ਨੌਜਵਾਨ ਦੀ ਭੇਤ-ਭਰੀ ਮੌਤ
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 15 ਨਵੰਬਰ
ਇੱਥੇ ਜੰਡਿਆਲਾ ਗੁਰੂ-ਤਰਨ ਤਾਰਨ ਸੜਕ ’ਤੇ ਇਕ ਨੌਜਵਾਨ ਦੀ ਭੇਤ-ਭਰੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦੇਰ ਰਾਤ ਪਿੰਡ ਜਾਣੀਆ ਦੇ ਸਰਪੰਚ ਸਿਕੰਦਰਬੀਰ ਸਿੰਘ ਨੂੰ ਸੜਕ ਦੇ ਕਿਨਾਰੇ ਜ਼ਖ਼ਮੀ ਹਾਲਤ ਵਿੱਚ ਇਕ ਨੌਜਵਾਨ ਡਿੱਗਿਆ ਮਿਲਿਆ, ਜਿਸ ਨੂੰ ਸਰਪੰਚ ਨੇ ਤੁਰੰਤ ਸਥਾਨ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ। ਇਲਾਜ ਦੌਰਾਨ ਸਵੇਰੇ 7 ਵਜੇ ਉਸ ਦੀ ਮੌਤ ਹੋ ਗਈ। ਇਸ ਨੌਜਵਾਨ ਦੀ ਪਛਾਣ ਹਰਦੀਪ ਸਿੰਘ ਪੁੱਤਰ ਇੰਦਰਜੀਤ ਸਿੰਘ ਉਰਫ ਕਾਲਾ ਵਾਸੀ ਜੰਡਿਆਲਾ ਗੁਰੂ ਵਜੋਂ ਹੋਈ ਹੈ। ਮਾਮਲੇ ਵਿੱਚ ਹਰਦੀਪ ਸਿੰਘ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਹ ਤਰਨ ਤਾਰਨ ਦੀ ਐੱਚਡੀਐੱਫਸੀ ਬੈਂਕ ਵਿੱਚ ਕੰਮ ਕਰਦਾ ਸੀ। ਬੀਤੀ ਸ਼ਾਮ ਕਾਫੀ ਦੇਰ ਤੱਕ ਹਰਦੀਪ ਸਿੰਘ ਘਰ ਨਹੀਂ ਆਇਆ ਜਿਸ ’ਤੇ ਪਰਿਵਾਰ ਵਾਲਿਆਂ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ ਅਤੇ ਸਵੇਰੇ ਤੜਕੇ ਜਾ ਕੇ ਉਸ ਦੀ ਐਕਟੀਵਾ ਪੀਬੀ 02 ਈਡੀ 4202 ਸੜਕ ਕਿਨਾਰੇ ਖੜ੍ਹੀ ਮਿਲੀ। ਹਰਦੀਪ ਦਾ ਮੋਬਾਈਲ ਪਰਸ ਅਤੇ ਬੈਗ ਗਾਇਬ ਸਨ ਅਤੇ ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਵੀ ਪਾਏ ਗਏ। ਪਰਿਵਾਰ ਦਾ ਕਹਿਣਾ ਹੈ ਕਿ ਇਹ ਮਾਮਲਾ ਲੁੱਟਦਾ ਹੈ। ਇਸ ਸਬੰਧੀ ਐੱਸਐੱਚਓ ਜੰਡਿਆਲਾ ਗੁਰੂ ਲਵਪ੍ਰੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਸੜਕ ਹਾਦਸੇ ਦਾ ਹੈ ਅਤੇ ਉਨ੍ਹਾਂ ਵੱਲੋਂ ਅਣਪਛਾਤਿਆਂ ਖਿਲਾਫ ਹਾਦਸੇ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਜਦੋਂ ਕਿ ਪਰਿਵਾਰ ਵਾਲੇ ਇਸ ਨੂੰ ਲੁੱਟ ਖੋਹ ਕਾਰਨ ਹੋਏ ਕਤਲ ਦਾ ਮਾਮਲਾ ਦੱਸ ਰਹੇ ਹਨ।