For the best experience, open
https://m.punjabitribuneonline.com
on your mobile browser.
Advertisement

ਮਾਂ ਬੋਲੀ ਪੰਜਾਬੀ ਮੇਰੀ...

07:16 AM Feb 18, 2024 IST
ਮਾਂ ਬੋਲੀ ਪੰਜਾਬੀ ਮੇਰੀ
Advertisement

ਡਾ. ਇਕਬਾਲ ਸਿੰਘ ਸਕਰੌਦੀ

Advertisement

ਵਰਤੋਂ ਦੇ ਲਿਹਾਜ਼ ਨਾਲ ਭਾਸ਼ਾ ਤਿੰਨ ਪ੍ਰਕਾਰ ਦੀ ਹੁੰਦੀ ਹੈ- ਵਿਹਾਰਕ, ਸਾਹਿਤਕ ਅਤੇ ਵਿਗਿਆਨਕ ਭਾਸ਼ਾ। ਵਿਹਾਰਕ ਭਾਸ਼ਾ ਹੀ ਅਸਲ ਵਿੱਚ ਮਾਤ-ਭਾਸ਼ਾ ਹੁੰਦੀ ਹੈ ਜਿਸ ਨੂੰ ਬੱਚਾ ਆਪਣੇ ਮਾਹੌਲ ’ਚੋਂ ਸਹਿਜ ਸੁਭਾਅ ਗ੍ਰਹਿਣ ਕਰਦਾ ਹੈ। ਆਪਣੇ ਆਲੇ-ਦੁਆਲੇ ਵਿੱਚ ਵਸਦੇ ਲੋਕਾਂ ਮੂੰਹੋਂ ਸੁਣੇ ਨੂੰ ਬੱਚਾ ਆਪਣੀ ਕੁਦਰਤੀ ਸਿੱਖਣ ਯੋਗਤਾ ਅਨੁਸਾਰ ਸਹਿਜੇ ਹੀ ਗ੍ਰਹਿਣ ਕਰਦਾ ਜਾਂਦਾ ਹੈ। ਬੱਚੇ ਦਾ ਪਹਿਲਾ, ਨੇੜਲਾ ਅਤੇ ਲੰਮਾ ਸੰਪਰਕ ਆਪਣੀ ਮਾਂ ਨਾਲ ਹੁੰਦਾ ਹੈ। ਇਸ ਲਈ ਗ੍ਰਹਿਣ ਕੀਤੀ ਭਾਸ਼ਾ ਨੂੰ ਮਾਤ-ਭਾਸ਼ਾ ਜਾਂ ਮਾਂ ਬੋਲੀ ਵੀ ਕਹਿ ਲਿਆ ਜਾਂਦਾ ਹੈ। ਇਹ ਭਾਸ਼ਾ ਬੱਚਾ ਆਪਣੀ ਮਾਂ ਦੇ ਬੋਲਾਂ ਦੀ ਨਕਲ ਰਾਹੀਂ ਹੀ ਨਹੀਂ ਸਗੋਂ ਪਰਿਵਾਰ ਦੇ ਹੋਰ ਜੀਆਂ, ਆਂਢ-ਗੁਆਂਢ, ਹਾਣੀਆਂ, ਸਕੂਲ ਅਤੇ ਸੰਪਰਕ ਵਿੱਚ ਆਉਂਦੇ ਹੋਰ ਲੋਕਾਂ ਦੇ ਬੋਲਾਂ ਤੋਂ ਵੀ ਗ੍ਰਹਿਣ ਕਰਦਾ ਰਹਿੰਦਾ ਹੈ।
ਪੰਜਾਬੀ, ਪੰਜਾਬੀਆਂ ਦੀ ਮਾਤ-ਭਾਸ਼ਾ ਹੈ ਪਰ ਇਸ ਨਾਲ ਮੁੱਢ ਤੋਂ ਹੀ ਮਤਰੇਈ ਮਾਂ ਵਾਲਾ ਵਿਹਾਰ ਕੀਤਾ ਜਾਂਦਾ ਰਿਹਾ ਹੈ। ਇਸ ਨੂੰ ਕਦੇ ਵੀ ਰਾਜ ਦਰਬਾਰ ਦੀ ਭਾਸ਼ਾ ਬਣ ਕੇ ਤਖ਼ਤ ਉੱਤੇ ਬੈਠਣਾ ਨਸੀਬ ਨਹੀਂ ਹੋਇਆ। ਇਸ ਦੇ ਆਪਣੇ ਧੀਆਂ ਪੁੱਤਰ ਹੀ ਇਸ ਨੂੰ ਗੰਵਾਰਾਂ ਅਤੇ ਅਨਪੜ੍ਹਾਂ ਦੀ ਭਾਸ਼ਾ ਮੰਨ ਕੇ ਇਸ ਨੂੰ ਘ੍ਰਿਣਾ ਕਰਦੇ ਰਹੇ ਹਨ। ਪੰਜਾਬੀ ਭਾਸ਼ਾ ਦੀ ਅਜੋਕੀ ਨੁਹਾਰ ਕਿਸੇ ਰਾਜ ਦਰਬਾਰ ਵਿੱਚ ਨਹੀਂ ਬਣੀ ਸਗੋਂ ਜਨ ਸਾਧਾਰਨ ਦੇ ਬੁੱਲ੍ਹਾਂ ਉੱਤੇ ਨੱਚਦੀ, ਟੱਪਦੀ ਅਤੇ ਮਟਕਦੀ ਇੱਥੋਂ ਤੱਕ ਪਹੁੰਚੀ ਹੈ।
ਮਾਤ-ਭਾਸ਼ਾ ਬੱਚੇ ਦੀਆਂ ਬੌਧਿਕ, ਮਾਨਸਿਕ, ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਵਿਕਾਸ ਦੀਆਂ ਲੋੜਾਂ ਪੂਰੀਆਂ ਕਰਦੀ ਹੈ। ਮੁੱਢਲੀਆਂ ਵਸਤਾਂ ਤੋਂ ਲੈ ਕੇ ਮਾਤ-ਭਾਸ਼ਾ ਦੇ ਵਿਕਸਤ ਪ੍ਰਯੋਗ ਤੱਕ ਬੱਚਾ ਸੁਤੇ-ਸਿੱਧ ਇਸ ਨਾਲ ਜੁੜਿਆ ਰਹਿੰਦਾ ਹੈ। ਸਵੈ-ਪ੍ਰਗਟਾਵੇ, ਸਾਹਿਤਕ ਤੇ ਮਾਨਸਿਕ ਆਨੰਦ ਦੀ ਪ੍ਰਾਪਤੀ ਅਤੇ ਕਿਸੇ ਸਭਿਆਚਾਰ ਦੀ ਸਮੁੱਚੀ ਜਾਣਕਾਰੀ ਗ੍ਰਹਿਣ ਕਰਨ ਲਈ ਮਾਤ-ਭਾਸ਼ਾ ਦੀ ਵਿਸ਼ੇਸ਼ ਮਹਾਨਤਾ ਹੈ। ਸੂਚਨਾ ਦੇਣ-ਲੈਣ, ਦੂਜੇ ਦੀ ਗੱਲ ਸਮਝਣ ਅਤੇ ਆਪਣੀ ਗੱਲ ਸਮਝਾਉਣ ਲਈ ਵੀ ਇਸ ਦੀ ਅਹਿਮ ਲੋੜ ਹੈ। ਮਨੁੱਖ ਮਾਤ ਭਾਸ਼ਾ ਵਿੱਚ ਹੀ ਸੋਚਦਾ, ਸਮਝਦਾ, ਆਨੰਦ ਲੈਂਦਾ ਅਤੇ ਤ੍ਰਿਪਤ ਹੁੰਦਾ ਹੈ। ਆਪਣੀ ਮਾਤ-ਭਾਸ਼ਾ ਨਾਲ ਜੁੜ ਕੇ ਹੀ ਮਨੁੱਖ ਦੀ ਸ਼ਖ਼ਸੀਅਤ ਨਿੱਖਰ ਕੇ ਸਾਹਮਣੇ ਆਉਂਦੀ ਹੈ।
ਕੌਮਾਂਤਰੀ ਮਾਤ ਭਾਸ਼ਾ ਦਿਵਸ ਇੱਕੀ ਫਰਵਰੀ ਨੂੰ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ। ਭਾਸ਼ਾ ਨੂੰ ਪਿਆਰ ਕਰਨ ਵਾਲੇ ਵੱਖ-ਵੱਖ ਅਦਾਰੇ, ਵਿੱਦਿਅਕ ਸੰਸਥਾਵਾਂ, ਸਾਹਿਤ ਸਭਾਵਾਂ ਅਤੇ ਭਾਸ਼ਾ ਨਾਲ ਸੁਹਿਰਦਤਾ ਸਹਿਤ ਜੁੜੇ ਹੋਏ ਹੋਰ ਵਿਅਕਤੀ ਵੱਖ-ਵੱਖ ਪ੍ਰੋਗਰਾਮ ਉਲੀਕਦੇ ਹਨ। ਪੰਦਰਾਂ ਅਗਸਤ 1947 ਨੂੰ ਭਾਰਤ ਦੀ ਵੰਡ ਹੋਈ। ਤਦ ਮੁਸਲਿਮ ਬਹੁਗਿਣਤੀ ਵਾਲਾ ਇਲਾਕਾ ਪੂਰਬੀ ਪਾਕਿਸਤਾਨ, ਪੱਛਮੀ ਪਾਕਿਸਤਾਨ ਅਤੇ ਹਿੰਦੋਸਤਾਨ ਬਣਿਆ। ਪੂਰਬੀ ਅਤੇ ਪੱਛਮੀ ਪਾਕਿਸਤਾਨ ਬਹੁਤ ਦੂਰ-ਦੂਰ ਸਨ। ਵਿਚਕਾਰ ਹਿੰਦੋਸਤਾਨ ਸੀ। ਪੂਰਬੀ ਪਾਕਿਸਤਾਨ ਵਿੱਚ ਬਹੁਗਿਣਤੀ ਬੰਗਲਾ ਭਾਸ਼ਾ ਬੋਲਣ ਵਾਲਿਆਂ ਦੀ ਸੀ। ਪੱਛਮੀ ਪਾਕਿਸਤਾਨ ਵਿੱਚ ਬਹੁਗਿਣਤੀ ਪੰਜਾਬੀ, ਬਲੋਚੀ ਅਤੇ ਪਸ਼ਤੋ ਭਾਸ਼ਾ ਬੋਲਣ ਵਾਲਿਆਂ ਦੀ ਸੀ। ਦੇਸ਼ਵੰਡ ਉਪਰੰਤ 1948 ਵਿੱਚ ਪਾਕਿਸਤਾਨ ਵਿੱਚ ਕੌਮੀ ਭਾਸ਼ਾ ਉਰਦੂ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ ਪਰ ਬੰਗਲਾ ਭਾਸ਼ਾ ਬੋਲਣ ਵਾਲਿਆਂ ਨੂੰ ਇਹ ਗੱਲ ਪਸੰਦ ਨਹੀਂ ਆਈ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦਾ ਤਕਾਜ਼ਾ ਇਹ ਹੈ ਕਿ ਬਹੁਗਿਣਤੀ ਸਾਡੀ ਬੰਗਾਲੀਆਂ ਦੀ ਹੈ, ਇਸ ਲਈ ਰਾਸ਼ਟਰੀ ਭਾਸ਼ਾ ਉਰਦੂ ਅਤੇ ਬੰਗਾਲੀ ਦੋਵੇਂ ਰੱਖੀਆਂ ਜਾਣ ਜਾਂ ਫਿਰ ਬੰਗਲਾ ਭਾਸ਼ਾ ਨੂੰ ਵੀ ਬਰਾਬਰ ਦਾ ਦਰਜਾ ਅਤੇ ਸਤਿਕਾਰ ਦਿੱਤਾ ਜਾਵੇ। ਪਾਕਿਸਤਾਨ ਸਰਕਾਰ ਨੇ ਇਹ ਗੱਲ ਨਾ ਮੰਨੀ ਸਗੋਂ ਉਲਟਾ ਉਨ੍ਹਾਂ ਉੱਪਰ ਵੀ ਉਰਦੂ ਜ਼ਬਰਦਸਤੀ ਥੋਪੀ। ਵਿਰੋਧ ਵਿੱਚ ਢਾਕਾ ਯੂਨੀਵਰਸਿਟੀ ਦੇ ਮੈਡੀਕਲ ਦੇ ਵਿਦਿਆਰਥੀਆਂ ਨੇ 21 ਫਰਵਰੀ 1952 ਨੂੰ ਰੋਸ ਮਾਰਚ ਕੱਢਿਆ। ਉਹਦੇ ਉੱਤੇ ਪੁਲੀਸ ਨੇ ਗੋਲ਼ੀਆਂ ਚਲਾਈਆਂ ਤਾਂ ਛੇ ਵਿਦਿਆਰਥੀ ਮਾਰੇ ਗਏ। ਇਸ ਨਾਲ ਹਿੰਸਾ ਹੋਰ ਭੜਕ ਗਈ। ਉਦੋਂ ਤੋਂ ਹੀ ਪੂਰਬੀ ਪਾਕਿਸਤਾਨ ਵਿੱਚ ਇੱਕੀ ਫਰਵਰੀ ਨੂੰ ਉਨ੍ਹਾਂ ਸ਼ਹੀਦ ਵਿਦਿਆਰਥੀਆਂ ਦੀ ਯਾਦ ਵਿੱਚ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ।
ਪੱਛਮੀ ਪਾਕਿਸਤਾਨ ਵੱਲੋਂ ਕੀਤੇ ਜਾਂਦੇ ਜ਼ੁਲਮਾਂ ਦੇ ਪ੍ਰਤੀਕਰਮ ਵਜੋਂ 1971 ਵਿੱਚ ਬੰਗਲਾਦੇਸ਼ ਹੋਂਦ ਵਿੱਚ ਆਇਆ। ਬੰਗਲਾਦੇਸ਼ ਦੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਬੰਗਲਾ ਭਾਸ਼ਾ ਲਈ ਪਿਆਰ ਸੀ। ਇਸ ਲਈ 1952 ਤੋਂ ਬਾਅਦ ਉੱਥੇ ਹਰ ਸਾਲ ਇੱਕੀ ਫਰਵਰੀ ਨੂੰ ਕੌਮੀ ਭਾਸ਼ਾ ਦਿਵਸ ਮਨਾਇਆ ਜਾਂਦਾ ਰਿਹਾ। ਰੁਜ਼ਗਾਰ ਅਤੇ ਰੋਜ਼ੀ-ਰੋਟੀ ਦੀ ਭਾਲ ਵਿੱਚ ਵਿਦੇਸ਼ੀਂ ਗਏ ਬੰਗਲਾਦੇਸ਼ੀਆਂ ਨੇ ਯੂ.ਐੱਨ.ਓ. ਨੂੰ ਚਿੱਠੀ ਲਿਖੀ ਕਿ ਦੁਨੀਆ ਵਿੱਚ ਹਰ ਵਿਅਕਤੀ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦਾ ਹੈ। ਮਾਤ-ਭਾਸ਼ਾ ਦੇ ਗੌਰਵ ਨੂੰ ਸਥਾਪਤ ਕਰਨ ਲਈ ਇੱਕੀ ਫਰਵਰੀ ਦਾ ਦਿਨ ਸਾਰੀ ਦੁਨੀਆ ਵਿੱਚ ਕੌਮਾਂਤਰੀ ਮਾਤ-ਭਾਸ਼ਾ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਯੂ.ਐੱਨ.ਓ. ਨੇ 1999 ਨੂੰ ਇਹ ਮਤਾ ਪਾਸ ਕਰ ਦਿੱਤਾ। ਸਾਲ 2000 ਤੋਂ ਇੱਕੀ ਫਰਵਰੀ ਨੂੰ ਕੌਮਾਂਤਰੀ ਮਾਤ-ਭਾਸ਼ਾ ਦਿਵਸ ਮਨਾਇਆ ਜਾਣ ਲੱਗਿਆ।
ਲਗਪਗ ਸੋਲ਼ਾਂ ਕੁ ਸਾਲ ਪਹਿਲਾਂ ਦੀ ਯੂਨੈਸਕੋ ਦੀ ਇੱਕ ਰਿਪੋਰਟ ਬਹੁਤ ਚਰਚਾ ਵਿੱਚ ਹੈ। ਇਸ ਵਿੱਚ ਇਹ ਖਦਸ਼ਾ ਜ਼ਾਹਿਰ ਕੀਤਾ ਗਿਆ ਕਿ ਦੁਨੀਆ ਦੀਆਂ ਕੁਝ ਭਾਸ਼ਾਵਾਂ ਹੌਲੀ-ਹੌਲੀ ਮਰਨ ਕਿਨਾਰੇ ਵਧ ਰਹੀਆਂ ਹਨ ਜਦੋਂਕਿ ਕੁਝ ਭਾਸ਼ਾਵਾਂ ਕੁਝ ਸਾਲਾਂ ਵਿੱਚ ਹੀ ਖ਼ਤਮ ਹੋ ਜਾਣਗੀਆਂ। ਸਾਰੇ ਪਾਸੇ ਇਹ ਰੌਲ਼ਾ ਪੈ ਗਿਆ ਕਿ ਪੰਜਾਬੀ ਵੀ ਉਨ੍ਹਾਂ ਭਾਸ਼ਾਵਾਂ ਵਿੱਚ ਸ਼ਾਮਲ ਹੈ ਜਿਹੜੀਆਂ ਭਾਸ਼ਾਵਾਂ ਨੇ ਖ਼ਤਮ ਹੋ ਜਾਣਾ ਹੈ। ਇਹ ਗੱਲ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਯੂਨੈਸਕੋ ਵੱਲੋਂ ਅਜਿਹੀ ਕੋਈ ਸੂਚੀ ਤਿਆਰ ਨਹੀਂ ਕੀਤੀ ਗਈ ਜਿਸ ਵਿੱਚ ਪੰਜਾਬੀ ਭਾਸ਼ਾ ਦੇ ਖ਼ਤਮ ਹੋ ਜਾਣ ਦੀ ਗੱਲ ਕੀਤੀ ਹੋਵੇ। ਹਾਂ, ਉਨ੍ਹਾਂ ਨੇ ਕੁਝ ਆਧਾਰ ਦਿੱਤੇ ਹਨ ਕਿ ਕਿਹੜੀ ਭਾਸ਼ਾ ਨੂੰ ਖ਼ਤਰਾ ਹੋ ਸਕਦਾ ਹੈ।
ਪਹਿਲੀ ਗੱਲ ਇਹ ਹੈ ਕਿ ਉਸ ਭਾਸ਼ਾ ਦੇ ਮਰ ਜਾਂ ਖ਼ਤਮ ਹੋ ਜਾਣ ਦਾ ਖ਼ਤਰਾ ਹੁੰਦਾ ਹੈ ਜਿਸ ਨੂੰ ਬੋਲਣ ਵਾਲਿਆਂ ਦੀ ਗਿਣਤੀ ਖ਼ਤਰਨਾਕ ਹੱਦ ਤੱਕ ਲਗਾਤਾਰ ਘਟ ਰਹੀ ਹੋਵੇ। ਅਜੋਕੇ ਸਮੇਂ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਚੌਦਾਂ ਕਰੋੜ ਦੇ ਲਗਪਗ ਹੈ। ਤਿੰਨ ਕਰੋੜ ਲੋਕ ਭਾਰਤੀ ਪੰਜਾਬ ਅਤੇ ਦਸ ਕਰੋੜ ਤੋਂ ਵੱਧ ਲੋਕ ਪਾਕਿਸਤਾਨ ਵਿੱਚ ਪੰਜਾਬੀ ਬੋਲਦੇ ਹਨ। ਆਸਟਰੇਲੀਆ, ਕੈਨੇਡਾ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ, ਕੀਨੀਆ, ਥਾਈਲੈਂਡ ਆਦਿ ਬਹੁਤ ਸਾਰੇ ਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਲੋਕ ਵੀ ਪੰਜਾਬੀ ਭਾਸ਼ਾ ਬੋਲਦੇ ਹਨ।
ਦੂਜੀ ਗੱਲ ਇਹ ਹੈ ਕਿ ਕੀ ਉਸ ਭਾਸ਼ਾ ਦੀ ਆਪਣੀ ਕੋਈ ਲਿੱਪੀ ਹੈ? ਪੰਜਾਬੀ ਭਾਸ਼ਾ ਚੜ੍ਹਦੇ (ਭਾਰਤੀ) ਪੰਜਾਬ ਵਿੱਚ ਗੁਰਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ। ਲਹਿੰਦੇ (ਪਾਕਿਸਤਾਨੀ) ਪੰਜਾਬ ਵਿੱਚ ਸ਼ਾਹਮੁਖੀ ਲਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ। ਅੰਗਰੇਜ਼ਾਂ ਨੇ ਪੰਜਾਬ ਉੱਤੇ 1849 ਵਿੱਚ ਕਬਜ਼ਾ ਕਰਨ ਮਗਰੋਂ ਪੰਜਾਬੀ ਭਾਸ਼ਾ ਨੂੰ ਰੋਮਨ ਲਿੱਪੀ ਵਿੱਚ ਲਿਖ ਕੇ ਸਫ਼ਲ ਤਜਰਬੇ ਕੀਤੇ। ਕੁਝ ਲੋਕ ਪੰਜਾਬੀ ਭਾਸ਼ਾ ਨੂੰ ਦੇਵਨਾਗਰੀ ਲਿੱਪੀ ਵਿੱਚ ਵੀ ਲਿਖ ਲੈਂਦੇ ਹਨ।
ਤੀਜੀ ਗੱਲ ਇਹ ਹੈ ਕਿ ਪੰਜਾਬੀ ਕੋਈ ਨਵੀਂ ਭਾਸ਼ਾ ਨਹੀਂ ਹੈ। ਜੇਕਰ ਅੰਗਰੇਜ਼ੀ ਭਾਸ਼ਾ ਦਾ ਆਰੰਭ ਚੌਦਵੀਂ ਸਦੀ ਵਿੱਚ ਚੌਸਰ ਨਾਂ ਦੇ ਕਵੀ ਤੋਂ ਹੁੰਦਾ ਹੈ ਤਾਂ ਪੰਜਾਬੀ ਭਾਸ਼ਾ ਨੂੰ ਅੱਠਵੀਂ-ਨੌਵੀਂ ਸਦੀ ਵਿੱਚ ਗੋਰਖ ਨਾਥ ਨੇ ਲਿਖਣਾ ਸ਼ੁਰੂ ਕਰ ਦਿੱਤਾ ਸੀ। ਬਾਰ੍ਹਵੀਂ ਸਦੀ ਵਿੱਚ ਤਾਂ ਪੰਜਾਬੀ ਨੂੰ ਇਸ ਦੇ ਸਿਰਮੌਰ ਕਵੀ ਸ਼ੇਖ਼ ਫ਼ਰੀਦ ਜੀ ਨੇ ਆਪਣੇ ਸਲੋਕਾਂ ਅਤੇ ਸ਼ਬਦਾਂ ਰਾਹੀਂ ਬੁਲੰਦੀਆਂ ਉੱਤੇ ਪਹੁੰਚਾ ਦਿੱਤਾ। ਪੰਜਾਬੀ ਭਾਸ਼ਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ, ਵਾਰਿਸ ਦੀ ਹੀਰ, ਸੂਫ਼ੀਆਂ ਦੀ ਸ਼ਾਇਰੀ ਅਤੇ ਹੋਰ ਸ਼ਾਹਕਾਰ ਰਚਨਾਵਾਂ ਵੀ ਉਪਲਬਧ ਹਨ। ਹੁਣ ਤਾਂ ਚੜ੍ਹਦੇ ਪੰਜਾਬ ਵਿੱਚ ਇਹ ਰਾਜ ਭਾਸ਼ਾ ਦਾ ਦਰਜਾ ਵੀ ਗ੍ਰਹਿਣ ਕਰ ਚੁੱਕੀ ਹੈ। ਇਹ ਵਿੱਦਿਆ ਦਾ ਮਾਧਿਅਮ ਵੀ ਹੈ। ਇਸ ਦੇ ਬਾਵਜੂਦ ਜੇਕਰ ਪੰਜਾਬੀ ਭਾਸ਼ਾ ਦੇ ਮਰ ਮੁੱਕ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ ਤਾਂ ਫ਼ਿਕਰਮੰਦੀ ਵਾਲੀ ਗੱਲ ਹੈ।
ਪੰਜਾਬੀ ਭਾਸ਼ਾ ਨੂੰ ਬਾਹਰੋਂ ਅਜੇ ਕੋਈ ਖ਼ਤਰਾ ਨਹੀਂ ਭਾਸਦਾ। ਹਾਂ, ਇਹ ਜ਼ਰੂਰ ਹੈ ਕਿ ਪੰਜਾਬ ਵਿੱਚ ਪੰਜਾਬੀ ਬੋਲਣ ਵਾਲਿਆਂ ਅੰਦਰ ਹੀਣ ਭਾਵਨਾ ਘਰ ਕਰ ਰਹੀ ਹੈ। ਮਾਪੇ ਘਰਾਂ ਵਿੱਚ ਪੰਜਾਬੀ ਬੋਲਣ ਦੀ ਥਾਂ ਅੰਗਰੇਜ਼ੀ ਅਤੇ ਹਿੰਦੀ ਵੱਲ ਝੁਕਾਅ ਰੱਖਣ ਲੱਗੇ ਹਨ। ਇਸ ਦਾ ਵੱਡਾ ਕਾਰਨ ਰੁਜ਼ਗਾਰ ਪ੍ਰਾਪਤੀ ਹੈ। ਰੁਜ਼ਗਾਰ ਦੇ ਸੰਦਰਭ ਵਿੱਚ ਇਸ ਵੇਲੇ ਕੌਮਾਂਤਰੀ ਪੱਧਰ ਦੀਆਂ ਸਰਕਾਰਾਂ ਅਤੇ ਕਾਰਪੋਰਟਾਂ ਨੇ ਆਪਣੀ ਸਹੂਲਤ ਲਈ ਅੰਗਰੇਜ਼ੀ ਭਾਸ਼ਾ ਨੂੰ ਤਰਜੀਹ ਦਿੱਤੀ ਹੋਈ ਹੈ। ਇਸੇ ਲਈ ਪੰਜਾਬ ਰਹਿੰਦੇ ਮਾਪੇ ਆਪਣੇ ਬੱਚਿਆਂ ਨੂੰ ਪੰਜਾਬੀ ਦੀ ਥਾਂ ਅੰਗਰੇਜ਼ੀ ਸਿਖਾਉਣ ਲੱਗੇ ਹਨ। ਜੇਕਰ ਜੜ੍ਹ ਹੀ ਸੁੱਕ ਗਈ ਤਾਂ ਪੱਤਿਆਂ, ਟਾਹਣੀਆਂ, ਤਣੇ ਉੱਤੇ ਪਾਣੀ ਦਾ ਛਿੜਕਾਅ ਕਰਨ ਦਾ ਕੋਈ ਲਾਭ ਨਹੀਂ ਹੋਣਾ। ਇਹੋ ਇੱਕੋ ਇੱਕ ਹਕੀਕੀ ਖ਼ਤਰਾ ਹੈ। ਜੇਕਰ ਮਾਪਿਆਂ, ਬੱਚਿਆਂ, ਨਵੀਂ ਪੀੜ੍ਹੀ ਵਿੱਚ ਇਹੋ ਰੁਝਾਨ ਜਾਰੀ ਰਿਹਾ ਤਾਂ ਪੰਜਾਬੀ ਭਾਸ਼ਾ ਨੂੰ ਖ਼ਤਰਾ ਹੋ ਸਕਦਾ ਹੈ।
ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਇੱਕੀ ਫਰਵਰੀ ਨੂੰ ਬਹੁਤ ਸਾਰੇ ਪ੍ਰੋਗਰਾਮ ਕੀਤੇ ਜਾਂਦੇ ਹਨ। ਪੰਜਾਬੀ ਭਾਸ਼ਾ ਸਬੰਧੀ ਵਿਚਾਰਾਂ ਕੀਤੀਆਂ ਜਾਂਦੀਆਂ ਹਨ। ਕੌਮਾਂਤਰੀ ਮਾਤ ਭਾਸ਼ਾ ਦਿਵਸ ਸਿਰਫ਼ ਇੱਕ ਦਿਨ ਮਨਾ ਕੇ ਖ਼ਤਮ ਹੋਣ ਵਾਲਾ ਕਾਰਜ ਨਹੀਂ ਹੈ। ਇਸ ਨੂੰ ਮਹਿਜ਼ ਰਸਮ ਬਣਾ ਕੇ ਇੱਕੀ ਫਰਵਰੀ ਨੂੰ ਕੋਈ ਜਲੂਸ ਕੱਢ ਕੇ ‘ਮਾਂ ਬੋਲੀ ਜੇ ਭੁੱਲ ਜਾਓਗੇ, ਕੱਖਾਂ ਵਾਂਗੂੰ ਰੁਲ ਜਾਓਗੇ’ ਜਿਹੇ ਨਾਅਰੇ ਲਾ; ਜਾਂ ਕਿਸੇ ਵਿਦਵਾਨ ਨੂੰ ਬੁਲਾ ਕੇ ਕੋਈ ਭਾਸ਼ਣ ਕਰਾ; ਜਾਂ ਕਿਸੇ ਸਾਹਿਤਕਾਰ, ਕਵੀ ਨੂੰ ਸੱਦ ਕੇ ਉਸ ਦੀਆਂ ਕਹਾਣੀਆਂ, ਕਵਿਤਾਵਾਂ ਸੁਣ ਕੇ ਇਹ ਸੋਚਣ ਲੱਗ ਪਵੋ ਕਿ ਇਸ ਢੰਗ ਨਾਲ ਪੰਜਾਬੀ ਭਾਸ਼ਾ ਦਾ ਵਿਕਾਸ ਹੋ ਜਾਵੇਗਾ ਤਾਂ ਅਸੀਂ ਬਹੁਤ ਵੱਡੇ ਭੁਲੇਖੇ ਦਾ ਸ਼ਿਕਾਰ ਹੋ ਰਹੇ ਹੋਵਾਂਗੇ। ਇਹ ਸਭ ਕੁਝ ਕਰਨ ਨਾਲ ਪੰਜਾਬੀ ਭਾਸ਼ਾ ਦਾ ਵਿਕਾਸ ਨਹੀਂ ਹੋਵੇਗਾ।
ਦਰਅਸਲ, ਪੰਜਾਬੀ ਭਾਸ਼ਾ ਦਾ ਵਿਕਾਸ ਕਰਨ ਲਈ ਲੰਮੀ ਵਿਉਂਤਬੰਦੀ ਕਰਨ ਦੀ ਲੋੜ ਹੈ। ਪੰਜਾਬ ਵਿੱਚ ਚੱਲਦੇ ਸਾਰੇ ਸਰਕਾਰੀ, ਅਰਧ-ਸਰਕਾਰੀ, ਕੌਨਵੈਂਟ, ਮਾਡਲ, ਪਬਲਿਕ, ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਇੱਕ ਵਿਸ਼ੇ ਵਜੋਂ ਪੜ੍ਹਾਈ ਜਾਣੀ ਚਾਹੀਦੀ ਹੈ। ਬੇਸ਼ੱਕ 2008 ਦਾ ਭਾਸ਼ਾ ਐਕਟ ਇਹ ਕਹਿੰਦਾ ਹੈ ਕਿ ਪੰਜਾਬੀ ਭਾਸ਼ਾ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਲਾਜ਼ਮੀ ਤੌਰ ਉੱਤੇ ਪੜ੍ਹਾਈ ਜਾਵੇਗੀ। ਪਰ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੀਆਂ ਚੋਰ-ਮੋਰੀਆਂ ਰਾਹੀਂ ਇਸ ਤੋਂ ਬਚਿਆ ਜਾ ਰਿਹਾ ਹੈ। ਇਸੇ ਕਰਕੇ ਪੰਜਾਬੀ ਦੇ ਹਰਮਨ ਪਿਆਰੇ ਕਵੀ ਡਾ. ਸੁਰਜੀਤ ਪਾਤਰ ਜੀ ਨੂੰ ਲਿਖਣਾ ਪਿਆ:
ਸਭ ਚੀਂ ਚੀਂ ਕਰਦੀਆਂ ਚਿੜੀਆਂ ਦਾ/ ਸਭ ਕਲ ਕਲ ਕਰਦੀਆਂ ਨਦੀਆਂ ਦਾ/ ਸਭ ਸ਼ਾਂ ਸ਼ਾਂ ਕਰਦੇ ਬਿਰਖਾਂ ਦਾ,
ਆਪਣਾ ਹੀ ਤਰਾਨਾ ਹੁੰਦਾ ਹੈ।/ ਪਰ ਸੁਣਿਆ ਹੈ ਇਸ ਧਰਤੀ ਤੇ/ ਇੱਕ ਐਸਾ ਦੇਸ ਵੀ ਹੈ/ ਜਿਸ ਅੰਦਰ ਬੱਚੇ ਜੇ ਆਪਣੀ ਮਾਂ ਬੋਲੀ ਬੋਲਣ/ ਜੁਰਮਾਨਾ ਹੁੰਦਾ ਹੈ।
ਇਹ ਜੁਰਮਾਨਿਆਂ ਵਾਲੀ ਗੱਲ ਸਖ਼ਤੀ ਨਾਲ ਬੰਦ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਪੰਜਾਬੀ ਸਿਰਫ਼ ਇੱਕ ਵਿਸ਼ੇ ਵਜੋਂ ਹੀ ਨਹੀਂ ਪੜ੍ਹਾਉਣੀ ਚਾਹੀਦੀ ਸਗੋਂ ਸਾਰੇ ਵਿਸ਼ੇ ਪੰਜਾਬੀ ਮਾਧਿਅਮ ਵਿੱਚ ਪੜ੍ਹਾਏ ਜਾਣੇ ਚਾਹੀਦੇ ਹਨ। ਸਿੱਖਿਆ ਦਾ ਮਾਧਿਅਮ ਪੰਜਾਬੀ ਹੋਣ ਨਾਲ ਹੀ ਪੰਜਾਬੀ ਭਾਸ਼ਾ ਦਾ ਵਿਕਾਸ ਹੋਵੇਗਾ। ਜਦੋਂ ਤੱਕ ਅਦਾਲਤੀ ਭਾਸ਼ਾ ਪੰਜਾਬੀ ਨਹੀਂ ਹੁੰਦੀ, ਉਦੋਂ ਤੱਕ ਪੰਜਾਬੀ ਭਾਸ਼ਾ ਦਾ ਵਿਕਾਸ ਨਹੀਂ ਹੋ ਸਕਦਾ।
ਪੰਜਾਬ ਵਿੱਚ ਭਰੀਆਂ ਜਾਂਦੀਆਂ ਅਸਾਮੀਆਂ ਲਈ ਸਿਰਫ਼ ਇਮਤਿਹਾਨ ਹੀ ਪੰਜਾਬੀ ਭਾਸ਼ਾ ਵਿੱਚ ਨਹੀਂ ਹੋਣਾ ਚਾਹੀਦਾ ਸਗੋਂ ਇਮਤਿਹਾਨ ਦਾ ਮਾਧਿਅਮ ਵੀ ਪੰਜਾਬੀ ਹੋਣਾ ਚਾਹੀਦਾ ਹੈ। ਉਸ ਦਾ ਵਿਸ਼ਾ ਵਸਤੂ, ਤੱਤ ਸਾਰ ਆਦਿ ਵੀ ਪੰਜਾਬੀ ਭਾਸ਼ਾ, ਕਲਾ, ਸਾਹਿਤ, ਲੋਕ ਸਾਹਿਤ, ਸਭਿਆਚਾਰ ਨਾਲ ਸਬੰਧਿਤ ਹੋਣਾ ਚਾਹੀਦਾ ਹੈ।
ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਪੰਜਾਬ ਸੂਬੇ ਵਿੱਚ ਕੋਈ ਵੀ ਅਦਾਰਾ ਓਨੀ ਦੇਰ ਤੱਕ ਆਪਣਾ ਕੰਮ-ਕਾਜ ਸ਼ੁਰੂ ਨਾ ਕਰ ਸਕੇ ਜਿੰਨੀ ਦੇਰ ਤੱਕ ਉਹ ਆਪਣੇ ਅਦਾਰੇ ਦਾ ਸਾਰਾ ਕੰਮ-ਕਾਜ ਪੰਜਾਬੀ ਭਾਸ਼ਾ ਵਿੱਚ ਕਰਨਾ ਯਕੀਨੀ ਨਹੀਂ ਬਣਾਉਂਦਾ।
ਸਾਰੇ ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਵਿੱਚ ਸਾਰਾ ਕੰਮ-ਕਾਜ ਪੰਜਾਬੀ ਭਾਸ਼ਾ ਵਿੱਚ ਹੀ ਹੋਣਾ ਚਾਹੀਦਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਨ ਸਬੰਧੀ ਜਾਰੀ ਕੀਤੀਆਂ ਜਾਂਦੀਆਂ ਚਿੱਠੀਆਂ ਵੀ ਕਈ ਵਾਰ ਅੰਗਰੇਜ਼ੀ ਭਾਸ਼ਾ ਵਿੱਚ ਹੁੰਦੀਆਂ ਹਨ। ਇਸ ਪਾਸੇ ਵੀ ਬਹੁਤ ਗੰਭੀਰਤਾ ਅਤੇ ਸੁਹਿਰਦਤਾ ਨਾਲ ਕੰਮ ਕਰਨ ਦੀ ਲੋੜ ਹੈ।
ਪੰਜਾਬ ਸਰਕਾਰ ਨੇ ਇੱਕ ਚਿੱਠੀ ਜਾਰੀ ਕੀਤੀ ਹੈ ਕਿ ਇੱਕੀ ਫਰਵਰੀ ਤੱਕ ਪੰਜਾਬ ਵਿੱਚ ਚੱਲ ਰਹੇ ਸਾਰੇ ਅਦਾਰੇ, ਦਫ਼ਤਰ, ਬੋਰਡ, ਸਕੂਲਾਂ, ਕਾਲਜਾਂ, ਦੁਕਾਨਾਂ ਆਦਿ ਦੇ ਬੋਰਡ ਪੰਜਾਬੀ ਵਿੱਚ ਹੋਣੇ ਚਾਹੀਦੇ ਹਨ। ਪੰਜਾਬ ਸਰਕਾਰ ਦਾ ਇਹ ਫ਼ੈਸਲਾ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਹੁਤ ਜ਼ਿਆਦਾ ਸਹਾਇਕ ਸਿੱਧ ਹੋ ਸਕਦਾ ਹੈ। ਅਜਿਹੇ ਫ਼ੈਸਲੇ ਅਮਲੀ ਰੂਪ ਵਿੱਚ ਲਾਗੂ ਹੋਣੇ ਚਾਹੀਦੇ ਹਨ। ਘਰਾਂ ਦੇ ਬਾਹਰ ਲੱਗੀਆਂ ਤਖ਼ਤੀਆਂ, ਸਾਈਨ ਬੋਰਡ, ਦੁਕਾਨਾਂ ਦੇ ਬਾਹਰ ਲਿਖੇ ਨਾਮ ਪੰਜਾਬੀ ਭਾਸ਼ਾ ਵਿੱਚ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰ ਕੇ ਹੀ ਇਸ ਪਾਸੇ ਲਾਇਆ ਜਾ ਸਕਦਾ ਹੈ। ਇਸ ਮਕਸਦ ਦੀ ਪੂਰਤੀ ਹਿੱਤ ਸਰਕਾਰ ਰੇਡੀਓ, ਟੈਲੀਵਿਜ਼ਨ, ਪ੍ਰਾਈਵੇਟ ਚੈਨਲਾਂ, ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਆਦਿ ਉੱਤੇ ਇਸ਼ਤਿਹਾਰ ਦੇ ਕੇ ਸੋਹਣਾ ਕਾਰਜ ਕਰ ਸਕਦੀ ਹੈ। ਦੂਜੀ ਗੱਲ ਇਹ ਹੈ ਕਿ ਪੰਜਾਬੀ ਪ੍ਰੇਮੀ ਅਤੇ ਸਾਹਿਤਕਾਰ ਆਪਣੇ ਘਰਾਂ, ਆਂਢ-ਗੁਆਂਢ, ਮੁਹੱਲੇ ਤੇ ਇਲਾਕੇ ਵਿੱਚ ਸਭ ਲੋਕਾਂ ਨੂੰ ਪ੍ਰੇਰਿਤ ਕਰ ਕੇ ਉਨ੍ਹਾਂ ਦੇ ਮਨਾਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਅਤੇ ਜਾਗਰੂਕਤਾ ਪੈਦਾ ਕਰਨ ਦੇ ਯਤਨ ਕਰਨ।
ਇਹ ਸਹੀ ਹੈ ਕਿ ਰਾਜ ਸੱਤਾ ’ਤੇ ਕਾਬਜ਼ ਧਿਰ ਦੀ ਭਾਸ਼ਾ ਹੀ ਵਧਦੀ ਫੁਲਦੀ ਹੈ। ਇਤਿਹਾਸਕ ਤੱਥ ਹੈ ਕਿ ਮੁਗ਼ਲ ਹਕੂਮਤ ਸਮੇਂ ਸਾਡੇ ਮੁਲਕ ਵਿੱਚ ਫ਼ਾਰਸੀ ਪ੍ਰਧਾਨ ਹੋ ਗਈ ਸੀ। ਜਦੋਂ ਅੰਗਰੇਜ਼ਾਂ ਨੇ ਆਪਣਾ ਰਾਜ ਕਾਇਮ ਕਰ ਲਿਆ ਤਾਂ ਅੰਗਰੇਜ਼ੀ ਭਾਸ਼ਾ ਦਾ ਬੋਲਬਾਲਾ ਹੋ ਗਿਆ। ਹੁਣ ਅੰਗਰੇਜ਼ਾਂ ਦੇ ਚਲੇ ਜਾਣ ਮਗਰੋਂ ਜੇਕਰ ਪੰਜਾਬ ਵਿੱਚ ਪੰਜਾਬੀਆਂ ਦਾ ਰਾਜ ਹੈ ਤਾਂ ਪੰਜਾਬੀ ਭਾਸ਼ਾ ਪੂਰੀ ਤਰ੍ਹਾਂ ਲਾਗੂ ਕਿਉਂ ਨਹੀਂ ਹੋਈ?
ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ ਦੀ ਲੋੜ ਹੈ। ਜਿੱਥੋਂ ਤੱਕ ਪੰਜਾਬ ਵਿੱਚ ਰੁਜ਼ਗਾਰ ਹਾਸਲ ਕਰਨ ਦੀ ਗੱਲ ਹੈ, ਯੋਗਤਾ ਪ੍ਰਾਪਤ ਵਿਦਿਆਰਥੀਆਂ ਦੀ ਪਰਖ ਕਰਨ ਲਈ ਪੰਜਾਬੀ ਵਿਸ਼ੇ ਦਾ ਪੇਪਰ ਪਾਸ ਕਰਨਾ ਲਾਜ਼ਮੀ ਹੈ। ਇਸ ਦੇ ਨਾਲ ਹੀ ਵਿਦਿਆਰਥੀ ਦਾ ਬੌਧਿਕ ਮਿਆਰ ਪਰਖਣ ਲਈ ਪੰਜਾਬੀ ਮਾਧਿਅਮ ਵਿੱਚ ਪੰਜਾਬੀ ਸਾਹਿਤ, ਭਾਸ਼ਾ, ਕਲਾ, ਲੋਕ ਸਾਹਿਤ, ਸਭਿਆਚਾਰ ਸਬੰਧੀ ਵੀ ਪੰਜਾਬੀ ਦਾ ਪੇਪਰ ਪਾਸ ਕਰਨਾ ਲਾਜ਼ਮੀ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਪੰਜਾਬੀ ਭਾਸ਼ਾ ਤਰੱਕੀ ਕਰੇਗੀ।
ਜਿਹੜਾ ਵੀ ਵਿਅਕਤੀ ਪੰਜਾਬ ਵਿੱਚ ਰੁਜ਼ਗਾਰ ਲਈ ਕੋਈ ਸਨਅਤੀ ਇਕਾਈ ਸਥਾਪਤ ਕਰਨਾ ਚਾਹੇ, ਉਸ ਦੀ ਸਾਰੀ ਇਸ਼ਤਿਹਾਰਬਾਜ਼ੀ ਅਤੇ ਉਸ ਦੇ ਦਫ਼ਤਰ ਦਾ ਸਾਰਾ ਕੰਮ-ਕਾਜ ਪੰਜਾਬੀ ਭਾਸ਼ਾ ਵਿੱਚ ਹੀ ਹੋਵੇ। ਆਪਣੀ ਫਰਮ ਦਾ ਬਣਿਆ ਸਾਮਾਨ ਹੋਰ ਸੂਬਿਆਂ ਜਾਂ ਵਿਦੇਸ਼ਾਂ ਵਿੱਚ ਭੇਜਣਾ ਹੈ ਤਾਂ ਉਹਦੇ ਲਈ ਅਨੁਵਾਦਕ ਰੱਖੇ ਜਾ ਸਕਦੇ ਹਨ। ਉਨ੍ਹਾਂ ਨੂੰ ਚਿੱਠੀ ਪੱਤਰ ਦਾ ਅਨੁਵਾਦ ਭੇਜਿਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਪੰਜਾਬ ਵਿੱਚ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋਣਗੇ।
ਮਾਤਾ ਭਾਸ਼ਾ ਸਬੰਧੀ ਵੀਚਾਰਾਂ ਕਰਨੀਆਂ ਭਾਵੁਕਤਾ ਨਹੀਂ ਸਗੋਂ ਬੌਧਿਕਤਾ ਹੈ। ਕਿਸੇ ਵੀ ਵਿਅਕਤੀ ਦਾ ਸੰਪੂਰਨ ਵਿਕਾਸ ਮਾਤ ਭਾਸ਼ਾ ਰਾਹੀਂ ਹੀ ਸੰਭਵ ਹੋ ਸਕਦਾ ਹੈ। ਮਾਤ ਭਾਸ਼ਾ ਰਾਹੀਂ ਹਾਸਲ ਕੀਤਾ ਗਿਆਨ ਮਨੁੱਖ ਦੀ ਸ਼ਖ਼ਸੀਅਤ ਅਤੇ ਬੌਧਿਕਤਾ ਨੂੰ ਪ੍ਰਫੁੱਲਿਤ ਕਰਦਾ ਹੈ।
ਸੰਸਾਰ ਭਰ ਦੇ ਸਿੱਖਿਆ ਸ਼ਾਸਤਰੀਆਂ ਅਤੇ ਮਨੋਵਿਗਿਆਨੀਆਂ ਨੇ ਇਹ ਸਿੱਟਾ ਕੱਢਿਆ ਹੈ ਕਿ ਮਨੁੱਖ ਆਪਣੀ ਮਾਤ ਭਾਸ਼ਾ ਵਿੱਚ ਹੀ ਆਪਣੇ ਮਨ ਦੇ ਭਾਵ ਵਧੀਆ ਢੰਗ ਨਾਲ ਪ੍ਰਗਟਾਅ, ਉਚੇਰੀਆਂ ਬੌਧਿਕ ਪ੍ਰਾਪਤੀਆਂ, ਦੂਜਿਆਂ ਨਾਲ ਸੰਵਾਦ ਅਤੇ ਤਰਕ ਕਰ ਸਕਦਾ ਹੈ।
ਇਹ ਵੀ ਇੱਕ ਹੈਰਾਨੀਜਨਕ ਤੱਥ ਹੈ ਕਿ ਭਾਰਤ ਆਬਾਦੀ ਪੱਖੋਂ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਪਰ ਇਸ ਨੂੰ ਨੋਬੇਲ ਪੁਰਸਕਾਰ ਬਹੁਤ ਘੱਟ ਮਿਲੇ ਹਨ। ਦੂਜੇ ਪਾਸੇ ਜਪਾਨ, ਫਰਾਂਸ, ਸਵਿਟਜ਼ਰਲੈਂਡ ਆਦਿ ਬਹੁਤ ਛੋਟੇ ਦੇਸ਼ ਹਨ, ਪਰ ਉਨ੍ਹਾਂ ਨੂੰ ਮਿਲੇ ਨੋਬੇਲ ਪੁਰਸਕਾਰਾਂ ਦੀ ਗਿਣਤੀ ਬਹੁਤ ਵੱਡੀ ਹੈ। ਇਸ ਦਾ ਕਾਰਨ ਇਹ ਹੈ ਕਿ ਉੱਥੋਂ ਦੇ ਲੋਕ ਆਪਣੇ ਬੱਚਿਆਂ ਨੂੰ ਆਪਣੇ ਦੇਸ਼ ਦੀ ਭਾਸ਼ਾ ਵਿੱਚ ਹੀ ਸਿੱਖਿਆ ਦਿੰਦੇ ਹਨ। ਪੰਜਾਬ ਵਿੱਚ ਮੌਲਿਕ ਸੋਚਣੀ ਦੀ ਘਾਟ, ਬੌਧਿਕ ਕੰਗਾਲੀ ਦਾ ਇਹ ਵੀ ਇੱਕ ਕਾਰਨ ਹੈ ਕਿ ਅਸੀਂ ਆਪਣੀ ਮਾਤ ਭਾਸ਼ਾ ਤੋਂ ਟੁੱਟਦੇ ਜਾ ਰਹੇ ਹਾਂ।
ਮਾਤ ਭਾਸ਼ਾ ਇਨਸਾਨ ਦੇ ਭਾਵਨਾਤਮਕ ਸੰਸਾਰ ਨੂੰ ਤ੍ਰਿਪਤ ਕਰਦੀ ਅਤੇ ਉਸ ਦੀਆਂ ਬੌਧਿਕ ਉਡਾਰੀਆਂ ਨੂੰ ਸਿੰਜਦੀ ਹੈ। ਇੱਕ ਸੰਪੂਰਨ ਮਨੁੱਖ ਦੀ ਉਸਾਰੀ ਵਿੱਚ ਮਾਤ ਭਾਸ਼ਾ ਦਾ ਬਹੁਤ ਵੱਡਾ ਯੋਗਦਾਨ ਹੈ।
ਸੰਪਰਕ: 84276-85020

ਮੇਰੀ ਮਾਂ ਦੀ ਬੋਲੀ

ਮੇਰੀ ਮਾਂ ਦੀ ਬੋਲੀ
ਜੋ ਮਾਂ
ਕਦੇ ਨਾ ਬੋਲੀ
ਦਿਲ ਦੀ ਕੁੰਡੀ
ਜੋ ਉਸ
ਕਦੇ ਨਾ ਖੋਲ੍ਹੀ।

ਲਾਜ ਰੱਖਦੀ
ਬਾਬਲ ਦੀ ਪੱਗ ਦੀ
ਵੀਰਾਂ ਮੂਹਰੇ
ਕਦੇ ਨਾ ਬੋਲੀ
ਸਾਈਂ ਦੇ ਵਿਹੜੇ ਦੀ
ਫਿਰ ਸਾਂਭੀ ਵੰਸ਼ਾਵਲੀ
ਧੀਆਂ, ਪੁੱਤਰਾਂ, ਨੂੰਹਾਂ
ਪੋਤੇ-ਪੋਤਰੀਆਂ
ਦੋਹਤੇ-ਦੋਹਤਰੀਆਂ ਵਾਲੀ।

ਕਿਰਦੀ ਕਿਰਦੀ...
ਕਿਰ ਗਈ ਫਿਰ
ਮਾਂ ਮੇਰੀ
ਬਿਨ ਬੋਲੇ ਹੀ
ਆਪਣੇ ਦਿਲ ਦੀ ਬੋਲੀ।
ਮੇਰੀ ਮਾਂ ਦੀ ਬੋਲੀ
ਜੋ ਮਾਂ
ਕਦੇ ਨਾ ਬੋਲੀ
ਦਿਲ ਦੀ ਕੁੰਡੀ
ਜੋ ਉਸ
ਕਦੇ ਨਾ ਖੋਲ੍ਹੀ।
- ਰੰਜੀਵਨ ਸਿੰਘ
ਸੰਪਰਕ: 98150-68816

Advertisement
Author Image

Advertisement
Advertisement
×