ਸਰਵੋਤਮ ਪ੍ਰਦਰਸ਼ਨ ਨਾਲ ਦੇਸ਼ ਨੂੰ ਤਗ਼ਮਾ ਦਿਵਾਉਣਾ ਮੇਰਾ ਟੀਚਾ: ਮੀਰਾਬਾਈ
ਨਵੀਂ ਦਿੱਲੀ, 27 ਜੂਨ
ਟੋਕੀਓ ਓਲੰਪਿਕ ਦੀ ਚਾਂਦੀ ਦਾ ਤਗ਼ਮਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ ਨੇ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਪੈਰਿਸ ਓਲੰਪਿਕ ਵਿੱਚ ਆਪਣੇ ਸਰਵੋਤਮ ਪ੍ਰਦਰਸ਼ਨ ਨਾਲ ਦੇਸ਼ ਨੂੰ ਇੱਕ ਹੋਰ ਤਗ਼ਮਾ ਦਿਵਾਉਣ ਦਾ ਟੀਚਾ ਮਿਥਿਆ ਹੈ। ਮੀਰਾਬਾਈ ਪੈਰਿਸ ਓਲੰਪਿਕ ਦੀ ਟਿਕਟ ਪੱਕੀ ਕਰਨ ਵਾਲੀ ਭਾਰਤੀ ਦੀ ਇਕਲੌਤੀ ਵੇਟਲਿਫਟਰ ਹੈ। 49 ਕਿਲੋ ਭਾਰਤ ਵਰਗ ਵਿੱਚ ਮੁਕਾਬਲਾ ਕਰਨ ਵਾਲੀ ਇਹ ਖਿਡਾਰਨ ਤਗ਼ਮੇ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਸੱਟ ਤੋਂ ਬਚਣ ਵੱਲ ਧਿਆਨ ਦੇ ਰਹੀ ਹੈ। ਤੀਜੀ ਵਾਰ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਦੀ ਤਿਆਰੀ ਕਰ ਰਹੀ ਮੀਰਾਬਾਈ ਨੇ ਸਾਈ (ਸਪੋਰਟਸ ਅਥਾਰਿਟੀ ਆਫ ਇੰਡੀਆ), ਆਈਓਸੀ (ਇੰਡੀਅਨ ਓਲੰਪਿਕ ਕਮੇਟੀ) ਅਤੇ ਭਾਰਤੀ ਵੇਟਲਿਫਟਰ ਫੈਡਰੇਸ਼ਨ (ਆਈਡਬਲਿਊਐੱਫ) ਵੱਲੋਂ ਕਰਵਾਈ ਗਈ ਆਨਲਾਈਨ ਪ੍ਰੈੱਸ ਕਾਨਫਰੰਸ ਨੂੰ ਪਟਿਆਲਾ ਤੋਂ ਸੰਬੋਧਨ ਕਰਦਿਆਂ ਕਿਹਾ, ‘‘ਪੈਰਿਸ ਲਈ ਮੈਂ ਉਤਸ਼ਾਹਿਤ ਹਾਂ ਪਰ ਥੋੜੀ ਘਬਰਾਹਟ ਅਤੇ ਤਣਾਅ ਵੀ ਹੈ। ਭਾਰਤ ਲਈ ਤਗ਼ਮਾ ਜਿੱਤਣ ਦਾ ਦਬਾਅ ਹੈ ਪਰ ਜੇ ਮੈਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਵਿੱਚ ਸਫਲ ਰਹੀ ਤਾਂ ਦੇਸ਼ ਲਈ ਤਗ਼ਮਾ ਜਿੱਤ ਸਕਦੀ ਹਾਂ।’’ -ਪੀਟੀਆਈ