ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ
ਜਗਤਾਰ ਲਾਡੀ
ਜ਼ਿੰਦਗੀ ਵਿੱਚ ਹੱਸਣਾ ਤੇ ਖੇਡਣਾ ਕੁਦਰਤੀ ਨਿਆਮਤਾਂ ਹਨ। ਗੁਰਬਾਣੀ ਵਿੱਚ ਵੀ ਦਰਜ ਹੈ: ਨਚਣੁ ਕੁਦਣੁ ਮਨ ਕਾ ਚਾਉ।। ਜ਼ਿੰਦਗੀ ਇਕੱਲੀ ਨਿਰਾਸ਼ਾ ਨਾਲ ਜਾ ਬਿਨਾਂ ਹਾਸਿਆਂ ਤੋਂ ਗੁਜ਼ਾਰੀ ਨਹੀਂ ਜਾ ਸਕਦੀ। ਪੰਜਾਬੀ ਕੌਮ ਨੇ ਦੁਨੀਆ ਵਿੱਚ ਅਣਗਿਣਤ ਲੜਾਈਆਂ ਲੜੀਆਂ ਤੇ ਦੁੱਖ ਝੱਲੇ, ਪਰ ਹਾਸੇ ਕਦੇ ਨਹੀਂ ਗਵਾਏ।
ਉਂਜ ਵੀ ਕਿਹਾ ਜਾਂਦਾ ਹੈ ਕਿ ਹੱਸਦੇ ਚਿਹਰੇ ਹਰ ਇੱਕ ਦਾ ਮਨ ਮੋਹ ਲੈਂਦੇ ਨੇ। ਰੋਂਦੂ ਬੰਦੇ ਨੂੰ ਕੋਈ ਪਸੰਦ ਨਹੀਂ ਕਰਦਾ। ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਹੱਸੇਂਗਾ ਤਾਂ ਸਾਰਾ ਜੱਗ ਹੱਸੇਗਾ ਰੋਵੇਂਗਾ ਤਾਂ ਇਕੱਲਾ ਰੋਵੇਂਗਾ। ਨਿੱਕਾ ਜਿਹਾ ਬੱਚਾ ਸਾਨੂੰ ਬਾਹਰ, ਅੰਦਰ ਕਿਤੇ ਵੀ ਮਿਲ ਜਾਵੇ ਉਹ ਹੱਸ ਕੇ ਸਾਨੂੰ ਕਾਇਲ ਕਰ ਲੈਂਦਾ ਹੈ। ਜੀਜਾ-ਸਾਲੀ ਤੇ ਦਿਉਰ- ਭਰਜਾਈ ਦਾ ਹਾਸਾ ਠੱਠਾ ਇਸੇ ਹਾਸੇ ਦਾ ਇੱਕ ਅੰਗ ਹੈ। ਪੰਜਾਬੀ ਗੀਤਕਾਰੀ ਵਿੱਚ ਵੀ ਅਣਗਿਣਤ ਗੀਤ ਗੱਭਰੂ ਮੁਟਿਆਰ ਦੇ ਹਾਸਿਆਂ ’ਤੇ ਲਿਖੇ ਗਏ। ਮੁਟਿਆਰ ਦੇ ਹਾਸੇ ਕਿਤੇ ਖੰਡ ਪਤਾਸੇ ਲੱਗਦੇ ਹਨ ਤੇ ਕਦੇ ਇਸ ਦੀ ਤੁਲਨਾ ਫੁੱਲਾਂ ਨਾਲ ਕੀਤੀ ਜਾਂਦੀ ਹੈ। ਕਿਸੇ ਅੱਲੜ੍ਹ ਦੇ ਹਾਸੇ ਦਾ ਸ਼ਿਕਾਰ ਹੋਇਆ ਗੱਭਰੂ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰਦਾ ਕਹਿੰਦਾ ਹੈ:
ਹੱਸਣਾ ਤਾਂ ਉਨ੍ਹਾਂ ਦੀ ਆਦਤ ਸੀ,
ਅਸੀਂ ਗਲਤ ਅੰਦਾਜ਼ਾ ਲਾ ਬੈਠੇ,
ਉਹ ਹੱਸਦੇ ਹੱਸਦੇ ਚਲੇ ਗਏ,
ਅਸੀਂ ਆਪਣਾ ਆਪ ਗਵਾ ਬੈਠੇ।
ਪੰਜਾਬੀ ਸਾਹਿਤ ਦੇ ਵੱਖ ਖੇਤਰਾਂ ਵਿੱਚ ਵੀ ਹਾਸਿਆਂ ਵਾਰੇ ਚਿਤਰਿਆ ਗਿਆ ਹੈ ਜਿੱਥੇ ਗੀਤਾਂ ਵਿੱਚ ਦਰਜ ਹੈ:
ਮੇਰਾ ਦਿਉਰ ਬੜਾ ਟੁੱਟ ਪੈਣਾ
ਨੀਂ ਹੱਸਦੀ ਦੇ ਦੰਦ ਗਿਣਦਾ,
ਚਿੱਟੇ ਦੰਦ ਹੱਸਣੋ ਨਾ ਰਹਿੰਦੇ
ਲੋਕੀ ਭੈੜੇ ਸ਼ੱਕ ਕਰਦੇ।
ਅਜਿਹੇ ਅਣਗਿਣਤ ਗੀਤ ਲੋਕਾਂ ਦੀ ਜ਼ੁਬਾਨ ’ਤੇ ਚੜ੍ਹੇ ਹਨ। ਗੀਤਾਂ ਤੋਂ ਬਿਨਾਂ ਮਨੁੱਖ ਨੇ ਹਾਸਿਆਂ ਲਈ ਹੀ ਮਜ਼ਾਹੀਆ ਚੁਟਕਲੇ, ਬਾਤਾਂ, ਨਾਟਕ, ਫਿਲਮਾਂ ਤੇ ਪਹੇਲੀਆਂ ਤਿਆਰ ਕਰ ਲਈਆਂ ਜੋ ਅੱਜ ਵੀ ਇਸ ਭੱਜ ਦੌੜ ਵਿੱਚ ਮਨੁੱਖੀ ਚਿਹਰੇ ’ਤੇ ਹਾਸੇ ਲੈ ਆਉਂਦੇ ਹਨ। ਮਾਂ ਆਪਣੇ ਬੱਚਿਆਂ ਨੂੰ ਦੇਖ ਕੇ ਹੱਸਦੀ ਹੈ ਤੇ ਬੱਚਾ ਮਾਂ ਨੂੰ। ਇਵੇਂ ਜ਼ਿੰਦਗੀ ਤੁਰਦੀ ਹੈ। ਹਾਸਾ ਸਾਡੀਆਂ ਬੀਪੀ ਜਿਹੀਆਂ ਕਈ ਬਿਮਾਰੀਆਂ ਨੂੰ ਕੰਟਰੋਲ ਕਰਦਾ ਹੈ ਤੇ ਮਾਨਸਿਕ ਤੌਰ ’ਤੇ ਸਿਹਤ ਨੂੰ ਤੰਦਰੁਸਤ ਰੱਖਦਾ ਹੈ।
ਅੱਜਕੱਲ੍ਹ ਭਾਵੇਂ ਅਸੀਂ ਨਕਲੀ ਹਾਸੇ ਯੋਗ ਕਲਾਸ ਵਿੱਚ ਵੀ ਹੱਸੇ ਜਾਂਦੇ ਹਨ, ਪਰ ਇਹ ਰੂਹ ਦੇ ਹਾਸੇ ਨਹੀਂ ਹੁੰਦੇ। ਅਜਿਹੇ ਹਾਸੇ ਜਾਅਲੀ ਲੱਗਦੇ ਹਨ। ਅੱਜਕੱਲ੍ਹ ਹਾਸੇ ਸਮਾਇਲ ਵਿੱਚ ਬਦਲ ਗਏ ਹਨ। ਹੁਣ ਲੋਕ ਖੁੱਲ੍ਹ ਕੇ ਨਹੀਂ ਹੱਸਦੇ। ਅਕਸਰ ਜ਼ਿਆਦਾ ਹੱਸਣ ਵਾਲੇ ਨੂੰ ਗਵਾਰ ਸਮਝਿਆ ਜਾਂਦਾ ਹੈ। ਹੁਣ ਤਾਂ ਖੁੱਲ੍ਹ ਕੇ ਹੱਸਣ ਦੀ ਬਜਾਏ ਹਲਕੀ ਜਿਹੀ ਮੁਸਕਰਾਹਟ ਹੀ ਸੱਭਿਅਕ ਮੰਨੀ ਜਾਂਦੀ ਹੈ। ਦੂਜੇ ਪਾਸੇ ਖੁੱਲ੍ਹ ਕੇ ਹੱਸਣ ਵਾਲੇ ਤਾਂ ਅੱਜ ਵੀ ਬਹੁਤ ਮਿਲ ਜਾਣਗੇ। ਬੇਸ਼ੱਕ ਸਮਾਜ ਬਦਲ ਰਿਹਾ ਹੈ, ਪਰ ਹਾਸਿਆਂ ਵਾਲੇ ਹੱਸ ਹੀ ਲੈਂਦੇ ਨੇ।
ਚਿੜੀਆਂ ਦਾ ਮਰਨਾ ਤੇ ਗਵਾਰਾਂ ਦਾ ਹੱਸਣਾ ਵਾਲੇ ਹਾਸੇ ਵੀ ਸਾਨੂੰ ਕਦੇ ਨਹੀਂ ਹੱਸਣੇ ਚਾਹੀਦੇ। ਹਾਸੇ ਉਹੀ ਵਧੀਆ ਹੁੰਦੇ ਹਨ ਜੋ ਦੂਸਰਿਆਂ ਦਾ ਦਰਦ ਵੰਡ ਲੈਣ ਤੇ ਉਨ੍ਹਾਂ ਦੀਆਂ ਖੁਸ਼ੀਆਂ ਨੂੰ ਦੁੱਗਣਾ ਕਰ ਦੇਣ। ਕਿਸੇ ਗਊ ਗ਼ਰੀਬ ’ਤੇ ਕਦੇ ਨਹੀਂ ਹੱਸਣਾ ਚਾਹੀਦਾ। ਕਈ ਵਾਰੀ ਹਾਸੇ ਦੇ ਤਮਾਸ਼ੇ ਵੀ ਬਣ ਜਾਂਦੇ ਹਨ। ਹੱਸਦਿਆਂ ਦੇ ਘਰ ਵਸਦੇ ਹਨ। ਅੱਗੇ ਸੰਯੁਕਤ ਪਰਿਵਾਰ ਵਿੱਚ ਬੱਚੇ ਵੱਧ ਹੱਸਦੇ ਖੇਡਦੇ ਸਨ। ਉਹ ਚੀਜ਼ਾਂ ਦਾ ਆਪਸ ਵਿੱਚ ਵੰਡ ਵਟਾਂਦਰ (ਸ਼ੇਅਰ ਕਰਨਾ) ਕਰਕੇ ਸਿਹਤਮੰਦ ਤੇ ਠੀਕ ਰਸਤੇ ’ਤੇ ਚੱਲਦੇ ਸਨ। ਅੱਜਕੱਲ੍ਹ ਇਸ ਦੇ ਬਿਲਕੁਲ ਉਲਟ ਹੈ। ਬੱਚੇ ਗ਼ਲਤ ਆਦਤਾਂ ਦਾ ਸ਼ਿਕਾਰ ਹੋ ਰਹੇ ਹਨ। ਇਕਹਿਰੀ ਪਰਿਵਾਰ ਪ੍ਰਣਾਲੀ ਕਾਰਨ ਬੱਚੇ ਖੁੱਲ੍ਹ ਕੇ ਹੱਸਦੇ ਵੀ ਨਹੀਂ।
ਬੇਸ਼ੱਕ ਹਾਸੇ ਇਸ ਭੱਜਦੌੜ ਵਿੱਚ ਘਟਦੇ ਜਾ ਰਹੇ ਹਨ, ਪਰ ਸਾਨੂੰ ਇਸ ਲਈ ਵੀ ਸਮਾਂ ਕੱਢਣਾ ਚਾਹੀਦਾ ਹੈ। ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਬੈਠਣਾ ਚਾਹੀਦਾ ਹੈ। ਹੱਸਣਾ ਖੇਡਣਾ ਚਾਹੀਦਾ ਹੈ। ਕਿਸੇ ਨੇ ਬਹੁਤ ਵਧੀਆ ਲਿਖਿਆ ਹੈ:
ਦੁਨੀਆ ਮੰਡੀ ਪੈਸੇ ਦੀ
ਹਰ ਚੀਜ਼ ਵਿਕੇਂਦੀ ਭਾਅ ਸੱਜਣਾ
ਇੱਥੇ ਰੌਂਦੇ ਚਿਹਰੇ ਨਹੀਂ ਵਿਕਦੇ
ਹੱਸਣ ਦੀ ਆਦਤ ਪਾ ਸੱਜਣਾ
ਸੋ ਆਓ ਅੱਜ ਤੋਂ ਸਾਰੀਆਂ ਟੈਨਸ਼ਨਾਂ ਲਾਹ ਕੇ ਹੱਸੀਏ ਖੇਡੀਏ। ਜ਼ਿੰਦਗੀ ਨੂੰ ਰੱਜ ਕੇ ਮਾਣੀਏ।
ਸੰਪਰਕ: 94636-03091