ਸੰਗੀਤ ਮੇਰੀ ਜ਼ਿੰਦਗੀ: ਆਸ਼ਾ ਭੋਸਲੇ
ਮੁੰਬਈ: ਪਿੱਠਵਰਤੀ ਗਾਇਕਾ ਆਸ਼ਾ ਭੋਸਲੇ ਦਾ ਕਹਿਣਾ ਹੈ ਕਿ ਸੰਗੀਤ ਇੱਕ ਵਗਦਾ ਦਰਿਆ ਹੈ ਜਿਸ ਦਾ ਕੋਈ ਅੰਤ ਨਹੀਂ ਹੈ। ਉਨ੍ਹਾਂ ਨੇ ਆਪਣਾ 90ਵਾਂ ਜਨਮ ਦਿਨ ਦੁਬਈ ਵਿੱਚ ਲਾਈਵ ਪ੍ਰੋਗਰਾਮ ਦੌਰਾਨ ਮਨਾਇਆ ਤੇ ਸਰੋਤਿਆਂ ਦਾ ਮਨੋਰੰਜਨ ਕੀਤਾ। ਉਹ ਭਾਰਤ ਦੀ ਸਦਾਬਹਾਰ ਫਨਕਾਰ ਹਨ ਅਤੇ ਉਨ੍ਹਾਂ ਦਾ ਸ਼ਾਨਦਾਰ ਕਰੀਅਰ ਕਰੀਬ ਅੱਠ ਦਹਾਕੇ ਪਹਿਲਾਂ ਸ਼ੁਰੂ ਹੋਇਆ ਸੀ। ਸ਼ੋਅ ਤੋਂ ਪਹਿਲਾਂ ਖ਼ਬਰ ਏਜੰਸੀ ‘ਪੀਟੀਆਈ’ ਨਾਲ ਗੱਲਬਾਤ ਕਰਦਿਆਂ ਆਸ਼ਾ ਭੋਸਲੇ ਨੇ ਆਖਿਆ,‘‘ਮੈਂ 90 ਵਰ੍ਹਿਆਂ ਦੀ ਉਮਰ ਵਿੱਚ ਵੀ ਸਟੇਜ ’ਤੇ ਤਿੰਨ ਘੰਟੇ ਖੜ੍ਹ ਕੇ ਗੀਤ ਗਾਉਂਦੀ ਹਾਂ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਇਹ ਸਭ ਇਸ ਉਮਰ ਵਿਚ ਵੀ ਕਰ ਸਕਦੀ ਹਾਂ।’’ ਆਸ਼ਾ ਨੇ ਆਪਣਾ ਪਹਿਲਾ ਗੀਤ ‘ਚਲਾ ਚਲਾ ਨਵ ਬਾਲਾ’ ਸਾਲ 1943 ਵਿੱਚ ਆਈ ਮਰਾਠੀ ਫਿਲਮ ‘ਮਾਝਾ ਬਲ’ ਵਿੱਚ ਗਾਇਆ ਸੀ। ਉਹ ਅੱਠ ਦਹਾਕਿਆਂ ਦੇ ਆਪਣੇ ਕਰੀਅਰ ਦੌਰਾਨ 12000 ਗੀਤ ਗਾ ਚੁੱਕੀ ਹੈ। ਆਸ਼ਾ ਭੋਸਲੇ ਨੇ ਆਖਿਆ,‘‘ਹਮਾਰੀ ਸਾਂਸ ਨਹੀਂ ਹੋਤੀ ਤੋ ਆਦਮੀ ਮਰ ਜਾਤਾ ਹੈ। ਮੇਰੇ ਲੀਏ ਸੰਗੀਤ ਮੇਰੀ ਸਾਂਸ ਹੈ।’ ਉਨ੍ਹਾਂ ਅੱਗੇ ਕਿਹਾ, ‘ਮੈਂ ਸੰਗੀਤ ’ਚ ਜ਼ਿੰਦਗੀ ਜੀਵੀ ਹੈ। ਮੈਨੂੰ ਮੁਸ਼ਕਲਾਂ ’ਚੋਂ ਲੰਘ ਕੇ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ। ਮੈਨੂੰ ਬਹੁਤ ਵਾਰ ਅਜਿਹਾ ਲੱਗਿਆ ਕਿ ਮੈਂ ਸੰਗੀਤ ਜਗਤ ਵਿੱਚ ਟਿਕ ਨਹੀਂ ਸਕਾਂਗੀ ਪਰ ਮੈਂ ਇਹ ਸਭ ਕੁਝ ਕੀਤਾ। ਹੁਣ ਜਦੋਂ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਬਹੁਤ ਮਜ਼ੇਦਾਰ ਲੱਗਦਾ ਹੈ।’ -ਪੀਟੀਆਈ