ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿਮਾਗ਼ ਦੇ ਰਹੱਸ ਅਤੇ ਨਵੀਂ ਤਕਨਾਲੋਜੀ

11:28 AM Feb 25, 2024 IST

ਸਮੀਰ ਮਹਿਤਾ

ਸਿਰਫ਼ ਇੱਕ ਵਿਚਾਰ ਨਾਲ ਕੰਪਿਊਟਰ ਨੂੰ ਕੰਟਰੋਲ ਕਰਨਾ ਹੁਣ ਭਵਿੱਖ ਵਿੱਚ ਬਹੁਤੀ ਦੂਰ ਦੀ ਗੱਲ ਨਹੀਂ ਰਹਿ ਗਈ। ਨਿਊਰਾਲਿੰਕ ਦੀ ਟੈਲੀਪੈਥੀ ਇੱਕ ਅਜਿਹਾ ਯੰਤਰ ਹੈ ਜਿਸ ਨੇ ਤਕਨੀਕੀ ਸੰਵਾਦ ਅਤੇ ਸਰਜਰੀ ਰਹਿਤ ਮੈਡੀਕਲ ਵਿਧੀ ਦੇ ਖੇਤਰ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਇਸ ਦੀਆਂ ਮਾਨਵੀ ਅਜ਼ਮਾਇਸ਼ਾਂ ਦੇ ਮੱਦੇਨਜ਼ਰ ਇਸ ਮਿਸਾਲੀ ਘਟਨਾਕ੍ਰਮ ਲਈ ਪਿੜ ਤਿਆਰ ਹੋ ਗਿਆ ਹੈ। ਨਿਊਰਾਲਿੰਕ ਹੁਣ ਸਾਇੰਸੀ ਗਲਪ ਦੇ ਖੇਤਰਾਂ ਤੱਕ ਮਹਿਦੂਦ ਨਹੀਂ ਰਹੀ ਸਗੋਂ ਦਿਮਾਗ਼ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਲਈ ਬੇਮਿਸਾਲ ਤਬਦੀਲੀਆਂ ਦਾ ਰਾਹ ਖੋਲ੍ਹ ਰਹੀ ਹੈ। ਇਹ ਯੰਤਰ ਮਨੁੱਖੀ ਮੌਲਿਕਤਾ ਦਾ ਇੱਕ ਅਜਿਹਾ ਪ੍ਰਮਾਣ ਹੈ ਜਿਸ ਨੇ ਉਨ੍ਹਾਂ ਲੋਕਾਂ ਲਈ ਆਸ ਬੰਨ੍ਹਾਈ ਹੈ ਜਿੱਥੇ ਬਹੁਤ ਘੱਟ ਜਾਂ ਬਿਲਕੁਲ ਹੀ ਕੋਈ ਆਸ ਨਹੀਂ ਸੀ। ਆਓ, ਨਿਊਰੋਟੈਕਨਾਲੋਜੀ ਦੀ ਦੁਨੀਆ ਅੰਦਰ ਝਾਤ ਮਾਰੀਏ, ਇਸ ਦੇ ਗਤੀਮਾਨਾਂ, ਸਮੱਸਿਆਵਾਂ ਅਤੇ ਇਸ ਦੀਆਂ ਪਰਿਵਰਤਨਕਾਰੀ ਸੰਭਾਵਨਾਵਾਂ ਨੂੰ ਸਮਝਣ ਦਾ ਯਤਨ ਕਰੀਏ।
ਦੁਨੀਆ ਵਿੱਚ ਅਣਗਿਣਤ ਲੋਕ ਅਜਿਹੇ ਦਿਮਾਗ਼ੀ ਰੋਗਾਂ ਨਾਲ ਜੂਝ ਰਹੇ ਹਨ ਜਿਨ੍ਹਾਂ ਕਰਕੇ ਉਹ ਆਜ਼ਾਦੀ ਨਾਲ ਤੁਰਨ ਫਿਰਨ ਤੋਂ ਅਸਮੱਰਥ ਹਨ। ਬ੍ਰੇਨ ਸਟਰੋਕ ਦੇ ਪੀੜਤ ਆਪਣੇ ਕਿਸੇ ਇੱਕ ਅੰਗ ਦੀ ਮਾਮੂਲੀ ਜਿਹੀ ਹਰਕਤ ਦੇਖਣ ਲਈ ਤਰਸ ਜਾਂਦੇ ਹਨ; ਪਾਰਕਿੰਸਨ ਦੇ ਪੀੜਤ ਨਿਰੰਤਰ ਝਟਕਿਆਂ ਤੋਂ ਨਿਜਾਤ ਪਾਉਣ ਦੀ ਚਾਹਤ ਰੱਖਦੇ ਹਨ। ਅਜਿਹੇ ਲੋਕਾਂ ਨੂੰ ਰਵਾਇਤੀ ਦਵਾਈਆਂ ਨਾਲ ਮਾਮੂਲੀ ਵਕਤੀ ਰਾਹਤ ਹੀ ਮਿਲ ਸਕਦੀ ਹੈ ਤੇ ਉਹ ਆਪਣੀ ਗੁਆਚੀ ਸਮਰੱਥਾ ਮੁੜ ਹਾਸਲ ਨਹੀਂ ਕਰ ਸਕਦੇ। ਅਜਿਹੇ ਹਾਲਾਤ ਵਿੱਚ ਨਿਊਰਾਲਿੰਕ ਆਸ ਦੀ ਕਿਰਨ ਬਣ ਕੇ ਸਾਹਮਣੇ ਆਈ ਹੈ। ਇਸ ਤੋਂ ਇਹ ਸੰਭਾਵਨਾ ਪੈਦਾ ਹੋਈ ਹੈ ਕਿ ਦਿਮਾਗ਼ੀ ਸੱਟਾਂ ਕਾਰਨ ਉਪਜੀਆਂ ਬੰਦਸ਼ਾਂ ’ਤੋਂ ਪਾਰ ਪਾਇਆ ਜਾ ਸਕਦਾ ਹੈ। ਨਿਊਰੋਟੈੱਕ ਦਿਮਾਗ਼ ਨੂੰ ਖ਼ੁਦ ਆਪਣੀ ਮੁਰੰਮਤ ਕਰਨ ਜਾਂ ਗੁਆਚੀਆਂ ਸਮਰੱਥਾਵਾਂ ਮੁੜ ਹਾਸਲ ਕਰਨ ਵਿੱਚ ਮਦਦ ਕਰ ਸਕਦਾ ਹੈ ਅਤੇ ਇਸ ਤਰ੍ਹਾਂ ਲੋਕਾਂ ਨੂੰ ਆਪਣੇ ਸਰੀਰ ’ਤੇ ਦੁਬਾਰਾ ਕੰਟਰੋਲ ਸਥਾਪਤ ਕਰਨ ਵਿੱਚ ਮਦਦਗਾਰ ਸਾਬਿਤ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਸਰਜਰੀ ਜਾਂ ਘੱਟ ਤੋਂ ਘੱਟ ਚੀਰ-ਫਾੜ ਵਾਲੀ ਸਰਜਰੀ ਤੋਂ ਬਾਅਦ ਮਰੀਜ਼ ਦੀ ਹਾਲਤ ’ਤੇ ਨਿਗਰਾਨੀ ਰੱਖਣ ਦੇ ਤਰੀਕੇ ਵੀ ਸੁਝਾਉਂਦੀ ਹੈ।
ਨਿਊਰਾਲਿੰਕ ਤਕਨਾਲੋਜੀ ਦੀਆਂ ਸੰਭਾਵਨਾਵਾਂ ਸਿਰਫ਼ ਸੋਚ ਨਾਲ ਕੰਟਰੋਲ ਕੀਤੀ ਜਾਂਦੀ ਕੰਪਿਊਟਿੰਗ ਤੋਂ ਬਹੁਤ ਅਗਾਂਹ ਹਨ। ਮੈਡੀਕਲ ਖੇਤਰ ਵਿੱਚ ਇਸ ਦੇ ਇਸਤੇਮਾਲ ਨਾਲ ਜ਼ਿੰਦਗੀ ਦਾ ਮੁਹਾਂਦਰਾ ਬਦਲ ਸਕਦਾ ਹੈ। ਇਸ ਦੀ ਮਦਦ ਨਾਲ ਰੀੜ੍ਹ ਦੀ ਹੱਡੀ ਦੇ ਮਰੀਜ਼ਾਂ ਨੂੰ ਤੁਰਨ ਫਿਰਨ ਦੇ ਯੋਗ ਬਣਾਇਆ ਜਾ ਸਕਦਾ ਹੈ। ਇਹ ਦਿਮਾਗ਼ੀ ਸਿਹਤ ਦੀਆਂ ਖਰਾਬੀਆਂ ਲਈ ਨਵੀਆਂ ਥੈਰੇਪੀਆਂ ਦੇ ਦੁਆਰ ਖੋਲ੍ਹ ਸਕਦੀ ਹੈ ਅਤੇ ਇੱਥੋਂ ਤੱਕ ਕਿ ਬਣਾਉਟੀ ਅੰਗਾਂ ਵਾਲੇ ਲੋਕਾਂ ਲਈ ਮਾਨਵੀ ਛੋਹ ਦੇ ਸੰਵੇਦਨੀ ਅਨੁਭਵਾਂ ਨੂੰ ਵੀ ਬਹਾਲ ਕਰ ਸਕਦੀ ਹੈ। ਖੋਜਕਾਰਾਂ ਨੂੰ ਆਸ ਹੈ ਕਿ ਭਵਿੱਖ ਵਿੱਚ ਅਲਜ਼ਾਈਮਰ ਦੇ ਮਲਟੀਪਲ ਸਕਲੈਰੋਸਿਸ (ਕੇਂਦਰੀ ਨਸ ਪ੍ਰਣਾਲੀ ਦੀ ਇੱਕ ਬਿਮਾਰੀ) ਤੋਂ ਲੈ ਕੇ ਤਰ੍ਹਾਂ ਤਰ੍ਹਾਂ ਦੇ ਦਿਮਾਗ਼ੀ ਵਿਗਾੜਾਂ ਦਾ ਇਲਾਜ ਕਰਨ ਲਈ ਤਕਨਾਲੋਜੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਯੰਤਰ ਦੀ ਦਿਮਾਗ਼ੀ ਗਤੀਵਿਧੀ ਨੂੰ ਪੜ੍ਹਨ ਅਤੇ ਉਤੇਜਿਤ ਕਰਨ ਦੀ ਕਾਬਲੀਅਤ ਦੀ ਦੋਤਰਫ਼ਾ ਪਹੁੰਚ ਹੈ: ਦਿਮਾਗ਼ ਦੇ ਕੰਮ ਕਾਜ ਨੂੰ ਨਾਲੋ ਨਾਲ ਸਮਝਣਾ ਅਤੇ ਜਿੱਥੇ ਲੋੜ ਹੋਵੇ ਉੱਥੇ ਬਿਲਕੁਲ ਸਟੀਕ ਦਖ਼ਲ ਦੇਣਾ।
ਨਿਊਰੋ ਤਕਨਾਲੋਜੀ ਨਾਲ ਕਈ ਅਹਿਮ ਨੈਤਿਕ ਪੱਖ ਵੀ ਜੁੜੇ ਹੋਏ ਹਨ। ਮਨੁੱਖੀ ਦਿਮਾਗ਼ ਵਿੱਚ ਸੰਨ੍ਹ ਲਾਉਣ ਦੀ ਸੰਭਾਵਨਾ ਨਾਲ ਨਿੱਜਤਾ, ਸਹਿਮਤੀ ਅਤੇ ਦੁਰਵਰਤੋਂ ਦੀ ਗੁੰਜਾਇਸ਼ ਬਾਰੇ ਸਵਾਲ ਪੈਦਾ ਹੁੰਦੇ ਹਨ। ਕਿਸੇ ਵਿਅਕਤੀ ਦੇ ਅੰਤਰੀਵ ਖਿਆਲਾਤ ਦੀ ਰਾਖੀ ਅਸੀਂ ਕਿਵੇਂ ਯਕੀਨੀ ਬਣਾਵਾਂਗੇ ਅਤੇ ਇਸ ਵਿੱਚ ਅਣਅਧਿਕਾਰਤ ਰਸਾਈ ਨੂੰ ਕਿਵੇਂ ਰੋਕ ਸਕਾਂਗੇ?
ਇਸ ਤੋਂ ਇਲਾਵਾ ਸ਼ਖ਼ਸੀਅਤ, ਪਛਾਣ ਅਤੇ ਮਨੁੱਖੀਪਣ ਉਪਰ ਪੈਣ ਵਾਲੇ ਦੂਰ-ਰਸੀ ਪ੍ਰਭਾਵਾਂ ਬਾਰੇ ਵੀ ਸਰੋਕਾਰ ਪ੍ਰਗਟ ਕੀਤੇ ਜਾਂਦੇ ਹਨ। ਇਸ ਨਵੇਂ ਮੁਹਾਜ਼ ਵੱਲ ਵਧਦਿਆਂ ਸਾਨੂੰ ਧਿਆਨਪੂਰਬਕ ਸੋਚ ਵਿਚਾਰ ਕਰਨ ਦੀ ਲੋੜ ਹੈ। ਇਸ ਕਿਸਮ ਦੀ ਦੂਰਰਸੀ ਤਕਨਾਲੋਜੀ ਦੀ ਵਰਤੋਂ ਅਤੇ ਵਿਕਾਸ ਨੂੰ ਸੰਚਾਲਤ ਕਰਨ ਲਈ ਨੈਤਿਕ ਸੇਧਾਂ ਅਤੇ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਲੋੜ ਹੋਵੇਗੀ। ਓਪਨ ਏਆਈ ਦੀ ਵਧ ਰਹੀ ਵਰਤੋਂ ਨੂੰ ਲੈ ਕੇ ਨੈਤਿਕਤਾ ਨਾਲ ਜੁੜੇ ਸਰੋਕਾਰਾਂ ਦੀ ਅੱਕਾਸੀ ਹੁੰਦੀ ਹੈ। ਇਸੇ ਤਰ੍ਹਾਂ, ਏਆਈ ਦੇ ਵਿਆਪਕ ਪੱਧਰ ’ਤੇ ਅਪਣਾਏ ਜਾਣ ਤੋਂ ਪਹਿਲਾਂ ਰੈਗੂਲੇਟਰੀ ਸੰਸਥਾਵਾਂ ਨੂੰ ਨਿੱਠ ਕੇ ਸਮੀਖਿਆ ਕਰਨ ਅਤੇ ਨੈਤਿਕਤਾ ਕਮੇਟੀਆਂ ਤੋਂ ਪ੍ਰਮਾਣ ਦੀ ਲੋੜ ਪਵੇਗੀ। ਇਹ ਮਾਮਲਾ ਉਦੋਂ ਹੋਰ ਵੀ ਜਟਿਲ ਬਣ ਜਾਂਦਾ ਹੈ ਜਦੋਂ ਨੈਤਿਕਤਾ ਦੇ ਸਰੋਕਾਰ ਵੱਖੋ ਵੱਖਰੇ ਹੋਣ ਖ਼ਾਸਕਰ ਯੂਰਪੀ ਸੰਘ ਅਤੇ ਅਮਰੀਕਾ ਦੇ ਆਪੋ ਆਪਣੇ ਖ਼ਾਸ ਅਤੇ ਸਖ਼ਤ ਪ੍ਰੋਟੋਕੋਲ ਹੋਣ। ਏਆਈ ਨਾਲ ਜੁੜੇ ਹਰ ਪੱਖ ਤੋਂ ਚੀਨ ਇੱਕ ਮੋਹਰੀ ਦੇਸ਼ ਹੈ ਜਿਸ ਦੇ ਵੀ ਆਪਣੇ ਮਖ਼ਸੂਸ ਨੈਤਿਕ ਦਾਇਰੇ ਹਨ ਤੇ ਇਉਂ ਹੀ ਭਾਰਤ ਦੇ ਵੀ ਹਨ। ਧਾਰਮਿਕ ਸਰੋਕਾਰਾਂ ’ਤੇ ਵੀ ਸੋਚ ਵਿਚਾਰ ਕਰਨ ਦੀ ਲੋੜ ਹੈ।
ਨਿਊਰੋਟੈੱਕ ਦੀ ਉਤਪਤੀ ਇਸ ਇੱਕ ਵਿਚਾਰ ਦੇ ਬੀਜ ਤੋਂ ਹੋਈ ਹੈ ਕਿ ਦਿਮਾਗ਼ ਨੂੰ ਡਿਜੀਟਲ ਦੁਨੀਆ ਨਾਲ ਜੋੜਨ ਦੀ ਸੰਭਾਵਨਾ ਹੈ। ਇਸ ਦੇ ਸੰਕਲਪਕਾਰਾਂ ਅਤੇ ਮਾਹਿਰਾਂ ਦੀ ਬਹੁ-ਭਾਂਤੀ ਟੀਮ ਦਾ ਵਿਸ਼ਵਾਸ ਸੀ ਕਿ ਮਨ ਦੇ ਜਟਿਲ ਦਿਮਾਗ਼ੀ ਤਾਣੇ ਅਤੇ ਕੰਪਿਊਟਰਾਂ ਦੀ ਦੁਵੱਲੀ ਸਟੀਕਤਾ ਵਿਚਕਾਰ ਖੱਪੇ ਦੀ ਭਰਪਾਈ ਹੋ ਸਕਦੀ ਹੈ। ਇਸ ਅਭਿਲਾਸ਼ਾ ’ਚੋਂ ਹੀ ਨਿਊਰੋਸਾਇੰਸ, ਇੰਜਨੀਅਰਿੰਗ ਅਤੇ ਮੈਡੀਸਨ ਦਾ ਸਾਂਝਾ ਉੱਦਮ ਪੈਦਾ ਹੋਇਆ ਹੈ ਅਤੇ ਇਨ੍ਹਾਂ ਸਭ ਦਾ ਧਿਆਨ ਇੱਕ ਅਜਿਹਾ ਯੰਤਰ ਈਜਾਦ ਕਰਨ ’ਤੇ ਸੀ ਜੋ ਦਿਮਾਗ਼ ਦੀ ਭਾਸ਼ਾ ਸਮਝ ਸਕੇ ਅਤੇ ਇਸ ਦਾ ਡਿਜੀਟਲ ਨਿਰਦੇਸ਼ਾਂ ਵਿੱਚ ਤਰਜਮਾ ਕਰ ਸਕੇ। ਬੇਸ਼ੁਮਾਰ ਤਕਨੀਕੀ ਔਕੜਾਂ ’ਤੇ ਪਾਰ ਪਾਉਣ ਤੋਂ ਬਾਅਦ ਆਖ਼ਰਕਾਰ ਨਿਊਰਾਲਿੰਕ ਦਾ ਵਿਚਾਰ ਮੂਰਤੀਮਾਨ ਹੋ ਸਕਿਆ ਪਰ ਐਲੋਨ ਮਸਕ ਦੀ ਜ਼ਹੀਨਤਾ ਤੋਂ ਬਗ਼ੈਰ ਨਿਊਰੋ ਤਕਨਾਲੋਜੀ ਵਿੱਚ ਇਹ ਤੇਜ਼ ਰਫ਼ਤਾਰ ਤਰੱਕੀ ਸ਼ਾਇਦ ਸੰਭਵ ਨਹੀਂ ਹੋ ਸਕਣੀ ਸੀ।
ਇਹ ਤਕਨਾਲੋਜੀ ਇਸ ਦਿਲਕਸ਼ ਸਚਾਈ ’ਤੇ ਟਿਕੀ ਹੋਈ ਹੈ ਕਿ ਸਾਡਾ ਦਿਮਾਗ਼ ਬਿਜਲਈ ਤਰੰਗਾਂ ਜ਼ਰੀਏ ਸੰਚਾਰ ਕਰਦਾ ਹੈ। ਇਹ ਤਰੰਗਾਂ ਦਿਮਾਗ਼ ਦੀ ਬੋਲੀ ਹੁੰਦੀ ਹੈ ਅਤੇ ਨਿਊਰਾਲਿੰਕ ਯੰਤਰ ਇੱਕ ਤਰਜਮਾਕਾਰ ਦਾ ਕੰਮ ਕਰਦਾ ਹੈ ਜੋ ਦਿਮਾਗ਼ੀ ਭਾਸ਼ਾ ਨੂੰ ਸੁਣਨ ਲਈ ਵਾਲ ਜਿਹੇ ਮਹੀਨ ਧਾਗਿਆਂ ਦੀ ਵਰਤੋਂ ਕਰਦਾ ਹੈ। ਇਹ ਨਾਜ਼ੁਕ ਤੰਤੂ ਦਿਮਾਗ਼ ਦੇ ਬਿਜਲਈ ਪੈਟਰਨਾਂ ਨੂੰ ਫੜ ਕੇ ਇਨ੍ਹਾਂ ਨੂੰ ਡਿਜੀਟਲ ਵਾਕ ਦਾ ਰੂਪ ਦਿੰਦੇ ਹਨ ਜਿਨ੍ਹਾਂ ਨੂੰ ਮਸ਼ੀਨਾਂ ਸਮਝ ਸਕਦੀਆਂ ਹੋਣ। ਇਹ ਇੱਕ ਤਰ੍ਹਾਂ ਨਾਲ ਦਿਮਾਗ਼ੀ ਸੋਆਂ ਨੂੰ ਕੰਪਿਊਟਰ ਦੀ ਗੂੜ੍ਹ ਭਾਸ਼ਾ ਵਿੱਚ ਤਬਦੀਲ ਕਰਨ ਦੇ ਤੁੱਲ ਹੈ। ਇਨ੍ਹਾਂ ਸੰਦੇਸ਼ਾਂ ਨੂੰ ਬੁੱਝਣਾ ਕੋਈ ਮਾਮੂਲੀ ਕੰਮ ਨਹੀਂ ਹੈ ਸਗੋਂ ਇਸ ਲਈ ਬਹੁਤ ਹੀ ਉੱਨਤ ਕਿਸਮ ਦੇ ਅਲਗੋਰਿਦਮਾਂ ਦੀ ਲੋੜ ਪੈਂਦੀ ਹੈ ਜੋ ਕਿਸੇ ਵਿਅਕਤੀ ਦੀ ਮਨਸ਼ਾ ਦੀ ਥਾਹ ਪਾ ਕੇ ਇਸ ਨੂੰ ਡਿਜੀਟਲ ਕਾਰਜ ਦਾ ਰੂਪ ਦੇ ਸਕਦੇ ਹੋਣ। ਇਸ ਤਰ੍ਹਾਂ, ਜਦੋਂ ਮਨੁੱਖ ਕਿਸੇ ਕੰਪਿਊਟਰ ਕਰਸਰ ਨੂੰ ਚਲਦਾ ਚਿਤਵਦਾ ਹੈ ਤਾਂ ਨਿਊਰੋਟੈੱਕ ਇਸ ਨੂੰ ਦਿਸਣਯੋਗ ਹਕੀਕਤ ਦਾ ਰੂਪ ਦੇ ਸਕਦਾ ਹੈ।
ਇਹ ਯੰਤਰ ਅਤਿਅੰਤ ਮਹੀਨ ਇਲੈਕਟ੍ਰੋਡਜ਼ (ਬਿਜਲਈ ਕਣ) ਦੇ ਜ਼ਰੀਏ ਦਿਮਾਗ਼ ਨਾਲ ਜੁੜਦਾ ਹੈ। ਲੋਕਾਂ ਨੂੰ ਇਸ ਤੋਂ ਹੈਰਾਨੀ ਵੀ ਹੋਈ ਹੈ ਅਤੇ ਆਸ ਵੀ ਪਰ ਇਹ ਮਹਿਜ਼ ਇੱਕ ਯੰਤਰ ਨਹੀਂ ਹੈ ਸਗੋਂ ਤਕਨਾਲੋਜੀ ਦੇ ਰੂਪਾਂਤਰਨ ਦੇ ਪੜਾਅ ਵਿੱਚ ਇੱਕ ਵੱਡੀ ਪੁਲਾਂਘ ਹੈ। ਯੰਤਰ ਤਾਰਾਂ ਤੋਂ ਬਿਨਾਂ ਸੰਚਾਰ ਕਰਦਾ ਹੈ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਆਉਣ ਵਾਲਾ ਭਵਿੱਖ ਹੋਰ ਜ਼ਿਆਦਾ ਇਕਜੁੱਟ ਹੋਵੇਗਾ। ਇਸ ਨੂੰ ਸਟੀਕਤਾ ਨਾਲ ਮਨੁੱਖੀ ਸਰੀਰ ਵਿੱਚ ਫਿੱਟ ਕਰਨ ਦਾ ਕਾਰਜ ਰੋਬੋਟ ਦੀ ਸਹਾਇਤਾ ਨਾਲ ਕੀਤਾ ਜਾਂਦਾ ਹੈ ਤਾਂ ਕਿ ਵਰਤੋਂਕਾਰ ਦੀ ਸਲਾਮਤੀ ਅਤੇ ਭਲਾਈ ਖ਼ਤਰੇ ਵਿੱਚ ਨਾ ਪੈ ਜਾਵੇ। ਤਕਨਾਲੋਜੀ ਦੀ ਵਰਤੋਂ ਨੂੰ ਲੈ ਕੇ ਉਤਸ਼ਾਹ ਰੱਖਣ ਵਾਲਿਆਂ ਅਤੇ ਮੈਡੀਕਲ ਪੇਸ਼ੇਵਰਾਂ ਦੋਵਾਂ ਦੇ ਸ਼ੁਰੂਆਤੀ ਪ੍ਰਤੀਕਿਰਿਆ ਵਿੱਚ ਸਾਵਧਾਨੀਪੂਰਬਕ ਉਤਸ਼ਾਹ ਦੀ ਝਲਕ ਮਿਲੀ ਹੈ। ਇਸ ਤੋਂ ਇਹ ਗੱਲ ਉੱਭਰਦੀ ਹੈ ਕਿ ਇਸ ਦੀ ਨਿੱਠ ਕੇ ਨਿਰਖ-ਪਰਖ ਕਰਨ ਦੀ ਲੋੜ ਹੈ ਅਤੇ ਨਾਲ ਹੀ ਦੀਰਘਕਾਲੀ ਸਲਾਮਤੀ ਦੀ ਵਚਨਬੱਧਤਾ ਸੁਨਿਸ਼ਚਿਤ ਕੀਤੀ ਜਾਣੀ ਚਾਹੀਦੀ ਹੈ।
ਜਿਉਂ ਜਿਉਂ ਅਸੀਂ ਭਵਿੱਖ ਵੱਲ ਵਧ ਰਹੇ ਹਾਂ ਤਾਂ ਨਿਊਰੋਟੈੱਕ ਨਾ ਕੇਵਲ ਨਿੱਜੀ ਤਕਨਾਲੋਜੀ ਵਰਤੋਂ ਵਿੱਚ ਕ੍ਰਾਂਤੀ ਲਿਆਉਣ ਦਾ ਦਮ ਭਰਦੀ ਹੈ ਸਗੋਂ ਦਿਮਾਗ਼ੀ ਵਿਗਾੜਾਂ ਦੇ ਡਾਕਟਰੀ ਇਲਾਜ ਵਿੱਚ ਮੁੱਢੋਂ ਸੁੱਢੋਂ ਤਬਦੀਲੀ ਲਿਆਉਣ ਦੀ ਸੰਭਾਵਨਾ ਵੀ ਪੈਦਾ ਕਰਦੀ ਹੈ। ਸਰੀਰ ਦੇ ਗੁਆਚੇ ਹੋਏ ਕਾਰਜ ਮੁੜ ਹਾਸਲ ਕਰਨ ਦੀ ਸੰਭਾਵਨਾ ਤਾਂ ਮਹਿਜ਼ ਸ਼ੁਰੂਆਤ ਹੈ। ਸਮਾਂ ਪਾ ਕੇ ਨਿਊਰੋਟੈੱਕ ਵੱਖ-ਵੱਖ ਤਕਨਾਲੋਜੀਆਂ ਨਾਲ ਸੰਵਾਦ ਕਰਨ ਦੇ ਨਵੇਂ ਢੰਗ ਮੁਹੱਈਆ ਕਰਵਾਏਗੀ, ਬੋਲਣ ਤੋਂ ਅਸਮਰੱਥ ਲੋਕਾਂ ਲਈ ਬਦਲਵੇਂ ਸੰਚਾਰ ਸਾਧਨ ਪੈਦਾ ਕਰੇਗੀ ਅਤੇ ਦਿਮਾਗ਼ ਤੋਂ ਦਿਮਾਗ਼ ਤੱਕ ਵਿਚਾਰ ਸਾਂਝੇ ਕਰਨ ਦੀ ਖੁੱਲ੍ਹ ਵੀ ਦੇਵੇਗੀ। ਉਂਝ, ਅਜਿਹੀਆਂ ਕਾਢਾਂ ਪ੍ਰਤੀ ਬਹੁਤ ਸੰਭਲ ਕੇ ਚੱਲਣ ਦੀ ਲੋੜ ਹੁੰਦੀ ਹੈ ਤਾਂ ਕਿ ਵਿਅਕਤੀਗਤ ਨਿੱਜਤਾ ਅਤੇ ਤਕਨਾਲੋਜੀ ਦੀ ਇਕਾਗਰਤਾ ਨੂੰ ਬਰਕਰਾਰ ਰੱਖਣ ਲਈ ਨੈਤਿਕ ਮਿਆਰਾਂ ਨੂੰ ਯਕੀਨੀ ਬਣਾਇਆ ਜਾ ਸਕੇ। ਅਗਲਾ ਪੰਧ ਅਬੁੱਝ ਹੋਣ ਕਰਕੇ ਬਹੁਤ ਦਿਲਚਸਪ ਹੈ ਅਤੇ ਨਿਊਰੋਟੈੱਕ ਸੰਭਾਵਨਾਵਾਂ ਦੇ ਇਸ ਨਵੇਂ ਜਗਤ ਦੇ ਮੁਹਾਜ਼ ’ਤੇ ਤਿਆਰ ਖੜ੍ਹੀ ਨਜ਼ਰ ਆ ਰਹੀ ਹੈ।

Advertisement

* ਲੇਖਕ ਦਿਲ ਦੇ ਰੋਗਾਂ ਦਾ ਮਾਹਿਰ ਅਤੇ ਲਿਊਮਨ ਫਾਊਂਡੇਸ਼ਨ ਦਾ ਚੇਅਰਮੈਨ ਹੈ।

Advertisement
Advertisement