵਾਲੇ ਲੋਕਾਂ ਦੁਆਰਾ ਸ਼ੋਸ਼ਣ ਲਈ ਨਹੀਂ ਛੱਡਿਆ ਜਾ ਸਕਦਾ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕਿਵੇਂ ਔਰਤਾਂ ਨੂੰ ਪਾਗਲਪਨ ਦੇ ਬਹਾਨੇ ਜਾਦੂ ਕਿਸਮ ਦੇ ਅਖੌਤੀ ਇਲਾਜਾਂ ਦਾ ਸਿ਼ਕਾਰ ਬਣਾਇਆ ਜਾਂਦਾ ਹੈ; ਇਨ੍ਹਾਂ ਰੋਗਾਂ ਦਾ ਇਲਾਜ ਮਨੋਵਿਗਿਆਨਕ ਇਲਾਜ ਅਤੇ ਕੌਂਸਲਿੰਗ ਦੁਆਰਾ ਕੀਤਾ ਜਾ ਸਕਦਾ ਹੈ।
ਵਿਗਿਆਨਕ ਦ੍ਰਿਸ਼ਟੀਕੋਣ ਰਾਹੀਂ ਸਿਹਤਮੰਦ ਭਾਰਤ ਦੇ ਵਿਕਾਸ ਲਈ ਠੋਸ ਯਤਨ ਕਰਨੇ ਪੈਣਗੇ; ਨਹੀਂ ਤਾਂ ਸਿਹਤ ਸੰਭਾਲ ’ਚ ਝੂਠੀਆਂ ਧਾਰਨਾਵਾਂ ਤੇ ਮਿੱਥਾਂ ਰਾਹੀਂ ਸਾਡੀ ਬਹੁਤੀ ਗਰੀਬ ਆਬਾਦੀ ਦੀ ਸਿਹਤ ਦਾ ਸ਼ੋਸ਼ਣ ਹੁੰਦਾ ਰਹੇਗਾ। ਕੋਈ ਸਮਾਂ ਸੀ ਜਦੋਂ ਅਜਿਹੇ ਅਸਪੱਸ਼ਟ ਵਿਚਾਰ ਪੂਰੀ ਦੁਨੀਆ ’ਚ ਪ੍ਰਚਲਿਤ ਸਨ। ਅਨੇਕ ਦੇਸ਼ ਅਜਿਹੇ ਰੂੜੀਵਾਦੀ ਵਿਚਾਰ ਤਜ ਕੇ ਅੱਗੇ ਵਧੇ ਗਏ ਹਨ। ਸਾਡੇ ਦੇਸ਼ ਦੇ ਕੁਝ ਆਗੂ ਲੋਕਾਂ ਨੂੰ ਪੁਰਾਣੀ ਸੋਚ ਵਿੱਚ ਰੱਖਣਾ ਚਾਹੁੰਦੇ ਹਨ।
ਸੰਪਰਕ: 94170-00360