ਈਸਾਈ ਭਾਈਚਾਰੇ ਨਾਲ ਮੇਰਾ ਬਹੁਤ ਪੁਰਾਣਾ ਤੇ ਰੁਹਾਨੀ ਰਿਸ਼ਤਾ: ਮੋਦੀ
ਨਵੀਂ ਦਿੱਲੀ, 25 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਕਿ੍ਸਮਸ ਦੇ ਮੌਕੇ ’ਤੇ ਆਪਣੇ ਨਿਵਾਸ ’ਤੇ ਈਸਾਈ ਭਾਈਚਾਰੇ ਦੇ ਲੋਕਾਂ ਨਾਲ ਮਿਲੇ। ਉਨ੍ਹਾਂ ਕਿਹਾ ਕਿ ਈਸਾਈ ਭਾਈਚਾਰੇ ਨਾਲ ਉਨ੍ਹਾਂ ਦਾ ਬਹੁਤ ਪੁਰਾਣਾ ਤੇ ਆਤਮਾ ਨਾਲ ਜੁੜਿਆ ਹੋਇਆ ਰਿਸ਼ਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਇਹ ਨਿਸਚਿਤ ਕਰ ਰਹੀ ਹੈ ਕਿ ਵਿਕਾਸ ਦਾ ਫਾਇਦਾ ਹਰ ਕਿਸੇ ਤਕ ਪਹੁੰਚੇ ਅਤੇ ਕੋਈ ਵੀ ਇਸ ਤੋਂ ਵਿਰਵਾ ਨਾ ਰਹੇ। ਉਨ੍ਹਾਂ ਕਿਹਾ, ‘‘ਈਸਾਈ ਭਾਈਚਾਰੇ ਦੇ ਲੋਕਾਂ ਤਕ, ਵਿਸ਼ੇਸ਼ ਕਰਕੇ ਗਰੀਬਾਂ ਅਤੇ ਗਰੀਬੀ ਤੋਂ ਹੇਠਲੇ ਪੱਧਰ ਦੇ ਲੋਕਾਂ ਤਕ ਅੱਜ ਦੇਸ਼ ’ਚ ਹੋ ਰਹੇ ਵਿਕਾਸ ਦਾ ਲਾਭ ਪਹੁੰਚ ਰਿਹਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਕਿ੍ਸਮਸ ਦੇ ਮੌਕੇ ’ਤੇ ਮੈਂ ਈਸਾਈ ਭਾਈਚਾਰੇ ਲਈ ਇਕ ਗੱਲ ਜ਼ਰੂਰ ਕਹਾਂਗਾ ਕਿ ਦੇਸ਼ ਲਈ ਤੁਹਾਡੇ ਯੋਗਦਾਨ ਨੂੰ ਭਾਰਤ ਮਾਣ ਨਾਲ ਸਵੀਕਾਰ ਕਰਦਾ ਹੈ।’’ ਉਨ੍ਹਾਂ ਕਿਹਾ ਕਿ ਈਸਾਈ ਭਾਈਚਾਰੇ ਨੇ ਆਜ਼ਾਦੀ ਦੇ ਅੰਦੋਲਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਈਸਾਈ ਭਾਈਚਾਰੇ ਨੇ ਸਮਾਜ ਨੂੰ ਸੇਧ ਦੇਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਸਮਾਜ ਸੇਵਾ ’ਚ ਇਸ ਭਾਈਚਾਰੇ ਨੇ ਵਧ ਚੜ੍ਹ ਕੇ ਹਿੱਸਾ ਲਿਆ। ਗਰੀਬਾਂ ਦੀ ਸੇਵਾ ਲਈ ਇਹ ਹਮੇਸ਼ਾ ਅੱਗੇ ਰਿਹਾ। ਸਿੱਖਿਆ ਅਤੇ ਸਿਹਤ ਦੇ ਖੇਤਰ ’ਚ ਅੱਜ ਵੀ ਭਾਰਤ ’ਚ ਈਸਾਈ ਭਾਈਚਾਰੇ ਦੀਆਂ ਸੰਸਥਾਵਾਂ ਪੂਰੇ ਭਾਰਤ ’ਚ ਵੱਡਾ ਯੋਗਦਾਨ ਪਾ ਰਹੀਆਂ ਹਨ।