For the best experience, open
https://m.punjabitribuneonline.com
on your mobile browser.
Advertisement

ਮੇਰੇ ਪਾਤਰ ਸੰਘਰਸਸ਼ੀਲ ਹੁੰਦੇ ਹਨ

08:23 AM Nov 26, 2023 IST
ਮੇਰੇ ਪਾਤਰ ਸੰਘਰਸਸ਼ੀਲ ਹੁੰਦੇ ਹਨ
Advertisement

ਰਿਪੁਦਮਨ ਸਿੰਘ ਰੂਪ

ਸੁਖ਼ਨ ਭੋਇੰ 37

ਮੈਂ ਕਵਿਤਾ, ਕਹਾਣੀ, ਨਾਵਲ, ਵਾਰਤਕ ਅਤੇ ਯਾਤਰਾ ਆਦਿ ਵਿਧਾਵਾਂ ਵਿਚ ਸਿਰਜਣਾ ਕਰ ਰਿਹਾ ਹਾਂ। ਮੈਂ ਕਦੇ ਲੇਖਕ ਬਣਨ ਬਾਰੇ ਨਹੀਂ ਸੀ ਸੋਚਿਆ। ਮੈਂ ਅਧਿਆਪਕ ਹੋਣ ਕਾਰਨ ਅਧਿਆਪਕ ਅਤੇ ਕਰਮਚਾਰੀ ਜਥੇਬੰਦੀਆਂ ਵਿਚ ਕੰਮ ਕਰ ਰਿਹਾ ਸਾਂ। ਜੇਲ੍ਹਾਂ, ਭੁੱਖ ਹੜਤਾਲਾਂ, ਮੁਅੱਤਲੀਆਂ, ਦੂਰ ਦੁਰਾਡੇ ਬਦਲੀਆਂ ਮੇਰਾ ਨਿੱਤ ਦਾ ਕੰਮ ਸਨ ਜਿਸ ਵਿਚੋਂ ਮੈਨੂੰ ਬੜਾ ਲੁਤਫ਼ ਮਿਲ ਰਿਹਾ ਹੁੰਦਾ। ਪਤਾ ਨਹੀਂ ਕਦੋਂ ਮੈਂ ਕਹਾਣੀ ਕਵਿਤਾ ਲਿਖਣ ਲੱਗ ਪਿਆ। ਜਦੋਂ ਲਿਖਣ ਲੱਗਾ ਤਾਂ ਵੀਰ ਸੰਤੋਖ ਸਿੰਘ ਧੀਰ ਨੇ ਕਿਹਾ ਕਿ ਪਹਿਲਾਂ ਮੈਂ ਭੁੱਖਾ ਮਰਦਾ ਰਿਹਾ, ਹੁਣ ਤੂੰ ਭੁੱਖਾ ਮਰਨਾ ਚਾਹੁੰਣੈ, ਕੁਝ ਨਹੀਂ ਮਿਲਣਾ ਲਿਖਣ ਲਿਖਵਾਉਣ ਵਿਚੋਂ। ਪਰ ਮੈਨੂੰ ਤਾਂ ਚੇਟਕ ਲੱਗ ਚੁੱਕੀ ਸੀ।
ਸੰਨ 1965 ਵਿਚ ਇੱਕ ਅਧਿਆਪਕ ਨੂੰ ਸਕੂਲ ਦੇ ਗਰਾਉਂਡ ਵਿਚੋਂ ਅਠੱਨੀ ਲੱਭ ਗਈ। ਪਹਿਲਾਂ ਤਾਂ ਉਹਨੇ ਸੋਚਿਆ ਕਿ ਅਠੱਨੀ ਉਹ ਰੱਖ ਲਵੇ ਕਿਉਂਕਿ ਉਹਦੀਆਂ ਕਈ ਨਿੱਕੀਆਂ-ਨਿੱਕੀਆਂ ਲੋੜਾਂ ਪੂਰੀਆਂ ਹੋ ਸਕਦੀਆਂ ਸਨ, ਪਰ ਉਸ ਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ ਸੀ। ਅਠੱਨੀ ਆਪਣੇ ਕੋਲ ਰੱਖ ਕੇ ਉਹ ਬੇਚੈਨ ਹੋ ਗਿਆ। ਦੂਜੇ ਦਿਨ ਸਕੂਲ ਆ ਕੇ ਉਸ ਨੇ ਪ੍ਰਾਰਥਨਾ ਵਿਚ ਆ ਕੇ ਅਠੱਨੀ ਵਾਲੇ ਬੱਚੇ ਨੂੰ ਅੱਠਨੀ ਦੇ ਦਿੱਤੀ। ਉਸ ਅਧਿਆਪਕ ਨੂੰ ਅਠੱਨੀ ਵਾਪਸ ਕਰਨ ਮਗਰੋਂ ਇਉਂ ਲੱਗ ਰਿਹਾ ਸੀ ਜਿਵੇਂ ਉਹ ਚੰਗੇ-ਮੰਦੇ ਤੋਂ ਨਿਰਲੇਪ ਉੱਚੇ ਟਿੱਲੇ ਉੱਤੇ ਖੜ੍ਹਾਂ ਲੱਖੂਹਾ ਲੋਕਾਂ ਨੂੰ ਸੰਬੋਧਨ ਕਰ ਰਿਹਾ ਹੋਵੇ। ਇਸ ਘਟਨਾ ਉੱਤੇ ਮੈਂ ਕਹਾਣੀ ਲਿਖੀ ‘ਅਧਿਆਪਕ’ ਜਿਹੜੀ ਪ੍ਰੀਤ ਲੜੀ ਵਿਚ ਛਪੀ। ਸਾਰੇ ਪਾਠਕ ਜਿਹੜੇ ਮੈਨੂੰ ਮਿਲਦੇ ਉਹ ਇਹੋ ਕਹਿੰਦੇ ਉਨ੍ਹਾਂ ਮੇਰੀ ਕਹਾਣੀ ‘ਅਠੱਨੀ’ ਪੜ੍ਹੀ ਹੈ। ਕਹਾਣੀ ਸੰਗ੍ਰਹਿ ‘ਦਿਲ ਦੀ ਅੱਗ’ ਦੇ ਦੂਜੇ ਐਡੀਸ਼ਨ ਵਿਚ ਮੈਂ ਇਸ ਕਹਾਣੀ ਦਾ ਨਾਂ ‘ਅਠੱਨੀ’ ਰੱਖ ਦਿੱਤਾ।
1972 ਦਾ ਸਾਲ। ਅੰਤਾਂ ਦੀ ਮਹਿਗਾਈ ਸੀ। ਵੀਰ ਸੰਤੋਖ ਸਿੰਘ ਧੀਰ ਨੇ ਵੀ ਮੰਡੀ ਗੋਬਿੰਦਗੜ੍ਹ ਵਿਖੇ ਕਮਿਊਨਿਸਟ ਪਾਰਟੀ ਵੱਲੋਂ ਅੱਠਤਾਲੀ ਘੰਟਿਆਂ ਦੀ ਭੁੱਖ ਹੜਤਾਲ ਰੱਖੀ ਸੀ। ਮਹਿੰਗਾਈ ਸਬੰਧੀ ਮੈਂ ਇਕ ਕਵਿਤਾ ਲਿਖੀ ‘ਮਹਿੰਗਾਈ ਨੂੰ ਉਲੰਪਿਕ ਭੇਜੋ’ ਜੋ ਹੇਠ ਲਿਖੇ ਅਨੁਸਾਰ ਹੈ:
ਹਾਕੀ, ਫੁਟਬਾਲ, ਵਾਲੀਬਾਲ,
ਕੁਸ਼ਤੀ, ਟੈਨਿਸ, ਲੰਮੀ ਛਾਲ
ਉਲੰਪਿਕ ਵਿਚ ਨੇ ਹੋ ਰਹੀਆਂ।
ਦੁਨੀਆਂ ਭਰ ਦੇ ਸਾਰੇ ਦੇਸ਼,
ਹਰ ਦੇਸ਼ ਦਾ ਵੱਖਰਾ ਵੇਸ,
ਜਿੱਤ ਦੇ ਸੋਨ-ਸੁਨਹਿਰੀ ਤਕਮੇ
ਜਿੱਤਣ ਦੇ ਅੱਜ ਫ਼ਿਕਰ ਵਿਚ ਨੇ।
ਸਾਡਾ ਦੇਸ਼ ਰੀਹਰਸਲ ਕਰਦਾ,
ਹਾਕੀ ਉੱਤੇ ਮਾਣ ਹੈ ਕਰਦਾ,
ਕੁਝ ਸਾਲਾਂ ਦੀਆਂ ਖੇਡਾਂ ਛੱਡ ਕੇ
ਬਾਕੀਆਂ ਉੱਤੇ ਨਾਜ਼ ਹੈ ਕਰਦਾ।
ਭਾਰਤ ਦੀਆਂ ਕੁਝ ਹੋਰ ਵੀ ਟੀਮਾਂ
ਦਾਲਾਂ, ਸਬਜ਼ੀਆਂ, ਘੀ ਦੀਆਂ ਟੀਮਾਂ
ਸਦਾ ਰੀਹਰਸਲ, ਸਦਾ ਰੀਹਰਸਲ
ਅੱਗੇ ਵਧਣ ਲਈ ਹਨ ਬਿਹਬਲ।
ਚੀਨੀ, ਤੇਲ, ਦੁੱਧ, ਘੀ, ਕੱਪੜਾ,
ਡੰਡ ਬੈਠਕਾਂ, ਮਾਲਸ਼ਾਂ ਕਰਦੇ,
ਮੂੰਗਲੀਆਂ ਫੇਰਦੇ, ਜੈਵਲਿਨ ਸੁੱਟਦੇ,
ਦੌੜਦੇ, ਉੱਚੀਆਂ ਛਾਲਾਂ ਮਾਰਦੇ।
ਮੇਰੀ ਸਰਕਾਰ! ਤਜਵੀਜ਼ ਹੈ ਮੇਰੀ,
ਦਾਲਾਂ, ਪੈਟਰੋਲ, ਤੇਲ ’ਚੋਂ ਚੁਣ ਕੇ,
ਐਸੀ ਤਕੜੀ ਟੀਮ ਬਣਾਵੋ,
ਜਿਸ ਦਾ ਨਾਂ ਮਹਿੰਗਾਈ ਹੋਵੇ,
ਫੇਰ ਇਹ ਟੀਮ ਉਲੰਪਿਕ ਭੇਜੋ।
ਹਾਕੀ ਦੀ ਟੀਮ ਤਾਂ ਹਾਰ ਗਈ ਸੀ
ਪਰ ਇਹ ਟੀਮ ਮੁਕਾਬਲੇ ਵਿਚੋਂ,
ਸਭ ਟੀਮਾਂ ਨੂੰ ਮਾਤ ਕਰੇਗੀ।
ਸੋਨ-ਸੁਨਹਿਰੀ ਮੈਡਲ ਜਿੱਤ ਕੇ,
ਭਾਰਤ ਦਾ ਸਿਰ ਉੱਚਾ ਕਰੇਗੀ।
ਮੈਂ ਇਹ ਕਵਿਤਾ 1972 ਵਿਚ ਲਿਖੀ ਸੀ ਪਰ ਅੱਜ 2023 ਵਿਚ ਵੀ ਇਹ ਕਵਿਤਾ ਢੁੱਕਵੀਂ ਹੈ। ਮੈਂ ਇੱਕ ਸਕੂਲ ਵਿਚ ਪੜ੍ਹਾਉਂਦਾ ਸਾਂ। ਮਿਡਲ ਸਕੂਲ ਵਿਚ। ਉੱਥੇ ਦੋ ਅਧਿਆਪਕਾਵਾਂ ਦਾ ਸਦਾ ਇੱਟ-ਖੜਕਾ ਰਹਿੰਦਾ ਸੀ। ਸਾਰੇ ਸਕੂਲ ਨੂੰ ਸਿਰ ਉੱਤੇ ਚੁੱਕਿਆ ਹੋਇਆ। ਸਕੂਲ ਦਾ ਮਾਹੌਲ ਪੜ੍ਹਾਉਣ ਦੇ ਯੋਗ ਨਾ ਰਿਹਾ। ਮੁੱਖ ਅਧਿਆਪਕ ਨੇ ਐਸੇ ਦਾਓ-ਪੇਚ ਖੇਡੇ ਕਿ ਦੋਵਾਂ ਨੂੰ ਮਨੋਵਿਗਿਆਨਕ ਤੌਰ ’ਤੇ ਸਮਝ ਕੇ ਅਜਿਹਾ ਹੱਲ ਕੀਤਾ ਕਿ ਸਕੂਲ ਦਾ ਮਾਹੌਲ ਪਹਿਲਾਂ ਨਾਲੋਂ ਵੀ ਠੀਕ ਹੋ ਗਿਆ। ਮੇਰੀ ਇਸ ਕਹਾਣੀ ‘ਪ੍ਰਭਜੋਤ ਕੌਰ’ ਦੇ ਦੋਵੇਂ ਪਾਤਰ ਪ੍ਰਭਜੋਤ ਕੌਰ ਅਤੇ ਸ੍ਰੀਮਤੀ ਬੀ.ਪੀ. ਸਿੰਘ ਸਕੂਲ ਵਿਚ ਰੱਖੇ ਇੱਕ ਸਭਿਆਚਾਰਕ ਪ੍ਰੋਗਰਾਮ ਵਿਚ ਇੱਕਠੀਆਂ ਨੱਚੀਆਂ। ਖ਼ੂਬ ਨੱਚੀਆਂ। ਜਾਪਦਾ ਸੀ, ਜਿਵੇਂ ਸਾਰਾ ਸਕੂਲ ਫਿਰ ਖ਼ੁਸ਼ੀਆਂ ਵਿਚ ਲਟਬੌਰਾ ਹੋ ਰਿਹਾ ਹੋਵੇ, ਜਿਵੇਂ ਸਾਰੀ ਦੁਨੀਆਂ ਦੀਆਂ ਖ਼ੁਸ਼ੀਆਂ ਫਿਰ ਸਕੂਲ ਦੇ ਵਿਹੜੇ ਵਿਚ ਆਪ ਆ ਕੇ ਨੱਚਣ ਲੱਗੀਆਂ ਹੋਣ, ਜਿਵੇਂ ਚਾਨਣ ਦੇ ਅਨੇਕਾਂ ਗੁਬਾਰੇ ਸਕੂਲ ਦੇ ਵਿਹੜੇ ਵਿਚੋਂ ਉਪਰ ਆਕਾਸ਼ ਵੱਲ ਉੱਠ ਰਹੇ ਹੋਣ।
ਇੱਕ ਵੱਡੇ ਵਿਦਵਾਨ ਅਤੇ ਨਾਮਵਰ ਸ਼ਖਸ਼ੀਅਤ ਉੱਤੇ ਇੱਕ ਔਰਤ ਦੇ ਦਿਉਰ ਨੂੰ ਸ਼ੱਕ ਹੋ ਗਿਆ। ਵਿਦਵਾਨ ਸਾਈਕਲ ਉੱਤੇ ਆਪਣੇ ਮਿੱਤਰ ਨੂੰ ਮਿਲਣ ਆਇਆ ਸੀ। ਮਿੱਤਰ ਘਰ ਨਹੀਂ ਸੀ। ਉਹ ਨਾਲ ਦੇ ਸ਼ਹਿਰ ਆਪਣੀ ਦੁਕਾਨ ਉੱਤੇ ਗਿਆ ਸੀ। ਇਹ ਵਿਦਵਾਨ ਵਾਪਸ ਮੁੜਨ ਲੱਗਿਆ, ਪਰ ਦੋਸਤ ਦੀ ਘਰਵਾਲੀ ਨੇ ਉਸ ਨੂੰ ਮਲੋਮੱਲੀ ਰੋਕ ਲਿਆ ਕਿ ਉਹ ਸਾਗ ਤੇ ਮੱਕੀ ਦੀ ਰੋਟੀ ਖਾ ਕੇ ਜਾਵੇ। ਵਿਦਵਾਨ ਰੁਕ ਗਿਆ। ਰੋਟੀ ਖਾ ਕੇ ਬਾਹਰ ਧੁੱਪਾਂ ਵਿਚ ਮੰਜੇ ਉੱਤੇ ਜ਼ਰਾ ਸੁਸਤਾਉਣ ਲਈ ਰੁਕ ਗਿਆ। ਐਨੇ ਵਿਚ ਵਿਹੜੇ ਦੇ ਤਖ਼ਤੇ ਉੱਤੇ ਕੋਈ ਬੜੇ ਗੁੱਸੇ ਵਿਚ ਥਪ-ਥਪ ਕਰ ਰਿਹਾ ਸੀ। ਐਨੇ ਵਿਚ ਵਿਦਵਾਨ ਵੀ ਜਾਣ ਲਈ ਤਿਆਰ ਹੋਣ ਲੱਗਾ। ਉਹ ਆਪਣੀ ਪੈਂਟ ਦੀ ਬੈਲਟ ਨੂੰ ਠੀਕ ਤਰ੍ਹਾਂ ਕਸਣ ਲੱਗਾ। ਔਰਤ ਕੁੰਡਾ ਖੋਲ੍ਹਣ ਲੱਗੀ। ਔਰਤ ਦਾ ਦਿਓਰ ਬੜੇ ਗੁੱਸੇ ਵਿਚ ਬੋਲਿਆ, ‘‘ਇਹਨੂੰ ਕਿਉਂ ਬਿਠਾਇਐ ਐਥੇ ਜਦੋਂ ਵੀਰ ਘਰ ਨਹੀਂ, ਨਾਲੇ ਇਹ ਬੈਲਟ ਕਿਉਂ ਠੀਕ ਕਰ ਰਿਹਾ... ਕੀ ਕਰ ਕੇ ਹਟਿਆ’’ ਦਿਉਰ ਗੁੱਸੇ ਵਿਚ ਅੱਗ ਬਗੂਲਾ ਹੋ ਰਿਹਾ ਸੀ। ਉਹ ਅੰਦਰੋਂ ਤਲਵਾਰ ਕੱਢ ਲਿਆਇਆ। ਲੱਗਿਆ, ਵਿਦਵਾਨ ਦੇ ਮਾਰਨ। ਔਰਤ ਨੇ ਅੱਗੇ ਹੋ ਕੇ ਤਲਵਾਰ ਫੜ ਲਈ ਅਤੇ ਕਿਹਾ ਕਿ ਕਿਉਂ ਤਲਵਾਰ ਮਾਰਨ ਲੱਗਿਆਂ? ਦਿਉਰ ਬੋਲਿਆ, ‘‘ਇਹ ਪੈਂਟ ਕਿਉਂ ਠੀਕ ਕਰ ਰਿਹਾ ਸੀ, ਕੀ ਕਰਕੇ ਹਟਿਆ ਸੀ...’’। ਔਰਤ ਨੂੰ ਗੁੱਸਾ ਆਇਆ, ‘‘ਕਿਉਂ ਭੌਂਕਦੈਂ ... ਕੋਈ ਸ਼ਰਮ ਹਯਾ ਕਰ...।’’ ਉਹ ਬੋਲਿਆ, ‘‘ਚੰਗਾ ਮੈਂ ਫਿਰ ਇਹਨੂੰ ਵੀਰ ਕੋਲ ਪੇਸ਼ ਕਰਾਂਗਾ... ਚੱਲ ਬਈ, ਹੋ ਸਿੱਧਾ, ਕਰ ਸਾਈਕਲ ਮੇਰੇ ਅੱਗੇ...’’ ਵਿਦਵਾਨ ਨੇ ਸਾਈਕਲ ਅੱਗੇ ਲਾ ਲਿਆ। ਦਿਓਰ ਨੇ ਤਲਵਾਰ ਵਿਦਵਾਨ ਦੇ ਸਿਰ ਉੱਤੇ ਕਰ ਦਿੱਤੀ। ਵਿਦਵਾਨ ਮੂਹਰੇ ਮੂਹਰੇ ਸਾਈਕਲ ਉੱਤੇ ਜਾ ਰਿਹਾ ਸੀ ਅਤੇ ਦਿਓਰ ਤਲਵਾਰ ਉਲਾਰੀ ਉਹਦੇ ਪਿੱਛੇ ਪਿੱਛੇ ਜਾ ਰਿਹਾ ਸੀ। ਜਦੋਂ ਸ਼ਹਿਰ ਦੁਕਾਨ ਉੱਤੇ ਪਹੁੰਚੇ ਅਤੇ ਦਿਓਰ ਨੇ ਆਪਣੇ ਭਰਾ ਨੂੰ ਸਾਰੀ ਗੱਲ ਦੱਸੀ ਤਾਂ ਉਸ ਦੇ ਭਰਾ ਨੇ ਕਿਹਾ, ‘‘ਕੁੱਤਿਆ... ਓਏ ਤੂੰ ਇੱਕ ਮਹਾਨ ਆਦਮੀ ਉੱਤੇ ਇਹ ਦੋਸ਼ ਲਾ ਰਿਹੈਂ... ਤੈਨੂੰ ਸ਼ਰਮ ਨਹੀਂ ਆਉਂਦੀ।’’ ਵੱਡਾ ਭਰਾ ਤਲਵਾਰ ਅੱਗੇ ਢਾਲ ਬਣ ਕੇ ਖੜ੍ਹ ਗਿਆ। ਇਹ ਘਟਨਾ ਮੇਰੀ ਕਹਾਣੀ ‘ਤਲਵਾਰ’ ਵਿਚ ਹੈ।
ਨਾਵਲ ‘ਝੱਖੜਾਂ ਵਿਚ ਝੂਲਦਾ ਰੁੱਖ’ ਸਵੈਜੀਵਨੀ ਆਧਾਰਿਤ ਹੈ। ਸੱਚੋ ਸੱਚ ਲਿਖਣ ਨਾਲ ਕਈ ਲੋਕ ਮੈਥੋਂ ਨਾਰਾਜ਼ ਹੋਏ। ਕਈ ਬੋਲਣੋਂ ਹਟੇ। ਜਦੋਂ ਮੈਂ ਆਪਣੇ ਬਾਰੇ ਸੱਚ ਲਿਖਦਾ ਹਾਂ ਤਾਂ ਦੂਜਿਆ ਬਾਰੇ ਸੱਚ ਲਿਖਣੋਂ ਕਿਉਂ ਝਿਜਕਾਂ?
ਮੇਰਾ ਦੂਜਾ ਨਾਵਲ ‘ਪ੍ਰੀਤੀ’ ਹੈ। ਕਾਲਜਾਂ ਯੂਨੀਵਰਸਿਟੀਆਂ ਵਿਚ ਪਣਪਦੇ ਗੈਂਗਸਟਰਾਂ ਵਿਰੁੱਧ ਇੱਕ ਲੜਕੀ ਪ੍ਰੀਤੀ ਕਿਵੇਂ ਦਲੇਰੀ ਨਾਲ ਲੜਦੀ ਸਫ਼ਲ ਹੁੰਦੀ ਹੈ। ਗੈਂਗਸਟਰਾਂ ਨੂੰ ਨਿਖੇੜ ਕੇ, ਵਿਦਿਆਰਥੀਆਂ ਨੂੰ ਆਪਣੇ ਨਾਲ ਜੋੜ ਕੇ ਯੂਨੀਵਰਸਿਟੀ ਕੈਂਪਸ ਅਤੇ ਹੋਸਟਲਾਂ ਦਾ ਮੂੰਹ ਮੱਥਾ ਲਿਸ਼ਕਾਇਆ।
ਮੇਰਾ ਤੀਜਾ ਨਾਵਲ ‘ਤੀਲ੍ਹਾ’ ਹੈ ਜੋ ਜੁਡੀਸ਼ਰੀ ਵਿਚ ਪਣਪ ਰਹੇ ਕੋਹਜ ਨੂੰ ਨੰਗਾ ਕਰਦੀ ਹੈ। ਨਾਵਲ ਦਾ ਨਾਇਕ ਸਿਮਰਨਜੀਤ ਕਿਵੇਂ ਬਚਪਨ ਵਿਚ ਡੱਕੇ ਵਰਗਾ, ਸੁੱਕੇ ਤੀਲ੍ਹੇ ਵਰਗਾ ਸੀ ਜਿਸ ਦੇ ਸਰੀਰ ਦੀ ਇੱਕ ਇੱਕ ਹੱਡੀ ਗਿਣੀ ਜਾ ਸਕਦੀ ਸੀ। ਪਰ ਉਹ ਹਾਈ ਕੋਰਟ ਦੇ ਵਕੀਲ ਵਜੋਂ ਕਿਵੇਂ ਵਕਾਲਤ ਦੇ ਪੇਸ਼ੇ ਨੂੰ ਨਵੀ ਦਿੱਖ ਦਿੰਦਾ ਹੈ। ਜੱਜਾਂ ਅਤੇ ਭ੍ਰਿਸ਼ਟ ਵਕੀਲਾਂ ਦੇ ਨਾਪਾਕ ਗੱਠਜੋੜ ਨੂੰ ਕਿਵੇਂ ਬੇਪਰਦ ਕਰਦਾ ਹੈ। ਕਦਮ-ਕਦਮ ਉੱਤੇ ਸੰਘਰਸ਼ ਕਰਦਾ ਹੈ। ਇਸ ਨਾਲ ਸਾਰੀ ਬਾਰ ਐਸੋਸੀਏਸ਼ਨ ਉਹਦੀ ਪਿੱਠ ’ਤੇ ਆ ਖੜ੍ਹਦੀ ਹੈ।
ਅਧਿਆਪਕ ਜਥੇਬੰਦੀਆਂ ਦੇ ਕੰਮਾਂ ਲਈ ਮੈਂ ਸਕੂਲਾਂ ਵਿਚ ਜਾਂਦਾ ਰਹਿੰਦਾ ਸਾਂ। ਇੱਕ ਸਕੂਲ ਵਿਚ ਮੈਨੂੂੰ ਪਤਾ ਲੱਗਿਆ ਕਿ ਕੁੜੀ ਮੁੰਡੇ ਦੇ ਸਬੰਧਾਂ ਦਾ ਕੇਸ ਮਾਸਟਰਾਂ ਕੋਲ ਚਲਿਆ ਗਿਆ। ਕੁੜੀ ਨੂੰ ਸਾਇੰਸ ਰੂਮ ਵਿਚ ਬੁਲਾ ਕੇ ਜ਼ਲੀਲ ਕਰਦੇ ਸਨ। ਇਹ ਘਟਨਾ ਮੇਰੀ ਮਿੰਨੀ ਕਹਾਣੀ ‘ਬਦਮਾਸ਼’ ਵਿਚ ਦਰਜ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਬਦਮਾਸ਼ ਅਸਲ ਵਿਚ ਬੱਚੇ ਸਨ ਜਾਂ ਮਾਸਟਰ।
ਇੱਕ ਮਿੰਨੀ ਕਹਾਣੀ ‘ਖੁਰਪਾ’ ਹੈ ਜਿਸ ਵਿਚ ਇੱਕ ਸੀਰੀ ਦੇ ਲੜਕੇ ਕੋਲੋਂ ਮੱਕੀ ਗੁਡਦਿਆਂ ਇੱਕ ਟਾਂਡਾ ਵੱਢਿਆ ਜਾਂਦਾ ਹੈ। ਮਾਲਕ ਨੇ ਦੇਖ ਲਿਆ। ਲੱਗਿਆ ਉਹ ਲੜਕੇ ਨੂੰ ਗਾਲ੍ਹਾਂ ਕੱਢਣ। ਲੜਕੇ ਨੂੰ ਗੁੱਸਾ ਆਇਆ। ਉਸ ਨੇ ਆਪਣੇ ਬਾਪ ਨੂੰ ਕਿਹਾ, ‘‘ਬਾਪੂ ਉੱਠ, ਆਪਾਂ ਨੇ ਇਨ੍ਹਾਂ ਦੇ ਕੰਮ ਨਹੀਂ ਕਰਨਾ। ਆਪਾਂ ਨਾਲੇ ਕੰਮ ਕਰੀਏ ਨਾਲੇ ਗਾਲ੍ਹਾਂ ਖਾਈਏ।’’ ਬਾਰਾਂ ਤੇਰਾਂ ਸਾਲਾਂ ਦਾ ਸੀਰੀ ਦਾ ਬੱਚਾ ਕਿਵੇਂ ਅਣਖ ਨਾਲ ਵਿਚਰਦਾ ਹੈ।
ਮੇਰੀਆਂ ਲਿਖਤਾਂ ਨੇ ਜਿੱਥੇ ਮੈਨੂੰ ਮਾਣ-ਸਤਿਕਾਰ ਦਿਵਾਇਆ, ਉੱਥੇ ਮੈਨੂੰ ਕਈਆਂ ਵੱਲੋਂ ਧਮਕੀਆਂ ਵੀ ਮਿਲੀਆਂ। ਪੁਲੀਸ ਦੇ ਇੱਕ ਡੀ.ਐੱਸ.ਪੀ. ਵੱਲੋਂ ਕਾਨੂੰਨੀ ਨੋਟਿਸ ਵੀ ਦਿਵਾਇਆ। ਅਜਿਹੀਆਂ ਘਟਨਾਵਾਂ ਮੇਰੀਆਂ ਲਿਖਤਾਂ ਕਰਕੇ ਆਮ ਹੁੰਦੀਆਂ ਰਹੀਆਂ, ਪਰ ਮੈਂ ਅਡੋਲ ਆਪਣੇ ਰਸਤੇ ਤੁਰਦਾ ਰਿਹਾ। ਨਿੱਝਕ। ਬੇਪ੍ਰਵਾਹ।
ਜਦੋਂ ਮੈਂ ਸਰਕਾਰੀ ਲੈਕਚਰਾਰ ਤੋਂ ਸਵੈ-ਇੱਛਤ ਸੇਵਾਮੁਕਤੀ ਲੈ ਕੇ ਹਾਈ ਕੋਰਟ ਵਿਚ ਵਕੀਲ ਬਣਿਆ ਤਾਂ ਇੱਕ ਦੋਸਤ ਨੇ ਕਿਹਾ ਕਿ ਮੈਂ ਉਹਦੀ ਵਸੀਅਤ ਲਿਖਾਂ। ਉਸ ਨੇ ਫ਼ੋਨ ਰਾਹੀਂ ਸੰਖੇਪ ਵਿਚ ਆਪਣੇ ਬਾਰੇ ਦੱਸਿਆ। ਜਦੋਂ ਅਸੀਂ ਫ਼ੋਨ ਬੰਦ ਕੀਤੇ ਤਾਂ ਮੇਰੀ ਕਲਮ ਨੇ ਉਸੇ ਵੇਲੇ ਕੁਝ ਸਤਰਾਂ ਲਿਖੀਆਂ ਜੋ ਹੇਠ ਲਿਖੇ ਅਨੁਸਾਰ ਹਨ:
ਮੇਰੀ ਜਾਇਦਾਦ
ਮੇਰੇ ਮਗਰੋਂ
ਮੇਰੇ ਪੁੱਤਰਾਂ ਵਿਚ
ਮੇਰੀਆਂ ਧੀਆਂ ਵਿਚ
ਮੇਰੀਆਂ ਨੂੰਹਾਂ ਵਿਚ
ਅੱਗੋਂ ਉਨ੍ਹਾਂ ਦੇ ਪੁੱਤਰਾਂ, ਧੀਆਂ ਵਿਚ
ਪੋਤੇ ਪੋਤਰੀਆਂ ਵਿਚ
ਬਰਾਬਰ ਬਰਾਬਰ ਵੰਡੀ ਜਾਵੇ
ਬਰਾਬਰ ਬਰਾਬਰ
ਕਾਣੀ ਵੰਡ ਨਾ ਹੋਵੇ
ਬਿਲਕੁਲ ਕਾਣੀ ਵੰਡ ਨਾ ਹੋਵੇ।
ਮੇਰੀ ਜਾਇਦਾਦ
ਮੜਕ ਨਾਲ ਤੁਰਨਾ
ਹਿੱਕ ਤਾਣ ਕੇ ਚੱਲਣਾ
ਸੰਘਰਸ਼ ਕਰਨਾ
ਹੱਕਾਂ ਲਈ ਸੰਘਰਸ਼।
ਮੇਰੀ ਜਾਇਦਾਦ
ਨੇਕ ਕਮਾਈ ਕਰਨਾ
ਦੱਬੇ-ਕੁਚਲਿਆਂ ਨਾਲ ਖੜ੍ਹਨਾ
ਲੋਟੂਆਂ ਦੇ ਨਾਲ ਲੜਨਾ।
ਮੇਰੀ ਜਾਇਦਾਦ
ਸਿਹਤਮੰਦ ਵਿਚਾਰਧਾਰਾ
ਉਲਾਰ ਨਾ ਹੋਣਾ
ਇੱਕ-ਪਾਸੜ ਨਾ ਹੋਣਾ
ਨਿਰਪੱਖ ਹੋਣਾ
ਲੱਗ-ਲਪੇਟ ਨਾ ਕਰਨਾ
ਸ਼ਬਦਾਂ ਦਾ ਜਾਲ ਨਾ ਬੁਣਨਾ
ਗੱਲਾਂ ਗੋਲ ਨਾ ਕਰਨਾ।
ਮੇਰੀ ਜਾਇਦਾਦ
ਸਿੱਧਾ-ਸਪਾਟ ਹੋਣਾ
ਆਪਣੇ ਰਸਤੇ ਤੁਰਨਾ
ਖੱਬਾ ਸੱਜਾ ਦੇਖ ਦੇ ਚੱਲਣਾ
ਮਿੱਤਰ ਦੀ ਪਰਖ ਕਰਨਾ
ਦੁਸ਼ਮਣ ਦੀ ਪਹਿਚਾਣ ਕਰਨਾ।
ਮੇਰੀ ਜਾਇਦਾਦ
ਸ਼ੇਰ ਵਾਂਗ ਗਰਜਣਾ
ਰਾਖਸ਼ਾਂ ਨੂੰ ਕੰਬਣ ਲਾਉਦਾ
ਦੈਂਤਾਂ ਦੇ ਦਿਲ ਦਹਿਲਾਉਣਾ।
ਮੇਰੀ ਜਾਇਦਾਦ
ਮੇਰੇ ਮਗਰੋਂ
ਮੇਰੇ ਪੁੱਤਰਾਂ ਵਿਚ
ਮੇਰੀਆਂ ਧੀਆਂ ਵਿਚ
ਮੇਰੀਆਂ ਨੂੰਹਾਂ ਵਿਚ
ਅੱਗੋਂ ਉਨ੍ਹਾਂ ਦੇ ਪੁੱਤਰਾਂ, ਧੀਆਂ ਵਿਚ
ਪੋਤੇ ਪੋਤਰੀਆਂ ਵਿਚ
ਦੋਹਤੇ ਦੋਹਤਰੀਆਂ ਵਿਚ
ਬਰਾਬਰ ਬਰਾਬਰ ਵੰਡੀ ਜਾਵੇ
ਬਰਾਬਰ ਬਰਾਬਰ
ਕਾਣੀ ਵੰਡ ਨਾ ਹੋਵੇ
ਬਿਲਕੁਲ ਕਾਣੀ ਵੰਡ ਨਾ ਹੋਵੇ।
ਇਹ ਸਤਰਾਂ ਮੇਰੀ ਕਵਿਤਾ ‘ਵਸੀਅਤ’ ਬਣ ਗਈਆਂ। ਬੱਸ ਇਸੇ ਤਰ੍ਹਾਂ ਹੁੰਦੀ ਹੈ ਸਾਹਿਤ ਦੀ ਸਿਰਜਣਾ। ਕਲਮ ਸਾਹਿਤ ਨਹੀਂ ਲਿਖਦੀ ਹੁੰਦੀ। ਲੇਖਕ ਦੀ ਪੂਰੀ ਸਖ਼ਸ਼ੀਅਤ ਲਿਖਦੀ ਹੁੰਦੀ ਹੈ।

Advertisement

ਸੰਪਰਕ: 98767-68960

Advertisement

Advertisement
Author Image

sukhwinder singh

View all posts

Advertisement