ਮੁਹੰਮਦ ਰਫ਼ੀ ਦੇ 99ਵੇਂ ਜਨਮ ਦਿਨ ’ਤੇ ਸੰਗੀਤਕ ਸਮਾਗਮ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 10 ਦਸੰਬਰ
ਮਹਾਨ ਗਾਇਕ ਮੁਹੰਮਦ ਰਫ਼ੀ ਦੇ 99ਵੇਂ ਜਨਮ ਦਿਨ ਸਬੰਧੀ ਰਾਮਗੜ੍ਹੀਆ ਕਲਚਰਲ ਐਂਡ ਵੈੱਲਫੇਅਰ ਕੌਂਸਲ (ਆਰਸੀਡਬਲਿਊਸ.) ਪਟਿਆਲਾ ਨੇ ਰਾਇਲ ਕਲਚਰਲ ਐਂਡ ਵੈੱਲਫੇਅਰ ਸੁਸਾਇਟੀ ਪਟਿਆਲਾ ਨਾਲ ਰਲ ਕੇ ਸੰਗੀਤਕ ਪ੍ਰੋਗਰਾਮ ਕਰਵਾਇਆ ਜਿਸ ਵਿੱਚ 35 ਤੋਂ ਵੱਧ ਗਾਇਕਾਂ ਨੇ ਰਫ਼ੀ ਸਾਹਿਬ ਦੁਆਰਾ ਗਾਏ ਗਏ ਗੀਤਾਂ ਨੂੰ ਗਾਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਪੁੱਜਣਾ ਸੀ ਪਰ ਕਿਸੇ ਵਿਸ਼ੇਸ਼ ਰੁਝੇਵੇਂ ਕਾਰਨ ਉਹ ਪਹੁੰਚ ਨਾ ਸਕੇ, ਉਨ੍ਹਾਂ ਆਪਣੇ ਭਰਾ ਹਰਜਿੰਦਰ ਸਿੰਘ ਮਿੰਟੂ ਨੂੰ ਇਸ ਪ੍ਰੋਗਰਾਮ ਵਿੱਚ ਭੇਜਿਆ। ਪ੍ਰਧਾਨਗੀ ਰਿਟਾਇਰਡ ਆਈਏਐੱਸ ਅਧਿਕਾਰੀ ਤੇ ਮੁਹੰਮਦ ਰਫ਼ੀ ਸਾਹਿਬ ਦੇ ਮੁਰੀਦ ਜੀ.ਐੱਸ.ਗਰੇਵਾਲ ਨੇ ਕੀਤੀ। ਕਲਾਕਾਰਾਂ ਨੇ ਸੋਲੋ ਤੇ ਡਿਊਟ ਗੀਤ ਪੇਸ਼ ਕੀਤੇ ਉਨ੍ਹਾਂ ਵਿੱਚ ਆਰ ਸੀ ਡਬਲਿਊ ਸੀ ਦੇ ਪ੍ਰਧਾਨ ਪਰਮਜੀਤ ਸਿੰਘ ਪਰਵਾਨਾ ਤੇ ਰਾਇਲ ਕਲਚਰਲ ਐਂਡ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬਰਿੰਦਰ ਸਿੰਘ ਖੁਰਲ ਸ਼ਾਮਲ ਸਨ। ਇਸ ਤੋਂ ਇਲਾਵਾ ਕੈਲਾਸ਼ ਅਟਵਾਲ, ਅਭਿਜੀਤ, ਲਲਿਤ ਛਾਬੜਾ, ਡਾ. ਬ੍ਰਜੇਸ਼ ਮੋਦੀ, ਪ੍ਰਵੀਨ ਸਿੰਘ, ਅਸ਼ਵਨੀ ਮਹਿਤਾ, ਕੁਲਦੀਪ ਗਰੋਵਰ, ਗੌਤਮ ਬੱਗਾ, ਵਿਕਰਮਜੀਤ ਸੰਧੂ, ਰਣਦੀਪ ਕੌਰ ਤੇ ਉੱਜਵਲ ਅਰੋੜਾ, ਰਸਦੀਪ ਖੈਰਾ, ਅੰਮ੍ਰਿਤਾ ਸਿੰਘ, ਪੂਨਮ ਡੋਗਰਾ, ਪਰਵਿੰਦਰ ਕੌਰ ਖੁਰਲ, ਪ੍ਰੇਮ ਸੇਠੀ, ਅਰਵਿੰਦਰ ਕੌਰ, ਅਤੇ ਗੁਲਸ਼ਨ ਤੇ ਮਾਨਿਆ ਸ਼ਰਮਾ, ਪ੍ਰੀਤੀ ਗੁਪਤਾ, ਸੁਰਿੰਦਰ ਸਿੰਘ, ਰਮਨਦੀਪ ਕੌਰ, ਪੂਨਮ ਡੋਗਰਾ, ਰਵਿੰਦਰ ਸਿੰਘ, ਰਾਜੀਵ ਵਰਮਾ, ਰੋਹਿਤ ਸ਼ੁਕਲਾ, ਪਵਨ ਤੇ ਸੁਨੀਤਾ ਕਾਲੀਆ, ਸ਼ੁਭਾਂਗਨੀ ਤੇ ਲਖਬੀਰ ਸਿੰਘ ਨੇ ਵੀ ਆਪੋ ਆਪਣੇ ਗੀਤ ਪੇਸ਼ ਕੀਤੇ। ਇਸ ਮੌਕੇ ਪਰਮਜੀਤ ਸਿੰਘ ਪਰਵਾਨਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਹੰਮਦ ਰਫ਼ੀ ਸਾਹਿਬ ਦੇ ਜਨਮ ਸਥਾਨ ਪਿੰਡ ਕੋਟਲਾ ਸੁਲਤਾਨ ਸਿੰਘ (ਮਜੀਠਾ-ਅੰਮ੍ਰਿਤਸਰ ਨੇੜੇ) ਵਿਖੇ ਮਹਾਨ ਗਾਇਕ ਦੀ ਯਾਦ ਵਿੱਚ ਸ਼ਾਨਦਾਰ ਯਾਦਗਾਰ ਉਸਾਰੀ ਜਾਵੇ ਅਤੇ ਉਨ੍ਹਾਂ ਨੂੰ ‘ਪੰਜਾਬ ਦੇ ਅਨਮੋਲ ਰਤਨ’ ਐਵਾਰਡ ਨਾਲ ਨਿਵਾਜਿਆ ਜਾਵੇ। ਅੰਮ੍ਰਿਤਾ ਸਿੰਘ ਨੇ ਮੰਚ ਸੰਚਾਲਨ ਕੀਤਾ।