ਮੂਸੇਵਾਲਾ ਕਤਲ: ਮੁਲਜ਼ਮਾਂ ਦੀ ਮਾਨਸਾ ਅਦਾਲਤ ਵਿੱਚ ਪੇੇਸ਼ੀ ਅੱਜ
ਪੱਤਰ ਪ੍ਰੇਰਕ
ਮਾਨਸਾ, 27 ਜੂਨ
ਗੈਂਗਸਟਰ ਗੋਲਡੀ ਬਰਾੜ ਵੱਲੋਂ ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਸਿੱਧੂ ਮੂਸੇਵਾਲਾ ਨੂੰ ਮਰਵਾਉਣ ਦੀ ਪੁਸ਼ਟੀ ਤੋਂ ਬਾਅਦ ਪੰਜਾਬੀ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਸ ਦੇ ਪੁੱਤ ਦੀ ਹੱਤਿਆ ਨੂੰ ਅੱਜ 394 ਦਿਨ ਹੋ ਗਏ ਹਨ ਪਰ ਭਗਵੰਤ ਮਾਨ ਸਰਕਾਰ ਨੇ ਅਜੇ ਤੱਕ ਇਨਸਾਫ਼ ਲਈ ਕੋਈ ਸਾਥ ਨਹੀਂ ਦਿੱਤਾ ਅਤੇ ਨਾ ਹੀ ਇਸ ਦੀ ਸ਼ੁਰੂਆਤ ਕੀਤੀ ਹੈ।
ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਭਲਕੇ 28 ਜੂਨ ਨੂੰ ਮਾਨਸਾ ਵਿੱਚ ਸੀਜੇਐਮ ਅਦਾਲਤ ਵਿੱਚ ਮਰਹੂਮ ਪੰਜਾਬੀ ਗਾਇਕ ਦੇ ਕਾਤਲਾਂ ਦੀ ਪੇਸ਼ੀ ਹੈ, ਜਿਨ੍ਹਾਂ ਉਪਰ ਅਜੇ ਤੱਕ ਦੋਸ਼ ਤੈਅ ਨਹੀਂ ਹੋ ਸਕੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਤੋਂ 394 ਦਿਨ ਬੀਤਣ ਉਤੇ ਵੀ ਇਨਸਾਫ਼ ਦੀ ਕੋਈ ਆਸ ਨਹੀਂ ਰਹੀ ਹੈ, ਇਸੇ ਕਰਕੇ ਸਭ ਪ੍ਰਸ਼ੰਸਕਾਂ ਨੂੰ ਆਪੋ-ਆਪਣੇ ਧਰਮਾਂ ਤੋਂ ਇਨਸਾਫ਼ ਲਈ ਦੁਆਵਾਂ ਕਰਨ ਲਈ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲਾਰੈਂਸ ਬਿਸ਼ਨੋਈ ਦੀਆਂ ਇੰਟਰਵਿਊ ਨੇ ਮਨ ਦੁਖੀ ਕੀਤਾ ਸੀ, ਹੁਣ ਗੋਲਡੀ ਬਰਾੜ ਨੇ ਵੀ ਮੰਨਿਆ ਹੈ ਕਿ ਪੰਜਾਬੀ ਗਾਇਕ ਨੂੰ ਉਨ੍ਹਾਂ ਨੇ ਹੀ ਮਰਵਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੇ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕਰ ਰਹੀ, ਜਦਕਿ ਉਹ ਖੁਦ ਮੰਨ ਰਹੇ ਹਨ ਕਿ ਕਤਲ ਕਰਵਾਉਣ ਵਿੱਚ ਉਨ੍ਹਾਂ ਦਾ ਹੀ ਹੱਥ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਦੇ ਗਵਾਹਾਂ ਦੀ ਵੀ ਲੋੜ ਨਹੀਂ ਹੈ। ਉਧਰ ਮਾਨਸਾ ਦੇ ਸੀਜੇਐਮ ਸੁਰਭੀ ਪਰਾਸ਼ਰ ਵਲੋਂ ਪੰਜਾਬ ਦੀਆਂ ਜੇਲ੍ਹਾਂ ਦੇ ਸੁਪਰਡੈਂਟਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਸੀ ਕਿ ਉਹ ਮੂਸੇਵਾਲਾ ਕਤਲ ਨਾਲ ਜੁੜੇ ਸਾਰੇ ਮੁਲਜ਼ਮਾਂ ਨੂੰ 28 ਜੂਨ ਦੀ ਪੇਸ਼ੀ ਮੌਕੇ ਅਦਾਲਤ ਵਿੱਚ ਨਿੱਜੀ ਰੂਪ ਵਿਚ ਜਾਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕਰਨ।