ਮਸਕ ਅਤੇ ਭਾਰਤੀ-ਅਮਰੀਕੀ ਰਾਮਾਸਵਾਮੀ ਕਰਨਗੇ ਸਰਕਾਰੀ ਕੁਸ਼ਲਤਾ ਵਿਭਾਗ ਦੀ ਅਗਵਾਈ
ਵਾਸ਼ਿੰਗਟਨ, 13 ਨੰਬਰ
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਟੈਸਲਾ ਦੇ ਮਾਲਕ ਐਲਨ ਮਸਕ ਅਤੇ ਭਾਰਤੀ-ਅਮਰੀਕੀ ਉਦਯੋਗਪਤੀ ਵਿਵੇਕ ਰਾਮਾਸਵਾਮੀ ‘ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ਿਏਂਸੀ’ (ਸਰਕਾਰੀ ਕੁਸ਼ਲਤਾ ਵਿਭਾਗ) ਜਾਂ ਡੀਓਜੀਆਈ ਦੀ ਅਗਵਾਈ ਕਰਨਗੇ। ਟਰੰਪ ਨੇ ਕਿਹਾ, ‘‘ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਐਲਨ ਮਸਕ, ਅਮਰੀਕੀ ਦੇਸ਼ ਭਗਤ ਵਿਵੇਕ ਰਾਮਾਸਵਾਮੀ ਨਾਲ ਮਿਲ ਕੇ ਡੀਓਜੀਆਈ ਦੀ ਅਗਵਾਈ ਕਰਨਗੇ।’’ ਰਾਮਾਸਵਾਮੀ ਅਗਲੇ ਸਾਲ 20 ਜਨਵਰੀ ਤੋਂ ਪ੍ਰਭਾਵੀ ਹੋ ਰਹੇ ਟਰੰਪ ਪ੍ਰਸ਼ਾਸਨ ਵਿੱਚ ਕਿਸੇ ਅਹੁਦੇ ’ਤੇ ਨਿਯੁਕਤ ਕੀਤੇ ਜਾਣ ਵਾਲੇ ਪਹਿਲੇ ਭਾਰਤੀ-ਅਮਰੀਕੀ ਹਨ। ਟਰੰਪ ਨੇ ਕਿਹਾ, ‘‘ਇਹ ਦੋਵੇਂ ਮਿਲ ਕੇ ਮੇਰੇ ਪ੍ਰਸ਼ਾਸਨ ਵਾਸਤੇ ਸਰਕਾਰੀ ਅਫ਼ਸਰਸ਼ਾਹੀ ਨੂੰ ਖ਼ਤਮ ਕਰਨ, ਵਾਧੂ ਨੇਮਾਂ ਨੂੰ ਘੱਟ ਕਰਨ, ਵਾਧੂ ਖਰਚਿਆਂ ਵਿੱਚ ਕਟੌਤੀ ਕਰਨ ਅਤੇ ਸੰਘੀ ਏਜੰਸੀਆਂ ਦੇ ਪੁਨਰਗਠਨ ਦਾ ਰਾਹ ਪੱਧਰਾ ਕਰਨਗੇ ਜੋ ਕਿ ‘ਅਮਰੀਕਾ ਬਚਾਓ ਅੰਦੋਲਨ’ ਲਈ ਜ਼ਰੂਰੀ ਹੈ।’’ ਟਰੰਪ ਵੱਲੋਂ ਜਾਰੀ ਬਿਆਨ ਮੁਤਾਬਕ ਮਸਕ ਨੇ ਕਿਹਾ, ‘‘ਇਸ ਨਾਲ ਵਿਵਸਥਾ ਤੇ ਸਰਕਾਰੀ ਬਰਬਾਦੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਧੱਕਾ ਲੱਗੇਗਾ, ਜੋ ਕਿ ਕਾਫੀ ਲੋਕ ਹਨ।’’ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਨੇ ਕਿਹਾ ਕਿ ਇਹ ਸੰਭਾਵੀ ਤੌਰ ’ਤੇ ‘ਮੌਜੂਦਾ ਦੌਰ ਦਾ ਮੈਨਹਟਨ ਪ੍ਰਾਜੈਕਟ’ ਹੋਵੇਗਾ। -ਪੀਟੀਆਈ