ਕਾਲਜ ਦੇ ਪ੍ਰਿੰਸੀਪਲ ਦੀ ਭੇਤ-ਭਰੀ ਮੌਤ
ਹਰਦੀਪ ਸਿੰਘ
ਧਰਮਕੋਟ, 6 ਜਨਵਰੀ
ਇੱਥੋਂ ਦੇ ਬਾਬਾ ਕੁੰਦਨ ਸਿੰਘ ਲਾਅ ਕਾਲਜ ਦੇ ਪ੍ਰਿੰਸੀਪਲ ਦੀ ਲਾਸ਼ ਉਸ ਦੇ ਰਿਹਾਇਸ਼ੀ ਕਮਰੇ ਵਿਚੋਂ ਸ਼ੱਕੀ ਹਾਲਤ ਵਿੱਚ ਮਿਲੀ ਹੈ। ਉਨ੍ਹਾਂ ਦੇ ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਪ੍ਰਿੰਸੀਪਲ ਦੀ ਪਛਾਣ ਦਿਲੀਪ ਕੁਮਾਰ ਵਜੋਂ ਹੋਈ ਹੈ, ਜੋ ਮੂਲ ਰੂਪ ਵਿਚ ਉੜੀਸਾ ਦਾ ਰਹਿਣ ਵਾਲਾ ਸੀ ਅਤੇ ਇੱਥੇ ਲਾਅ ਕਾਲਜ ਵਿੱਚ ਲੰਬੇ ਸਮੇਂ ਤੋਂ ਨਿਯੁਕਤ ਸੀ। ਕਾਲਜ ਵਿੱਚ ਤਿੰਨ ਦਿਨ ਦੀਆਂ ਛੁੱਟੀਆਂ ਚੱਲ ਰਹੀਆਂ ਸਨ। ਉਸ ਦੀ ਪਤਨੀ ਤਿੰਨ ਦਿਨਾਂ ਤੋਂ ਹੀ ਫੋਨ ਉੱਤੇ ਗੱਲ ਕਰਨ ਲਈ ਰਾਬਤਾ ਬਣਾ ਰਹੀ ਸੀ ਪਰ ਉਹ ਫੋਨ ਨਹੀਂ ਚੁੱਕ ਰਹੇ ਸਨ। ਉਨ੍ਹਾਂ ਐਤਵਾਰ ਵਾਲੇ ਦਿਨ ਕਈ ਵਾਰ ਫੋਨ ਕੀਤਾ ਪਰ ਪ੍ਰਿੰਸੀਪਲ ਨੇ ਫੋਨ ਨਾ ਚੁੱਕਿਆ। ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਕਾਲਜ ਦੇ ਸੇਵਾਦਾਰ ਨਾਲ ਸੰਪਰਕ ਕੀਤਾ, ਜਦੋਂ ਸੇਵਾਦਾਰ ਪ੍ਰਿੰਸੀਪਲ ਦੇ ਕਮਰੇ ਵਿਚ ਗਿਆ ਤਾਂ ਉਸ ਦੀ ਲਾਸ਼ ਮਿਲੀ। ਇਸ ਦੀ ਸੂਚਨਾ ਕਾਲਜ ਪ੍ਰਬੰਧਕਾਂ ਅਤੇ ਪੁਲੀਸ ਨੂੰ ਦਿੱਤੀ ਗਈ। ਪ੍ਰਿੰਸੀਪਲ ਦੀ ਮੌਤ ਦੋ ਜਾਂ ਤਿੰਨ ਦਿਨ ਪਹਿਲਾਂ ਹੋਈ ਦੱਸੀ ਜਾਂਦੀ ਹੈ। ਉਪ ਮੰਡਲ ਪੁਲੀਸ ਅਧਿਕਾਰੀ ਰਮਨਦੀਪ ਸਿੰਘ ਨੇ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਅਸਲ ਪਤਾ ਪੋਸਟਮਾਰਟਮ ਰਿਪੋਰਟ ਆਉਣ ਉੱਤੇ ਹੀ ਲੱਗੇਗਾ। ਉਨ੍ਹਾਂ ਦੱਸਿਆ ਕਿ ਵਾਰਸਾਂ ਦੇ ਆਉਣ ਬਾਅਦ ਪੋਸਟਮਾਰਟਮ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰਿੰਸੀਪਲ ਸ਼ਰਾਬ ਪੀਣ ਦਾ ਆਦੀ ਸੀ। ਇਸ ਲਈ ਜ਼ਿਆਦਾ ਸ਼ਰਾਬ ਪੀਣ ਨਾਲ ਵੀ ਮੌਤ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਲਾਅ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਕਾਲਜ ਵਿੱਚ ਸਾਲ 2007 ਤੋਂ ਤਾਇਨਾਤ ਸੀ ਅਤੇ ਸਾਲ ਬਾਅਦ ਉਨ੍ਹਾਂ ਦੀ ਸੇਵਾਮੁਕਤੀ ਹੋਣ ਵਾਲੀ ਸੀ। ਉਹ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਸੀ।