For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਦੇ ਮੈਨੀਫੈਸਟੋ ਵਿੱਚ ਮੁਸਲਿਮ ਲੀਗ ਦੀ ਛਾਪ: ਮੋਦੀ

07:45 AM Apr 07, 2024 IST
ਕਾਂਗਰਸ ਦੇ ਮੈਨੀਫੈਸਟੋ ਵਿੱਚ ਮੁਸਲਿਮ ਲੀਗ ਦੀ ਛਾਪ  ਮੋਦੀ
ਸਹਾਰਨਪੁਰ ’ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ
Advertisement

ਸਹਾਰਨਪੁਰ/ਅਜਮੇਰ, 6 ਅਪਰੈਲ
ਕਾਂਗਰਸ ਦੀ ਤੁਲਨਾ ਮੁਸਲਿਮ ਲੀਗ ਨਾਲ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਭ ਤੋਂ ਪੁਰਾਣੀ ਪਾਰਟੀ ਦੇ ਚੋਣ ਮਨੋਰਥ ਪੱਤਰ ’ਚ ਉਸੇ ਵਿਚਾਰ ਦੀ ਝਲਕ ਦਿਖਾਈ ਦਿੰਦੀ ਹੈ ਜੋ ਆਜ਼ਾਦੀ ਦੇ ਅੰਦੋਲਨ ਸਮੇਂ ਮੁਸਲਿਮ ਲੀਗ ਦੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹੋਂਦ ਦਹਾਕੇ ਪਹਿਲਾਂ ਖ਼ਤਮ ਹੋ ਚੁੱਕੀ ਹੈ। ਕਾਂਗਰਸ ਮੈਨੀਫੈਸਟੋ ਦੀ ਆਲੋਚਨਾ ਕਰਦਿਆਂ ਉਨ੍ਹਾਂ ਇਸ ਨੂੰ ਝੁਠ ਦਾ ਪੁਲੰਦਾ ਦੱਸਿਆ ਅਤੇ ਕਿਹਾ ਕਿ ਇਸ ਦੇ ਹਰ ਪੰਨੇ ’ਚੋਂ ਭਾਰਤ ਦੇ ਟੋਟੇ ਕਰਨ ਦੀ ਝਲਕ ਮਿਲਦੀ ਹੈ। ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਕਾਂਗਰਸ ਉਪਰ ਹਮਲੇ ਤੇਜ਼ ਕਰਦਿਆਂ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਬੁਖਲਾ ਗਈ ਹੈ ਕਿਉਂਕਿ ਉਨ੍ਹਾਂ ਦੀ ‘ਲੁੱਟ ਦੀ ਦੁਕਾਨ’ ਬੰਦ ਹੋ ਗਈ ਹੈ ਅਤੇ ਉਹ ਚੋਣਾਂ ਜਿੱਤਣ ਲਈ ਨਹੀਂ ਸਗੋਂ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਲਈ ਰੈਲੀਆਂ ਕਰ ਰਹੀ ਹੈ। ਅਜਮੇਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਾਂਗਰਸ ਨੂੰ ‘ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰੀਆਂ’ ਦੀ ਪਾਰਟੀ ਕਰਾਰ ਦਿੱਤਾ।

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਗਾਜ਼ੀਆਬਾਦ ’ਚ ਰੋਡ ਸ਼ੋਅ ’ਚ ਹਿੱਸਾ ਲੈਂਦੇ ਹੋਏ। -ਫੋਟੋ: ਪੀਟੀਆਈ

ਮੋਦੀ ਨੇ ਕਿਹਾ ਕਿ ਉਹ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੇ ਹਨ ਅਤੇ ਸਰਕਾਰ ਬਣਨ ਦੇ 100 ਦਿਨਾਂ ਦੇ ਅੰਦਰ ਭ੍ਰਿਸ਼ਟਾਚਾਰ ਖ਼ਿਲਾਫ਼ ਹੋਰ ਕਈ ਵੱਡੇ ਫ਼ੈਸਲੇ ਲਏ ਜਾਣਗੇ। ਸਹਾਰਨਪੁਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ,‘‘ਕਾਂਗਰਸ ਨਾਲ ਕਈ ਮਹਾਨ ਹਸਤੀਆਂ ਜੁੜੀਆਂ ਹੋਈਆਂ ਸਨ। ਕਾਂਗਰਸ ਨਾਲ ਮਹਾਤਮਾ ਗਾਂਧੀ ਦਾ ਨਾਮ ਜੁੜਿਆ ਹੋਇਆ ਸੀ। ਕਾਂਗਰਸ ਕੋਲ ਨਾ ਤਾਂ ਰਾਸ਼ਟਰ ਦੇ ਹਿੱਤ ’ਚ ਨੀਤੀਆਂ ਹਨ ਅਤੇ ਨਾ ਹੀ ਦੇਸ਼ ਦੇ ਵਿਕਾਸ ਦਾ ਕੋਈ ਨਜ਼ਰੀਆ ਹੈ। ਬੀਤੇ ਕੱਲ੍ਹ ਜਿਹੋ ਜਿਹਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਹੈ, ਉਸ ਤੋਂ ਸਾਬਿਤ ਹੋ ਗਿਆ ਹੈ ਕਿ ਅੱਜ ਦੀ ਕਾਂਗਰਸ ਭਾਰਤ ਦੀਆਂ ਆਸਾਂ ਅਤੇ ਇੱਛਾਵਾਂ ਤੋਂ ਪੂਰੀ ਤਰ੍ਹਾਂ ਨਾਲ ਵੱਖ ਹੋ ਗਈ ਹੈ।’’ ਹੋਰ ਤਿੱਖਾ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਹੁਣ ਤਾਂ ਦੂਰ-ਦੂਰ ਤੱਕ ਦਿਖਾਈ ਨਹੀਂ ਦਿੰਦੀ ਹੈ। ਉਨ੍ਹਾਂ ‘ਇੰਡੀਆ’ ਗੱਠਜੋੜ ’ਚ ਸ਼ਾਮਲ ਸਮਾਜਵਾਦੀ ਪਾਰਟੀ ਨੂੰ ਵੀ ਘੇਰੇ ’ਚ ਲੈਂਦਿਆਂ ਕਿਹਾ,‘‘ਉੱਤਰ ਪ੍ਰਦੇਸ਼ ’ਚ ਐੱਸਪੀ ਲਈ ਹਾਲਾਤ ਇਹੋ ਜਿਹੇ ਬਣ ਗਏ ਹਨ ਕਿ ਉਨ੍ਹਾਂ ਨੂੰ ਆਪਣੇ ਉਮੀਦਵਾਰ ਹਰ ਘੰਟੇ ਬਾਅਦ ਬਦਲਣੇ ਪੈ ਰਹੇ ਹਨ। ਕਾਂਗਰਸ ਦੀ ਹਾਲਾਤ ਹੋਰ ਵੀ ਅਜੀਬੋ-ਗਰੀਬ ਹੋ ਗਈ ਹੈ। ਉਸ ਨੂੰ ਚੋਣਾਂ ’ਚ ਖੜ੍ਹੇ ਕਰਨ ਲਈ ਉਮੀਦਵਾਰ ਹੀ ਨਹੀਂ ਮਿਲ ਰਹੇ ਹਨ। ਜਿਹੜੀਆਂ ਸੀਟਾਂ ਨੂੰ ਕਾਂਗਰਸ ਆਪਣਾ ਗੜ੍ਹ ਆਖਦੀ ਸੀ, ਉਥੇ ਵੀ ਉਸ ਨੂੰ ਆਪਣੇ ਉਮੀਦਵਾਰ ਖੜ੍ਹਾ ਕਰਨ ਦਾ ਹੌਸਲਾ ਨਹੀਂ ਪੈ ਰਿਹਾ ਹੈ।’’ ਮੋਦੀ ਨੇ ਕਿਹਾ ਕਿ ‘ਇੰਡੀ ਗੱਠਜੋੜ’ ਅਸਥਿਰਤਾ ਅਤੇ ਬੇਯਕੀਨੀ ਦਾ ਦੂਜਾ ਨਾਮ ਬਣ ਗਿਆ ਹੈ। ‘ਇਸੇ ਕਰਕੇ ਅੱਜ ਦੇਸ਼ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ।’ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ,‘‘ਤੁਹਾਨੂੰ ਉੱਤਰ ਪ੍ਰਦੇਸ਼ ’ਚ ਇਕ ਫਿਲਮ ‘ਦੋ ਲੜਕੇ’ ਯਾਦ ਹੋਵੇਗੀ ਜੋ ਪਿਛਲੀ ਵਾਰ ਫਲਾਪ ਰਹੀ ਸੀ। ਦੋ ਲੜਕਿਆਂ ਵਾਲੀ ਫਿਲਮ ਮੁੜ ਰਿਲੀਜ਼ ਹੋ ਰਹੀ ਹੈ। ਮੈਨੂੰ ਸਮਝ ਨਹੀਂ ਆਉਂਦਾ ਕਿ ਇੰਡੀ ਗੱਠਜੋੜ ਦੇ ਮੈਂਬਰ ਲੱਕੜ ਦੀ ਹਾਂਡੀ ਨੂੰ ਅੱਗ ’ਤੇ ਕਿੰਨੀ ਵਾਰ ਚੜ੍ਹਾਉਣਗੇ।’’ ਮੋਦੀ ਨੇ ਕਿਹਾ ਕਿ ਮੁਸਲਿਮ ਔਰਤਾਂ ਉਨ੍ਹਾਂ ਨੂੰ ਆਉਣ ਵਾਲੀਆਂ ਕਈ ਸਦੀਆਂ ਤੱਕ ਦੁਆਵਾਂ ਦੇਣਗੀਆਂ ਕਿਉਂਕਿ ਉਨ੍ਹਾਂ ’ਤੇ ਤੀਹਰੇ ਤਲਾਕ ਦੀ ਲਟਕਦੀ ਤਲਵਾਰ ਸਰਕਾਰ ਨੇ ਹਟਾ ਲਈ ਹੈ। ਉਨ੍ਹਾਂ ਕਿਹਾ ਕਿ ਅਸਲ ਧਰਮਨਿਰਪੱਖਤਾ ਉਹ ਹੈ ਜਦੋਂ ਸਰਕਾਰੀ ਭਲਾਈ ਯੋਜਨਾਵਾਂ ਦਾ ਲਾਭ ਹਰ ਕਿਸੇ ਨੂੰ ਮਿਲਦਾ ਹੈ। ਸ਼ਾਮ ਨੂੰ ਪ੍ਰਧਾਨ ਮੰਤਰੀ ਨੇ ਗਾਜ਼ੀਆਬਾਦ ’ਚ ਭਾਜਪਾ ਉਮੀਦਵਾਰ ਅਤੁਲ ਗਰਗ ਦੀ ਹਮਾਇਤ ’ਚ ਰੋਡ ਸ਼ੋਅ ਕੀਤਾ। ਲੋਕ ਸਭਾ ਚੋਣਾਂ ਦੇ ਪਿਛਲੇ ਮਹੀਨੇ ਐਲਾਨ ਮਗਰੋਂ ਮੋਦੀ ਦਾ ਇਹ ਪਹਿਲਾ ਰੋਡ ਸ਼ੋਅ ਹੈ। ਇਸ ਮੌਕੇ ਖੁੱਲ੍ਹੀ ਜੀਪ ’ਚ ਮੋਦੀ ਦੇ ਨਾਲ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਗਰਗ ਵੀ ਮੌਜੂਦ ਸਨ। ਰੋਡ ਸ਼ੋਅ ਮਾਲੀਵਾੜ ਚੌਕ ਤੋਂ ਸ਼ੁਰੂ ਹੋ ਕੇ ਚੌਧਰੀ ਮੋੜ ’ਤੇ ਸਮਾਪਤ ਹੋਇਆ। -ਪੀਟੀਆਈ

ਮੋਦੀ ਨੂੰ ਆਪਣਾ ਇਤਿਹਾਸ ਨਹੀਂ ਪਤਾ: ਜੈਰਾਮ ਰਮੇਸ਼

ਨਵੀਂ ਦਿੱਲੀ: ਕਾਂਰਗਸ ਨੇ ਆਪਣੇ ਚੋਣ ਮਨੋਰਥ ਪੱਤਰ ’ਤੇ ਮੁਸਲਿਮ ਲੀਗ ਦੀ ਛਾਪ ਹੋਣ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿੱਪਣੀ ਨੂੰ ਲੈ ਕੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਇਤਿਹਾਸ ਤੋਂ ਜਾਣੂ ਨਹੀਂ ਹਨ ਕਿਉਂਕਿ ਉਹ ਕੋਈ ਹੋਰ ਨਹੀਂ ਸਗੋਂ ਜਨਸੰਘ ਦੇ ਬਾਨੀ ਸ਼ਿਆਮਾ ਪ੍ਰਸਾਦ ਮੁਖਰਜੀ ਸਨ ਜੋ 1940 ਦੇ ਦਹਾਕੇ ਦੀ ਸ਼ੁਰੂਆਤ ’ਚ ਲੀਗ ਨਾਲ ਬੰਗਾਲ ’ਚ ਗੱਠਜੋੜ ਸਰਕਾਰ ਦਾ ਹਿੱਸਾ ਸਨ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਭਾਜਪਾ ’ਤੇ ‘ਵੰਡੀਆਂ ਪਾਉਣ ਦੀ ਸਿਆਸਤ’ ਕਰਨ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਹਕੀਕਤ ’ਚ ਹਿੰਦੂ ਮਹਾਸਭਾ ਦੇ ਤਤਕਾਲੀ ਪ੍ਰਧਾਨ ਸ਼ਿਆਮਾ ਪ੍ਰਸਾਦ ਮੁਖਰਜੀ ਸਨ ਜੋ ਬੰਗਾਲ ’ਚ ਮੁਸਲਿਮ ਲੀਗ ਨਾਲ ਗੱਠਜੋੜ ਸਰਕਾਰ ’ਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਹਿੰਦੂ ਮਹਾਸਭਾ ਦਾ ਸਿੰਧ ਅਤੇ ਉੱਤਰ-ਪੱਛਮੀ ਫਰੰਟੀਅਰ ਸੂਬੇ ’ਚ ਵੀ ਮੁਸਲਿਮ ਲੀਗ ਨਾਲ ਗੱਠਜੋੜ ਸੀ। ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ ਨਹੀਂ ਸਗੋਂ ਭਾਜਪਾ ਵੰਡੀਆਂ ਪਾਉਣ ਦੀ ਸਿਆਸਤ ’ਚ ਵਿਸ਼ਵਾਸ ਕਰਦੀ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ’ਚ ਡਬਲ ਇੰਜਣ ਸਰਕਾਰ ਕੋਲ ਬਹੁਤ ਘੱਟ ਈਂਧਣ ਬਚਿਆ ਹੈ ਅਤੇ ਇਹ 4 ਜੂਨ ਨੂੰ ਬੰਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇਨ੍ਹਾਂ ਸਵਾਲਾਂ ਦੇ ਜਵਾਬ ਜ਼ਰੂਰ ਦੇਣਗੇ ਕਿ ਮਸ਼ੀਨਰੀ ਆਖਰ ਖ਼ਰਾਬ ਕਿਉਂ ਹੋ ਰਹੀ ਹੈ। ਉਨ੍ਹਾਂ ਗੰਨਾ ਕਿਸਾਨਾਂ ਨੂੰ ਹੋਰ ਸੂਬਿਆਂ ਨਾਲੋਂ ਘੱਟ ਭਾਅ ਦੇਣ ’ਤੇ ਵੀ ਸਵਾਲ ਚੁੱਕੇ। -ਪੀਟੀਆਈ

ਪ੍ਰਧਾਨ ਮੰਤਰੀ ਨੇ ਲੋਕਤੰਤਰ ਤਾਰ-ਤਾਰ ਕੀਤਾ: ਸੋਨੀਆ

ਜੈਪੁਰ ’ਚ ਰੈਲੀ ਦੌਰਾਨ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਕੋਈ ਨੁਕਤਾ ਸਾਂਝਾ ਕਰਦੇ ਹੋਏ ਸੋਨੀਆ ਗਾਂਧੀ। -ਫੋਟੋ: ਪੀਟੀਆਈ

ਜੈਪੁਰ, 6 ਅਪਰੈਲ
ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੇਸ਼ ਦੀ ਮਰਿਆਦਾ ਤੇ ਲੋਕਤੰਤਰ ਨੂੰ ਤਾਰ-ਤਾਰ ਕਰਨ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਭਾਜਪਾ ’ਚ ਸ਼ਾਮਲ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਹਥਕੰਡੇ ਅਪਣਾਏ ਜਾ ਰਹੇ ਹਨ।
ਇੱਥੇ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਸੋਨੀਆ ਗਾਂਧੀ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਦੇਸ਼ ਅਜਿਹੀ ਸਰਕਾਰ ਦੇ ਹੱਥਾਂ ਵਿੱਚ ਹੈ ਜਿਸ ਨੇ ਬੇਰੁਜ਼ਗਾਰੀ, ਮਹਿੰਗਾਈ, ਆਰਥਿਕ ਸੰਕਟ ਤੇ ਨਾਬਰਾਬਰੀ ਨਾਲ ਨਜਿੱਠਣ ਲਈ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਦੋਸ਼ ਲਾਇਆ, ‘ਅੱਜ ਸਾਡੇ ਦੇਸ਼ ਦਾ ਲੋਕਤੰਤਰ ਖਤਰੇ ਵਿੱਚ ਹੈ। ਜਮਹੂਰੀ ਸੰਸਥਾਵਾਂ ਤਬਾਹ ਕੀਤੀਆਂ ਜਾ ਰਹੀਆਂ ਹਨ ਅਤੇ ਸਾਡੇ ਸੰਵਿਧਾਨ ਨੂੰ ਬਦਲਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਹ ਤਾਨਾਸ਼ਾਹੀ ਹੈ ਅਤੇ ਅਸੀਂ ਸਾਰੇ ਇਸ ਦਾ ਢੁੱਕਵਾਂ ਜਵਾਬ ਦੇਵਾਂਗੇ।’ ਉਨ੍ਹਾਂ ਕਿਹਾ, ‘ਆਪਣੇ ਆਪ ਨੂੰ ਮਹਾਨ ਮੰਨ ਕੇ ਮੋਦੀ ਜੀ ਦੇਸ਼ ਦੀ ਮਰਿਆਦਾ ਤੇ ਇਸ ਦੇ ਲੋਕਤੰਤਰ ਨੂੰ ਤਾਰ-ਤਾਰ ਕਰ ਰਹੇ ਹਨ। ਸਾਰੇ ਸਿਸਟਮ ਅੰਦਰ ਇੱਕ ਡਰ ਬਿਠਾ ਦਿੱਤਾ ਗਿਆ ਹੈ।’ ਉਨ੍ਹਾਂ ਕਿਹਾ, ‘ਦੇਸ਼ ਕੁਝ ਕੁ ਲੋਕਾਂ ਦੀ ਜਾਇਦਾਦ ਨਹੀਂ ਹੈ। ਇਹ ਸਾਰਿਆਂ ਦਾ ਹੈ। ਸਾਡੇ ਪੁਰਖਿਆਂ ਨੇ ਇਸ ਲਈ ਆਪਣਾ ਲਹੂ ਵਹਾਇਆ ਹੈ।’
ਸਮਾਗਮ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ‘ਝੂਠਿਆਂ ਦਾ ਆਗੂ’ ਕਰਾਰ ਦਿੱਤਾ ਅਤੇ ਸਵਾਲ ਕੀਤਾ ਕਿ ਉਨ੍ਹਾਂ ਆਪਣੀਆਂ ਗਾਰੰਟੀਆਂ ਪੂਰੀਆਂ ਕਰਨ ਲਈ ਕੀ ਕੀਤਾ। ਉਨ੍ਹਾਂ ਭਾਜਪਾ ਸਰਕਾਰ ਦੇ ਕਾਰਜਕਾਲ ਅਧੀਨ ਦੇਸ਼ ਦੀ ਵਿਦੇਸ਼ ਨੀਤੀ ’ਤੇ ਵੀ ਸਵਾਲ ਚੁੱਕੇ ਅਤੇ ਦਾਅਵਾ ਕੀਤਾ ਕਿ ਚੀਨ ਭਾਰਤੀ ਜ਼ਮੀਨ ’ਤੇ ਕਬਜ਼ਾ ਕਰ ਰਿਹਾ ਹੈ ਅਤੇ ਭਾਰਤੀ ਪਿੰਡਾਂ ਦੇ ਨਾਂ ਤਬਦੀਲ ਕਰ ਰਿਹਾ ਹੈ ਪਰ ਪ੍ਰਧਾਨ ਮੰਤਰੀ ਮੋਦੀ ਇਸ ਬਾਰੇ ਕੋਈ ਗੱਲ ਨਹੀਂ ਕਰਦੇ। ਖੜਗੇ ਨੇ ਕਿਹਾ, ‘ਉਹ (ਮੋਦੀ) ਦਾਅਵਾ ਕਰਦੇ ਹਨ ਕਿ ਉਨ੍ਹਾਂ ਦਾ 56 ਇੰਚ ਦਾ ਸੀਨਾ ਹੈ। ਭਾਵੇਂ ਇਹ 56 ਇੰਚ ਹੋਵੇ, ਭਾਵੇਂ 55 ਜਾਂ 54, ਅਸੀਂ ਇੱਕ ਦਰਜ਼ੀ ਸੱਦਾਂਗੇ, ਨਾਪ ਲਵਾਂਗੇ ਤੇ ਦੇਖਾਂਗੇ ਇਹ ਕਿੰਨਾਂ ਹੈ।’ ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਮੋਦੀ, ਉਨ੍ਹਾਂ ਦੇ ਲੋਕ ਅਤੇ ਆਰਐੱਸਐੱਸ ਕਹਿੰਦੀ ਹੈ ਕਿ ਜੇਕਰ ਤੁਸੀਂ ਦੋ-ਤਿਹਾਈ ਬਹੁਮਤ ਦੇਵੋਗੇ ਤਾਂ ਅਸੀਂ ਇਸ ਦੇਸ਼ ਦਾ ਸੰਵਿਧਾਨ ਬਦਲ ਦਿਆਂਗੇ।’ ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਸੰਘੀ ਏਜੰਸੀਆਂ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਭਾਜਪਾ ਦੇ ਰਾਜ ਵਿੱਚ ਵਿਰੋਧੀ ਪਾਰਟੀਆਂ ’ਤੇ ਹਮਲੇ ਕੀਤੇ ਜਾ ਰਹੇ ਹਨ। -ਪੀਟੀਆਈ

ਚੋਣ ਬਾਂਡ ਦੁਨੀਆ ਦਾ ਸਭ ਤੋਂ ਵੱਡਾ ਘੁਟਾਲਾ: ਰਾਹੁਲ

ਰਾਹੁਲ ਗਾਂਧੀ ਤੇ ਤਿਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਪਾਰਟੀ ਦਾ ਮੈਨੀਫੈਸਟੋ ਜਾਰੀ ਕਰਦੇ ਹੋਏ। -ਫੋਟੋ: ਪੀਟੀਆਈ

ਹੈਦਰਾਬਾਦ: ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ਹਮਲਾ ਕਰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਚੋਣ ਬਾਂਡ ਯੋਜਨਾ ਦੁਨੀਆ ਦਾ ਸਭ ਤੋਂ ਵੱਡਾ ਘੁਟਾਲਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਕਮਿਸ਼ਨ ’ਚ ‘ਆਪਣੇ ਹੀ ਲੋਕਾਂ’ ਨੂੰ ਭਰਤੀ ਕੀਤਾ ਹੋਇਆ ਹੈ। ਇਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਇਹ ਵੀ ਦੋਸ਼ ਲਾਇਆ ਕਿ ਦੇਸ਼ ’ਚ 30 ਕਿਸਾਨ ਰੋਜ਼ਾਨਾ ਖ਼ੁਦਕੁਸ਼ੀਆਂ ਕਰ ਰਹੇ ਹਨ ਜਦਕਿ ਮੋਦੀ ਨੇ ਅਮੀਰਾਂ ਦੇ 16 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਸੱਤਾ ’ਚ ਆਉਣ ਮਗਰੋਂ ਕਰੋੜਾਂ ਲੋਕ ਗਰੀਬ ਬਣ ਗਏ ਹਨ। ਕਾਂਗਰਸ ਮੈਨੀਫੈਸਟੋ ’ਚ ‘ਪੰਜ ਨਿਆਏ’ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਕੇਂਦਰ ’ਚ ਸਰਕਾਰ ਬਣਾਏਗੀ ਤਾਂ ‘ਕਿਸਾਨ ਨਿਆਏ’ ਰਾਹੀਂ ਖੇਤੀ ਕਰਜ਼ੇ ਮੁਆਫ਼ ਕੀਤੇ ਜਾਣਗੇ ਅਤੇ ਐੱਮਐੱਸਪੀ ’ਤੇ ਕਾਨੂੰਨੀ ਗਾਰੰਟੀ ਦਿੱਤੀ ਜਾਵੇਗੀ। ਰਾਹੁਲ ਨੇ ਕਿਹਾ ਕਿ ਤਿਲੰਗਾਨਾ ਦੇ ਲੋਕਾਂ ਨਾਲ ਕੀਤੇ ਗਏ ਚੋਣ ਵਾਅਦਿਆਂ ਨੂੰ ਕਾਂਗਰਸ ਪੂਰਾ ਕਰ ਰਹੀ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×