ਮੇਰੇ ਹਿੱਸੇ ਦਾ ਕਸ਼ਮੀਰ
ਪਰਮਜੀਤ ਢੀਂਗਰਾ
ਮੇਰੇ ਹਿੱਸੇ ਦਾ ਕਸ਼ਮੀਰ ਕਿੱਥੇ ਗਿਆ?
ਸਮਾਂ ਜਿਵੇਂ ਰੁਕਦਾ ਜਾ ਰਿਹਾ ਸੀ। ਯਾਦਾਂ ਦੀ ਰੇਲ ਲੰਮੀ ਹੁੰਦੀ ਅਤੀਤ ਵੱਲ ਤੁਰੀ ਜਾ ਰਹੀ ਸੀ। ਲੰਮੇ ਸਫ਼ਰ ਕਈ ਵਾਰ ਕਿੰਨੇ ਛੋਟੇ ਲਗਦੇ ਨੇ ਤੇ ਛੋਟੇ ਸਫ਼ਰ ਕਈ ਵਾਰ ਜਾਨ ਦਾ ਖੌਅ ਬਣ ਜਾਂਦੇ ਨੇ।
ਨਿਕੁੰਜ ਨੇ ਘੜੀ ਦੇਖੀ, ਅਜੇ ਕਾਫ਼ੀ ਸਮਾਂ ਪਿਆ ਸੀ। ਉਡਾਣ ਦੁਪਹਿਰੇ ਤਿੰਨ ਵਜੇ ਦੀ ਸੀ ਤੇ ਅਜੇ ਸਵੇਰ ਦੇ ਸੱਤ ਵਜੇ ਸਨ। ਉਹਨੇ ਹਾਊਸਬੋਟ ਵਿੱਚੋਂ ਬਾਹਰ ਨਿਕਲਦਿਆਂ ਏਧਰ ਓਧਰ ਨਜ਼ਰ ਦੌੜਾਈ। ਡੱਲ ਝੀਲ ’ਚ ਪੰਛੀ ਤੈਰ ਰਹੇ ਸਨ। ਚਾਰੇ ਪਾਸੇ ਸ਼ਾਂਤੀ ਸੀ।
‘‘ਸਾਬ੍ਹ, ਚਾਏ, ਔਰ ਕੁਛ ਲਾਊਂ?’’ ਬਦਰੂਦੀਨ ਪੁੱਛ ਰਿਹਾ ਸੀ।
‘‘ਨਹੀਂ, ਔਰ ਕੁਛ ਨਹੀਂ ਚਾਹੀਏ, ਥੋੜ੍ਹਾ ਸਾ ਕਸ਼ਮੀਰ ਬਚਾ ਹੋ ਤੋ ਲੇ ਆਓ।’’ ਨਿਕੁੰਜ ਨੇ ਉਹਦੇ ਚਿਹਰੇ ਵੱਲ ਦੇਖਦਿਆਂ ਕਿਹਾ।
‘‘ਸਾਬ੍ਹ, ਕਹਾਂ ਬਚਾ ਵੋਹ ਕਸ਼ਮੀਰ ਜੋ ਆਪ ਮਾਂਗ ਰਹੇ ਹੋ। ਵੋਹ ਤੋ ਕਬ ਕਾ...’’ ਬਦਰੂਦੀਨ ਏਨਾ ਕਹਿ ਕੇ ਚਲਾ ਗਿਆ।
ਨਿਕੁੰਜ ਹੈਰਾਨ ਸੀ ਕਿ ਉਹਨੂੰ ਅਜਿਹੀ ਬੇਹੂਦਾ ਗੱਲ ਨਹੀਂ ਸੀ ਆਖਣੀ ਚਾਹੀਦੀ। ਉਹਨੇ ਰਾਤੀਂ ਆਪਣੀ ਰਾਮ ਕਹਾਣੀ ਸੁਣਾਉਂਦਿਆਂ ਦੱਸਿਆ ਸੀ ਕਿ ਕਿਵੇਂ ਮੁਖ਼ਬਰੀ ਦੇ ਝੂਠੇ ਦੋਸ਼ ਵਿੱਚ ਉਹਦੇ ਸਾਰੇ ਟੱਬਰ ਨੂੰ ਫ਼ੌਜ ਨੇ ਖ਼ਤਮ ਕਰ ਦਿੱਤਾ ਸੀ। ਉਹ ਤੇ ਉਹਦੀ ਛੋਟੀ ਧੀ ਪਤਾ ਨਹੀਂ ਅੱਲ੍ਹਾ ਨੇ ਕਿਵੇਂ ਬਚਾ ਲਏ ਸਨ। ਧੀ ਖ਼ਾਤਰ ਉਹ ਜਿਊਂਦਾ ਸੀ ਤੇ ਇਸ ਹਾਊਸਬੋਟ ਵਿੱਚ ਰਸੋਈਏ ਤੋਂ ਲੈ ਕੇ ਸੈਲਾਨੀਆਂ ਦੀ ਟਹਿਲ ਸੇਵਾ ਉਹਦਾ ਜ਼ਿੰਮਾ ਸੀ। ਉਹਦੀ ਦੂਜੀ ਬੀਵੀ ਉਹਦੀ ਜ਼ਿੰਦਗੀ ਦਾ ਸਕੂਨ ਬਣ ਕੇ ਆਈ ਸੀ ਤੇ ਹਾਊਸਬੋਟ ਦੀ ਬਿਹਤਰੀਨ ਕੁੱਕ ਸੀ। ਉਹਦਾ ਪਿੰਡ ਸਰਹੱਦ ਦੇ ਨੇੜੇ ਕਿਤੇ ਦੂਰ ਰਹਿ ਗਿਆ ਸੀ।
ਕਸ਼ਮੀਰ ਵਿੱਚ ਹਰ ਕਿਸੇ ਕੋਲ ਆਪਣੀ ਹੋਣੀ ਦੀ ਦਾਸਤਾਂ ਸੀ। ਹਰ ਕੋਈ ਅੱਖਾਂ ਵਿੱਚ ਆਪਣਾ ਆਪਣਾ ਕਸ਼ਮੀਰ ਲੁਕਾਈ ਦਿਨ ਕਟੀ ਕਰ ਰਿਹਾ ਸੀ। ਨਿਕੁੰਜ ਆਪਣੇ ਬਚਪਨ ਵਿੱਚ ਗੁਆਚਾ ਕਸ਼ਮੀਰ ਲੱਭਣ ਕਈ ਵਰ੍ਹਿਆਂ ਬਾਅਦ ਆਇਆ ਸੀ, ਪਰ ਨਜ਼ਰ ਪੂਰੀ ਹੋਣ ਦੇ ਬਾਵਜੂਦ ਇੱਥੇ ਆ ਕੇ ਉਹਨੂੰ ਹਰ ਚੀਜ਼ ਧੁੰਦਲੀ ਦਿਖਾਈ ਦੇ ਰਹੀ ਸੀ।
ਦੂਰ ਨਜ਼ਰ ਆ ਰਹੇ ਪਹਾੜ ਧੁੰਦਲੇ ਹੋ ਗਏ ਸਨ। ਸਿਰਫ਼ ਚਮਕਦੇ ਨੀਲੇ-ਸਲੇਟੀ ਪਹਾੜ, ਜਿਨ੍ਹਾਂ ’ਤੇ ਜੰਮੀ ਬਰਫ਼ ਟੇਢੀਆਂ ਮੇਢੀਆਂ ਧਾਰੀਆਂ ਵਾਂਗ ਸੀ, ਹਵਾਈ ਜਹਾਜ਼ ਦੀ ਬਾਰੀ ਵਿੱਚੋਂ ਨਜ਼ਰ ਆਏ ਸਨ। ਧੁੱਪ ਵਿੱਚ ਲਿਸ਼ਕਦੇ ਪਹਾੜ ਛਲੀਏ ਵਾਂਗ ਬੱਦਲੀ ਆਉਣ ’ਤੇ ਉਹਦੇ ਬਚਪਨ ਦੀ ਗਲੀ ਵਿੱਚ ਗੁਆਚ ਜਾਂਦੇ। ਹਵਾਈ ਜਹਾਜ਼ ਦੀ ਟਿਕਟ ਲੈਣ ਵੇਲੇ ਉਹਨੇ ਬਾਰੀ ਵਾਲੇ ਪਾਸੇ ਦੀ ਲਈ ਸੀ ਤਾਂ ਕਿ ਉਪਰੋਂ ਆਪਣੇ ਹਿੱਸੇ ਦਾ ਕਸ਼ਮੀਰ ਲੱਭ ਸਕੇ।
ਹਵਾਈ ਅੱਡੇ ’ਤੇ ਉਤਰਦਿਆਂ ਬਾਹਰ ਆਉਣ ਤੱਕ ਉਹਨੂੰ ਲੱਗ ਰਿਹਾ ਸੀ ਜਿਵੇਂ ਉਹ ਆਪਣੀ ਧਰਤੀ ’ਤੇ ਨਹੀਂ ਸਗੋਂ ਕਿਸੇ ਗ਼ੈਰ ਧਰਤੀ ’ਤੇ ਆ ਗਿਆ ਹੋਵੇ। ਹਰ ਥਾਂ ਸਕਿਓਰਿਟੀ, ਚੈਕਿੰਗ, ਵਾਰ ਵਾਰ ਸਾਮਾਨ ਖੋਲ੍ਹਣਾ, ਬੰਦ ਕਰਨਾ, ਟਰਾਲੀ ਖਿੱਚਣੀ, ਸਕੈਨ ਕਰਵਾਉਣਾ, ਠੱਪੇ ਲੁਆਉਣੇ। ਬਾਹਰ ਆ ਕੇ ਕੰਡਿਆਲੀਆਂ ਤਾਰਾਂ ਵਿੱਚੋਂ ਲੰਘਣਾ ਜਿਵੇਂ ਕਿਸੇ ਖ਼ਤਰਨਾਕ ਮੁਲਕ ਵਿੱਚ ਆ ਵੜਿਆ ਹੋਵੇ। ਇੱਕ ਵਾਰ ਉਹਦਾ ਜੀਅ ਕੀਤਾ ਕਿ ਇੱਥੋਂ ਹੀ ਵਾਪਸ ਮੁੜ ਜਾਵੇ, ਪਰ... ਉਹ ਤਾਂ ਗੁਆਚਾ ਬਚਪਨ ਲੱਭਣ ਆਇਆ ਸੀ ਤੇ ਇਹ ਸ਼ਾਇਦ ਆਖ਼ਰੀ ਵਾਰ ਸੀ, ਮੁੜ ਪਤਾ ਨਹੀਂ ਜ਼ਿੰਦਗੀ ਮੌਕਾ ਦੇਵੇ ਕਿ ਨਾ। ਇਸ ਲਈ ਜ਼ਰੂਰੀ ਸੀ ਕਿ ਇੱਕ ਵਾਰ ਉਨ੍ਹਾਂ ਥਾਵਾਂ ਦੀ ਜ਼ਿਆਰਤ ਕਰ ਲਈ ਜਾਵੇ ਜਿੱਥੇ ਪਹਿਲਾ ਸਾਹ ਲੈ ਕੇ ਗੁੜ੍ਹਤੀ ਲਈ ਸੀ।
‘ਅਸੀਂ ਹੁਣ ਚੱਲੇ ਹਾਂ, ਪਤਾ ਨਹੀਂ ਕਿੱਥੇ ਜਾ ਕੇ ਚੋਗ ਚੁਗਣੀ ਏ। ਆਪਣੀ ਜੜ੍ਹ ਆਪ ਹੀ ਵੱਢ ਕੇ ਚੱਲੇ ਆਂ।’ ਉਹਦੇ ਪਿਤਾ ਦਾ ਇਹ ਵਾਕ ਉਹਦੇ ਅੰਦਰ ਖੁਣਿਆ ਗਿਆ ਸੀ ਜਦੋਂ ਉਨ੍ਹਾਂ ਆਪਣਾ ਘਰ ਛੱਡਿਆ, ਉਦੋਂ ਉਹਨੇ ਛੇਵੀਂ ਕਰ ਲਈ ਸੀ ਤੇ ਸੱਤਵੀਂ ਜਮਾਤ ਵਿੱਚ ਦਾਖਲਾ ਲੈਣ ਵਾਲਾ ਸੀ। ਕਸ਼ਮੀਰ ਵਿੱਚ ਹਾਲਾਤ ਖ਼ੂਨੀ ਹੋ ਰਹੇ ਸਨ। ਇੱਕ ਰਾਤ ਪਹਿਲਾਂ ਖ਼ੂਨੀ ਸਾਏ ਚਾਚੇ ਬਸ਼ੀਰ ਦੇ ਘਰ ਵੜੇ ਸਨ ਤੇ ਖ਼ੂਨ ਵਿੱਚ ਤੜਫ਼ਦੀ ਉਹਦੀ ਲਾਸ਼ ਹੇਠਾਂ ਡਿਓਢੀ ਵਿੱਚ ਪਈ ਠੰਢੀ ਹੋ ਗਈ ਸੀ। ਹਰ ਪਾਸੇ ਪ੍ਰੇਤ ਛਾਇਆ ਸੀ। ਸਵੇਰੇ ਸਾਰਿਆਂ ਨੇ ਇਕੱਠਿਆਂ ਹੋ ਕੇ ਚਾਚੇ ਦਾ ਮਤਮ ਮਨਾਇਆ ਤੇ ਅਖੀਰ ਉਹਨੂੰ ਸਪੁਰਦੇ-ਖ਼ਾਕ ਕਰ ਦਿੱਤਾ।
ਦਿਨ ਢਲਣ ਤੋਂ ਪਹਿਲਾਂ ਹੀ ਸਾਰਾ ਮੁਹੱਲਾ ਘਰਾਂ ਅੰਦਰ ਇੰਜ ਦੁਬਕ ਜਾਂਦਾ ਜਿਵੇਂ ਸਾਰੇ ਸਮੂਹਿਕ ਕਬਰ ਵਿੱਚ ਲੁਕੇ ਹੋਣ। ਪਿਛਲਾ ਜ਼ਖ਼ਮ ਅਜੇ ਭਰਿਆ ਵੀ ਨਹੀਂ ਸੀ ਹੁੰਦਾ ਕਿ ਤਾਜ਼ੇ ਖ਼ੂਨ ਦੇ ਛਿੱਟੇ ਫਿਰ ਵਿਹੜਿਆਂ ’ਚ ਆਣ ਡਿੱਗਦੇ।
ਇੱਕ ਦਿਨ ਦੁਪਹਿਰੇ ਹੀ ਉਨ੍ਹਾਂ ਦੇ ਗੁਆਂਢੀ ਤਾਰਾ ਚੰਦ ਕੌਲ ਦਾ ਕਤਲ ਹੋ ਗਿਆ ਸੀ। ਉਹ ਸਰਕਾਰੀ ਬੈਂਕ ਵਿੱਚ ਕੰਮ ਕਰਦਾ ਸੀ। ਉਹ ਆਪਣੀ ਬਦਲੀ ਦੀ ਅਰਜ਼ੀ ਮਾਰਕ ਕਰਾਉਣ ਲਈ ਵੱਡੇ ਸਰਕਾਰੀ ਦਫ਼ਤਰ ਵੱਲ ਗਿਆ ਸੀ। ਰਾਹ ਵਿੱਚ ਹੋਏ ਦਹਿਸ਼ਤੀ ਹਮਲੇ ਦੀ ਜ਼ਦ ਵਿੱਚ ਆ ਗਿਆ ਸੀ।
ਉਹਦੀ ਮੌਤ ਨੇ ਪੂਰੀ ਵਾਦੀ ਨੂੰ ਕੰਬਾ ਦਿੱਤਾ ਸੀ। ਜਿਨ੍ਹਾਂ ਦੀ ਕਿਤੇ ਕੋਈ ਠਾਹਰ ਸੀ ਉਨ੍ਹਾਂ ਨੇ ਹਿਜਰਤ ਕਰਨੀ ਸ਼ੁਰੂ ਕਰ ਦਿੱਤੀ ਸੀ। ਭਾਵੇਂ ਸਰਕਾਰ ਵਾਹ ਲਾ ਰਹੀ ਸੀ ਕਿ ਕੋਈ ਵੀ ਵਾਦੀ ਛੱਡ ਕੇ ਨਾ ਜਾਵੇ, ਪਰ ਕਸ਼ਮੀਰੀ ਪੰਡਤਾਂ ਦੇ ਮਿਥ ਕੇ ਕੀਤੇ ਜਾ ਰਹੇ ਕਤਲਾਂ ਨੇ ਸਭ ਨੂੰ ਡਰਾ ਦਿੱਤਾ ਸੀ। ਹਰ ਕੋਈ ਆਪਣਾ ਘਰ-ਘਾਟ ਛੱਡਣ ਲਈ ਹੀਲੇ ਵਸੀਲੇ ਕਰ ਰਿਹਾ ਸੀ।
ਨਰਾਇਣ ਭੱਟ ਉਹਦਾ ਦੂਰ ਦਾ ਰਿਸ਼ਤੇਦਾਰ ਸੀ। ਉਹਨੇ ਹੀ ਕਸ਼ਮੀਰੀ ਪੰਡਤਾਂ ਦੀ ਆਵਾਜ਼ ਬੁਲੰਦ ਕੀਤੀ ਸੀ। ਪਰ ਜਦੋਂ ਇੱਕ ਸਵੇਰ ਮੰਦਰ ਵੱਲ ਜਾਂਦਿਆਂ ਉਹਨੂੰ ਅਗਵਾ ਕਰ ਲਿਆ ਗਿਆ ਤੇ ਫਿਰ ਦੋ ਦਿਨਾਂ ਬਾਅਦ ਉਹਦੀ ਲਾਸ਼ ਜੰਗਲੀ ਇਲਾਕੇ ਵਿੱਚੋਂ ਮਿਲੀ ਤਾਂ ਹਿਜਰਤ ਤੇਜ਼ ਹੋ ਗਈ। ਕਿਸੇ ਨੂੰ ਵੀ ਆਪਣੇ ਆਪ ’ਤੇ ਵੀ ਇਤਬਾਰ ਨਹੀਂ ਸੀ ਰਿਹਾ। ਹਰ ਕਿਸੇ ਨੂੰ ਇਹੀ ਲੱਗਦਾ ਸੀ ਕਿ ਕੋਈ ਖ਼ੂਨੀ ਸਾਇਆ ਉਹਦਾ ਪਿੱਛਾ ਕਰ ਰਿਹਾ ਹੈ ਤੇ ਉਹ ਬਚਣ ਲਈ ਝਕਾਨੀਆਂ ਦਿੰਦਾ। ਪਰ ਹਰ ਕੋਈ ਜਾਣਦਾ ਸੀ ਕਿ ਖ਼ੂਨੀ ਸਾਇਆ ਬਾਹੂਬਲੀ ਹੈ।
ਨਿਕੁੰਜ ਦਾ ਪਿਤਾ ਡਾਕਖਾਨੇ ਵਿੱਚ ਮੁਲਾਜ਼ਮ ਸੀ ਤੇ ਭਾਰਤ ਵਿੱਚ ਕਿਤੇ ਵੀ ਉਹਦੀ ਬਦਲੀ ਹੋ ਸਕਦੀ ਸੀ। ਪਰ ਉਹਦੇ ਪਿਤਾ ਹਮੇਸ਼ਾਂ ਕਹਿੰਦੇ- ‘‘ਆਪਣਾ ਦੇਸ ਛੱਡ ਕੇ ਪਰਾਏ ਮੁਲਕ ਜਾ ਕੇ ਰਹਿਣਾ ਔਖੈ। ਓਥੇ ਜੇ ਗਏ ਵੀ ਤਾਂ ਸਿਰਫ਼ ਮਰਨ ਲਈ ਜਾਵਾਂਗੇ, ਜ਼ਿੰਦਗੀ ਏਥੇ ਹੀ ਰਹਿ ਜਾਏਗੀ। ਮੂਸਾ ਬੇਸ਼ੱਕ ਮੌਤ ਕੋਲੋਂ ਭੱਜ ਜਾਵੇ ਉਹ ਤਾਂ ਅੱਗੇ ਖੜ੍ਹੀ ਹੀ ਮਿਲੇਗੀ।’’ ਅੱਥਰੂਆਂ ਭਿੱਜੇ ਚਿਹਰੇ ਤੇ ਕੰਬਦੇ ਹੱਥਾਂ ਨਾਲ ਉਨ੍ਹਾਂ ਨੇ ਜਿਊਂਦੇ ਘਰ ਨੂੰ ਤਾਲਾ ਲਾ ਕੇ ਜਲਾਵਤਨੀ ਨੂੰ ਗਲ ਲਾ ਲਿਆ ਸੀ।
ਉਹਨੇ ਸਾਹਮਣੇ ਵਾਲੀ ਹਾਊਸਬੋਟ ਵੱਲ ਦੇਖਿਆ। ਰਾਤ ਕਪੂਰ ਸਾਹਿਬ ਦੱਸ ਰਹੇ ਸਨ ਕਿ ਉਸ ਹਾਊਸਬੋਟ ਵਿੱਚ ਅਨੇਕਾਂ ਫਿਲਮਾਂ ਤੇ ਲੜੀਵਾਰਾਂ ਦੀ ਸ਼ੂਟਿੰਗ ਹੋਈ ਹੈ, ਪਰ ਧਾਰਾ 370 ਟੁੱਟਣ ਤੋਂ ਬਾਅਦ ਹੁਣ ਕੋਈ ਨਹੀਂ ਆਉਂਦਾ। ਕਦੇ ਕਦੇ ਅਮੀਰ ਲੋਕ ਆਉਂਦੇ ਨੇ, ਪਰ ਉਨ੍ਹਾਂ ਨੂੰ ਇਸ ਦੇ ਆਰਟ ਦਾ ਇਲਮ ਨਹੀਂ। ਅੰਦਰ ਕਈ ਸੈੱਟ ਲੱਗੇ ਹੋਏ ਨੇ। ਰਾਜਿਆਂ ਮਹਾਰਾਜਿਆਂ ਦੇ ਮਹਿਲ ਤੱਕ ਬਣੇ ਹੋਏ ਨੇ। ਨਿਕੁੰਜ ਨੂੰ ਇਸ ਵਿੱਚ ਕੋਈ ਦਿਲਚਸਪੀ ਨਹੀਂ ਸੀ। ਉਹ ਉਂਜ ਹੀ ‘ਹੂੰ ਹਾਂ’ ਕਰਦਾ ਰਿਹਾ ਸੀ।
‘‘ਸਾਬ੍ਹ ਨੂਨ ਚਾਏ, ਸਪੈਸ਼ਲ, ਚੱਖ ਕੇ ਦੇਖੋ, ਅਸਲੀ ਕਸ਼ਮੀਰ ਕਾ ਟੇਸਟ ਹੈ ਇਸਮੇਂ, ਯੇਹ ਆਪਕੋ ਔਰ ਕਹੀਂ ਨਹੀਂ ਮਿਲੇਗੀ, ਜਬ ਭੀ ਮਨ ਕਰੇ ਕਸ਼ਮੀਰ ਮੇਂ ਆਨਾ ਪੜੇਗਾ।’’
ਉਹਨੂੰ ਆਪਣਾ ਬਚਪਨ ਫਿਰ ਯਾਦ ਆ ਗਿਆ। ਅਕਸਰ ਨਾਨਕੇ ਘਰ ਉਨ੍ਹਾਂ ਨੂੰ ਇਹ ਚਾਹ ਪੀਣ ਲਈ ਮਿਲਦੀ ਸੀ। ਨਾਨੀ ਦੇ ਹੱਥਾਂ ਦੀ ਖੁਸ਼ਬੋ ਇਸ ਵਿੱਚ ਮਿਲੀ ਹੁੰਦੀ। ਫਿਰ ਗਿਰਦੇ (ਬ੍ਰੈੱਡ) ਤੇ ਕਾਹਵੇ ਦਾ ਨਾਸ਼ਤਾ, ਨਾਲ ਸੇਬ ਦਾ ਮੁਰੱਬਾ, ਕਿਸ਼ਮਿਸ਼, ਬਦਾਮ ਤੇ ਨਾਨੀ ਦਾ ਚਾਅ... ਸਭ ਉਹਦੇ ਸਾਹਾਂ ਵਿੱਚ ਘੁਲ ਗਏ। ਕਹਵੇ ਦਾ ਨਸ਼ਾ ਕਾਫ਼ੀ ਚਿਰ ਤੱਕ ਰਹਿੰਦਾ। ਸਮਾਵਰ ਵਿੱਚ ਪਾਣੀ ਖੌਲਦਾ ਰਹਿੰਦਾ ਜਦ ਜੀਅ ਕਰੇ ਕਾਹਵਾ ਤਿਆਰ। ਬੁਖਾਰੀ, ਕਾਂਗੜੀ, ਕੁਲਚਾ, ਬਰਫ਼, ਪਹਾੜ, ਡੱਲ, ਕੰਦੂਰ, ਲਵਾਸ... ਇਹ ਸ਼ਬਦ ਨਾਨਕੇ ਘਰੋਂ ਸਿੱਖੇ ਸਨ ਜੋ ਅੱਜ ਵੀ ਸਿਮਰਤੀ ਵਿੱਚ ਮੱਛੀਆਂ ਵਾਂਗ ਤੈਰਦੇ ਨੇ।
ਸੂਰਜ ਦੀਆਂ ਕਿਰਨਾਂ ਨਾਲ ਬਰਫ਼ੀਲੇ ਪਹਾੜ ਲਿਸ਼ਕਣ ਲੱਗ ਪਏ ਸਨ ਜਿਵੇਂ ਉਨ੍ਹਾਂ ’ਤੇ ਕਿਸੇ ਨੇ ਪਿਘਲੀ ਚਾਂਦੀ ਡੋਲ੍ਹ ਦਿੰਤੀ ਹੋਵੇ। ਸਕੂਲ ਘਰ ਤੋਂ ਥੋੜ੍ਹੀ ਦੂਰ ਸੀ। ਪੈਦਲ ਜਾਂਦਿਆਂ ਮਸਾਂ ਦਸ ਮਿੰਟ ਲੱਗਦੇ ਸਨ। ਉਸ ਕੁਲਹਿਣੇ ਦਿਨ ਉਹਨੂੰ ਬੁਖਾਰ ਚੜ੍ਹਿਆ ਹੋਇਆ ਸੀ ਤੇ ਖੰਘ ਜ਼ੁਕਾਮ ਨਾਲ ਬੁਰਾ ਹਾਲ ਸੀ। ਸਕੂਲੋਂ ਛੁੱਟੀ ਹੋ ਗਈ ਸੀ।
ਮੌਸਮ ਖੁੱਲ੍ਹ ਰਿਹਾ ਸੀ। ਬਦਾਮਾਂ ਨੂੰ ਫੁੱਲ ਪੈ ਰਹੇ ਸਨ। ਹਰ ਪਾਸੇ ਬਹਾਰ ਦਸਤਕ ਦੇ ਰਹੀ ਸੀ। ਖ਼ੂਨ ਦੇ ਛਿੱਟਿਆਂ ਦਾ ਮੀਂਹ ਇਸ ਵਾਰ ਸਕੂਲ ਦੇ ਮੈਦਾਨ ਵਿੱਚ ਬਦਾਮਾਂ ਦੇ ਰੁੱਖ ਹੇਠਾਂ ਡੁੱਲ੍ਹਿਆ ਸੀ। ਸਕੂਲ ਵਿੱਚ ਅਜੇ ਟਾਵੇਂ ਟਾਵੇਂ ਵਿਦਿਆਰਥੀ ਆਏ ਸਨ। ਕੁਝ ਅਧਿਆਪਕ ਵੀ ਆ ਗਏ ਸਨ, ਜਦੋਂ ਦਨਦਨਾਉਂਦੀਆਂ ਰਫਲਾਂ ਸਕੂਲ ਵੱਲ ਮੂੰਹ ਕਰਕੇ ਗਰਜ ਰਹੀਆਂ ਸਨ। ਉਨ੍ਹਾਂ ਨੇ ਮੈਡਮ ਸੁਪਿੰਦਰ ਰੈਣਾ ਨੂੰ ਮੌਤ ਦੇ ਘਾਟ ਉਤਾਰ ਕੇ ਕਈ ਅਧਿਆਪਕਾਂ ਨੂੰ ਜ਼ਖ਼ਮੀ ਕਰ ਦਿੱਤਾ ਤੇ ਓਵੇਂ ਹੀ ਖ਼ੂਨ ਦੀ ਹੋਲੀ ਖੇਡਦੇ ਦੌੜ ਗਏ ਸਨ। ਸਕੂਲ ਕਈ ਦਿਨ ਬੰਦ ਰਿਹਾ। ਅਧਿਆਪਕ ਬਦਲੀਆਂ ਕਰਾਉਣ ਲਈ ਭੱਜ ਨੱਸ ਕਰਨ ਲੱਗੇ। ਵਿਦਿਆਰਥੀ ਡਰਦੇ ਸਕੂਲ ਵੱਲ ਮੂੰਹ ਨਹੀਂ ਸਨ ਕਰ ਰਹੇ।
ਉਸ ਦਿਨ ਉਹ ਪਹਿਲੀ ਵਾਰ ਡਰਿਆ ਸੀ। ਮੈਡਮ ਰੈਣਾ ਉਹਦੀ ਚਹੇਤੀ ਅਧਿਆਪਕ ਸੀ। ਮੈਡਮ ਦਾ ਬੇਟਾ ਨੀਟੂ ਉਹਦੀ ਜਮਾਤ ਵਿੱਚ ਉਹਦਾ ਸਾਥੀ ਸੀ। ਉਹ ਉਹਦੇ ਸਾਹਮਣੇ ਜਾਣ ਤੋਂ ਘਬਰਾਉਂਦਾ ਸੀ। ਉਹਦਾ ਚਿਹਰਾ ਉਹਦੀਆਂ ਅੱਖਾਂ ਵਿੱਚ ਪਥਰਾ ਗਿਆ ਸੀ। ਸਾਰੀ ਰਾਤ ਤੇਜ਼ ਬੁਖਾਰ ਵਿੱਚ ਉਹ ਬੁੜਬੁੜਾਉਂਦਾ ਰਿਹਾ ਸੀ। ਉਹਨੇ ਠੀਕ ਹੋਣ ’ਤੇ ਸਕੂਲ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਬਹੁਤ ਸਾਰੇ ਬੱਚੇ ਸਕੂਲ ਛੱਡ ਗਏ ਸਨ।
ਕੱਲ੍ਹ ਟੈਕਸੀ ਵਿੱਚ ਘੁੰਮਦਿਆਂ ਉਹਨੇ ਟੈਕਸੀ ਡਰਾਈਵਰ ਆਸ਼ਕ ਹੁਸੈਨ ਨੂੰ ਪੁੱਛਿਆ ਸੀ ਕਿ ਉਹ ਕਿੱਥੋਂ ਤੱਕ ਤਲੀਮਯਾਫ਼ਤਾ ਹੈ। ‘‘ਸਾਬ੍ਹ ਮੈਨੇ ਦਸ ਜਮਾਤੇਂ ਪਾਸ ਕੀਂ, ਪੜ੍ਹਨਾ ਤੋ ਚਾਹਤਾ ਥਾ, ਪਰ ਉਨ੍ਹੋਂ ਨੇ ਵਾਲਦ ਸਾਬ੍ਹ ਕੋ ਸ਼ਹੀਦ ਕਰ ਦੀਆ ਕਿ ਵੋਹ ‘ਉਨ’ ਲੋਗੋਂ ਕੋ ਪਨਾਹ ਦੇਤੇ ਹੈਂ। ਮੁਕਾਬਲਾ ਬਣਾ ਦੀਆ। ਡੈੱਡ ਬਾਡੀ ਭੀ ਬੜੀ ਮੁਸ਼ਕਲ ਸੇ ਮਿਲੀ। ਏਕ ਬਾਰ ਤੋ ਮਨ ਮੇ ਆਯਾ ਕਿ ‘ਉਧਰ’ ਭਾਗ ਜਾਊਂ ਪਰ...। ਸਭ ਸੁਪਨੇ ਮਿੱਟੀ ਮੇਂ ਖ਼ਾਕ ਹੋ ਗਏ। ਪਹਿਲੇ ਮਜ਼ਦੂਰੀ ਕੀ, ਫਿਰ ਕੁਛ ਲੋਗੋਂ ਕੇ ਬਹਿਕਾਵੇ ਮੇਂ ਪੱਥਰਬਾਜ਼ੀ ਕੀ...’’ ਇੰਨਾ ਕਹਿ ਕੇ ਉਹ ਚੁੱਪ ਕਰ ਗਿਆ।
‘‘ਪਰ ਪੱਥਰਬਾਜ਼ੀ ਕਿਊਂ ਕੀ, ਕਿਆ ਮਜਬੂਰੀ ਥੀ?’’
‘‘ਬਸ ਸਾਬ੍ਹ ਔਰ ਕਿਆ ਕਰਤੇ? ਏਕ ਤਰਫ਼ ਮਿਲੀਟੈਂਟ ਹਮੇਂ ਮਾਰਨੇ ਆ ਜਾਤੇ ਤੋ ਦੂਸਰੀ ਤਰਫ਼ ਮਿਲਟਰੀ ਹਮਾਰਾ ਜੀਣਾ ਮੁਸ਼ਕਲ ਕਰ ਦੇਤੀ। ਹਮਾਰੇ ਪਾਸ ਕੋਈ ਕਾਮ ਨਹੀਂ ਥਾਂ ਸਿਵਾਏ ਦਿਨ ਕੋ ਪੱਥਰ ਜਮ੍ਹਾਂ ਕਰਨੇ ਕੇ, ਔਰ ਮੌਕੇ ਕੀ ਤਲਾਸ਼...’’
‘‘ਕਿਆ ਸਰਕਾਰ ਕੋਈ ਕਾਮ ਨਹੀਂ ਦੇਤੀ? ਅਖ਼ਬਾਰੋਂ ਮੇਂ ਤੋ ਆਤਾ ਹੈ ਕਿ ਸਰਕਾਰ ਕਸ਼ਮੀਰੀ ਆਵਾਮ ਕੋ ਰੁਜ਼ਗਾਰ ਦੇ ਰਹੀ ਹੈ, ਯੂਥ ਖੁਸ਼ਹਾਲ ਹੋ ਰਹਾ ਹੈ।’’
‘‘ਯੇਹ ਸਭ ਪ੍ਰਾਪੇਗੰਡਾ ਹੈ, ਅਖ਼ਬਾਰ ਵਾਲੋਂ ਕਾ ਧੰਦਾ ਹੈ, ਇਸ ਕੇ ਲੀਏ ਉਨਹੇ ਪੈਸਾ ਮਿਲਤਾ ਹੈ। ਇਸ ਕੋ ਉਨਹੋਂ ਨੇ ਪੇਸ਼ਾ ਬਣਾ ਲੀਆ, ਯੇਹ ਜਿਸਮਫਰਸ਼ੋਂ ਕੀ ਤਰਹ ਕਾਮ ਕਰਤੇ ਹੈਂ। ਹਮ ਕਸ਼ਮੀਰੀ ਹੈਂ, ਮੁਸਲਮਾਨ ਬਾਅਦ ਮੇਂ ਹੈਂ। ਹਮ ਕਸ਼ਮੀਰ ਮੇਂ ਹੀ ਜੀਨਾ ਔਰ ਮਰਨਾ ਚਾਹਤੇ ਹੈਂ, ਪਰ ਹਕੂਮਤ ਹਮੇਂ ਨਾ ਜੀਨੇ ਦੇ ਰਹੀ ਹੈ ਨਾ ਮਰਨੇ।’’
‘‘ਪਰ ਅਬ ਤੋ ਧਾਰਾ 370 ਖ਼ਤਮ ਕਰ ਦੀ ਹੈ, ਕਿਆ ਇਸ ਕੇ ਲੀਏ ਅਵਾਮ ਤਿਆਰ ਥਾ, ਕਿਆ ਸੋਚਤੇ ਹੈਂ ਲੋਗ?’’ ‘‘ਅਰੇ ਸਾਬ੍ਹ, ਕੁਛ ਨਹੀਂ, ਯੇਹ ਤੋ ਰਾਜਨੀਤੀ ਹੈ। ਕਸ਼ਮੀਰੀ ਤੋ ਕਸ਼ਮੀਰੀ ਹੋਤਾ ਹੈ, ਵੋਹ ਅਮਨ ਚੈਨ ਸੇ ਬਸਣਾ ਚਾਹਤਾ ਹੈ। ਉਸਕੋ ਰੁਜ਼ਗਾਰ ਚਾਹੀਏ। ਪਰ ਹਕੂਮਤ ਉਨ ਕੋ ਬੇਗਾਨਾ ਕਰ ਰਹੀ ਹੈ, ਔਰ ਕੁਛ ਨਹੀਂ..., ਸਾਬ੍ਹ ਪੈਂਪੋਰ ਆ ਗਿਆ... ਕੁਛ ਲੇਂਗੇ... ਕੇਸਰ, ਸ਼ਿਲਜੀਤ, ਮਾਮਰਾ ਬਦਾਮ, ਅਖਰੋਟ ਯਹਾਂ ਸਭ ਮਿਲਤਾ ਹੈਂ।’’
‘‘ਨਹੀਂ, ਬਸ ਲੌਟਤੇ ਸਮੇਂ ਦੇਖੇਂਗੇ, ਅਬ ਸੀਧਾ ਪਹਿਲਗਾਮ ਚਲੋ।’’
ਨਿਕੁੰਜ ਦੀ ਬੜੀ ਹਸਰਤ ਸੀ ਕਿ ਉਹ ਆਖ਼ਰੀ ਵਾਰ ਪਹਿਲਗਾਮ ਜ਼ਰੂਰ ਦੇਖੇ। ਬਚਪਨ ਵਾਲਾ ਪਹਿਲਗਾਮ ਧੁੰਦਲਾ ਹੋ ਗਿਆ ਸੀ। ਧੁੰਦਲੇਪਣ ਨੂੰ ਪਰ੍ਹਾਂ ਕਰਦਿਆਂ ਉਹਨੇ ਆਸ਼ਕ ਹੁਸੈਨ ਨੂੰ ਪੁੱਛਿਆ ਸੀ, ‘‘ਟੈਕਸੀ ਚਲਾ ਕੇ ਕਿਤਨਾ ਕਮਾ ਲੇਤੇ ਹੋ?’’
‘‘ਸਾਬ੍ਹ, ਬਸ ਗੁਜ਼ਾਰਾ ਹੋ ਜਾਤਾ ਹੈ। ਅਬ ਟੂਰਿਸਟ ਆਨੇ ਲਗੇ ਹੈਂ। ਕਾਮ ਮਿਲ ਜਾਤਾ ਹੈ। ਬਸ ਏਕ ਹੀ ਖ਼ੁਆਇਸ਼ ਹੈ ਕਿ ਬੱਚੀਆਂ ਪੜ੍ਹ ਜਾਏਂ।’’
‘‘ਕਿਤਨੀ ਬੱਚੀਆਂ ਹੈਂ?’’ ‘‘ਤੀਨ, ਤੀਨੋਂ ਕਾਲਜ ਮੇਂ ਪੜ੍ਹਤੀ ਹੈਂ। ਇਸੀ ਲੀਏ ਜ਼ਿਆਦਾ ਕਾਮ ਕਰਤਾ ਹੂੰ। ਸੁਬ੍ਹਾ ਸੇ ਲੇਕਰ ਰਾਤ ਨੌਂ ਬਜੇ ਤੱਕ ਟੈਕਸੀ ਘੁੰਮਾਤਾ ਹੂੰ, ਕਭੀ ਕਭੀ ਤੋ ਲਗਤਾ ਹੈ, ਸ਼ਾਇਦ ਮੈਂ ਹੀ ਘੂੰਮ ਗਿਆ ਹੂੰ, ਪਰ...।’’
‘‘ਹਕੂਮਤ ਕੋਈ ਹੈਲਪ ਨਹੀਂ ਕਰਤੀ?’’
‘‘ਕਹਾਂ ਸਾਬ੍ਹ... ਹਮ ਤੋ ਮਜ਼ਦੂਰ ਹੈ, ਜੋ ਬੜੇ ਲੋਗ ਹੈਂ, ਵੋ ਬੜੀ ਚੀਜ਼ੇਂ ਉਡਾ ਲੇਤੇ ਹੈਂ, ਹਮ ਤੋ ਬਿੱਲੀਓਂ ਕੀ ਤਰਹ ਇਧਰ ਉਧਰ ਦੇਖਤੇ ਰਹਿ ਜਾਤੇ ਹੈਂ।’’
ਡੱਲ ਝੀਲ ਵਿੱਚ ਆਵਾਜਾਈ ਸ਼ੁਰੂ ਹੋ ਗਈ ਸੀ। ਹਾਊਸਬੋਟਾਂ ਵਿੱਚ ਠਹਿਰੇ ਰਾਤ ਦੇ ਸੈਲਾਨੀ ਨਿੱਕੀਆਂ ਬੋਟਾਂ ਵਿੱਚ ਸਾਮਾਨ ਲੱਦੀ ਅਗਲੀ ਮੰਜ਼ਿਲ ਵੱਲ ਜਾ ਰਹੇ ਸਨ। ਹਰ ਕੋਈ ਮੁੜ ਮੁੜ ਪਿੱਛੇ ਰਹਿੰਦੀ ਜਾਂਦੀ ਝੀਲ ਨੂੰ ਨਿਹਾਰਦਾ ਜਾਂਦਾ ਜਿਵੇਂ ਸਾਹਾਂ ਵਿੱਚ ਘੁੱਟ ਭਰ ਕੇ ਨਾਲ ਲਿਜਾਣਾ ਚਾਹੁੰਦਾ ਹੋਵੇ। ਸਬਜ਼ੀ ਵਿਕਰੇਤਾ ਤਾਜ਼ੀਆਂ ਸਬਜ਼ੀਆਂ ਬੋਟਾਂ ’ਤੇ ਲੱਦੀ ਵੇਚ ਰਹੇ ਸਨ। ਲਾਲ ਚੌਕ ਵਾਲੀ ਸਾਰੀ ਮਾਰਕੀਟ ਖ਼ੂਨ ਖਰਾਬੇ ਤੋਂ ਬਾਅਦ ਡੱਲ ਵਿੱਚ ਵਸ ਗਈ ਸੀ। ਹਕੂਮਤ ਨੇ ਬਾਂਹ ਫੜੀ ਸੀ। ਏਥੇ ਕੋਈ ਡਰ ਨਹੀਂ ਸੀ ਕਿਉਂਕਿ ਵਾਰਦਾਤ ਕਰਕੇ ਝੀਲ ਵਿੱਚੋਂ ਭੱਜਣਾ ਸੌਖਾ ਨਹੀਂ ਸੀ।
ਨਿਕੁੰਜ ਨੇ ਸਿਗਰਟ ਬਾਲੀ ਤੇ ਆਲੇ-ਦੁਆਲੇ ਹੋ ਰਹੀ ਹਲਚਲ ਨੂੰ ਮਾਪਣ ਲੱਗਾ। ਰਾਤੀਂ ਸ਼ਿਕਾਰੇ ਦੀ ਸੈਰ ਕਰਦਿਆਂ ਉਹਨੂੰ ਕਈ ਗੱਲਾਂ ਸੁਣਨ ਨੂੰ ਮਿਲੀਆਂ। ਸ਼ਿਕਾਰੇ ਵਾਲਾ ਅਹਿਮਦ ਬੜਾ ਭਲਾ ਬੰਦਾ ਸੀ। ਉਹਨੇ ਡੱਲ ਦਾ ਚੱਪਾ ਚੱਪਾ ਦਿਖਾ ਦਿੱਤਾ ਸੀ। ਨਾਲ ਨਾਲ ਆਪਣੇ ਦੁਖੜੇ ਵੀ ਦੱਸੀ ਜਾ ਰਿਹਾ ਸੀ- ‘‘ਸਾਬ੍ਹ ਕਿਆ ਕਰੇਂ, ਅਬ ਤੋ ਬਾਜੂਓਂ ਮੇਂ ਤਾਕਤ ਖ਼ਤਮ ਹੋ ਰਹਾ ਹੈ। ਸੁਬ੍ਹਾ ਸੇ ਲੇ ਕੇ ਰਾਤ ਤੱਕ ਚੱਪੂ ਚਲਾਨੇ ਪੜਤੇ ਹੈਂ। ਚਾਹਤਾ ਥਾ ਬੇਟੇ ਪੜ੍ਹ ਜਾਏਂ ਪਰ ਨਹੀਂ, ਅਬ ਤੋ ਉਨਕੋ ਭੀ ਸ਼ਿਕਾਰੇ ਲੇ ਦੀਏ। ਕਿਰਾਇਆ ਦੇ ਕੇ ਘਰ ਚਲਤਾ ਰਹਿਤਾ ਹੈ। ਛੇ ਮਹੀਨੇ ਗਾਂਵ ਚਲੇ ਜਾਤੇ ਹੈ। ਵਹਾਂ ਥੋੜ੍ਹੀ ਮਜ਼ਦੂਰੀ ਸੇ ਘਰ ਚਲ ਜਾਤਾ ਹੈ। ਸੈਲਾਨੀ ਆਤੇ ਹੈਂ ਤੋ ਖ਼ੁਸ਼ੀ ਮਿਲਤੀ ਹੈ। ਹਮ ਸੈਲਾਨੀਓਂ ਕੋ ਨਾਰਾਜ਼ ਨਹੀਂ ਕਰਤੇ। ਅੱਲ੍ਹਾ ਕਾ ਸ਼ੁਕਰ ਕਰਤੇ ਹੈਂ ਕਿ ਉਸਨੇ ਕਿਸੀ ਕੋ ਹਮਾਰੇ ਲੀਏ ਭੇਜਾ ਹੈ।’’
ਜੇ ਉਹ ਕਿਤੇ ਏਥੇ ਹੀ ਰਹਿ ਰਿਹਾ ਹੁੰਦਾ ਤਾਂ ਸ਼ਾਇਦ ਏਨੀ ਸ਼ਿੱਦਤ ਨਾਲ ਹਰ ਚੀਜ਼ ਨੂੰ ਨਾ ਟੋਂਹਦਾ ਤੇ ਨਾ ਹੀ ਹਰ ਗੱਲ ਨੂੰ ਕੰਨ ਲਾ ਕੇ ਧਿਆਨ ਨਾਲ ਸੁਣਦਾ। ਉਹ ਪਲ ਪਲ ਜੋੜ ਕੇ ਆਪਣੇ ਹਿੱਸੇ ਦਾ ਕਸ਼ਮੀਰ ਅੰਤਰਮਨ ਵਿੱਚ ਵਸਾ ਕੇ ਲੈ ਜਾਣਾ ਚਾਹੁੰਦਾ ਸੀ ਤਾਂ ਕਿ ਮਰਦੇ ਦਮ ਤੱਕ ਅਹਿਸਾਸ ਰਹੇ ਕਿ ਉਹ ਵੀ ਕਸ਼ਮੀਰੀ ਹੈ। ਉਹਦੀਆਂ ਰਗਾਂ ਵਿੱਚ ਕਸ਼ਮੀਰੀ ਖ਼ੂਨ ਦੌੜਦਾ ਹੈ। ਉਹ ਗੁਆਚੇ ਕਸ਼ਮੀਰ ਦੀ ਤਲਾਸ਼ ਵਿੱਚ ਭਟਕਦਾ ਇੱਥੇ ਆਇਆ ਸੀ। ਉਹਦੇ ਕੋਲ ਸਭ ਕੁਝ ਹੈ ਸਿਵਾਏ ਕਸ਼ਮੀਰ ਦੇ।
ਕਪੂਰ ਸਾਹਿਬ ਅੰਗੜਾਈ ਲੈਂਦੇ ਆ ਗਏ ਸਨ। ਉਨ੍ਹਾਂ ਆਉਂਦਿਆਂ ਪੁੱਛਿਆ, ‘‘ਜਨਾਬ ਕਿਵੇਂ ਬੀਤੀ ਰਾਤ?’’
‘‘ਬਸ ਮੱਛਰ ਬਹੁਤ ਹੋ ਗਿਆ। ਸਾਰੀ ਰਾਤ ਬੀਨ ਸੁਣਦਿਆਂ ਲੰਘੀ।’’ ‘‘ਝੀਲ ਵਿੱਚ ਗੰਦ ਜ਼ਿਆਦਾ ਆਉਣ ਲੱਗ ਪਿਐ, ਸਿਰਫ਼ ਬਰਸਾਤ ਵਿੱਚ ਕੁਝ ਸਾਫ਼ ਪਾਣੀ ਆਉਂਦਾ ਹੈ ਜਾਂ ਫਿਰ ਗੁਪਕਾਰ ਇਲਾਕੇ ਵਿੱਚ ਪਾਣੀ ਬਹੁਤ ਸਾਫ਼ ਹੈ।’’
‘‘ਉਹ ਤਾਂ ਫਿਰ ਵੀ ਆਈ ਪੀ ਏਰੀਆ ਹੋਇਆ।’’
‘‘ਹਕੂਮਤ ਉੱਥੇ ਹੀ ਖ਼ਾਸ ਖ਼ਿਆਲ ਰੱਖਦੀ ਹੈ। ਹੋਰ ਕਸ਼ਮੀਰੀ ਖਾਣਾ ਕਿਵੇਂ ਲੱਗਿਆ?’’
‘‘’ਚੰਗਾ ਸੀ, ਬਦਰੂਦੀਨ ਦੇ ਹੱਥਾਂ ਵਿੱਚ ਜ਼ਾਇਕਾ ਹੈ।’’
‘‘ਉਹਦੇ ਹੱਥਾਂ ਵਿੱਚ ਕਿੱਥੇ, ਇਹ ਤਾਂ ਉਹਦੀ ਬੇਗ਼ਮ ਦੇ ਹੱਥਾਂ ਦਾ ਕਮਾਲ ਐ, ਬੜੀ ਰੀਝ ਨਾਲ ਪਕਾਉਂਦੀ ਐ। ਉਹਦੇ ਵਰਗਾ ਮਟਨ ਕੋਈ ਨਹੀਂ ਬਣਾ ਸਕਦਾ। ਵਾਜਵਾਨ ਲਾਜਵਾਬ ਬਣਾਉਂਦੀ ਐ। ਕੁਝ ਦਿਨ ਰਹੋ ਤਾਂ ਤੁਹਾਨੂੰ ਕਸ਼ਮੀਰ ਦੇ ਦੇਸੀ ਪਕਵਾਨ ਵੀ ਬਣਾ ਕੇ ਖੁਆ ਦੇਵੇਗੀ।’’
ਪਕਵਾਨ ਤੋਂ ਉਹਨੂੰ ਯਾਦ ਆਇਆ। ਦੁੱਧ ਪੱਥਰੀ ਦੀ ਸੈਰ ਕਰਦਿਆਂ ਡਾਢੀ ਭੁੱਖ ਲੱਗ ਗਈ, ਪਰ ਕਿਤੇ ਵੀ ਖਾਣਾ ਨਾ ਮਿਲਿਆ। ਦੂਧ ਗੰਗਾ ਕੋਲ ਚਾਹ, ਕੌਫ਼ੀ ਦਾ ਪ੍ਰਬੰਧ ਸੀ ਜੋ ਦੋ ਘੁੱਟਾਂ ਵਿੱਚ ਠੰਢੀ ਹੋ ਜਾਂਦੀ ਸੀ ਜਾਂ ਫਿਰ ਮੈਗੀ ਪਾਸਤਾ ਸੀ ਪਰ ਬੇਸੁਆਦਾ। ਠੰਢ ਜਮਾ ਦੇਣ ਵਾਲੀ ਸੀ। ਵਾਪਸ ਮੁੜਦਿਆਂ ਟੈਕਸੀ ਵਾਲੇ ਨੇ ਪੁੱਛਿਆ ਸੀ, ‘‘ਸਾਬ੍ਹ, ਖਾਣਾ ਖਾਓਗੇ?’’ ਹਾਂ ਵਿੱਚ ਸਿਰ ਮਾਰਦਿਆਂ ਇੰਨਾ ਹੀ ਕਿਹਾ ਸੀ, ‘‘ਯਾਰ, ਭੁੱਖ ਨਾਲ ਤਾਂ ਚੂਹਿਆਂ ਨੇ ਢਿੱਡ ਵੀ ਕੁੱਤਰ ਦਿੱਤੈ।’’ ਤੇ ਉਹਨੇ ਸੜਕ ਕੰਢੇ ਜ਼ਮੀਨ ’ਤੇ ਬਣੇ ਇੱਕ ਦੇਸੀ ਢਾਬੇ ’ਤੇ ਟੈਕਸੀ ਰੋਕਦਿਆਂ ਕਿਹਾ ਸੀ, ‘ਸਾਬ੍ਹ, ਯਹਾਂ ਤੋਂ ਯੇਹੀ ਮਿਲੇਗਾ, ਇਸ ਸੇ ਅੱਛਾ ਖਾਣੇ ਕੇ ਲੀਏ ਤੋ ਸ੍ਰੀਨਗਰ ਜਾਣਾ ਪੜੇਗਾ।’’
ਭੁੱਖ ਅੱਗੇ ਹਥਿਆਰ ਸੁੱਟਦਿਆਂ ਏਥੇ ਹੀ ਦੇਸੀ ਖਾਣਾ ਖਾਣ ਦਾ ਮਨ ਬਣਾ ਲਿਆ। ਪੇਂਡੂ ਕਸ਼ਮੀਰਨਾਂ ਘਰੋਂ ਸਾਗ ਬਣਾ ਕੇ ਏਥੇ ਡੇਰਾ ਜਮਾ ਲੈਂਦੀਆਂ ਨੇ। ਸਰ੍ਹੋਂ ਦਾ ਮੋਟਾ ਸਾਗ, ਮੱਕੇ ਦੀਆਂ ਵੱਡੀਆਂ ਵੱਡੀਆਂ ਰੋਟੀਆਂ, ਪੇਂਡੂ ਕਸ਼ਮੀਰੀ ਆਚਾਰ ਤੇ ਦੇਸੀ ਗੁੜ ਦੀ ਚਾਹ ਨੇ ਲੱਗਦਾ ਸੀ ਜਿਵੇਂ ਨਿਕੁੰਜ ਦੇ ਹਿੱਸੇ ਦਾ ਕਸ਼ਮੀਰ ਪਕਵਾਨ ਵਿੱਚ ਪਰੋਸ ਦਿੱਤਾ ਹੋਵੇ। ਆਤਮਾ ਨੂੰ ਧੁਰ ਅੰਦਰ ਤੱਕ ਤ੍ਰਿਪਤ ਕਰਨ ਵਾਲਾ ਇਹ ਭੋਜਨ ਅਦੁੱਤੀ ਸੀ। ਕਸ਼ਮੀਰੀ ਔਰਤ ਦੇ ਹੱਥਾਂ ਦੀ ਸੱਚੀ ਸੁੱਚੀ ਮਹਿਕ ਧੁੱਪ ਵਿੱਚ ਰੋਟੀਆਂ ’ਤੇ ਜਾਪ ਰਹੀ ਸੀ। ਆਲੇ-ਦੁਆਲੇ ਮੱਕੇ ਦੀਆਂ ਰੋਟੀਆਂ ਦਾ ਖੁਸ਼ਬੋਦਾਰ ਧੂੰਆਂ ਬੜਾ ਸੁਖਾਵਾਂ ਲੱਗ ਰਿਹਾ ਸੀ। ਕਾਸ਼! ਇਹਦਾ ਕੁਝ ਹਿੱਸਾ ਮੈਂ ਦੂਰ ਦੁਰੇਡੇ ਮਹਾਨਗਰ ਵਿੱਚ ਲੈ ਜਾਂਦਾ ਤੇ ਹਰ ਰੋਜ਼ ਕਸ਼ਮੀਰ ਚੱਖਦਾ। ਬਦਰੂਦੀਨ ਇਸ਼ਾਰੇ ਨਾਲ ਬ੍ਰੇਕ ਫਾਸਟ ਦਾ ਸੱਦਾ ਦੇ ਰਿਹਾ ਸੀ। ਘੜੀ ਦੇਖੀ ਦਸ ਵੱਜਣ ਵਾਲੇ ਸਨ। ਟੈਕਸੀ ਵਾਲਾ ਕਹਿ ਗਿਆ ਸੀ ਕਿ ਫਲਾਈਟ ਤੋਂ ਦੋ ਢਾਈ ਘੰਟੇ ਪਹਿਲਾਂ ਪਹੁੰਚਣਾ ਪਏਗਾ। ਇਸ ਹਿਸਾਬ ਨਾਲ ਸਾਢੇ ਬਾਰਾਂ ਵਜੇ ਦਾ ਟਾਇਮ ਦੇ ਦਿੱਤਾ ਸੀ। ਅਜੇ ਵੀ ਢਾਈ ਘੰਟੇ ਬਚਦੇ ਸਨ।
ਯਾਦਾਂ ਦੀ ਰੀਲ ਫਿਰ ਪਿੱਛੇ ਵੱਲ ਘੁੰਮ ਗਈ।
ਸਾਰਾ ਮੁਹੱਲਾ ਦਹਿਸ਼ਤ ਵਿੱਚ ਜੀਅ ਰਿਹਾ ਸੀ। ਕੁਝ ਦੀ ਸਲਾਹ ਸੀ ਕਿ ਪੰਡਿਤਾਂ ਨੂੰ ਹੁਣ ਵਾਦੀ ਵਿੱਚੋਂ ਚਲੇ ਜਾਣਾ ਚਾਹੀਦਾ ਹੈ, ਪਰ ਗੁਆਂਢੀ ਮੁਸਲਮਾਨ ਛੱਤਰੀ ਵਾਂਗ ਤਣ ਜਾਂਦੇ ਕਿ ਸਾਡੇ ਹੁੰਦਿਆਂ ਕੋਈ ਤੁਹਾਡਾ ਵਾਲ ਵਿੰਗਾ ਨਹੀਂ ਕਰ ਸਕਦਾ। ਤੁਹਾਡੇ ਤੱਕ ਆਉਣ ਲਈ ਪਹਿਲਾਂ ਸਾਡੀਆਂ ਲਾਸ਼ਾਂ ਵਿਛਾਉਣੀਆਂ ਪੈਣਗੀਆਂ। ਅਸੀਂ ਸਾਰੇ ਕਸ਼ਮੀਰੀ ਹਾਂ ਤੇ ਇੱਥੇ ਹੀ ਸਾਡਾ ਜਿਊਣ ਮਰਨ ਹੈ। ਅੱਧ ਕੱਚੇ ਪੱਕੇ ਮਨ ਨਾਲ ਹਰ ਕੋਈ ਆਪਣੇ ਆਪ ਨੂੰ ਧਰਵਾਸ ਦੇ ਰਿਹਾ ਸੀ, ਪਰ ਜਦ ਵੀ ਕੋਈ ਵਾਰਦਾਤ ਹੁੰਦੀ ਤਾਂ ਸਭ ਦੇ ਚਿੱਤ ਡਾਵਾਂਡੋਲ ਹੋ ਜਾਂਦੇ। ਬਹੁਤਿਆਂ ਕੋਲ ਤਾਂ ਵਾਦੀ ਤੋਂ ਬਾਹਰ ਕੋਈ ਠਾਹਰ ਵੀ ਨਹੀਂ ਸੀ, ਨਾ ਕੰਮ-ਕਾਰ ਸੀ, ਓਥੇ ਜਾ ਕੇ ਕਰਨਗੇ ਵੀ ਕੀ। ਜੇ ਮੁੜਨਾ ਪਿਆ ਤਾਂ ਮੁੜਿਆ ਵੀ ਨਹੀਂ ਜਾਣਾ। ਖੁਆਰੀ ਦੇ ਨਾਲ ਬਦਨਾਮੀ ਵੱਖ ਹੋਊ। ਏਸੇ ਉਧੇੜ-ਬੁਣ ਵਿੱਚ ਦਿਨ ਬੀਤਦਾ ਤੇ ਰਾਤ ਪਿੱਛੋਂ ਫਿਰ ਦਿਨ ਚੜ੍ਹ ਜਾਂਦਾ।
ਤਾਇਆ ਬਸ਼ੀਰ ਸਾਰੇ ਮੁਹੱਲੇ ਦਾ ਚੌਧਰੀ ਸੀ। ਉਹਦੇ ਪਿਤਾ ਤੇ ਤਾਇਆ ਬਸ਼ੀਰ ਬਚਪਨ ਦੇ ਦੋਸਤ ਸਨ। ਉਨ੍ਹਾਂ ਦੀਆਂ ਮਰਨੇ ਪਰਨੇ ਵਾਲੀਆਂ ਸਾਂਝਾਂ ਸਨ। ਹਰ ਐਤਵਾਰ ਤੇ ਛੁੱਟੀ ਵਾਲੇ ਦਿਨ ਪੂਰੀ ਚੌਂਕੜੀ ਲਾਉਂਦੇ, ਸਾਰਾ ਦਿਨ ਸਵੀਪ ਚਲਦੀ। ਨਾ ਖਾਣ ਦੀ ਫ਼ਿਕਰ, ਨਾ ਪੀਣ ਦੀ। ਉਹ ਮਸਤੀ ਦੇ ਦਿਨ ਸਨ, ਪਰ ਜਿਉਂ ਹੀ ਖ਼ੂਨੀ ਹਨੇਰੀ ਝੁੱਲੀ ਸਭ ਕੁਝ ਫ਼ਿਕਰਾਂ ਵਿੱਚ ਰੁੜ੍ਹ ਗਿਆ। ਪਿਤਾ ਜੀ ਨੇ ਕਈ ਵਾਰ ਤਾਏ ਨਾਲ ਸਲਾਹ ਕੀਤੀ ਕਿ ਉਹ ਬਦਲੀ ਕਰਵਾ ਕੇ ਕਿਤੇ ਦੂਰ ਚਲੇ ਜਾਣ, ਪਰ ਤਾਏ ਦਾ ਇੱਕੋ ਵਾਕ ਸਭ ਕੁਝ ਰੋਕ ਦਿੰਦਾ, ‘‘ਯਾਰ ਕੌਲ, ਜੇ ਤੂੰ ਮੈਨੂੰ ਆਪਣਾ ਨਹੀਂ ਸਮਝਦਾ ਤਾਂ ਜਾਹ ਜਿੱਥੇ ਮਰਜ਼ੀ ਚਲਾ ਜਾਹ, ਬਸ ਜਾਂਦਾ ਇਹ ਕਹਿ ਜਾਈਂ ਕਿ ਮੈਂ ਤੇਰਾ ਕੁਝ ਨਹੀਂ ਲੱਗਦਾ...।’’ ਤੇ ਪਿਤਾ ਜੀ ਉਹਦਾ ਹੱਥ ਫੜ ਕੇ ਚੁੰਮ ਲੈਂਦੇ, ‘‘ਯਾਰਾ, ਜੇ ਤੂੰ ਨਾ ਹੁੰਦਾ ਤਾਂ ਮੈਂ ਕਦੋਂ ਦਾ ਜਲਾਵਤਨ ਹੋ ਗਿਆ ਹੁੰਦਾ। ਤੇਰੀਆਂ ਲੀਕਾਂ, ਕੌਲ-ਕਰਾਰ ਹੀ ਤਾਂ ਮੇਰੇ ਪੈਰ ਬੰਨ੍ਹੀ ਖੜ੍ਹੇ ਨੇ।’’ ਦੋਵੇਂ ਇੱਕ ਦੂਜੇ ਦੇ ਹੱਥ ਫੜੀ ਡੂੰਘੀ ਖ਼ਾਮੋਸ਼ੀ ਵਿੱਚ ਲਹਿ ਜਾਂਦੇ।
ਤਾਏ ਬਸ਼ੀਰ ਦੇ ਸੇਬਾਂ ਦੇ ਬਾਗ਼ ਸਨ। ਉਹ ਜ਼ਿਆਦਾਤਰ ਪਹਿਲਗਾਮ ਵੱਲ ਰਹਿੰਦਾ। ਜਦੋਂ ਸੇਬਾਂ ਦੀ ਤੁੜਾਈ ਹੋ ਜਾਂਦੀ ਤੇ ਮਾਲ ਦਿੱਲੀ ਵੱਲ ਤੁਰ ਪੈਂਦਾ ਤਾਂ ਉਹ ਵਾਪਸ ਆ ਜਾਂਦਾ। ਇਸ ਵਾਰ ਬਾਗ਼ਾਂ ਵੱਲ ਜਾਣ ਤੋਂ ਪਹਿਲਾਂ ਉਹਨੂੰ ਧਮਕੀ ਆ ਗਈ ਸੀ ਕਿ ‘ਤੂੰ ਪੰਡਤਾਂ ਦੀ ਛੱਤਰੀ ਬਣਨੋਂ ਹਟ ਜਾ ਨਹੀਂ ਤਾਂ...’ ਪਰ ਉਹਨੇ ਕੋਈ ਪਰਵਾਹ ਨਹੀਂ ਸੀ ਕੀਤੀ। ਉਲਟਾ ਸਭ ਨੂੰ ਹੌਸਲਾ ਦੇ ਗਿਆ ਸੀ ਕਿ ਗਰਮੀ ਆ ਚਲੀ ਹੈ ਤੇ ਫ਼ੌਜ ਨੇ ਸਾਰੇ ਇਲਾਕੇ ਨੂੰ ਪੱਕੀ ਸੁਰੱਖਿਆ ਦਿੱਤੀ ਹੋਈ ਹੈ।
ਪਰ ਹੋਣੀ ਓਹਲੇ ਹੋ ਕੇ ਵੀ ਚੇਤੰਨ ਹੁੰਦੀ ਹੈ। ਤਾਏ ਬਸ਼ੀਰੇ ਨੂੰ ਉਨ੍ਹਾਂ ਨੇ ਬਾਗ਼ ਵਿੱਚ ਹੀ ਘੇਰ ਕੇ ਪਾਰ ਬੁਲਾ ਦਿੱਤਾ ਸੀ। ਜਾਂਦੇ ਹੋਏ ਦੋ ਕਰਿੰਦਿਆਂ ਨੂੰ ਵੀ ਮਾਰ ਗਏ ਸਨ, ਜਿਨ੍ਹਾਂ ਨੇ ਤਾਏ ਦੀ ਛੱਤਰੀ ਬਣਨ ਦੀ ਕੋਸ਼ਿਸ਼ ਕੀਤੀ ਸੀ।
ਸਾਰੇ ਮੁਹੱਲੇ ਵਿੱਚ ਤ੍ਰਾਹ ਤ੍ਰਾਹ ਹੋ ਗਈ ਸੀ। ਹਰ ਕੋਈ ਧਾਹਾਂ ਮਾਰ ਮਾਰ ਕੇ ਰੋ ਰਿਹਾ ਸੀ। ਨਿਕੁੰਜ ਨੇ ਪਹਿਲੀ ਵਾਰ ਪਿਤਾ ਨੂੰ ਰੋਂਦਿਆਂ ਦੇਖਿਆ ਸੀ। ਭਾਵੇਂ ਫ਼ੌਜ ਨੇ ਸਾਰਾ ਮੁਹੱਲਾ ਘੇਰ ਲਿਆ ਸੀ, ਪਰ ਨੌਜਵਾਨਾਂ ਦਾ ਰੋਹ ਝੱਲਿਆ ਨਹੀਂ ਸੀ ਜਾ ਰਿਹਾ। ਉਹ ਇਸ ਮੌਤ ਲਈ ਹਕੂਮਤ ਨੂੰ ਦੋਸ਼ੀ ਠਹਿਰਾ ਰਹੇ ਸਨ। ਸਾਰੇ ਪੰਡਿਤ ਤਾਏ ਬਸ਼ੀਰ ਦੀ ਸਪੁਰਦੇ-ਖ਼ਾਕ ਦਾ ਇੰਤਜ਼ਾਰ ਕਰ ਰਹੇ ਸਨ। ਹਰ ਕੋਈ ਕੂਚ ਲਈ ਕਾਹਲਾ ਸੀ। ਤਾਏ ਦੀ ਮੌਤ ਨਾਲ ਮੁਹੱਲੇ ਦੀਆਂ ਕੰਧਾਂ, ਛੱਤਾਂ ਢਹਿ ਢੇਰੀ ਹੋ ਗਈਆਂ ਸਨ।
ਪਿਤਾ ਜੀ ਨੇ ਵੀ ਬਦਲੀ ਕਰਵਾ ਲਈ ਸੀ। ਇੱਕ ਦਿਨ ਮੂੰਹ ਹਨੇਰੇ ਸਾਮਾਨ ਬੰਨ੍ਹ ਕੇ ਉਹ ਜੰਮੂ ਜਾ ਪਹੁੰਚੇ ਸਨ। ਉੱਥੋਂ ਦਿੱਲੀ ਤੇ ਅੱਗੋਂ ਭੂਪਾਲ ਜਾਣਾ ਸੀ। ਉਸ ਮੂੰਹ ਹਨੇਰੇ ਵਿੱਚ ਧੁੰਦਲਾ ਜਿਹਾ ਕਸ਼ਮੀਰ ਤੇ ਆਪਣਾ ਉਜੜਿਆ ਮੁਹੱਲਾ ਨਿਕੁੰਜ ਨਾਲ ਲੈ ਗਿਆ ਸੀ। ਬਾਕੀ ਸਭ ਕੁਝ ਏਥੇ ਹੀ ਗੁਆਚ ਗਿਆ ਸੀ।
ਭੂਪਾਲ ਉਨ੍ਹਾਂ ਲਈ ਅਜਨਬੀ ਸ਼ਹਿਰ ਸੀ। ਉੱਥੇ ਸਾਰੇ ਉਨ੍ਹਾਂ ਨੂੰ ਸ਼ਰਨਾਰਥੀ ਕਹਿੰਦੇ ਸਨ। ਇੱਕ ਦਿਨ ਪਿਤਾ ਜੀ ਨੂੰ ਪੁੱਛਿਆ ਸੀ ਕਿ ਸ਼ਰਨਾਰਥੀ ਕੌਣ ਹੁੰਦੇ ਨੇ ਤਾਂ ਉਨ੍ਹਾਂ ਕਿਹਾ ਸੀ ‘‘ਜਿਨ੍ਹਾਂ ਦਾ ਵਤਨ ਖੋਹ ਲਿਆ ਜਾਂਦੈ ਉਹ ਸ਼ਰਨਾਰਥੀ ਬਣ ਜਾਂਦੇ ਨੇ। ਅਸੀਂ ਹੁਣ ਸ਼ਰਨਾਰਥੀ ਹਾਂ, ਸਾਡਾ ਕੋਈ ਵਤਨ ਨਹੀਂ। ਅਸੀਂ ਹੁਣ ਸਿਰਫ਼ ਅੰਨ ਖਾ ਕੇ ਜਿਊਣ ਵਾਲੇ ਜੀਵ ਹਾਂ, ਸਾਡੇ ਸਾਹ ਕਸ਼ਮੀਰ ਵਿੱਚ ਗੁਆਚ ਗਏ ਨੇ...’’ ਉਨ੍ਹਾਂ ਦਾ ਗੱਚ ਭਰ ਆਇਆ ਸੀ। ਉਸ ਤੋਂ ਬਾਅਦ ਜਦੋਂ ਵੀ ਕੋਈ ਕਸ਼ਮੀਰ ਦੀ ਗੱਲ ਚਲਦੀ ਤਾਂ ਉਹ ਚੁੱਪ ਕਰ ਜਾਂਦੇ ਤੇ ਕੋਸ਼ਿਸ਼ ਕਰਦੇ ਕਿ ਇਹਦੇ ਬਾਰੇ ਹੋਰ ਗੱਲ ਨਾ ਕੀਤੀ ਜਾਵੇ।
ਉਂਜ ਉਹ ਕਦੇ ਕਦੇ ਡਾਇਰੀ ਲੈ ਕੇ ਬਹਿ ਜਾਂਦੇ ਤੇ ਉਸ ਵਿੱਚ ਕੁਝ ਲਿਖਦੇ ਰਹਿੰਦੇ। ਉਨ੍ਹਾਂ ਦੇ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਜਦੋਂ ਨਿਕੁੰਜ ਨੇ ਡਾਇਰੀ ਪੜ੍ਹੀ ਤਾਂ ਹੈਰਾਨ ਰਹਿ ਗਿਆ। ਕਿੰਨਾ ਕੁਝ ਉਨ੍ਹਾਂ ਨੇ ਕਸ਼ਮੀਰ ਬਾਰੇ ਲਿਖਿਆ ਸੀ। ਉਸ ਵਿੱਚ ਆਪਣੀ ਧਰਤ ਤੋਂ ਵਿਛੜਣ ਦੀ ਤੜਫ ਸੀ। ਕੁਝ ਵਾਕ ਉਹ ਅੱਜ ਤੱਕ ਨਹੀਂ ਭੁੱਲਿਆ: ‘‘ਮੇਰੇ ਬਜ਼ੁਰਗਵਰ ਮੁਝੇ ਮੁਆਫ਼ ਕਰ ਦੇਣਾ, ਮੈਂ ਆਪਕੋ ਵਾਦੀ ਮੇਂ ਅਕੇਲਾ ਛੋੜ ਕਰ ਭਾਗ ਆਇਆ ਹੂੰ, ਮੈਂ ਕਾਇਰ ਹੂੰ, ਮੁਝੇ ਬਖ਼ਸ਼ ਦੇਣਾ, ਮੁਝੇ ਵਹੀਂ ਮਰਨਾ ਚਾਹੀਏ ਥਾ, ਜਹਾਂ ਆਪ ਦਫ਼ਨ ਹੋ...’’ ਇੱਕ ਵਾਰ ਉਨ੍ਹਾਂ ਕਸ਼ਮੀਰ ਜਾਣ ਦਾ ਮਨ ਬਣਾਇਆ ਸੀ, ਪਰ ਉਨ੍ਹਾਂ ਦੇ ਸਹਿਕਰਮੀ ਗੁਲ ਮੁਹੰਮਦ ਨੇ ਕਹਿ ਦਿੱਤਾ ਸੀ: ‘‘ਕੌਲ ਸਾਹਿਬ, ਅਜੇ ਆਉਣਾ ਠੀਕ ਨਹੀਂ। ਹਾਲਾਤ ਬਹੁਤੇ ਚੰਗੇ ਨਹੀਂ। ਪਲ ਵਿੱਚ ਕੀ ਹੋ ਜਾਵੇ ਕੁਝ ਨਹੀਂ ਕਿਹਾ ਜਾ ਸਕਦਾ। ਜਦੋਂ ਹਾਲਾਤ ਠੀਕ ਹੋਏ ਤਾਂ ਮੈਂ ਖ਼ੁਦ ਚਿੱਠੀ ਲਿਖਾਂਗਾ।’’ ਪਰ ਇਹ ਚਿੱਠੀ ਕਦੇ ਨਹੀਂ ਆਈ। ਇਸੇ ਉਡੀਕ ਵਿੱਚ ਪਿਤਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਜਲਾਵਤਨੀ ਦੀ ਪੀੜ ਉਨ੍ਹਾਂ ਦੇ ਮ੍ਰਿਤਕ ਚਿਹਰੇ ’ਤੇ ਵੀ ਉਕਰੀ ਹੋਈ ਸੀ।
ਬਦਰੂਦੀਨ ਛੋਟੀ ਬੋਟ ਵਿੱਚ ਸਾਮਾਨ ਲੱਦੀ ਤਿਆਰ ਖੜ੍ਹਾ ਸੀ। ਉਹ ਇਸ਼ਾਰੇ ਨਾਲ ਕਹਿ ਰਿਹਾ ਸੀ, ‘‘ਸਾਬ੍ਹ, ਟੈਕਸੀ ਵਾਲਾ ਦਸ ਨੰਬਰ ਗੇਟ ’ਤੇ ਖੜ੍ਹਾ ਇੰਤਜ਼ਾਰ ਕਰ ਰਿਹਾ ਹੈ।’’ ਨਿਕੁੰਜ ਨੇ ਕਪੂਰ ਸਾਹਿਬ ਨੂੰ ਅਲਵਿਦਾ ਕਹੀ ਤੇ ਬੋਟ ਵਿੱਚ ਸਵਾਰ ਹੋ ਗਿਆ। ਗੇਟ ’ਤੇ ਉਤਰ ਕੇ ਬਦਰੂਦੀਨ ਨੂੰ ਬਖਸ਼ੀਸ਼ ਦਿੱਤੀ ਤਾਂ ਉਹ ਕਹਿਣ ਲੱਗਾ, ‘‘ਸਾਬ੍ਹ, ਅਬ ਕੀ ਬਾਰ ਫੈਮਿਲੀ ਕੇ ਸਾਥ ਆਨਾ।’’ ‘‘ਅੱਛਾ, ਬਦਰੂ, ਆਪਣਾ ਖਿਆਲ ਰੱਖਨਾ।’’ ‘‘ਠੀਕ ਐ, ਸਾਬ੍ਹ।’’
ਟੈਕਸੀ ਵਿੱਚ ਸਵਾਰ ਹੁੰਦਿਆਂ ਕੰਨਾਂ ਵਿੱਚ ਬੜਾ ਤੇਜ਼ ਸ਼ੋਰ ਗੂੰਜ ਰਿਹਾ ਸੀ। ਆਵਾਜਾਈ ਬਹੁਤ ਹੋ ਗਈ ਸੀ। ਲੇਕ ਰੋਡ ’ਤੇ ਜਾਮ ਲੱਗ ਗਿਆ ਸੀ। ਟੈਕਸੀ ਵਾਲਾ ਏਧਰੋਂ ਓਧਰੋਂ ਰਾਹ ਬਣਾਉਂਦਾ ਭੀੜ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਰਸਤੇ ਵਿੱਚ ਘਰਾਂ ਦੇ ਬਾਹਰ ਨਵੇਂ ਫੁੱਟ ਰਹੇ ਫੁੱਲਾਂ ਵਾਲੀਆਂ ਵੇਲਾਂ ਲਟਕ ਰਹੀਆਂ ਸਨ। ਰੌਣਕ ਵਧ ਗਈ ਸੀ। ਫ਼ੌਜੀ ਪਰਤਾਂ ਵਿੱਚ ਖੜ੍ਹੇ ਧੁੱਪ ਸੇਕ ਰਹੇ ਸਨ। ਟੈਕਸੀ ਆਪਣੀ ਚਾਲ ਚਲਦੀ ਜਾ ਰਹੀ ਸੀ।
ਏਅਰਪੋਰਟ ’ਤੇ ਉਹਨੇ ਸਮੇਂ ਸਿਰ ਪਹੁੰਚਾ ਦਿੱਤਾ ਸੀ। ਆਖ਼ਰੀ ਸਲਾਮ ਕਰਦਿਆਂ ਉਹਨੇ ਕਿਹਾ ਸੀ, ‘‘ਸਾਬ੍ਹ, ਅਬ ਕੋਈ ਡਰ ਨਹੀਂ, ਧਾਰਾ ਡਿਸਮਿਸ ਕਰ ਦੀ ਹੈ, ਅਬ ਤੋਂ ਕਸ਼ਮੀਰੀਅਤ ਕੀ ਲੜਾਈ ਹੈ, ਹਮ ਏਕ ਦਿਨ ਜੀਤ ਲੇਂਗੇ, ਇੰਸ਼ਾ ਅੱਲ੍ਹਾ।’’ ਉਹਦੀਆਂ ਅੱਖਾਂ ਵਿੱਚ ਨਵੀਂ ਆਸ ਸੀ।
ਚੈਕਿੰਗ ਕਰਾਉਂਦਿਆਂ, ਸਕੈਨਿੰਗ ਤੋਂ ਬਾਅਦ ਆਖ਼ਰੀ ਠੱਪਾ ਲਵਾ ਕੇ, ਅਖੀਰ ਬੋਰਡਿੰਗ ਪਾਸ ਮਿਲ ਗਿਆ। ਜਹਾਜ਼ ਹੌਲੀ ਹੌਲੀ ਰਨਵੇਅ ’ਤੇ ਦੌੜਨ ਲੱਗਾ, ਜਿਵੇਂ ਉਹਨੂੰ ਕੋਈ ਕਾਹਲੀ ਨਾ ਹੋਵੇ। ਇਕਦਮ ਝਟਕੇ ਨਾਲ ਜਹਾਜ਼ ਦਾ ਅਗਲਾ ਹਿੱਸਾ ਉੱਪਰ ਉੱਠਿਆ ਤੇ ਗੜਗੜਾਹਟ ਨਾਲ ਜਹਾਜ਼ ਆਕਾਸ਼ ਦੇ ਰਾਹ ਪੈ ਗਿਆ। ਬਾਰੀ ਵਿੱਚੋਂ ਸਬਜ਼ਜਾਰਾਂ ਨਜ਼ਰ ਆ ਰਹੀਆਂ ਸਨ, ਫਿਰ ਲੋਪ ਹੋ ਗਈਆਂ। ਪਹਾੜਾਂ ’ਤੇ ਢਲਦੀ ਧੁੱਪ ਡਿੱਗ ਰਹੀ ਸੀ ਤੇ ਪਲਾਂ ਛਿਣਾਂ ਵਿੱਚ ਸਭ ਲੋਪ ਹੋ ਗਿਆ। ਹੁਣ ਥੱਲੇ ਧੁੰਦਲਕਾ ਸੀ। ਜਿਹੋ ਜਿਹਾ ਧੁੰਦਲਕਾ ਉਹ ਬਚਪਨ ਵਿੱਚ ਲੈ ਕੇ ਜਲਾਵਤਨ ਹੋਇਆ ਸੀ ਤੇ ਹੁਣ ਆਕਾਸ਼ ਵਾਲੇ ਧੁੰਦਲਕੇ ਵਿੱਚ ਉੱਡਿਆ ਜਾ ਰਿਹਾ ਸੀ। ਸਵਾਲ ਉਵੇਂ ਹੀ ਆਕਾਸ਼ ਵਿੱਚ ਲਟਕਿਆ ਹੋਇਆ ਸੀ- ‘‘ਮੇਰੇ ਹਿੱਸੇ ਦਾ ਕਸ਼ਮੀਰ ਕਿੱਥੇ ਹੈ?’’
ਸੰਪਰਕ: 88476-10125