For the best experience, open
https://m.punjabitribuneonline.com
on your mobile browser.
Advertisement

ਮੇਰਾ ਰੇਡੀਓ ਦਾ ਸਫ਼ਰ

07:03 AM Oct 06, 2024 IST
ਮੇਰਾ ਰੇਡੀਓ ਦਾ ਸਫ਼ਰ
Advertisement

ਰੇਡੀਓ ਮਨੋਰੰਜਨ ਦਾ ਸਭ ਤੋਂ ਸਸਤਾ ਸਾਧਨ ਹੈ। ਪੁਰਾਣੇ ਵੇਲਿਆਂ ’ਚ ਜਦੋਂ ਟੈਲੀਵਿਜ਼ਨ ਨਹੀਂ ਹੁੰਦਾ ਸੀ ਤਾਂ ਲੋਕ ਰੇਡੀਓ ਨੂੰ ਸੁਣ ਕੇ ਆਪਣਾ ਮਨੋਰੰਜਨ ਕਰਦੇ ਸਨ। ਮਾਰਕੋਨੀ ਨੂੰ ਰੇਡੀਓ ਦਾ ਪਿਤਾਮਾ ਕਿਹਾ ਜਾਂਦਾ ਹੈ। ਪਹਿਲਾਂ ਰੇਡੀਓ ਦਾ ਅਕਾਰ ਬਹੁਤ ਵੱਡਾ ਹੋਇਆ ਕਰਦਾ ਸੀ। ਜਿਉਂ ਜਿਉਂ ਵਿਗਿਆਨ ਨੇ ਤਰੱਕੀ ਕੀਤੀ, ਰੇਡੀਓ ਦਾ ਆਕਾਰ ਬਦਲਦਾ ਗਿਆ ਤੇ ਮਨੋਰੰਜਨ ਦੇ ਹੋਰ ਵੀ ਸਾਧਨ ਆ ਗਏ ਜਿਵੇਂ ਟੈਲੀਵਿਜ਼ਨ, ਮੋਬਾਈਲ ਆਦਿ। ਹੁਣ ਰੇਡੀਓ ਦਾ ਆਕਾਰ ਬਹੁਤ ਛੋਟਾ ਜਿਹਾ ਰਹਿ ਗਿਆ ਹੈ। ਅੱਜਕੱਲ੍ਹ ਤਾਂ ਰੇਡੀਓ ਅਸੀਂ ਮੋਬਾਈਲ ਫੋਨ ਜਾਂ ਫਿਰ ਆਨਲਾਈਨ ਮਾਧਿਅਮ ਜਿਵੇਂ ਵੱਖ ਵੱਖ ਐਪਸ ਰਾਹੀਂ ਕਿਤੇ ਵੀ ਸੁਣ ਸਕਦੇ ਹਾਂ। ਰੇਡੀਓ ਨੂੰ ਚਾਰਜ ਕਰਕੇ ਜਾਂ ਫਿਰ ਸੈੱਲ ਨਾਲ ਚਲਾਇਆ ਜਾਂਦਾ ਹੈ। ਰੇਡੀਓ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਇਹ ਸਾਨੂੰ ਕੰਮ ਕਰਨ ਤੋਂ ਨਹੀਂ ਰੋਕਦਾ। ਅਸੀਂ ਇਸ ਨੂੰ ਲਗਾ ਕੇ ਆਪਣਾ ਕੰਮ ਵੀ ਬੜੇ ਆਰਾਮ ਨਾਲ ਕਰ ਸਕਦੇ ਹਾਂ। ਨਾਲੇ ਸਾਡਾ ਮਨੋਰੰਜਨ ਹੋ ਜਾਂਦਾ ਹੈ ਤੇ ਨਾਲੇ ਕੰਮ। ਰੇਡੀਓ ਸਿਗਨਲ ਜਿਨ੍ਹਾਂ ਨੂੰ ਅੰਗਰੇਜ਼ੀ ’ਚ ਰੇਡੀਓ ਵੇਵਜ਼ ਕਿਹਾ ਜਾਂਦਾ ਹੈ, ਇਨ੍ਹਾਂ ਤਰੰਗਾਂ ਨਾਲ ਚੱਲਦਾ ਹੈ।
ਜਦੋਂ ਮੈਂ ਸਕੂਲ ’ਚ ਪੜ੍ਹਦਾ ਸੀ ਤਾਂ ਮੇਰੇ ਦਾਦਾ ਜੀ ਰੇਡੀਓ ਸੁਣਿਆ ਕਰਦੇ ਸਨ। ਉਹ ਆਪਣੇ ਨਾਲ ਰੇਡੀਓ ਰੱਖਦੇ। ਜਦੋਂ ਉਨ੍ਹਾਂ ਨੇ ਖੇਤ ਜਾਣਾ ਤਾਂ ਲਮਕਣ ਵਾਲੀ ਤਣੀ ਨਾਲ ਉਹ ਰੇਡੀਓ ਮੋਢੇ ’ਤੇ ਟੰਗ ਲੈਂਦੇ। ਜਦੋਂ ਮੈਂ ਸਕੂਲ ਤੋਂ ਆਉਣਾ ਤਾਂ ਸਕੂਲ ਦੇ ਕੰਮ ਤੋਂ ਵਿਹਲਾ ਹੋ ਕੇ ਮੈਂ ਦਾਦਾ ਜੀ ਕੋਲ ਬਹਿ ਜਾਣਾ। ਉਹ ਸੇਵਾਮੁਕਤ ਫ਼ੌਜੀ ਹਨ। ਮੈਂ ਉਨ੍ਹਾਂ ਦੇ ਲਾਗੇ ਬਹਿ ਕੇ ਰੇਡੀਓ ਸੁਣਿਆ ਕਰਦਾ ਸੀ। ਮੈਂ ਸੋਚਦਾ ਕਿ ਰੇਡੀਓ ’ਚ ਆਵਾਜ਼ ਕਿਵੇਂ ਆਉਂਦੀ ਹੈ, ਨਾ ਤਾਂ ਇਸ ’ਚ ਕੋਈ ਕੈਸੇਟ ਪੈਂਦੀ ਹੈ ਫਿਰ ਵੀ ਇਸ ’ਚ ਗਾਣੇ ਚੱਲਦੇ ਨੇ, ਮੈਚ ਦੀ ਕਮੈਂਟਰੀ ਵੀ ਚੱਲਦੀ ਹੈ। ਇਸ ਤਰ੍ਹਾਂ ਰੋਜ਼ ਦਾਦਾ ਜੀ ਕੋਲ ਬਹਿ ਕੇ ਸੁਣਨ ਨਾਲ ਮੈਨੂੰ ਵੀ ਰੇਡੀਓ ਸੁਣਨ ਦਾ ਸ਼ੌਕ ਪੈ ਗਿਆ ਸੀ।
ਇੱਕ ਦਿਨ ਕੀ ਹੋਇਆ ਕਿ ਮੈਂ ਆਪਣੇ ਦਾਦਾ ਜੀ ਤੋਂ ਪੁੱਛ ਹੀ ਲਿਆ ਬਈ ਇਸ ’ਚ ਆਵਾਜ਼ ਕਿੱਥੋਂ ਆਉਂਦੀ ਹੈ। ਉਸ ਸਮੇਂ ਮੈਂ ਬਾਰ੍ਹਵੀਂ ਜਮਾਤ ’ਚ ਪੜ੍ਹਦਾ ਸੀ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਰੇਡੀਓ ਸਟੇਸ਼ਨ ਜਿਹੜਾ ਵੀ ਤੁਸੀਂ ਸੁਣਦੇ ਹੋ ਇਸ ’ਚ ਆਵਾਜ਼ ਤਰੰਗਾਂ ਰਾਹੀਂ ਆਉਂਦੀ ਹੈ ਤੇ ਇਹ ਆਵਾਜ਼ ਰੇਡੀਓ ਸਟੇਸ਼ਨ ’ਚੋਂ ਆਉਂਦੀ ਹੈ। ਮੈਂ ਫਿਰ ਪੁੱਛਿਆ ਕਿ ਰੇਡੀਓ ਸਟੇਸ਼ਨ ਕੀ ਅਤੇ ਕਿੱਥੇ ਹੁੰਦਾ ਹੈ। ਉਨ੍ਹਾਂ ਨੇ ਮੈਨੂੰ ਇਸ ਬਾਰੇ ਸਾਰਾ ਕੁਝ ਸਮਝਾਇਆ। ਮੇਰਾ ਰੇਡੀਓ ਸੁਣਨ ਦਾ ਸਫ਼ਰ ਚਲਦਾ ਰਿਹਾ ਤਾਂ ਮੇਰੇ ਦਿਲ ਦਿਮਾਗ਼ ’ਚ ਕਾਫ਼ੀ ਗੱਲਾਂ ਆਉਂਦੀਆਂ ਕਿ ਇਹ ਰੇਡੀਓ ਸਟੇਸ਼ਨ ’ਚ ਕਿਵੇਂ ਬੋਲਦੇ ਨੇ, ਕਿਵੇਂ ਆਵਾਜ਼ ਸਾਡੇ ਤੱਕ ਪਹੁੰਚਦੀ ਹੈ, ਕਿਵੇਂ ਲੋਕ ਆਪਣੀ ਫਰਮਾਇਸ਼ ਭੇਜਦੇ ਨੇ। ਇੱਕ ਦਿਨ ਰੇਡੀਓ ’ਤੇ ਅਨਾਊਂਸਮੈਂਟ ਹੋਈ ਕਿ ਤੁਸੀਂ ਵੀ ਜੇਕਰ ਰੇਡੀਓ ਐਂਕਰ ਬਣਨਾ ਚਾਹੁੰਦੇ ਹੋ ਤਾਂ ਸਾਡੇ ਸਟੇਸ਼ਨ ਆ ਕੇ ਜਲਦ ਫਾਰਮ ਭਰ ਦਿਉ। ਇਹ ਰੇਡੀਓ ਦੀ ਅਨਾਊਂਸਮੈਂਟ ਮੇਰੇ ਦਾਦਾ ਜੀ ਨੇ ਸੁਣ ਲਈ। ਉਸ ਸਮੇਂ ਆਪਣੀ ਤਕਨੀਕੀ ਸਿੱਖਿਆ ਹਾਸਲ ਕਰਕੇ ਮੈਂ ਪਟਿਆਲੇ ਕਿਸੇ ਪ੍ਰਾਈਵੇਟ ਕਾਰਖ਼ਾਨੇ ’ਚ ਕੰਮ ਕਰਿਆ ਕਰਦਾ ਸੀ। ਮੇਰੇ ਦਾਦਾ ਜੀ ਜ਼ਿਆਦਾਤਰ ਆਕਾਸ਼ਵਾਣੀ ਪਟਿਆਲਾ ਸੁਣਿਆ ਕਰਦੇ ਸਨ। ਮੈਨੂੰ ਉਨ੍ਹਾਂ ਨੇ ਕਿਹਾ ਕਿ ਰੇਡੀਓ ਐਂਕਰ ਬਣਨ ਦੀ ਅਨਾਊਂਸਮੈਂਟ ਹੋਈ ਹੈ ਆਕਾਸ਼ਵਾਣੀ ਪਟਿਆਲਾ ਦੇ ਰੇਡੀਓ ਸਟੇਸ਼ਨ ’ਤੇ। ਉਨ੍ਹਾਂ ਨੇ ਮੈਨੂੰ ਜਾ ਕੇ ਫਾਰਮ ਭਰਨ ਲਈ ਕਿਹਾ। ਮੈਂ ਜਾ ਕੇ ਫਾਰਮ ਭਰ ਆਇਆ। ਕੁਝ ਦਿਨਾਂ ਬਾਅਦ ਮੈਨੂੰ ਇੰਟਰਵਿਊ ਲਈ ਈ-ਮੇਲ ਰਾਹੀਂ ਸੱਦਾ ਆ ਗਿਆ। ਮੈਂ ਨਿਰਧਾਰਿਤ ਸਮੇਂ ’ਤੇ ਰੇਡੀਓ ਸਟੇਸ਼ਨ ਪਹੁੰਚ ਗਿਆ। ਮੈਨੂੰ ਸਾਰਾ ਕੁਝ ਨਵਾਂ ਨਵਾਂ ਜਾਪ ਰਿਹਾ ਸੀ ਤੇ ਮਨ ’ਚ ਚਾਅ ਵੀ ਸੀ ਕਿ ਅੱਜ ਬਹਾਨੇ ਨਾਲ ਰੇਡੀਓ ਸਟੇਸ਼ਨ ਵੀ ਦੇਖ ਲਵਾਂਗਾ, ਕਿਵੇਂ ਏਥੇ ਕੰਮ ਹੁੰਦਾ ਹੈ।
ਅੰਦਰ ਜਾ ਕੇ ਵੇਖਿਆ ਕਿ ਕਾਫ਼ੀ ਸਾਰੇ ਨੁਮਾਇੰਦੇ ਇੰਟਰਵਿਊ ਦੇਣ ਲਈ ਪਹੁੰਚੇ ਸਨ। ਇੰਟਰਵਿਊ ਸ਼ੁਰੂ ਹੋ ਗਈ ਤੇ ਮੇਰੀ ਵਾਰੀ ਆਈ। ਮੈਂ ਵੀ ਇੰਟਰਵਿਊ ਦੇ ਕੇ, ਰੇਡੀਓ ਸਟੇਸ਼ਨ ਦੇਖ ਕੇ ਘਰ ਆ ਗਿਆ। ਕੁਝ ਦਿਨਾਂ ਮਗਰੋਂ ਮੈਨੂੰ ਕਾਲ ਆਈ ਕਿ ਤੁਸੀਂ ਰੇਡੀਓ ਸਟੇਸ਼ਨ ’ਤੇ ਐਂਕਰ ਵਜੋਂ ਚੁਣੇ ਗਏ ਹੋ ਤੇ ਟ੍ਰੇਨਿੰਗ ਲਈ ਬੁਲਾਇਆ ਹੈ। ਮੈਂ ਦਿੱਤੇ ਸਮੇਂ ’ਤੇ ਅਗਲੇ ਦਿਨ ਟ੍ਰੇਨਿੰਗ ’ਤੇ ਪਹੁੰਚ ਗਿਆ। ਟ੍ਰੇਨਿੰਗ ’ਤੇ ਮੈਨੂੰ ਰੇਡੀਓ ਬਾਰੇ ਸਾਰਾ ਕੁਝ ਸਮਝਾਇਆ ਗਿਆ। ਡਿਊਟੀ ਦੌਰਾਨ ਕਿਵੇਂ ਤੁਸੀਂ ਗੀਤ ਚਲਾਉਣੇ ਨੇ, ਕਿਵੇਂ ਅਨਾਊਂਸਮੈਂਟ ਕਰਨੀ ਹੈ, ਕਿਵੇਂ ਲਹਿਜਾ ਰੱਖਣਾ ਹੈ, ਕਿਵੇਂ ਕਾਲਾਂ ਲੈਣੀਆਂ ਨੇ, ਕੰਸੋਲ ਕਿਵੇਂ ਹੈ ਆਦਿ ਸਭ ਗੱਲਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਕੁਝ ਦਿਨਾਂ ਬਾਅਦ ਮੇਰੀ ਟ੍ਰੇਨਿੰਗ ਪੂਰੀ ਹੋ ਗਈ ਤੇ ਉਹ ਦਿਨ ਵੀ ਆ ਗਿਆ ਜਦੋਂ ਮੈਂ ਰੇਡੀਓ ’ਤੇ ਲਾਈਵ ਪ੍ਰੋਗਰਾਮ ਕਰਨਾ ਸੀ। ਜਦੋਂ ਘਰ ਤੋਂ ਗਿਆ ਤਾਂ ਮਨ ’ਚ ਬਹੁਤ ਚਾਅ ਸੀ ਕਿ ਅੱਜ ਮੇਰਾ ਲਾਈਵ ਪ੍ਰੋਗਰਾਮ ਹੈ ਤੇ ਮੈਨੂੰ ਲੱਖਾਂ ਸਰੋਤੇ ਸੁਣਨਗੇ। ਮੈਂ ਆਪਣੀ ਸਕ੍ਰਿਪਟ ਬਣਾ ਕੇ, ਆਪਣੇ ਪ੍ਰੋਗਰਾਮ ਮੁਖੀ ਤੋਂ ਚੈੱਕ ਕਰਾ ਕੇ ਪ੍ਰੋਗਰਾਮ ਕਰਨ ਗਿਆ। ਮੇਰੇ ਹੱਥ ਕੰਬ ਰਹੇ ਸੀ ਕਿ ਮੇਰੇ ਤੋਂ ਕੋਈ ਗ਼ਲਤੀ ਨਾ ਹੋ ਜਾਵੇ, ਪਰ ਸਟੂਡੀਓ ’ਚ ਮੌਜੂਦ ਐਂਕਰ ਨੇ ਮੇਰੀ ਮਦਦ ਕੀਤੀ। ਜਦੋਂ ਪਹਿਲੇ ਪੰਜ ਮਿੰਟ ਲੰਘ ਗਏ ਤਾਂ ਮੇਰੀ ਟੈਨਸ਼ਨ ਘਟ ਗਈ। ਮੈਂ ਸਿਰਫ਼ ਬੋਲ ਰਿਹਾ ਸੀ ਤੇ ਮੇਰੀ ਆਵਾਜ਼ ਲੱਖਾਂ ਸਰੋਤੇ ਸੁਣ ਰਹੇ ਸਨ। ਮੈਨੂੰ ਰੇਡੀਓ ’ਤੇ ਕੰਮ ਕਰਨ ਨਾਲ ਬਹੁਤ ਸਾਰੀਆਂ ਵੱਡੀਆਂ ਸ਼ਖ਼ਸੀਅਤਾਂ ਜਿਵੇਂ ਲਿਖਾਰੀ, ਕਲਾਕਾਰ, ਖਿਡਾਰੀ, ਪੁਲੀਸ ਪ੍ਰਸ਼ਾਸਨ, ਡਿਪਟੀ ਕਮਿਸ਼ਨਰ ਆਦਿ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਨਵੇਂ ਰਿਸ਼ਤੇ ਜੁੜੇ। ਨਵੀਆਂ ਨਵੀਆਂ ਗੱਲਾਂ ਸਿੱਖਣ ਦਾ ਮੌਕਾ ਮਿਲਿਆ। ਅੱਜ ਮੈਨੂੰ ਰੇਡੀਓ ਸਟੇਸ਼ਨ ’ਤੇ ਕੰਮ ਕਰਦਿਆਂ ਪੰਜ ਸਾਲ ਹੋ ਗਏ ਹਨ ਅਤੇ ਮੇਰਾ ਰੇਡੀਓ ਦਾ ਸਫ਼ਰ ਚੱਲਦਾ ਆ ਰਿਹਾ ਹੈ।
ਈ-ਮੇਲ: gurinderpal5609@gmail.com

Advertisement

Advertisement
Advertisement
Author Image

Advertisement