‘ਮੇਰਾ ਨਾਂ ਅਰਵਿੰਦ ਕੇਜਰੀਵਾਲ ਹੈ ਤੇ ਮੈਂ ਅਤਿਵਾਦੀ ਨਹੀਂ ਹਾਂ’
* ਸੰਜੈ ਸਿੰਘ ਨੇ ਜੇਲ੍ਹ ਵਿਚ ਕੇਜਰੀਵਾਲ ਦਾ ਮਨੋਬਲ ਤੋੜਨ ਦੀਆਂ ਕੋਸ਼ਿਸ਼ਾਂ ਦਾ ਲਾਇਆ ਦੋਸ਼
ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਪਰੈਲ
ਮਨੀ ਲਾਂਡਰਿੰਗ ਕੇਸ ਵਿਚ ਨਿਆਂਇਕ ਹਿਰਾਸਤ ਤਹਿਤ ਤਿਹਾੜ ਜੇਲ੍ਹ ਵਿਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਦੀ ਜਨਤਾ ਦੇ ਨਾਂ ਸੰਦੇਸ਼ ਵਿਚ ਕਿਹਾ ਕਿ ‘ਮੇਰਾ ਨਾਮ ਅਰਵਿੰਦ ਕੇਜਰੀਵਾਲ ਹੈ ਤੇ ਮੈਂ ਅਤਿਵਾਦੀ ਨਹੀਂ ਹਾਂ।’ ਸੀਨੀਅਰ ‘ਆਪ’ ਆਗੂ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਨਫਰਤ ਅਤੇ ਬਦਲੇ ਦੀ ਭਾਵਨਾ ਨਾਲ ਪੀੜਤ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੇਲ੍ਹ ਵਿਚ ਬੰਦ ਅਰਵਿੰਦ ਕੇਜਰੀਵਾਲ ਨਾਲ ਅਤਿਵਾਦੀਆਂ ਵਾਂਗ ਸਲੂਕ ਕਰ ਰਹੇ ਹਨ। ਇਸ ਲਈ ਕੇਜਰੀਵਾਲ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ ਵਿਚਾਲੇ ਸ਼ੀਸ਼ੇ ਦੀ ਕੰਧ ਖੜ੍ਹੀ ਕੀਤੀ ਗਈ। ਸਿੰਘ ਨੇ ਕਿਹਾ, ‘‘ਕੇਜਰੀਵਾਲ ਅਤੇ ‘ਆਪ’ ਆਗੂਆਂ ਨੂੰ ਜ਼ਲੀਲ ਕਰਕੇ ਮੋਦੀ ਜੀ ਉਨ੍ਹਾਂ ਦਾ ਮਨੋਬਲ ਤੋੜਨਾ ਚਾਹੁੰਦੇ ਹਨ ਪਰ ਅਸੀਂ ਟੁੱਟਣ ਵਾਲੇ ਲੋਕ ਨਹੀਂ ਹਾਂ। ਆਮ ਆਦਮੀ ਪਾਰਟੀ ਇਸ ਤਾਨਾਸ਼ਾਹੀ ਰਵੱਈਏ ਦੀ ਨਿਖੇਧੀ ਕਰਦੀ ਹੈ। ਅਰਵਿੰਦ ਕੇਜਰੀਵਾਲ ਨਾ ਤਾਂ ਟੁੱਟੇਗਾ ਅਤੇ ਨਾ ਹੀ ਝੁਕੇਗਾ।’’
ਸੰਜੈ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਆਪਣੇ ਹੀ ਦੇਸ਼ ਦੇ ਚੁਣੇ ਹੋਏ ਮੁੱਖ ਮੰਤਰੀ ਨਾਲ ਜੇਲ੍ਹ ’ਚ ਅਤਿਵਾਦੀਆਂ ਵਰਗਾ ਸਲੂਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਮੋਦੀ ਜੀ ਨਫਰਤ ਨਾਲ ਭਰੇ ਹੋਏ ਹਨ ਜਿਸ ਕਰਕੇ ਉਨ੍ਹਾਂ ਕੇਜਰੀਵਾਲ ਦੀ ਆਪਣੇ ਪਰਿਵਾਰ ਅਤੇ ਪੰਜਾਬ ਦੇ ਆਪਣੇ ਹਮਰੁਤਬਾ ਭਗਵੰਤ ਮਾਨ ਨਾਲ ਬੈਠਕ ਦੌਰਾਨ ਵਿਚਾਲੇ ਸ਼ੀਸ਼ੇ ਦੀ ਕੰਧ ਖੜ੍ਹੀ ਕੀਤੀ। ਉਨ੍ਹਾਂ ਕਿਹਾ, ‘‘ਮੋਦੀ ਜੀ ਕੇਜਰੀਵਾਲ ਅਤੇ ‘ਆਪ’ ਆਗੂਆਂ ਨੂੰ ਤੰਗ-ਪ੍ਰੇਸ਼ਾਨ ਕਰਕੇ ਜ਼ਲੀਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿੰਨਾ ਤੁਸੀਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤੋੜਨ ਦੀ ਕੋਸ਼ਿਸ਼ ਕਰੋਗੇ, ਉਹ ਓਨਾ ਹੀ ਮਜ਼ਬੂਤ ਹੋਵੇਗਾ ਅਤੇ ਤੁਹਾਡੇ ਖ਼ਿਲਾਫ਼ ਲੜੇਗਾ।’’ ਉਨ੍ਹਾਂ ਕਿਹਾ ਕਿ ਕੇਜਰੀਵਾਲ ਨਾਲ ਅਤਿਵਾਦੀਆਂ ਵਾਂਗ ਪੇਸ਼ ਆਉਣਾ ਮੋਦੀ ਜੀ ਅਤੇ ਭਾਜਪਾ ਲਈ ਸ਼ਰਮ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ‘ਆਪ’ ਮੋਦੀ ਦੇ ਇਸ ਤਾਨਾਸ਼ਾਹੀ ਰਵੱਈਏ ਦੀ ਨਿਖੇਧੀ ਕਰਦੀ ਹੈ ਪਰ ਕੇਜਰੀਵਾਲ ਇਸ ਕਾਰਨ ਨਾ ਤਾਂ ਟੁੱਟੇਗਾ ਅਤੇ ਨਾ ਹੀ ਝੁਕੇਗਾ।