ਮੇਰੀ ਰੁੱਸੇ ਨਾ ਝਾਂਜਰਾਂ ਵਾਲੀ...
ਰਣਜੀਤ ਲਹਿਰਾ
‘ਮੇਰੀ ਰੁੱਸੇ ਨਾ ਝਾਂਜਰਾਂ ਵਾਲੀ, ਜੱਗ ਭਾਵੇਂ ਸਾਰਾ ਰੁੱਸ ਜੇ।’... ਕਾਫੀ ਅਰਸਾ ਪਹਿਲਾਂ ਇਹ ਸਤਰ ਮੈਂ ਸਾਈਕਲ ਦੇ ਚੇਨ-ਕਵਰ ’ਤੇ ਲਿਖੀ ਹੋਈ ਪੜ੍ਹੀ ਸੀ। ਖੁਸ਼ਖਤ ਅੱਖਰਾਂ ਵਿੱਚ ਲਿਖੀ ਸਤਰ ਦੇ ਇਹ ਸ਼ਬਦ ਮੇਰੇ ਦਿਲ ਵਿੱਚ ਬੈਠ ਗਏ। ਜੇਕਰ ਇਹ ਸ਼ਬਦ ਮੈਂ ਔਡੀ ਵਰਗੀ ਕਿਸੇ ਵੱਡੀ ਗੱਡੀ ’ਤੇ ਲਿਖੇ ਪੜ੍ਹੇ ਹੁੰਦੇ ਤਾਂ ਸ਼ਾਇਦ ਮੈਂ ਇਨ੍ਹਾਂ ਸ਼ਬਦਾਂ ਨੂੰ ਕਿਸੇ ਮਨਚਲੇ ਜਾਂ ਅਮੀਰਜ਼ਾਦੇ ਦਾ ਫੁਕਰਪੁਣਾ ਸਮਝ ਕੇ ਭੁੱਲ-ਭੁਲਾ ਗਿਆ ਹੁੰਦਾ ਪਰ ਇਹ ਸ਼ਬਦ ਪੁਰਾਣੇ ਸਾਈਕਲ ਦੇ ਨਵੇਂ ਲਵਾਏ ਚੇਨ-ਕਵਰ ’ਤੇ ਉੱਕਰੇ ਸਨ ਅਤੇ ਉਹ ਸਾਈਕਲ ਅਜਿਹੀ ਥਾਂ ’ਤੇ ਖੜ੍ਹਾ ਸੀ ਜਿੱਥੇ ਦਿਹਾੜੀ-ਦੱਪੇ ਦੀ ਭਾਲ ਵਿੱਚ ਆਏ ਮਜ਼ਦੂਰ/ਮਿਸਤਰੀ ਖੜ੍ਹਦੇ ਸਨ। ਜ਼ਾਹਿਰ ਸੀ, ਉਹ ਸਾਈਕਲ ਕਿਸੇ ਮਨਚਲੇ ਦਾ ਨਹੀਂ, ਕਿਸੇ ਕਬੀਲਦਾਰ ਕਿਰਤੀ/ਕਾਮੇ ਦਾ ਸੀ; ਤੇ ਹਾਂ, ਉਹ ਕਾਮਾ ਲਾਜ਼ਮੀ ਨੌਜਵਾਨ ਹੀ ਹੋਵੇਗਾ ਜਿਸ ਨੇ ਆਪਣੇ ਦਿਲ ਦੀ ਹੂਕ ਨੂੰ ਸਾਈਕਲ ਦੇ ਚੇਨ-ਕਵਰ ’ਤੇ ਲਿਖਵਾਇਆ ਸੀ, ਇੰਨਾ ਮੈਨੂੰ ਯਕੀਨ ਸੀ।
ਖ਼ੈਰ! ਉਹ ਸਾਈਕਲ ਮੈਂ ਕਿਤੇ ਹੋਰ ਨਹੀਂ, ਆਪਣੇ ਪਿੰਡ/ਸ਼ਹਿਰ ਲਹਿਰੇਗਾਗੇ ਹੀ ਖੜ੍ਹਾ ਦੇਖਿਆ ਸੀ। ਲਹਿਰੇਗਾਗੇ ਦਾ ਰੇਲਵੇ ਸਟੇਸ਼ਨ ਲਹਿਰੇ ਨੂੰ ਦੋ ਹਿੱਸਿਆਂ ਵਿੱਚ ਵੰਡਦਾ ਹੈ। ਸਟੇਸ਼ਨ ਦੇ ਇੱਕ ਪਾਸੇ ਨੂੰ ਮੰਡੀ ਕਹਿੰਦੇ ਹਨ ਅਤੇ ਦੂਜੇ ਨੂੰ ਪਿੰਡ। ਪਿੰਡ ਵਾਲੇ ਪਾਸਿਓਂ ਮੰਡੀ ਅਤੇ ਮੁੱਖ ਬਾਜ਼ਾਰ ਨੂੰ ਜਾਣ ਲਈ ਰੇਲਵੇ ਸਟੇਸ਼ਨ ਦਾ ਪਲੈਟਫਾਰਮ ਅਤੇ ਫਿਰ ਰੇਲ ਪਟੜੀਆਂ ਟੱਪ ਕੇ ਜਾਣਾ ਪੈਂਦਾ ਹੈ। ਇੱਥੇ ਰੇਲ ਪਟੜੀਆਂ ਤੇ ਰੇਲਵੇ ਦੇ ਮਾਲ ਗੋਦਾਮ ਕੋਲ ਕਾਫੀ ਸਾਲ ਪਹਿਲਾਂ ਮਜ਼ਦੂਰਾਂ ਦੀ ਮੰਡੀ ਲੱਗਦੀ ਹੁੰਦੀ ਸੀ। ਰਾਜ ਮਿਸਤਰੀ ਤੇ ਮਜ਼ਦੂਰ ਸਵੇਰ ਵੇਲੇ ਇੱਥੇ ਬੈਠ ਕੇ ‘ਆਪਣੇ ਗਾਹਕਾਂ’ ਦੀ ਉਡੀਕਦੇ ਸਨ। ਜਿਨ੍ਹਾਂ ਨੂੰ ਉਨ੍ਹਾਂ ਦੀ ਦਿਹਾੜੀ ਦੀ ਕਿਰਤ ਸ਼ਕਤੀ ਦਾ ਕੋਈ ਖਰੀਦਦਾਰ ਮਿਲ ਜਾਂਦਾ, ਉਹ ਕੰਮ ’ਤੇ ਚਲੇ ਜਾਂਦੇ। ਬਾਕੀ ਕੁਝ ਸਮਾਂ ‘ਕਿਸੇ ਹੋਰ ਦੀ ਉਡੀਕ’ ਵਿੱਚ ਉੱਥੇ ਬੈਠੇ ਰਹਿੰਦੇ ਤੇ ਫਿਰ ਹੌਲੀ ਹੌਲੀ ਲਟਕਦੇ ਮੂੰਹਾਂ ਨਾਲ ਘਰਾਂ ਨੂੰ ਉੱਠ ਤੁਰਦੇ... ਤੇ ਹਾਂ, ਉਨ੍ਹਾਂ ’ਚੋਂ ਬਹੁਤੇ ਨੇੜਲੇ ਪਿੰਡਾਂ ਦੇ ਹੁੰਦੇ ਜਿਹੜੇ ਦਿਨ ਚੜ੍ਹਦੇ ਹੀ ਸਾਈਕਲਾਂ ’ਤੇ ਢਿਚਕੂੰ ਢਿਚਕੂੰ ਕਰਦੇ ਦਿਹਾੜੀ ਦੀ ਉਮੀਦ ਵਿੱਚ ਪਿੰਡਾਂ ਤੋਂ ਚੱਲ ਕੇ ਉੱਥੇ ਪਹੁੰਚਦੇ। ਉਨ੍ਹਾਂ ਦੇ ਰੋਟੀਆਂ ਬੰਨ੍ਹੇ ਪੋਣੇ ਜਾਂ ਟਿਫਨ ਟੰਗੇ ਸਾਈਕਲ ਇੱਧਰ-ਉੱਧਰ ਖੜ੍ਹੇ ਹੁੰਦੇ।
ਅਜਿਹੇ ਕਿਰਤੀ ਕਾਮਿਆਂ ਦਾ ਦਰਦ ਬਿਆਨ ਕਰਦਿਆਂ ਮਰਹੂਮ ਕਵੀ ਸੰਤ ਰਾਮ ਉਦਾਸੀ ਨੇ ਕਿਹਾ ਸੀ- ‘ਤੇਰੇ ਸਾਈਕਲ ਦੀ ਤਾਂ ਉਹੀ ਢਿਚਕੂੰ-ਢਿਚਕੂੰ ਹੈ, ਸੜਕਾਂ ਬਣੀਆਂ ਸਸਤਾ ਸੌਖਾ ਮਾਲ ਲਿਜਾਣ ਨੂੰ।’... ਸਸਤਾ ਸੌਖਾ ਮਾਲ ਲਿਜਾਣ ਨੂੰ ਤਾਂ ਹੁਣ ਸੜਕਾਂ ਭਲੇ ਹੀ ਹਾਈਵੇਅ ਤੇ ਐਕਸਪ੍ਰੈਸ ਵੇਅ ਦਾ ਰੂਪ ਧਾਰ ਗਈਆਂ ਹਨ ਪਰ ਅਜਿਹੇ ਕਿਰਤੀ ਕਾਮਿਆਂ ਦੇ ਢਿਚਕੂੰ ਢਿਚਕੂੰ ਕਰਨ ਵਾਲੇ ਸਾਈਕਲਾਂ ਲਈ ਚਾਰ ਮਾਰਗੀ, ਛੇ ਮਾਰਗੀ ਸੜਕਾਂ ’ਤੇ ਕੋਈ ਸੁਰੱਖਿਅਤ ਪਗਡੰਡੀ ਤੱਕ ਵੀ ਨਾ ਹੋਣੀ ਦੱਸਦੀ ਹੈ ਕਿ ਵਿਕਾਸ ਤੇ ਤਰੱਕੀ ਦੀਆਂ ਟਾਹਰਾਂ ਮਾਰਨ ਵਾਲੇ ਹਾਕਮਾਂ ਦੀ ਨਜ਼ਰ ਵਿੱਚ ਕਿਰਤੀ ਕਾਮਿਆਂ ਦੀ ਜਾਨ ਦੀ ਕਿੰਨੀ ਕੁ ਕੀਮਤ ਹੈ!
ਉਨ੍ਹਾਂ ਸਾਈਕਲਾਂ ਵਿੱਚੋਂ ਹੀ ਇੱਕ ਉੱਤੇ ਮੈਂ ਆਪਣੇ ਘਰ ਵੱਲੋਂ ਮੰਡੀ ਵੱਲ ਜਾਂਦਿਆਂ ਇਹ ਸ਼ਬਦ ਲਿਖੇ ਦੇਖੇ ਸਨ।
ਸਾਈਕਲ ਦੇ ਹੈਂਡਲ ’ਤੇ ਲੱਗੀ ਟੋਕਰੀ ਵਿੱਚ ਪਿਆ ਟਿਫਨ ਇਸ ਗੱਲ ਦੀ ਗਵਾਹੀ ਦਿੰਦਾ ਸੀ ਕਿ ਉਹ ਕਿਸੇ ਕਿਰਤੀ ਕਾਮੇ ਦਾ ਹੀ ਸਾਈਕਲ ਸੀ ਅਤੇ ਉਹਦੇ ਚੇਨ-ਕਵਰ ’ਤੇ ਲਿਖੀ ਮੁਹੱਬਤੀ ਇਬਾਰਤ ਦੱਸਦੀ ਸੀ ਕਿ ਉਹ ਕਿਸੇ ਜਿ਼ੰਦਾਦਿਲ ਕਾਮੇ ਦਾ ਸਾਈਕਲ ਸੀ।
ਕਿੰਨਾ ਜਿ਼ੰਦਾਦਿਲ ਹੋਵੇਗਾ ਉਹ ਨੌਜਵਾਨ ਜਿਸ ਨੇ ਆਪਣੇ ਪੁਰਾਣੇ ਸਾਈਕਲ ’ਤੇ ਨਵੇਂ ਲਗਵਾਏ ਕਾਲ਼ੇ ਰੰਗ ਦੇ ਚੇਨ-ਕਵਰ ’ਤੇ ਸਫੈਦ ਰੰਗ ਵਿੱਚ ਬੜੀ ਰੂਹ ਨਾਲ ਲਿਖਵਾਏ ਸਨ ਉਹ ਸ਼ਬਦ। ਆਪਣੇ ਦੁੱਖਾਂ-ਸੁੱਖਾਂ ਦੀ ਸਾਂਝੀਦਾਰ, ਆਪਣੀ ਝਾਂਜਰਾਂ ਵਾਲੀ ਨਾਲ ਉਹਨੂੰ ਕਿੰਨੀ ਮੁਹੱਬਤ ਹੋਵੇਗੀ। ਝਾਂਜਰਾਂ ਵਾਲੀ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਕਰਨ ਲਈ ਭਲਾ ਹੀ ਉਹਦੇ ਕੋਲ ਵੱਡੀ/ਛੋਟੀ, ਨਵੀਂ/ਪੁਰਾਣੀ ਗੱਡੀ ਤਾਂ ਕੀ, ਨਵਾਂ ਸਾਈਕਲ ਵੀ ਨਹੀਂ ਸੀ ਪਰ ਉਹਦੇ ਕੋਲ ਦਰਿਆ ਵਰਗਾ ਦਿਲ ਸੀ; ਐਸਾ ਦਿਲ ਜਿਹੜਾ ਆਪਣੀ ‘ਝਾਂਜਰਾਂ ਵਾਲੀ’ ਲਈ ਧੜਕਦਾ ਸੀ; ਜਿਸ ਵਿੱਚ ਉਹ ਡੁੱਬ ਸਕਦੀ ਸੀ, ਤਰ ਸਕਦੀ ਸੀ, ਚੁੱਭੀਆਂ ਲਾ ਸਕਦੀ ਸੀ!... ਕਿਉਂ ਜੋ ਉਹਦੇ ਲਈ ਸਾਰਾ ਜੱਗ ਰੁੱਸੇ ਦੀ ਵੀ ਉਹਨੂੰ ਪਰਵਾਹ ਨਹੀਂ ਸੀ।
ਆਪਣੇ ਪਾਕ-ਪਵਿੱਤਰ ਪਿਆਰ ਦਾ ਇਜ਼ਹਾਰ ਕਰਨ ਲਈ ਕਿਸੇ ਕਿਰਤੀ ਕਾਮੇ ਕੋਲ ਬਹੁਤਾ ਕੁਝ ਨਹੀਂ ਹੁੰਦਾ, ਨਾ ਮਹਿੰਗੇ ਗਹਿਣੇ, ਨਾ ਮਹਿੰਗੇ ਤੋਹਫ਼ੇ। ਉਨ੍ਹਾਂ ਦੀ ਤਾਂ ਉਂਝ ਹੀ ਮਹਿੰਗ ਨਾਲ ਤੜਾਗੀ ਢਿਲਕਦੀ ਰਹਿੰਦੀ ਹੈ। ਲਾ ਪਾ ਕੇ ਉਹਦੇ ਕੋਲ ਦੇਣ ਲਈ ਦਿਲ ਹੀ ਬਚਦਾ ਹੈ ਪਰ ਸਾਡੇ ਸਮਾਜਿਕ ਆਲੇ-ਦੁਆਲੇ ਵਿੱਚ ਗਰੀਬ ਗੁਰਬੇ ਦੀ, ਉਹਦੇ ਪਿਆਰ ਦੀ, ਪਿਆਰ ਦੇ ਇਜ਼ਹਾਰ ਦੀ ਕੋਈ ਕਦਰ ਨਹੀਂ... ਉਹਦਾ ਪਿਆਰ ਤੇ ਪਿਆਰ ਦਾ ਇਜ਼ਹਾਰ, ਉੱਚੀਆਂ ਉਡਾਰੀਆਂ ਮਾਰਨ ਵਾਲੇ ਹੰਕਾਰੀਆਂ ਲਈ ਟਿੱਚਰਾਂ/ਚਹੇਡਾਂ ਦਾ ਵਿਸ਼ਾ ਬਣ ਕੇ ਰਹਿ ਜਾਂਦਾ ਹੈ। ਪੰਜਾਬੀ ਦੀ ਕਹਾਵਤ ‘ਗਰੀਬ ਦੀ ਵਹੁਟੀ, ਜਣੇ ਖਣੇ ਦੀ ਭਾਬੀ’ ਐਵੇਂ ਨਹੀਂ ਬਣੀ। ਇਹ ਕਹਾਵਤ ਸਮਾਜ ਦਾ ਕਰੂਰ ਖਾਸਾ ਬਿਆਨ ਕਰਦੀ ਹੈ।
‘ਵੱਡੇ ਘਰਾਂ ਦੀਆਂ ਵੱਡੀਆਂ ਮਿਰਚਾਂ’ ਵਾਲੀ ਕਹਾਵਤ ਵਾਂਗ ਵੱਡੇ ਲੋਕਾਂ ਦੇ ਪਿਆਰ ਤੇ ਪਿਆਰਾਂ ਦੇ ਇਜ਼ਹਾਰ ਕਰਨ ਦੇ ਤਰੀਕੇ ਵੀ ਵੱਡੇ ਹੁੰਦੇ ਹਨ। ਉਨ੍ਹਾਂ ਦੇ ਇਜ਼ਹਾਰ ਹੀਰਿਆਂ ਦੇ ਗਹਿਣਿਆਂ ਤੋਂ ਸ਼ੁਰੂ ਹੋ ਕੇ ਪਤਾ ਨਹੀਂ ਕਿੱਥੇ ਖਤਮ ਹੁੰਦੇ ਹਨ। ਖਪਤਵਾਦ ਦੇ ਇਸ ਦੌਰ ਵਿੱਚ ਮੱਧ ਵਰਗੀ ਤੇ ਕੁਲੀਨ ਵਰਗ ਦੇ ਪਿਆਰ ਦੇ ਰਿਸ਼ਤੇ ਵੀ ਅਕਸਰ ਪੈਸੇ, ਹੈਸੀਅਤ ਨਾਲ ਤੁਲਦੇ ਦੇਖੇ ਜਾ ਸਕਦੇ ਹਨ। ਜਿਵੇਂ ਜਿਵੇਂ ਪੈਸਾ ਤੇ ਹੈਸੀਅਤ ਬਦਲਦੀ ਹੈ, ਉਵੇਂ ਉਵੇਂ ਉਨ੍ਹਾਂ ਦਾ ਪਿਆਰ ਵੀ ਬਦਲਦਾ ਰਹਿੰਦਾ ਹੈ।
ਸੰਪਰਕ: 94175-88616