ਪਤੀ-ਪਤਨੀ ਦਾ ਭੇਤ-ਭਰੀ ਹਾਲਤ ’ਚ ਕਤਲ
ਕੇਪੀ ਸਿੰਘ
ਗੁਰਦਾਸਪੁਰ, 11 ਅਗਸਤ
ਪੁਲੀਸ ਥਾਣਾ ਘੁਮਾਣ ਅਧੀਨ ਪੈਂਦੇ ਪਿੰਡ ਮੀਕੇ ਵਿੱਚ ਪਤੀ-ਪਤਨੀ ਦਾ ਭੇਤਭਰੀ ਹਾਲਤ ਵਿੱਚ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਜੋੜੇ ਦੀਆਂ ਲਾਸ਼ਾਂ ਕਤਲ ਤੋਂ ਦੋ ਦਿਨ ਮਗਰੋਂ ਬੰਦ ਘਰ ਅੰਦਰੋਂ ਮਿਲੀਆਂ ਹਨ। ਮ੍ਰਿਤਕਾਂ ਦੀ ਪਛਾਣ ਲਸ਼ਕਰ ਸਿੰਘ (55) ਤੇ ਅਮਰੀਕ ਕੌਰ (52) ਵਜੋਂ ਹੋਈ ਹੈ। ਉਨ੍ਹਾਂ ਦੇ ਭਤੀਜੇ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਉਸ ਦਾ ਚਾਚਾ ਅਤੇ ਚਾਚੀ ਘਰ ਵਿੱਚ ਇਕੱਲੇ ਰਹਿੰਦੇ ਸਨ। ਉਨ੍ਹਾਂ ਦਾ ਬੇਟਾ ਦੁਬਈ ਵਿੱਚ ਹੈ, ਜਿਸ ਨੇ ਬੀਤੀ 9 ਅਗਸਤ ਨੂੰ ਫ਼ੋਨ ਕੀਤਾ ਸੀ ਕਿ ਉਹ ਆਪਣੇ ਮਾਤਾ ਨਾਲ ਗੱਲ ਕਰਨੀ ਚਾਹੁੰਦਾ ਹੈ ਪਰ ਉਨ੍ਹਾਂ ਦਾ ਨੰਬਰ ਬੰਦ ਆ ਰਿਹਾ ਹੈ। ਜ਼ੋਰਾਵਰ ਸਿੰਘ ਨੇ ਦੱਸਿਆ ਕਿ ਜਦ ਉਹ ਚਾਚੇ ਦੇ ਘਰ ਆਇਆ ਤਾਂ ਬਾਹਰੋਂ ਤਾਲਾ ਲੱਗਿਆ ਹੋਇਆ ਸੀ। ਨਜ਼ਦੀਕੀ ਰਿਸ਼ਤੇਦਾਰਾਂ ਤੋਂ ਪਤਾ ਕਰਨ ’ਤੇ ਵੀ ਕੋਈ ਜਾਣਕਾਰੀ ਨਹੀਂ ਮਿਲੀ। ਇਸ ਸਬੰਧੀ 10 ਅਗਸਤ ਨੂੰ ਥਾਣਾ ਘੁਮਾਣ ਵਿੱਚ ਸੂਚਨਾ ਦਰਜ ਕਰਵਾਈ ਗਈ। ਥਾਣਾ ਮੁਖੀ ਪਰਮਿੰਦਰ ਸਿੰਘ ਨੇ ਪੁਲੀਸ ਪਾਰਟੀ ਸਹਿਤ ਜਦੋਂ ਘਰ ਅੰਦਰ ਦਾਖਲ ਹੋ ਕੇ ਵੇਖਿਆ ਤਾਂ ਘਰ ਦਾ ਸਾਮਾਨ ਖਿਲਰਿਆ ਪਿਆ ਸੀ ਅਤੇ ਦੋਹਾਂ ਜੀਆਂ ਦਾ ਕਤਲ ਹੋ ਚੁੱਕਾ ਸੀ। ਲਸ਼ਕਰ ਸਿੰਘ ਦੇ ਸਿਰ ਦੇ ਪਿੱਛੇ ਡੂੰਘਾ ਜ਼ਖ਼ਮ ਸੀ ਜਦਕਿ ਉਸ ਦੀ ਪਤਨੀ ਅਮਰੀਕ ਕੌਰ ਦੇ ਗਲ ਉੱਤੇ ਨਿਸ਼ਾਨ ਸਨ ਜਿਸ ਤੋਂ ਲੱਗ ਰਿਹਾ ਸੀ ਕਿ ਉਸ ਦੀ ਹੱਤਿਆ ਗਲਾ ਘੁੱਟ ਕੇ ਕੀਤੀ ਗਈ ਸੀ। ਹਮਲਾਵਰ ਜਾਂਦੇ ਹੋਏ ਘਰ ਦਾ ਸਾਮਾਨ ਵੀ ਲੈ ਗਏ। ਡੀਐੱਸਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਪੁਲੀਸ ਦੀਆਂ ਟੀਮਾਂ ਬਣਾ ਕੇ ਕਾਤਲਾਂ ਦੀ ਭਾਲ ਕੀਤੀ ਜਾ ਰਹੀ ਹੈ।