ਮੇਰੀਆਂ ਲਿਖਤਾਂ ਮੇਰੇ ਮਨ ਦਾ ਪਰਤੌਅ
ਡਾ. ਗੁਰਬਖ਼ਸ਼ ਸਿੰਘ ਭੰਡਾਲ
ਅਕਸਰ ਪਾਠਕ ਮੈਨੂੰ ਪੁੱਛਦੇ ਹਨ ਕਿ ਤੁਸੀਂ ਤਾਂ ਸਾਇੰਸ ਦੇ ਵਿਦਿਆਰਥੀ ਰਹੇ ਹੋ। ਸਾਰੀ ਉਮਰ ਅੰਗਰੇਜ਼ੀ ਮੀਡੀਅਮ ਵਿੱਚ ਪੜ੍ਹੇ ਤੇ ਪੜ੍ਹਾਇਆ। ਫਿਰ ਪੰਜਾਬੀ ਵਿੱਚ ਲਿਖਣ ਦਾ ਸ਼ੌਕ ਕਿਵੇਂ ਪਿਆ ਅਤੇ ਇਸ ਸ਼ੌਕ ਦੀ ਪੂਰਤੀ ਲਈ ਇੰਨੇ ਰੁਝੇਵਿਆਂ ਦੇ ਬਾਵਜੂਦ, ਸਮਾਂ ਕਿਵੇਂ ਕੱਢਦੇ ਹੋ? ਤੁਹਾਡੀ ਕਵਿਤਾ ਜਾਂ ਵਾਰਤਕ ਪੜ੍ਹਦਿਆਂ ਅੰਤਰੀਵ ਵਿੱਚ ਉਤਰ ਕੇ ਖ਼ੁਦ ਨਾਲ ਜੁੜਨਾ ਪੈਂਦਾ। ਵਿਲੱਖਣ ਮੁਹਾਵਰੇ ਵਾਲੀ ਸ਼ਬਦ-ਸਾਧਨਾ ਅਤੇ ਸ਼ਬਦ ਸਫ਼ਰ ਦਾ ਰਾਜ਼ ਕੀ ਏ? ਕੀ ਅਜਿਹੀ ਲਿਖਤ ਲਈ ਕੋਈ ਉਚੇਚ ਕਰਨਾ ਪੈਂਦਾ ਜਾਂ ਖ਼ਿਆਲਾਂ ਤੇ ਸ਼ਬਦਾਂ ਦਾ ਆਪ-ਮੁਹਾਰਾ ਵਹਾਅ ਹੁੰਦਾ? ਅਵਚੇਤਨ ਵਿਚਲੇ ਵਿਚਾਰ ਕਿਵੇਂ ਕਿਸੇ ਕਿਰਤ ਦਾ ਰੂਪ ਧਾਰਦੇ ਨੇ?
ਸੱਚੀ ਗੱਲ ਤਾਂ ਇਹ ਹੈ ਕਿ ਮੇਰਾ ਸ਼ਬਦ-ਸੰਵਾਦ ਮੇਰੇ ਅੰਤਰੀਵ ਨੂੰ ਉਲਥਾਉਂਦਾ ਹੈ। ਖ਼ੁਦ ਨੂੰ ਕੀਤੇ ਸਵਾਲ ਅਤੇ ਇਨ੍ਹਾਂ ਦੇ ਜਵਾਬਾਂ ਨੂੰ ਹਰਫ਼ਾਂ ਦੇ ਹਵਾਲੇ ਕਰਦਾ ਹਾਂ। ਮੇਰੇ ਆਲੇ-ਦੁਆਲੇ ਬਹੁਤ ਕੁਝ ਵਾਪਰਦਾ ਹੈ ਅਤੇ ਮੈਂ ਇਸ ਨੂੰ ਕਿਸ ਰੂਪ ਵਿੱਚ ਲੈਣਾ ਤੇ ਕਿਸ ਅੰਦਾਜ਼ ਵਿੱਚ ਕਿਹੜੀਆਂ ਪਰਤਾਂ ਨੂੰ ਫਰੋਲਣਾ ਹੈ, ਇਹ ਸੰਵੇਦਨਾ ਅਤੇ ਸੁਚੇਤਨਾ ’ਤੇ ਨਿਰਭਰ ਹੈ। ਦਰਅਸਲ, ਮੇਰੀਆਂ ਲਿਖਤਾਂ, ਮੇਰਾ ਹੀ ਪਰਤੌਅ ਹੈ। ਮੇਰੇ ਚੌਗਿਰਦੇ ਵਿੱਚ ਵਾਪਰਦੇ ਵਰਤਾਰਿਆਂ ਦਾ ਵਰਣਨ, ਹੱਡਬੀਤੀਆਂ ਰਾਹੀਂ ਝਾਕਦੇ ਜ਼ਿੰਦਗੀ ਦੇ ਨਕਸ਼। ਬਹੁਤੀ ਵਾਰ ਇਹ ਨਕਸ਼ ਮੇਰੇ ਪਾਠਕਾਂ ਨਾਲ ਅਪਣੱਤ ਪਾਲਦੇ ਹਨ ਕਿਉਂਕਿ ਅਕਸਰ ਕਈ ਵਾਰ ਨਕਸ਼ ਇਕਸਾਰ ਹੀ ਹੁੰਦੇ ਅਤੇ ਇਨ੍ਹਾਂ ਵਿੱਚੋਂ ਹਰੇਕ ਨੇ ਜ਼ਿੰਦਗੀ ਨੂੰ ਆਪਣੀ ਮਰਜ਼ੀ ਅਨੁਸਾਰ ਤਸ਼ਬੀਹ ਅਤੇ ਤਰਜੀਹ ਦੇਣੀ ਹੁੰਦੀ ਹੈ।
ਮੇਰੀ ਮੁੱਢਲੀ ਸ਼ਬਦ-ਸਿਰਜਣਾ ਕੋਈ ਨਿਸ਼ਚਿਤ ਜਾਂ ਯੋਜਨਾਬੱਧ ਨਹੀਂ ਸੀ ਅਤੇ ਨਾ ਹੀ ਹੁਣ ਹੈ। ਇਹ ਤਾਂ ਮਨ ਦਾ ਆਵੇਸ਼ ਹੈ ਕਿ ਕਦੋਂ ਕਿਸੇ ਲਿਖਤ ਨੇ ਹਾਜ਼ਰ ਹੋਣਾ ਹੈ, ਕਿਸ ਰੰਗ ਵਿੱਚ ਮਨ-ਦਰ ’ਤੇ ਦਸਤਕ ਦੇਣੀ ਹੈ ਅਤੇ ਕਿਹੜਾ ਰੂਪ ਅਖ਼ਤਿਆਰ ਕਰਨਾ ਹੈ? ਮੈਨੂੰ ਸਕੂਲੀ ਸਮੇਂ ਤੋਂ ਹੀ ਪੁਸਤਕਾਂ ਪੜ੍ਹਨ ਦਾ ਸ਼ੌਕ ਸੀ। ਇਸ ਸ਼ੌਕ ਵਿੱਚ ਮਿਡਲ ਸਕੂਲ ਦੇ ਪੰਜਾਬੀ ਦੇ ਅਧਿਆਪਕਾਂ ਮਾਸਟਰਨੀ ਹਰਬੰਸ ਕੌਰ, ਮਾਸਟਰ ਚੰਨਣ ਸਿੰਘ ਅਤੇ ਹੈੱਡਮਾਸਟਰ ਤੇ ਉੱਘੇ ਸਾਹਿਤਕਾਰ ਸ. ਹਰਭਜਨ ਸਿੰਘ ਹੁੰਦਲ ਦਾ ਅਚੇਤ ਰੂਪ ਵਿੱਚ ਪ੍ਰਭਾਵ ਹੈ। ਬੀਐੱਸ.ਸੀ. ਕਰਨ ਤੀਕ ਸਿਰਫ਼ ਪੰਜਾਬੀ ਦੀਆਂ ਕਿਤਾਬਾਂ ਪੜ੍ਹਦਾ ਜ਼ਰੂਰ ਸਾਂ, ਪਰ ਮੈਂ ਕੁਝ ਵੀ ਲਿਖਿਆ ਨਹੀਂ ਸੀ।
ਐੱਮਐੱਸ.ਸੀ. (ਫਿਜ਼ਿਕਸ) ਮੈਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀ। ਇਸ ਦੌਰਾਨ ਮੇਰੇ ਗਰਾਈਂ ਪ੍ਰੋ. ਕੁਲਵੰਤ ਸਿੰਘ ਔਜਲਾ ਅਤੇ ਉਸ ਦੇ ਸਾਥੀ ਡਾ. ਜਸਵਿੰਦਰ ਸਿੰਘ, ਡਾ.ਮੱਖਣ ਸਿੰਘ, ਡਾ.ਸਤੀਸ਼ ਵਰਮਾ, ਮਰਹੂਮ ਪ੍ਰੋ. ਬਲਵਿੰਦਰ ਸਿੰਘ ਧਾਲੀਵਾਲ ਆਦਿ ਅਕਸਰ ਰਾਤ ਨੂੰ ਮੇਰੇ ਹੋਸਟਲ ਵਿੱਚ ਆ ਜਾਂਦੇ ਅਤੇ ਪੰਜਾਬੀ ਦੀ ਮਹਿਫ਼ਲ ਸੱਜ ਜਾਂਦੀ ਸੀ। ਇਸ ਅਦਬੀ ਸੰਗਤ ਦਾ ਰੰਗ ਕੁਝ ਕੁਝ ਮੇਰੇ ’ਤੇ ਵੀ ਚੜ੍ਹਨਾ ਸ਼ੁਰੂ ਹੋ ਗਿਆ ਅਤੇ ਕਦੇ ਕਦਾਈਂ ਕਵਿਤਾ-ਨੁਮਾ ਕੁਝ ਲਿਖ ਲੈਂਦਾ ਸਾਂ। ਐੱਮਐੱਸ.ਸੀ. ਫਾਈਨਲ ਦੀ ਫੇਅਰਵੈੱਲ ਪਾਰਟੀ ਵਿੱਚ ਮੈਂ ਪਹਿਲੀ ਵਾਰ ਹੇਠ ਲਿਖੀ ਕਵਿਤਾ ਸੁਣਾਈ:
ਹਵਾ ਬੰਦ ਹੈ
ਦਰੱਖਤਾਂ ਦੇ ਪੱਤੇ ਨਹੀਂ ਹਿਲਦੇ
ਪਹਿਆਂ ਵਿੱਚੋਂ ਘੱਟਾ ਨਹੀਂ ਉੱਡਦਾ
ਇਸ ਦਾ ਇਹ ਮਤਲਬ ਨਹੀਂ
ਕਿ
ਹਵਾ ਮਰ ਚੁੱਕੀ ਹੈ
ਇਹ ਤਾਂ
ਸਗੋਂ ਸਮੋ-ਸੂਚਕ ਹੈ
ਆਉਣ ਵਾਲੇ
ਕਿਸੇ ਭਾਰੀ ਤੂਫ਼ਾਨ ਦਾ।
ਫਰਵਰੀ 1986 ਵਿੱਚ ਮੇਰੀ ਬਦਲੀ ਮੇਰੇ ਪੁਰਾਣੇ ਕਾਲਜ, ਰਣਧੀਰ ਕਾਲਜ, ਕਪੂਰਥਲਾ ਵਿੱਚ ਹੋ ਗਈ। ਜੀਵਨ ਵਿੱਚ ਸਥਿਰਤਾ ਆ ਗਈ ਕਿਉਂਕਿ ਕੱਚੀ-ਪੱਕੀ ਨੌਕਰੀ ਦੇ ਝਮੇਲੇ ਵਿੱਚ ਸਾਰਾ ਪੰਜਾਬ ਹੀ ਗਾਹ ਲਿਆ ਸੀ। ਇਹ ਮੇਰਾ ਆਪਣਾ ਕਾਲਜ ਜਿੱਥੋਂ ਮੈਂ ਬੀਐੱਸ.ਸੀ. ਕੀਤੀ ਸੀ। ਹੁਣ ਮੈਂ ਆਪਣੇ ਅਧਿਆਪਕਾਂ ਦਾ ਸਹਿਕਰਮੀ ਬਣ ਕੇ ਉਨ੍ਹਾਂ ਦੀ ਸੰਗਤ ਵਿੱਚੋਂ ਖ਼ੁਦ ਨੂੰ ਵਿਸਥਾਰਨਾ ਸੀ। ਕਲਮ ਦਾ ਸਫ਼ਰ ਤਾਂ ਜਾਰੀ ਸੀ ਸਿਰਫ਼ ਕਵਿਤਾ-ਨੁਮਾ ਹੀ ਲਿਖਦਾ ਸਾਂ। ਇੱਥੇ ਆ ਕੇ ਮੈਂ ਸਾਹਿਤਕ ਸੰਸਥਾ, ‘ਸਿਰਜਣਾ ਕੇਂਦਰ’ ਦੀਆਂ ਮਹੀਨਾਵਾਰ ਮੀਟਿੰਗਾਂ ਵਿੱਚ ਜਾਂਦਾ ਅਤੇ ਆਪਣੀਆਂ ਕੱਚਘਰੜ ਕਵਿਤਾਵਾਂ ਸੁਣਾਉਂਦਾ ਅਤੇ ਕਾਵਿ-ਸੁਧਾਰ ਲਈ ਵੱਡੇ ਸਾਹਿਤਕਾਰਾਂ ਦੀਆਂ ਨੇਕ-ਸਲਾਹਾਂ ਦਾ ਸੁਆਗਤ ਕਰਦਾ। ਪਰ ਮੇਰੇ ਮਨ ਵਿੱਚ ਉਸ ਵੇਲੇ ਪ੍ਰਤੀਬੱਧਤਾ ਦੀ ਘਾਟ ਸੀ ਅਤੇ ਕਿਰਤ-ਮੌਲਿਕਤਾ ਦਾ ਰਾਹ ਦਿਖਾਈ ਨਹੀਂ ਸੀ ਦਿੰਦਾ। ਪ੍ਰੋ. ਕੁਲਵੰਤ ਸਿੰਘ ਔਜਲਾ ਦੀ ਅਦਬੀ ਸੰਗਤ ਨਾਲ ਮੇਰੀਆਂ ਲਿਖਤਾਂ ਵਿੱਚ ਬਹੁਤ ਜ਼ਿਆਦਾ ਨਿਖਾਰ ਆਇਆ।
ਮੇਰੀ ਪਹਿਲੀ ਕਾਵਿ-ਪੁਸਤਕ ‘ਹਉਕੇ ਦੀ ਜੂਨ’ ਡੀਏਵੀ ਕਾਲਜ ਵਿੱਚ ਪੜ੍ਹਾਉਂਦੇ, ਮੇਰੇ ਮਿੱਤਰ ਮਰਹੂਮ ਪ੍ਰੋ. ਲਖਬੀਰ ਸਿੰਘ ਦੇ ਵਿਦਿਆਰਥੀ ਕਮਲਜੀਤ ਥਿੰਦ ਨੇ 1991 ਵਿੱਚ ਛਾਪੀ ਸੀ ਜਿਸ ਦਾ ਮੁੱਖ-ਬੰਧ ਮੇਰੇ ਅਧਿਆਪਕ ਸ. ਹਰਭਜਨ ਸਿੰਘ ਹੁੰਦਲ ਨੇ ਲਿਖਿਆ ਸੀ। ਇਸ ਵਿੱਚ ਮੇਰੀ ਕਵਿਤਾ ਦੀ ਚੰਗੀ ਚੀਰ-ਫਾੜ ਕਰਦਿਆਂ, ਹਰ ਪੱਖ ਤੋਂ ਆਲੋਚਨਾ ਕੀਤੀ ਗਈ ਸੀ। ਹੁੰਦਲ ਸਾਹਿਬ ਨੂੰ ਆਸ ਸੀ ਕਿ ਅਜਿਹਾ ਮੁੱਖਬੰਦ ਛਾਪਣ ਦੀ ਕੋਈ ਨਵਾਂ ਲੇਖਕ ਜ਼ੁਅਰੱਤ ਨਹੀਂ ਕਰ ਸਕਦਾ, ਪਰ ਮੈਂ ਇਸ ਨੂੰ ਮੂਲ ਰੂਪ ਵਿੱਚ ਹੀ ਛਾਪ ਦਿੱਤਾ। ਮੇਰੀ ਧਾਰਨਾ ਸੀ ਕਿ ਜੋ ਕੁਝ ਉਨ੍ਹਾਂ ਲਿਖਿਆ ਸੱਚ ਹੀ ਹੋਵੇਗਾ ਜਿਸ ਨੇ ਮੈਨੂੰ ਸ਼ੀਸ਼ਾ ਦਿਖਾਇਆ ਹੈ। ਮੇਰੇ ਲਈ ਸ਼ਬਦਾਂ ਦੀ ਦਰਗਾਹ ਵਿੱਚ ਜਾਣਾ, ਇਨ੍ਹਾਂ ਨੂੰ ਦੁੱਖ ਸੁਣਾਉਣਾ, ਇਨ੍ਹਾਂ ਦੀ ਪਨਾਹ ਵਿੱਚ ਜਾਣਾ, ਦੁਆਵਾਂ ਲੈਣੀਆਂ ਅਤੇ ਸ਼ਬਦ-ਜੋਤ ਜਗਾਉਣਾ, ਮੇਰਾ ਨਿੱਤ ਦਾ ਕਰਮ ਅਤੇ ਧਰਮ ਹੈ। ਇਹ ਮੇਰਾ ਜੀਵਨ-ਆਧਾਰ, ਮੇਰਾ ਪਿਆਰ ਅਤੇ ਇਸ ਰਾਹੀਂ ਹੀ ਕਰਦਾ ਹਾਂ ਮੈਂ ਖ਼ੁਦ ਵਿੱਚੋਂ ਖ਼ੁਦ ਦਾ ਦੀਦਾਰ। ਸ਼ਬਦਾਂ ਰਾਹੀਂ ਆਰ-ਪਾਰ ਦੇਖਣਾ ਅਤੇ ਰੂਹ ਦੀਆਂ ਪਰਤਾਂ ਫਰੋਲਣਾ ਬਹੁਤ ਚੰਗਾ ਲੱਗਦਾ ਕਿਉਂਕਿ; ਮੇਰੇ ਲਈ ਸ਼ਬਦ ਫੱਕਰ ਦੀ ਰੂਹ ਵਰਗਾ, ਮੇਰੇ ਪਿੰਡ ਦੀ ਸੁੱਚੀ ਜੂਹ ਵਰਗਾ, ਸਾਝਰੇ ਵਗਦੇ ਖੂਹ ਵਰਗਾ ਤੇ ਸੱਜਣਾਂ ਦੀ ਆਉਂਦੀ ਸੂਹ ਵਰਗਾ। ਜਦ ਮੇਰੇ ’ਤੇ ਚੁੱਪ ਹਾਵੀ ਹੋ ਜਾਵੇ ਤਾਂ ਮੈਂ ਅਕਸਰ ਸ਼ਬਦਾਂ ਨੂੰ ਹਾਕ ਮਾਰਦਾਂ ਹਾਂ ਕਿ;
ਸ਼ਬਦੋ ਵੇ!
ਮੇਰੇ ਵਿਹੜੇ ਆਵੋ,
ਅੰਦਰ ਦੀ ਚੁੱਪ ਨੂੰ ਵਰਾਵੋ,
ਮੇਰੇ ਭਾਵਾਂ ਨੂੰ ਉਲਥਾਵੋ
ਹਿੱਕ ’ਚ ਸੂਰਜ ਉਗਾਓ।
ਸ਼ਬਦੋ ਆਓ!
ਸੂਰਜ ਦੀਆਂ ਕਲਮਾਂ ਲਾਓ
ਅਤੇ ਬਸਤੀ ਦੇ ਹਰ ਘਰ ਨੂੰ
ਪਾੜ੍ਹਿਆਂ ਦਾ ਘਰ ਬਣਾਓ
ਕਿਉਂਕਿ
ਬਿਨ-ਅੱਖਰੇ ਘਰ
ਹੁਣ ਬਹੁਤ ਉਦਾਸ ਨੇ।
ਜ਼ਿੰਦਗੀ ਦੇ ਰੰਗ ਨਿਆਰੇ। ਪਤਾ ਹੀ ਨਹੀਂ ਲੱਗਦਾ ਕਿ ਕਿਸ ਮੋੜ ਅਤੇ ਵਕਤ ਦੀ ਕਿਹੜੀ ਦਹਿਲੀਜ਼ ’ਤੇ ਤੁਹਾਡੀ ਕਿਸਮਤ ਵਿੱਚ ਕੀ-ਕੁਝ ਅਜਿਹਾ ਉਕਰਿਆ ਹੁੰਦਾ ਜਿਸ ਨੇ ਤੁਹਾਡੀ ਕਲਮ ਨੂੰ ਮੌਲਿਕਤਾ ਦੇ ਅੱਡਰੇ ਰਾਹ ਤੋਰਨਾ ਹੁੰਦਾ। ਅਜਿਹਾ ਹੀ ਮੇਰੀ ਕਲਮ ਦੇ ਹਿੱਸੇ ਆਇਆ। 1998 ਵਿੱਚ ਮੇਰੀ ਵੱਡੀ ਬੇਟੀ ਨੂੰ ਬੀਡੀ.ਐੱਸ. ਵਿੱਚ ਦਾਖਲਾ ਮਿਲਿਆ। ਉਹ ਪਹਿਲੀ ਵਾਰ ਘਰੋਂ ਬਾਹਰ ਜਾ ਕੇ ਹੋਸਟਲ ਰਹਿਣ ਲੱਗੀ ਤਾਂ ਮੈਂ ਉਸ ਨੂੰ ਨਸੀਹਤਾਂ ਅਤੇ ਸਿਆਣਪਾਂ ਵਾਲੀਆਂ ਚਿੱਠੀਆਂ ਲਿਖਦਾ ਸਾਂ ਕਿ ਘਰੋਂ ਬਾਹਰ ਜਾ ਕੇ ਕਿਵੇਂ ਜ਼ਿੰਦਗੀ ਨੂੰ ਸੁਚਾਰੂ ਸੇਧ ਦੇਣੀ ਹੈ? ਕੁਝ ਸਮੇਂ ਬਾਅਦ ਪਤਾ ਲੱਗਾ ਕਿ ਮੇਰੀਆਂ ਚਿੱਠੀਆਂ ਮੇਰੀ ਬੇਟੀ ਤੋਂ ਪਹਿਲਾਂ ਉਸ ਦੀਆਂ ਸਹੇਲੀਆਂ ਪੜ੍ਹਦੀਆਂ ਸਨ। ਉਨ੍ਹਾਂ ਨੂੰ ਚੰਗਾ ਲੱਗਦਾ ਸੀ ਕਿ ਜੀਵਨ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਨੂੰ ਸਮਝਣ ਅਤੇ ਅਮਲ ਕਰਨ ਦੀ ਮੱਤ ਚਿੱਠੀਆਂ ਤੋਂ ਮਿਲਦੀ ਸੀ। ਇਹ ਜਾਣ ਕੇ ਮੈਨੂੰ ਅਹਿਸਾਸ ਹੋਇਆ ਕਿ ਅਜਿਹਾ ਕੁਝ ਅਖ਼ਬਾਰ ਵਿੱਚ ਲਿਖਿਆ ਜਾਵੇ ਤਾਂ ਜ਼ਿਆਦਾ ਪਾਠਕ ਇਨ੍ਹਾਂ ਗੱਲਾਂ ਬਾਰੇ ਜਾਣ ਕੇ, ਆਪਣੇ ਜੀਵਨ ਨੂੰ ਵਧੀਆ ਤਰੀਕੇ ਨਾਲ ਵਿਊਂਤ ਸਕਣਗੇ।
ਬੇਟੀ ਨੂੰ ਲਿਖੀਆਂ ਚਿੱਠੀਆਂ ਨੂੰ ਆਧਾਰ ਬਣਾ ਕੇ ਮੈਂ ਕੁਝ ਛੋਟੇ ਛੋਟੇ ਲੇਖ ਲਿਖੇ ਜੋ ਅਖ਼ਬਾਰ ਵਿੱਚ ਲਗਾਤਾਰ ਛਪਣ ਲੱਗੇ ਅਤੇ ਇਨ੍ਹਾਂ ਪ੍ਰਤੀ ਪਾਠਕਾਂ ਦਾ ਹੁੰਗਾਰਾ ਬਹੁਤ ਉਤਸ਼ਾਹਪੂਰਨ ਸੀ। ਇਨ੍ਹਾਂ ਲੇਖਾਂ ਦੀ ਪਹਿਲੀ ਨਬਿੰਧ ਪੁਸਤਕ ‘ਰੰਗਾਂ ਦਾ ਦਰਿਆ’ ਛਪਵਾਈ ਜਿਸ ਨੂੰ ਪੰਜਾਬੀ ਦੇ ਪਾਠਕਾਂ ਨੇ ਸਲਾਹਿਆ। ਪੰਜਾਬੀ ਅਕਾਦਮੀ ਦਿੱਲੀ ਨੇ ਮੇਰੇ ਕੋਲੋਂ ਇਸ ਦੀਆਂ ਉਚੇਚੇ ਤੌਰ ਤੇ 200 ਕਾਪੀਆਂ ਮੰਗਵਾ ਕੇ ਦਿਲੀ ਦੇ ਸਕੂਲਾਂ ਵਿੱਚ ਵੰਡੀਆਂ। ਬੇਟੀ ਨੂੰ ਲਿਖੀਆਂ ਚਿੱਠੀਆਂ ਨੇ ਮੇਰੀ ਕਲਮ ਨੂੰ ਨਵਾਂ ਮੋੜ ਦਿੱਤਾ ਅਤੇ ਇਸ ਵਿੱਚੋਂ ਅਜਿਹੀ ਵਾਰਤਕ ਨੇ ਜਨਮ ਲਿਆ ਜੋ ਅਸਲੋਂ ਕੁਝ ਨਿਵੇਕਲੀ ਅਤੇ ਸੁਚਾਰੂ ਤੇ ਉਸਾਰੂ ਪੱਖਾਂ ਕਦਰਾਂ ਕੀਮਤਾਂ ਨਾਲ ਜੀਵਨ ਨੂੰ ਸਚਿਆਰਾ ਬਣਾਉਣ ਲਈ ਛੋਟਾ ਜਿਹਾ ਉੱਦਮ ਸੀ।
ਬਾਅਦ ਵਿੱਚ ਪ੍ਰਕਾਸ਼ਿਤ ਵਾਰਤਕ ਪੁਸਤਕ ‘ਅਸੀਸ ਤੇ ਆਸਥਾ’ ਅਤੇ ਕਾਵਿ ਪੁਸਤਕ ‘ਧੁੱਪ ਦੀ ਤਲਾਸ਼’ ਚੌਗਿਰਦੇ ਵਿੱਚੋਂ ਆਪਣੇ ਨਕਸ਼ ਪਛਾਨਣ ਦੀ ਨਿਮਾਣੀ ਜਿਹੀ ਕੋਸ਼ਿਸ਼ ਸੀ ਜੋ ਹਰਫ਼ਾਂ ਥੀਂ ਪਰੋਈ ਗਈ। ਆਲੇ-ਦੁਆਲੇ ਦੇ ਵਰਤਾਰਿਆਂ ਵਿੱਚੋਂ ਮਨੁੱਖੀ ਹੋਂਦ ਨੂੰ ਪਰਿਭਾਸ਼ਤ ਕਰਨ ਅਤੇ ਮਾਨਵੀਅਤ ਦੀ ਤਲਾਸ਼ ਕਾਰਨ, ਇਹ ਪੁਸਤਕਾਂ ਮੇਰੀ ਅੰਤਰੀਵ ਦੀ ਯਾਤਰਾ ਦਾ ਆਰੰਭ ਵੀ ਹਨ।
ਅਗਸਤ 2003 ਵਿੱਚ ਮੈਂ ਕੈਨੇਡਾ ਪਰਵਾਸ ਕੀਤਾ। ਇਸ ਕਾਰਨ ਦੇਖੇ ਦ੍ਰਿਸ਼ ਨੇ ਮੇਰੀ ਚੇਤਨਾ ਤੇ ਚਿੰਤਨਸ਼ੀਲਤਾ ਨੂੰ ਬਹੁਤ ਅਸਰ-ਅੰਦਾਜ਼ ਕੀਤਾ। ਜਦ ਮੈਂ ਤਿੰਨ ਮਹੀਨੇ ਬਾਅਦ ਕੈਨੇਡਾ ਤੋਂ ਵਾਪਸ ਘਰ ਆਇਆ ਤਾਂ ਘਰ ਦੇ ਗੇਟ ਵਿੱਚ ਫਸੀਆਂ ਅਖ਼ਬਾਰਾਂ, ਮੁਰਝਾਏ ਫੁੱਲਾਂ ਦੀਆਂ ਕਿਆਰੀਆਂ ਅਤੇ ਲਾਅਨ ਵਿੱਚ ਛਾਈ ਵੈਰਾਨੀ ਦੇਖੀ ਤਾਂ ਮਨ ਬਹੁਤ ਉਦਾਸ ਹੋਇਆ। ਜਾਪਿਆ ਜਿਵੇਂ ਘਰ ਬਹੁਤ ਉਦਾਸ ਹੋ ਗਿਆ ਸੀ ਘਰਵਾਲਿਆਂ ਤੋਂ ਬਗੈਰ। ਇਸ ਉਦਾਸੀ ਵਿੱਚੋਂ ਹੀ ‘ਘਰ ਅਰਦਾਸ ਕਰਦਾ ਹੈ’ ਲਿਖਿਆ ਗਿਆ। ਘਰ ਨਾਲ ਜੁੜੇ ਸਰੋਕਾਰਾਂ ਦੀ ਲੇਖ ਲੜੀ ਨੇ ‘ਘਰ ਅਰਦਾਸ ਕਰੇ’ ਪੁਸਤਕ ਨੂੰ ਜਨਮ ਦਿੱਤਾ ਜਿਸ ਬਾਰੇ ਡਾ. ਦਲੀਪ ਕੌਰ ਟਿਵਾਣਾ ਦਾ ਕਹਿਣਾ ਸੀ ਕਿ ਗੁਰਬਖ਼ਸ਼ ਤੈਨੂੰ ਕੁਦਰਤ ਨੇ ਬਾਕਮਾਲ ਸੁਹਜਮਈ ਵਾਰਤਕ ਨਾਲ ਨਿਵਾਜਿਆ ਹੈ ਇਸ ਨੂੰ ਗੁਆਚਣ ਨਾ ਦੇਵੀਂ। ਦਰਅਸਲ, ‘ਘਰ ਅਰਦਾਸ ਕਰੇ’, ‘ਕਾਇਆ ਦੀ ਕੈਨਵਸ’, ‘ਦੀਵਿਆਂ ਦੀ ਡਾਰ’ ਅਤੇ ‘ਧੁੱਪ ਦੀਆਂ ਕਣੀਆਂ’ ਪੁਸਤਕਾਂ ਦੀ ਲੜੀ, ਮਨੁੱਖ ਦੇ ਬਾਹਰਲੇ ਘਰ, ਉਸ ਦੇ ਅੰਦਰਲੇ ਘਰ (ਸਰੀਰ), ਮਨੁੱਖੀ ਕਿਰਿਆਵਾਂ ਅਤੇ ਕੁਦਰਤ ਰੂਪੀ ਘਰ (ਬ੍ਰਹਿਮੰਡੀ ਪਾਸਾਰ) ਦੀਆਂ ਤਹਿਆਂ ਫਰੋਲਦੀਆਂ ਹਨ। ਇਹ ਚਾਰ-ਚੁਫ਼ੇਰੇ ਦੀ ਸਮਝ ਨੂੰ ਕੋਰੇ ਵਰਕਿਆਂ ਤੇ ਸ਼ਬਦਾਂ ਥੀਂ ਉਲਥਾਉਣ ਦੀ ਕੋਸ਼ਿਸ਼ ਹੈ। ਇਹ ਮਨੁੱਖ ਦੇ ਅੰਤਰੀਵ ਤੋਂ ਕਾਇਨਾਤ ਦੀਆਂ ਵਸੀਹ ਨਿਆਮਤਾਂ ਦਾ ਬਿਰਤਾਂਤ ਹੈ।
2014 ਵਿੱਚ ਕੈਨੇਡਾ ਤੋਂ ਅਮਰੀਕਾ ਆ ਗਿਆ ਤਾਂ ਮੇਰਾ ਰਾਬਤਾ ਮਰਹੂਮ ਅਮਰੀਕ ਸਿੰਘ ਜੰਮੂ ਨਾਲ ਹੋਇਆ। ਉਨ੍ਹਾਂ ਦਾ ਮੁਹੱਬਤੀ ਹੁਕਮ ਸੀ ਕਿ ਉਨ੍ਹਾਂ ਲਈ ਹਰ ਹਫ਼ਤੇ ਲਿਖਿਆ ਜਾਵੇ। ਇਸ ਨਾਲ ਉੱਤਰੀ ਅਮਰੀਕਾ ਵਿੱਚ ਬਹੁਤ ਪਿਆਰੇ ਪਾਠਕ ਹਨ ਜੋ ਮੇਰੀਆਂ ਲਿਖਤਾਂ ਰਾਹੀਂ ਮੇਰੀ ਕਲਮ ਨੂੰ ਬਹੁਤ ਅਦਬ ਦਿੰਦੇ ਤੇ ਮੋਹ ਕਰਦੇ ਹਨ। ਇਨ੍ਹਾਂ ਲਿਖਤਾਂ ਦੀਆਂ ਬਹੁਤ ਸਾਰੀਆਂ ਪਰਤਾਂ ਅਤੇ ਵਿਸ਼ੇ ਹਨ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਨ੍ਹਾਂ ਵਿਸ਼ਿਆਂ ਨੂੰ ਛੋਹਿਆ ਜਾਵੇ ਜੋ ਸਮਾਂ ਸੀਮਾ ਤੋਂ ਪਾਰ ਹੋਣ ਅਤੇ ਜਿਨ੍ਹਾਂ ਦੀ ਅਹਿਮੀਅਤ ਹਰ ਵਕਤ ਵਿੱਚ ਬਣੀ ਰਹੇ। ਮੇਰੇ ਮੁਹੱਬਤੀ ਪਾਠਕਾਂ ਅਤੇ ਮਿੱਤਰ-ਪਿਆਰਿਆਂ ਦਾ ਅਕਸਰ ਪ੍ਰਸ਼ਨ ਹੁੰਦਾ ਕਿ ਤੂੰ ਇੰਨਾ ਕਿਵੇਂ ਲਿਖ ਲੈਂਦਾ ਏਂ? ਦਰਅਸਲ, ਮੈਂ ਕੁਝ ਨਹੀਂ ਲਿਖਦਾ, ਲਿਖਿਆ ਜਾਂਦਾ ਹੈ। ਕੋਈ ਵੀ ਕਿਰਿਆ, ਗੱਲ, ਦ੍ਰਿਸ਼, ਵਰਤਾਰਾ, ਸ਼ਬਦ, ਖਿਆਲ, ਖ਼ੁਆਬ ਜਾਂ ਵਿਚਾਰ ਮਨ ਵਿੱਚ ਪੈਦਾ ਹੁੰਦਾ ਤਾਂ ਅਚੇਤ ਮਨ ਇਸ ਨੂੰ ਰਿੜਕਦਾ ਰਹਿੰਦਾ ਹੈ ਅਤੇ ਇਸ ਦੀ ਰਿੜਕਣੀ ਵਿੱਚੋਂ ਹੀ ਵਿਚਾਰਾਂ ਅਤੇ ਸ਼ਬਦਾਂ ਦਾ ਇੱਕ ਅਥਾਹ ਅਤੇ ਨਿਰੰਤਰ ਪ੍ਰਵਾਹ ਬੇਕਾਬੂ ਹੋ ਜਾਂਦਾ ਤੇ ਪਲ ਪਲ ਸਾਹਿਤਕ ਕਿਰਤ ਉਦੈ ਹੁੰਦੀ ਜਾਂਦੀ। ਇਹ ਕਿਰਤ ਕਦੇ ਕਵਿਤਾ ਹੁੰਦੀ ਅਤੇ ਕਦੇ ਇਹ ਕਵਿਤਾ-ਨੁਮਾ ਵਾਰਤਕ ਹੁੰਦੀ।
ਅਕਤੂਬਰ 2015 ਦੀ ਇੱਕ ਮੁਬਾਰਕ ਸਵੇਰ। ਪੰਜਾਬ ਤੋਂ ਮਿੱਤਰ ਦਾ ਫੋਨ ਆਉਂਦਾ ਹੈ ਕਿ ਭਾਸ਼ਾ ਵਿਭਾਗ, ਪੰਜਾਬ ਵੱਲੋਂ ਤੈਨੂੰ ਸ਼੍ਰੋਮਣੀ ਪੰਜਾਬੀ ਪਰਵਾਸੀ ਸਾਹਿਤਕਾਰ ਦੇ ਸਨਮਾਨ ਲਈ ਚੁਣਿਆ ਗਿਆ ਹੈ। ਮਨ ਨੂੰ ਬਹੁਤ ਖ਼ੁਸ਼ੀ ਹੋਈ। ਦਰਅਸਲ, ਇਹ ਸਨਮਾਨ ਮੇਰਾ ਨਹੀਂ ਸਗੋਂ ਮੇਰੀ ਮਾਂ ਬੋਲੀ ਪੰਜਾਬੀ, ਮੇਰੇ ਪਿੰਡ ਦੀ ਫ਼ਿਜ਼ਾ ਅਤੇ ਮੇਰੇ ਮਾਪਿਆਂ ਦੀਆਂ ਰਹਿਮਤਾਂ ਸਦਕਾ ਹੀ ਹੈ। ਮੈਂ ਦਾਅਵਾ ਤਾਂ ਨਹੀਂ ਕਰਦਾ, ਪਰ ਕੋਸ਼ਿਸ਼ ਜ਼ਰੂਰ ਕਰਦਾ ਰਹਾਂਗਾ ਕਿ ਮੇਰੀਆਂ ਲਿਖਤਾਂ ਇਸ ਸਨਮਾਨ ਦੀ ਮਾਣ-ਮਰਿਆਦਾ ਦੇ ਹਾਣ ਦੀਆਂ ਹੋ ਸਕਣ। ਮੈਂ ਕੋਈ ਲੇਖਕ ਨਹੀਂ। ਸਿਰਫ਼ ਸ਼ਬਦਾਂ ਦੀ ਸੰਗਤ ਵਿੱਚੋਂ ਵਰਕਿਆਂ ’ਤੇ ਕੁਝ ਉਕਰਨ ਦੀ ਕੋਸ਼ਿਸ਼ ਵਿੱਚ ਲਿਖਣਾ ਹੀ ਸਿੱਖ ਰਿਹਾ ਹਾਂ। ਇਹ ਸਿੱਖਣਾ ਹੀ ਮੇਰੀ ਰੂਹ ਨੂੰ ਸੁਖਨ ਦਿੰਦਾ ਹੈ। ਇਸ ਸੁਖਨ ਵਿੱਚ ਮੇਰੇ ਪੰਜਾਬੀ ਪਾਠਕਾਂ ਦਾ ਮੋਹਭਿੱਜਾ ਹੁੰਗਾਰਾ ਮੇਰਾ ਸਭ ਤੋਂ ਵੱਡਾ ਹਾਸਲ ਹੈ। ਕੋਸ਼ਿਸ਼ ਕਰਾਂਗਾ ਕਿ ਲਿਖਣਾ ਸਿੱਖ ਕੇ, ਕੁਝ ਚੰਗੇਰਾ ਲਿਖ ਸਕਾਂ।
ਸੰਪਰਕ: 216-556-2080