ਪੁਲੀਸ ਮੁਲਾਜ਼ਮ ਦੀ ਭੇਤ-ਭਰੀ ਮੌਤ
ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 19 ਅਕਤੂਬਰ
ਇੱਥੋਂ ਦੇ ਪਿੰਡ ਫਤਿਆਬਾਦ ਵਿੱਚ ਇਕ ਪੁਲੀਸ ਮੁਲਾਜ਼ਮ ਦੀ ਭੇਤ-ਭਰੀ ਮੌਤ ਹੋ ਗਈ। ਪੁਲੀਸ ਚੌਕੀ ਫਤਿਆਬਾਦ ਨੇ ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਫਤਿਆਹਬਾਦ ਚੌਕੀ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ (42) ਪੁੱਤਰ ਜਗੀਰ ਸਿੰਘ ਪੰਜਾਬ ਪੁਲੀਸ ’ਚ ਮੁਲਾਜ਼ਮ ਸੀ ਤੇ ਉਹ ਕਪੂਰਥਲਾ ਜ਼ਿਲ੍ਹੇ ਵਿੱਚ ਤਾਇਨਾਤ ਸੀ, ਜਿਸ ਦੀ ਦੇਰ ਰਾਤ ਭੇਤਰੀ ਮੌਤ ਬਾਰੇ ਸੂਚਨਾ ਮਿਲੀ। ਮ੍ਰਿਤਕ ਦੀ ਭੈਣ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਦਾ ਦੂਸਰਾ ਵਿਆਹ ਨਵਦੀਪ ਕੌਰ ਨਾਲ ਹੋੋਇਆ ਸੀ ਅਤੇ ਉਸ ਦੀ ਪਹਿਲੀ ਪਤਨੀ, ਬੱਚੇ ਅਤੇ ਮਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਸ ਦੌਰਾਨ ਰਾਜਵਿੰਦਰ ਨੇ ਦੋਸ਼ ਲਗਾਇਆ ਕਿ ਉਸ ਦੇ ਭਰਾ ਨੂੰ ਭਰਜਾਈ ਨੇ ਜਾਇਦਾਦ ਖਾਤਰ ਸਰੀਰਕ ਅਤੇ ਮਾਨਸਿਕ ਤੌਰ ’ਤੇ ਕਥਿਤ ਪ੍ਰੇਸ਼ਾਨ ਕਰਕੇ ਮਾਰਿਆ ਹੈ।
ਦੂਜੇ ਪਾਸੇ ਨਵਦੀਪ ਕੌਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਦੇ ਪਤੀ ਬਲਜਿੰਦਰ ਸਿੰਘ ਦੀ ਮੌਤ ਕੁਦਰਤੀ ਹੈ। ਉਹ ਹਰ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹੈ। ਇਸ ਮੌਕੇ ਚੌਕੀ ਫਤਿਆਬਾਦ ਦੇ ਇੰਚਾਰਜ ਹਰਜੀਤ ਿਸੰਘ ਦਾ ਕਹਿਣਾ ਹੈ ਕਿ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।