ਮੇਰਾ ਟਿਕਾਣਾ
ਗ ਸ ਨਕਸ਼ਦੀਪ ਪੰਜਕੋਹਾ
ਰੁੱਖ ਤੋਂ ਟੁੱਟਿਆ ਪੱਤਾ ਹਾਂ ਮੈਂ, ਨਾ ਹੁਣ ਜਾਣਾ ਕੀ ਏ ਟਿਕਾਣਾ ਮੇਰਾ
ਮੇਰਿਆਂ ਨੂੰ ਹੀ ਅੱਖਰ ਗਿਆ ਹੈ, ਕਿਉਂ ਘਰ ਉਨ੍ਹਾਂ ਦੇ ਆਣਾ ਮੇਰਾ
ਮੈਂ ਵਗਦੀ ਹਵਾ ਦੇ ਵਰਗਾ, ਮੈਂ ਹਾਂ ਧੁੱਪ ਛਾਂ ਦੇ ਨਿੱਘ ’ਚ ਲਿਪਟਿਆ
ਮੇਰੇ ਅੰਦਰ ਜਗ ਦੀਆਂ ਸੁੱਖਾਂ, ਨਾ ਵੇਖਣਾ ਤੁਸੀਂ ਇਹ ਬਾਣਾ ਮੇਰਾ।
ਖੇਡ ਜ਼ਿੰਦਗੀ ਦੀ ਖੇਡ ਲਈ ਏ, ਕਦੇ ਜਿੱਤ ਮਿਲੀ ਕਦੇ ਹਾਰ ਮਿਲੀ
ਭੀੜ ਦਾ ਹਿੱਸਾ ਮੈਂ ਨਹੀਂ ਬਣਿਆ, ਕਿਹਨੂੰ ਦੁਖਣਾ ਏਥੋਂ ਜਾਣਾ ਮੇਰਾ?
ਮੇਰੀ ਲੈ ਜਾਣਗੇ ਸੀਵਿਆਂ ਨੂੰ ਅਰਥੀ, ਇਹੋ ਰਸਤਾ ਹੁੰਦਾ ਸਭਨਾਂ ਦਾ
ਕੀ ਜਾਣੇਗਾ ਦੱਸੋ ਕੀ ਸਮਝੇਗਾ, ਬਿਨ ਸਾਹੋਂ ਇਹ ਤਨ ਪੁਰਾਣਾ ਮੇਰਾ!
ਧੱਕੇ ਤੇ ਹੇਰਾ ਫੇਰੀ ਤੋਂ ਅੱਕ ਅੱਕ ਕੇ, ਮੈਂ ਜੰਗ ਤਾਂ ਛੇੜ ਲਈ ਹੈ ਹੁਣ
ਮੌਤ ਨਾਲ ਪਿਆਰ ਪਾ ਲਿਆ ਹੈ, ਦੱਸੋ ਕੀ ਕਰੇਗਾ ਜਰਵਾਣਾ ਮੇਰਾ
ਮੁੜ੍ਹਕੇ ਦੀ ਖੁਸ਼ਬੂ ਵਿੱਚ ਉੱਗਕੇ, ਮੁੜ੍ਹਕੇ ਨੂੰ ਹੀ ਹੈ ਧਰਮ ਬਣਾ ਲਿਆ
ਟੀਸੀ ’ਤੇ ਮੇਰਾ ਹੱਕ ਨਿਸ਼ਾਨਾ, ਹੁਣ ਕੰਮ ਹੈ ਉਹਨੂੰ ਹਥਿਆਣਾ ਮੇਰਾ।
ਉਹ ਮਿਥਲ ਕੇ ਧਰ ਦਿੱਤੇ, ਜਿਨ੍ਹਾਂ ਨੇ ਵੀ ਕਦੇ ਗੱਲ ਕੀਤੀ ਹੱਕਾਂ ਦੀ
ਬੇਵੱਸ ਹੋ ਤਰਕਸ਼ ਚੁੱਕਿਆ ਹੁਣ, ਕਿਉਂ ਚੁੱਭਦਾ ਤਰਕਸ਼ ਚਲਾਣਾ ਮੇਰਾ?
ਜੋ ਆਖਿਆ ਉਨ੍ਹਾਂ ਨੇ ਉਹੋ ਮੰਨਿਆ, ਆਪਣੀ ਅੰਹਿ ਨੂੰ ਮੈਂ ਪਾਸੇ ਕਰਕੇ
ਪਰ ਉਹ ਖੁਸ਼ ਨਾ ਹੋਏ ਗਿਆ ਐਵੇਂ ਹੀ, ਆਪਣਾ ਆਪ ਗਵਾਣਾ ਮੇਰਾ।
ਸਾਨੂੰ ਦਾਅਵੇ ਨਾਲ ਜੋ ਸੀ ਆਂਹਦੇ, ਅਸੀਂ ਤਾਂ ਖੜ੍ਹਾਂਗੇ ਅੰਤ ਤੀਕ ਨਾਲੇ
ਨਜ਼ਰ ਨਹੀਂ ਆਏ ਜਦ ਉਨ੍ਹਾਂ ਤੱਕਿਆ, ਕੰਡਿਆ ਉੱਤੇ ਸਿਰਹਾਣਾ ਮੇਰਾ
ਨਾ ਕਿਸੇ ਤੋਂ ਮੰਗਿਆ ਕੁਝ ਮੈਂ, ਨਾ ਤੰਗ ਕਰਿਆ ਨਕਸ਼ਦੀਪ ਕਿਸੇ ਨੂੰ
ਫਿਰ ਕਿਉਂ ਚੁੱਭਦਾ ਖੱਬੀ ਖਾਨਾ ਨੂੰ, ਇਕੱਲ ਵਿੱਚ ਡੰਗ ਟਪਾਣਾ ਮੇਰਾ?