ਮਾਸੜ ਦੀਆਂ ਝਿੜਕਾਂ
ਅਰਸ਼ਦੀਪ ਅਰਸ਼ੀ
ਮੇਰੇ ਲਈ ਛੁੱਟੀਆਂ ਦਾ ਮਤਲਬ ਨਾਭੇ ਜਾਣਾ ਹੁੰਦਾ ਸੀ। ਸਕੂਲ ’ਚੋਂ ਛੁੱਟੀਆਂ ਹੋਣੀਆਂ ਤਾਂ ਕਿਸੇ ਨਾ ਕਿਸੇ ਨੇ ਜਾਂ ਮੈਨੂੰ ਲੈ ਜਾਣਾ ਜਾਂ ਮੈਨੂੰ ਛੱਡ ਆਉਣਾ। ਨਾਭੇ ਮੇਰੀ ਮਾਸੀ ਰਹਿੰਦੀ ਸੀ। ਮੈਂ ਪੈਦਾ ਵੀ ਨਾਭੇ ਹੋਈ ਸੀ। ਨਾਨਾ-ਨਾਨੀ ਦਾ ਬੜੀ ਪਹਿਲਾਂ ਜ਼ਮੀਨ ਲਈ ਕਤਲ ਹੋ ਗਿਆ ਸੀ ਤੇ ਮੇਰੀ ਮਾਂ ਤੇ ਮਾਮੇ ਨੂੰ ਨਿੱਕੇ ਹੁੰਦਿਆਂ ਨਾਭੇ ਵਾਲੇ ਮਾਸੜ ਜੀ ਹੁਰਾਂ ਨੇ ਹੀ ਪਾਲਿਆ; ਤੇ ਮੇਰੀ ਯਾਦ ਵਿਚ ਸਾਡੀ ਇਹੋ ਇੱਕ ਮੁੱਖ ਰਿਸ਼ਤੇਦਾਰੀ ਹੁੰਦੀ ਸੀ ਜਿਸ ਦਾ ਜਿ਼ਕਰ ਹੁੰਦਾ ਜਾਂ ਜਿੱਥੇ ਗਰਮੀ ਦੀਆਂ ਛੁੱਟੀਆਂ ’ਚ ਜਾਣਾ ਹੁੰਦਾ। ਕੁੱਲ ਮਿਲਾ ਕੇ ਮੇਰਾ ਨਾਨਕਾ ਇਹੋ ਸੀ।
ਇਸੇ ਕਰ ਕੇ ਜਦ ਵੀ ਛੁੱਟੀਆਂ ਹੋਣੀਆਂ ਤਾਂ ਨਾਭੇ ਪਹੁੰਚ ਜਾਣਾ ਪਰ ਅਗਲੇ ਹੀ ਦਿਨ ਘਰੇ ਫੋਨ ਕਰਾ ਦੇਣਾ ਕਿ ਮੈਨੂੰ ਲੈ ਜਾਓ, ਮੈਂ ਨਹੀਂ ਇੱਥੇ ਰਹਿਣਾ। ਇਸ ਦੀ ਵਜ੍ਹਾ ਸੀ ਮਾਸੜ ਜੀ ਦਾ ਸਖ਼ਤ ਸੁਭਾਅ। ਉਹ ਹਰ ਵੇਲੇ ਟੋਕਾ-ਟਾਕੀ ਕਰਦੇ, ਬਹੁਤ ਘੂਰਦੇ। ਸ਼ਕਲੋਂ ਤੇ ਕੱਦ-ਕਾਠ ਤੋਂ ਵੀ ਉਹ ਪੂਰੇ ਸਖ਼ਤ ਲਗਦੇ ਤੇ ਹਰ ਵੇਲੇ ਇਹੀ ਡਰ ਲਗਦਾ ਕਿ ਇਹਨਾਂ ਦੇ ਨੇੜੇ ਗਏ ਤਾਂ ਝਿੜਕਾਂ ਹੀ ਪੈਣਗੀਆਂ।
ਮੇਰੇ ਮਾਸੜ ਜੀ ਦਰਸ਼ਨ ਸਿੰਘ ਚਾਹਲ ਸ਼੍ਰੋਮਣੀ ਕਮੇਟੀ ਦੇ ਇੰਜਨੀਅਰ ਸਨ। ਉਹਨਾਂ ਨੇ ਕਈ ਅਹਿਮ ਗੁਰਦੁਆਰਿਆਂ ਕਲਗੀਧਰ ਨਿਵਾਸ, ਧਮਧਾਣ ਸਾਹਿਬ ਸਮੇਤ ਮੇਰੇ ਸ਼ਹਿਰ ਵਾਲੇ ਗੁਰਦੁਆਰੇ ਦੇ ਨਕਸ਼ੇ ਬਣਾਏ। ਫਤਹਿਗੜ੍ਹ ਸਾਹਿਬ ਦੇ ਪੌਲੀਟੈਕਨਿਕ ਕਾਲਜ ਦੀ ਇਮਾਰਤ ਵੀ ਉਹਨਾਂ ਦੀ ਦੇਖ-ਰੇਖ ’ਚ ਬਣੀ ਸੀ। ਜਿੱਥੇ ਵੀ ਕੋਈ ਇਮਾਰਤ ਬਣਨੀ ਹੁੰਦੀ, ਉੱਥੇ ਹੀ ਉਹਨਾਂ ਦੀ ਡਿਊਟੀ ਲਗਦੀ ਸੀ। ਬਜਟ ਤਿਆਰ ਕਰਨ ਤੋਂ ਲੈ ਕੇ ਇਮਾਰਤ ਤਿਆਰ ਕਰਾਉਣ ਤੱਕ।
ਮਾਸੜ ਜੀ ਬੜਾ ਸਖ਼ਤ ਬੋਲਦੇ ਸਨ। ਰਿਸ਼ਤੇਦਾਰੀ ’ਚੋਂ ਕੋਈ ਵੀ ਜੁਆਕ ਆਉਂਦਾ, ਉਹਨਾਂ ਤੋਂ ਬੜਾ ਡਰਦਾ। ਮੇਰੇ ਮਾਮੇ ਦਾ ਪੁੱਤਰ ਕੁਝ ਸਾਲ ਉੱਥੇ ਰਹਿ ਕੇ ਹੀ ਪੜ੍ਹਿਆ। ਉਹਨੂੰ ਬੜੀਆਂ ਝਿੜਕਾਂ ਪੈਂਦੀਆਂ ਪਰ ਉਹ ਸ਼ਰਾਰਤਾਂ ਕਰਨੋਂ, ਚੋਰੀ ਪਿੰਨੀਆਂ ਖਾਣੋਂ ਕਦੇ ਨਹੀਂ ਸੀ ਹਟਿਆ। ਛੁੱਟੀਆਂ ’ਚ ਉਹਨੇ ਮੈਨੂੰ ਵੀ ਨਾਲ ਲਾ ਲੈਣਾ, ਆਪਣਾ ਸਕੂਲ ਦਾ ਕੰਮ ਤਾਂ ਕਰਾਉਣਾ ਹੀ, ਫਿਰ ਚੋਰੀਓਂ ਪਿੰਨੀਆਂ ਚੁੱਕ ਕੇ ਲੁਕੋ ਕੇ ਅਤੇ ਛੱਤ ’ਤੇ ਲਿਜਾ ਕੇ ਖਾਣੀਆਂ। ਆਪ ਤਾਂ ਸ਼ਰਾਰਤਾਂ ਕਰਨੀਆਂ ਹੀ, ਨਾਲ ਮੈਨੂੰ ਵਾਧੂ ਗਾਲ੍ਹਾਂ ਵੀ ਪਵਾ ਦੇਣੀਆਂ।
ਉਂਝ, ਮਾਸੜ ਜੀ ਸਭ ਨੂੰ ਪਿਆਰ ਵੀ ਬੜਾ ਕਰਦੇ ਸਨ। ਸਖ਼ਤ ਸੁਭਾਅ ਦੇ ਨਾਲ ਉਹ ਸਭ ਦਾ ਖਿਆਲ ਵੀ ਓਨਾ ਹੀ ਰੱਖਦੇ। ਮੇਰੇ ਯਾਦ ਹੈ ਕਿ ਨਿੱਕੇ ਹੁੰਦਿਆਂ ਉਹਨਾਂ ਨੇ ਸਾਰੇ ਬੱਚਿਆਂ ਨੂੰ ਗੋਲ ਚੱਕਰ ’ਚ ਬਿਠਾ ਲੈਣਾ ਤੇ ਪੁੱਛਣਾ ਕਿ ਖਾਣ ਲਈ ਕੀ ਬਣਾਈਏ। ਮੇਰੇ ਨਹੀਂ ਯਾਦ ਕੋਈ ਕੁਝ ਕਹਿੰਦਾ ਜਾਂ ਨਾ ਪਰ ਮੈਂ ਉਹਨਾਂ ਦੇ ਕੰਨ ’ਚ ਜਾ ਕੇ ਆਪਣੀ ਮੰਗ ਦੱਸ ਦੇਣੀ; ਤੇ ਉਹਨਾਂ ਨੇ ਖੁਸ਼ ਹੋ ਜਾਣਾ ਤੇ ਫਿਰ ਉਹੀ ਬਣਨਾ।
ਮੇਰੇ ਲਈ ਉਹ ਮੇਰੇ ਨਾਨਾ ਜੀ ਵਾਂਗ ਹੀ ਸਨ। ਪਤਾ ਨਹੀਂ ਨਾਨਾ ਜੀ ਇੰਨੇ ਸਖ਼ਤ ਸਨ ਕਿ ਨਹੀਂ ਕਿਉਂਕਿ ਮੈਂ ਉਹਨਾਂ ਨੂੰ ਦੇਖਿਆ ਹੀ ਨਹੀਂ। ਮੈਂ ਬੱਸ ਮਾਸੜ ਜੀ ਨੂੰ ਹੀ ਦੇਖਿਆ ਤੇ ਉਹਨਾਂ ਤੋਂ ਹਮੇਸ਼ਾ ਡਰਦੇ ਹੀ ਰਹੇ।
ਉਹ ਲਾਡ ਵੀ ਬਹੁਤ ਕਰਦੇ ਸੀ ਪਰ ਝਿੜਕਣ ਲੱਗੇ ਦੇਰ ਨਹੀਂ ਸਨ ਲਾਉਂਦੇ। ਖਾਣਾ ਖਾਣ ਦੇ ਤਰੀਕੇ ਤੋਂ ਲੈ ਕੇ ਤੁਰਨ ਤੱਕ ਹਰ ਚੀਜ਼ ਬਾਰੇ ਉਹ ਟੋਕਦੇ। ਕੋਈ ਵੀ ਚੀਜ਼ ਕਰਨੀ ਤਾਂ ਉਹਨਾਂ ਕਹਿਣਾ ਕਿ ਇਵੇਂ ਨਹੀਂ, ਇਵੇਂ। ਤੁਰਦੇ ਵੇਲੇ ਉਹਨਾਂ ਕਹਿਣਾ ਕਿ ਪੈਰ ਘੜੀਸ ਕੇ ਨਹੀਂ, ਪੈਰ ਚੁੱਕ ਕੇ ਤੁਰੋ। ਜਦ ਵੀ ਪੈਰ ਘੜੀਸਣੇ, ਗਾਲ੍ਹਾਂ ਪੈਣੀਆਂ ਸ਼ੁਰੂ। ਉਦੋਂ ਹੀ ਆਵਾਜ਼ ਆਉਣੀ- ਪੈਰ ਚੁੱਕ ਕੇ ਤੁਰ; ਤੇ ਅੱਜ ਤੱਕ ਮੇਰੇ ਤੁਰਨ ਦੀ ਆਵਾਜ਼ ਵੀ ਨਹੀਂ ਆਉਂਦੀ।
ਤੁਸੀਂ ਅਜੇ ਬੈੱਡ ਤੋਂ ਉੱਠਣ ਦਾ ਸੋਚਿਆ ਵੀ ਨਹੀਂ ਹੁੰਦਾ, ਤੇ ਉਹਨਾਂ ਬੜੇ ਔਖੇ ਅੰਦਾਜ਼ ’ਚ ਕਹਿਣਾ ਕਿ ਚੱਪਲਾਂ ’ਤੇ ਪੈਰ ਰੱਖ ਕੇ ਬੈੱਡ ਤੋਂ ਉੱਤਰਨਾ। ਅੱਗਿਓਂ ਕੁਝ ਕਹਿ ਵੀ ਨਾ ਹੋਣਾ। ਮਨੋ-ਮਨੀ ਸੋਚਣਾ ਕਿ ਮੈਂ ਤਾਂ ਅਜੇ ਉੱਠਣ ਦਾ ਸੋਚਿਆ ਵੀ ਨਹੀਂ, ਹਿੱਲੀ ਤੱਕ ਨਹੀਂ, ਮੁਫ਼ਤ ਦੀਆਂ ਗਾਲ੍ਹਾਂ ਪੈ ਗਈਆਂ।
ਵਾਧੂ ਲਾਈਟ ਨਹੀਂ ਜਗਾਉਣੀ, ਪਾਣੀ ਵੱਧ ਨਹੀਂ ਡੋਲ੍ਹਣਾ, ਬਹਿਣਾ ਕਿਵੇਂ ਹੈ, ਨੰਗੇ ਪੈਰ ਘਰ ਵਿਚ ਨਹੀਂ ਫਿਰਨਾ। ਕਿੰਨੀਆਂ ਹੀ ਆਦਤਾਂ ਉਹਨਾਂ ਨੇ ਟੋਕ-ਟੋਕ ਕੇ ਅਚੇਤ ਮਨ ਵਿਚ ਬਿਠਾ ਦਿੱਤੀਆਂ।
ਛੋਟੇ ਹੁੰਦਿਆਂ ਬੜਾ ਸ਼ੌਕ ਹੁੰਦਾ ਸੀ ਵਾਲ ਕਟਾਉਣ ਦਾ ਪਰ ਮਾਸੜ ਜੀ ਤੋਂ ਸਾਰੇ ਡਰਦੇ। ਜੇ ਗ਼ਲਤੀ ਨਾਲ ਉਹਨਾਂ ਨੂੰ ਪਤਾ ਲੱਗ ਗਿਆ ਕਿ ਘਰ ਵਿਚ ਕਿਸੇ ਨੇ ਅੱਧਾ ਇੰਚ ਵੀ ਆਪਣੇ ਵਾਲ ਕੱਟ ਲਏ, ਜਾਂ ਕਿਸੇ ਨੇ ਕੱਟ ਦਿੱਤੇ, ਬੱਸ ਫਿਰ ਤਾਂ ਖੈਰ ਨਹੀਂ। ਇੱਕ ਵਾਰ ਇਸੇ ਚੱਕਰ ’ਚ ਬਹੁਤ ਗਾਲ੍ਹਾਂ ਪਈਆਂ ਸਨ।
ਉਹਨਾਂ ਦੇ ਪੁੱਤਰ ਨੇ ਜਦ ਵਾਲ ਕਟਾਏ ਤਾਂ ਗਾਲ੍ਹਾਂ ਤਾਂ ਪਈਆਂ ਹੀ, ਕਿੰਨਾ ਚਿਰ ਉਸ ਨਾਲ ਬੋਲੇ ਨਹੀਂ; ਤੇ ਦਾਦੇ ਦਾ ਤਾਂ ਇੰਨਾ ਡਰ ਸੀ ਕਿ ਉਹਨਾਂ ਕੋਲ ਹਰ ਵਕਤ ਪਰਨਾ ਬੰਨ੍ਹ ਕੇ ਰਹਿਣਾ। ਆਵਾਜ਼ ਆਉਣੀ ਤਾਂ ਫਟਾਫਟ ਪਰਨਾ ਧਰਨਾ, ਫਿਰ ਦਾਦੇ ਕੋਲ ਜਾਣਾ। ਪਤਾ ਹੀ ਨਹੀਂ ਲੱਗਣ ਦਿੱਤਾ ਕਿ ਵਾਲ ਕਟਾਏ ਨੇ।
ਛੋਟੇ ਹੁੰਦਿਆਂ ਸੋਚਦੇ ਸੀ ਕਿ ਹਰ ਗੱਲ ’ਤੇ ਹੀ ਟੋਕਦੇ ਰਹਿੰਦੇ ਨੇ, ਹਰ ਗੱਲ ’ਤੇ ਗਾਲ੍ਹਾਂ ਪੈਂਦੀਆਂ ਨੇ; ਤੇ ਛੋਟੇ ਹੁੰਦਿਆਂ ਇਸ ਸਭ ’ਤੇ ਬੜੀ ਖਿਝ ਆਉਣੀ। ਛੁੱਟੀਆਂ ’ਚ ਜਾਣਾ, ਗਾਲ੍ਹਾਂ ਪੈਣੀਆਂ, ਮੁੜ ਆਉਣਾ। ਅਗਲੀ ਵਾਰ ਨੂੰ ਭੁੱਲ ਜਾਣਾ ਤੇ ਫੇਰ ਇਹੋ ਦੁਹਰਾਈ ਜਾਣਾ। ਟੋਕਾ-ਟਾਕੀ ਝੱਲਦੇ ਰਹਿਣਾ, ਆਦਤਾਂ ਵੀ ਪੱਕਦੀਆਂ ਜਾਂਦੀਆਂ।
ਮਾਸੜ ਜੀ ਹੁਣ ਨਹੀਂ ਰਹੇ ਪਰ ਇਹ ਸਾਰੀਆਂ ਉਹਨਾਂ ਦੀਆਂ ਯਾਦਾਂ ਨੇ; ਤੇ ਜਦੋਂ ਮੈਂ ਹੁਣ ਬਹਿ ਕੇ ਉਹਨਾਂ ਨੂੰ, ਉਹਨਾਂ ਦੀ ਟੋਕਾ-ਟਾਕੀ ਨੂੰ ਯਾਦ ਕਰਦੀ ਹਾਂ ਤਾਂ ਮੈਨੂੰ ਲਗਦਾ ਹੈ ਕਿ ਉਹਨਾਂ ਨੇ ਆਪਣੀਆਂ ਝਿੜਕਾਂ ਨਾਲ ਸਾਨੂੰ ਕਿੰਨੀਆਂ ਹੀ ਚੰਗੀਆਂ ਆਦਤਾਂ ਪਾ ਦਿੱਤੀਆਂ। ਉਦੋਂ ਮਾਸੜ ਜੀ ਤੋਂ ਡਰਦੇ, ਮਾਸੜ ਜੀ ਕਈ ਵਾਰ ਬੜੇ ਭੈੜੇ ਲਗਦੇ ਜਿਵੇਂ ਬੱਚਿਆਂ ਨੂੰ ਹਰ ਝਿੜਕਣ ਵਾਲਾ ਲਗਦਾ ਹੈ ਪਰ ਹੁਣ ਲਗਦਾ ਹੈ ਕਿ ਜੇ ਮਾਸੜ ਜੀ ਇਹ ਸਭ ਨਾ ਕਰਦੇ ਤਾਂ ਕਿੰਨੀਆਂ ਹੀ ਆਦਤਾਂ ਮਾੜੀਆਂ ਹੁੰਦੀਆਂ। ਘਰ ਵਿਚ ਕਿਵੇਂ ਰਹਿਣੈ, ਬਾਹਰ ਕਿਵੇਂ ਰਹਿਣੈ। ਇੱਥੋਂ ਤੱਕ ਕਿ ਯੂਨੀਵਰਸਿਟੀ ਹੋਸਟਲ ’ਚ ਮੈਂ ਆਪਣੀ ਰੂਮਮੇਟ ਨੂੰ ਵੀ ਪੈਰ ਚੁੱਕ ਕੇ ਤੁਰਨ ਲਈ ਝਿੜਕਿਆ ਹੈ।
ਕਹਿੰਦੇ ਨੇ, ਜੀਵਨ ਜਾਚ ਦੀ ਪਹਿਲੀ ਸਿੱਖਿਆ ਘਰ ਤੋਂ ਹੀ ਮਿਲਦੀ ਹੈ, ਘਰ ਪਹਿਲੀ ਪਾਠਸ਼ਾਲਾ ਹੈ ਜਿੱਥੋਂ ਇਨਸਾਨ ਦੀ ਸ਼ਖ਼ਸੀਅਤ ਬਣਦੀ ਹੈ। ਮਾਸੜ ਜੀ ਦੀਆਂ ਐਨੀਆਂ ਝਿੜਕਾਂ ਖਾਧੀਆਂ ਪਰ ਉਹਨਾਂ ਕਈ ਮਾਇਨਿਆਂ ’ਚ ਪਰਿਵਾਰ ਦੇ ਸਾਰੇ ਬੱਚੇ ਬੰਦੇ ਬਣਾ ਦਿੱਤੇ।
ਸੰਪਰਕ: arsh11sandhu@gmail.com