ਮੁਰਮੂ ਵੱਲੋਂ ਸੈਨਾ ’ਚ ਮਹਿਲਾਵਾਂ ਦੀ ਨੁਮਾਇੰਦਗੀ ਵਧਾਉਣ ’ਤੇ ਜ਼ੋਰ
ਗਾਜ਼ੀਆਬਾਦ, 8 ਮਾਰਚ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਭਾਰਤੀ ਹਵਾਈ ਸੈਨਾ ਦੀਆਂ ਚਾਰ ਇਕਾਈਆਂ ਨੂੰ ‘ਪ੍ਰੈਜ਼ੀਡੈਂਟ’ਸ ਸਟੈਂਡਰਡ ਐਂਡ ਕਲਰਜ਼’ ਐਵਾਰਡ ਨਾਲ ਸਨਮਾਨਿਤ ਕਰਦਿਆਂ ਇਸ ਨੂੰ ‘ਇਤਿਹਾਸਕ ਮੌਕਾ’ ਕਰਾਰ ਦਿੱਤਾ। ਉਨ੍ਹਾਂ ਹਿੰਡਨ ਏਅਰ ਫੋਰਸ ਸਟੇਸ਼ਨ ’ਤੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਸੇਵਾ ਵਿੱਚ ਭਾਰਤੀ ਹਵਾਈ ਸੈਨਾ ਦਾ ਯੋਗਦਾਨ ‘ਸੁਨਹਿਰੀ ਅੱਖਰਾਂ’ ਵਿੱਚ ਲਿਖਿਆ ਹੋਇਆ ਹੈ ਅਤੇ ਇਹ ਨਾ ਸਿਰਫ਼ ਅਸਮਾਨ ਦੀ ਰਾਖੀ ਕਰ ਰਹੀ ਹੈ, ਸਗੋਂ ਦੇਸ਼ ਦੇ ਪੁਲਾੜ ਪ੍ਰੋਗਰਾਮ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ।
ਕੌਮਾਂਤਰੀ ਮਹਿਲਾ ਦਿਵਸ ਮੌਕੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਵੱਧ ਤੋਂ ਵੱਧ ਮਹਿਲਾਵਾਂ ਹਵਾਈ ਸੈਨਾ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰਨਗੀਆਂ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੈਨਾ ਵਿੱਚ ਮਹਿਲਾਵਾਂ ਦੀ ਗਿਣਤੀ ਵਧਣ ਨਾਲ ਨੁਮਾਇੰਦਗੀ ਵਧੇਗੀ। ਰਾਸ਼ਟਰਪਤੀ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਹਿਲਾਵਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। ਰਾਸ਼ਟਰਪਤੀ ਹਥਿਆਰਬੰਦ ਸੈਨਾਵਾਂ ਦਾ ਸੁਪਰੀਮ ਕਮਾਂਡਰ ਹੁੰਦਾ ਹੈ। ਰਾਸ਼ਟਰਪਤੀ ਨੇ 45 ਸਕੁਐਡਰੋਨ ਤੇ 221 ਸਕੁਐਡਰੋਨ ਨੂੰ ‘ਪ੍ਰੈਜ਼ੀਡੈਂਟ’ਸ ਸਟੈਂਡਰਡ’ ਅਤੇ 11 ਬੇਸ ਰਿਪੇਅਰ ਡਿਪੂ ਤੇ 509 ਸਿਗਨਲ ਯੂਨਿਟ ਨੂੰ ‘ਪ੍ਰੈਜ਼ੀਡੈਂਟ’ਸ ਕਲਰਜ਼’ ਨਾਲ ਸਨਮਾਨਿਆ। -ਪੀਟੀਆਈ
ਮੁਰਮੂ ਦਾ ਮੌਰੀਸ਼ਸ ਦੌਰਾ 11 ਤੋਂ
ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ 11 ਤੋਂ 13 ਮਾਰਚ ਤੱਕ ਮੌਰੀਸ਼ਸ ਦੇ ਤਿੰਨ ਰੋਜ਼ਾ ਦੌਰੇ ’ਤੇ ਜਾਣਗੇ। ਉਹ ਉੱਥੇ 12 ਮਾਰਚ ਨੂੰ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਮੌਰੀਸ਼ਸ ਸਰਕਾਰ ਵੱਲੋਂ ਅਧਿਕਾਰਕ ਸੱਦਾ ਦਿੱਤਾ ਗਿਆ ਸੀ। ਵਿਦੇਸ਼ ਮੰਤਰਾਲੇ ਦੇ ਸਰਕਾਰੀ ਬੁਲਾਰੇ ਰਣਧੀਰ ਜੈਸਵਾਲ ਨੇ ਰਾਸ਼ਟਰਪਤੀ ਦੇ ਦੌਰੇ ਦੇ ਵੇਰਵੇ ਸਾਂਝੇ ਕੀਤੇ। ਉਨ੍ਹਾਂ ਕਿਹਾ, ‘‘ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਮੌਰੀਸ਼ਸ ਸਰਕਾਰ ਦੇ ਸੱਦੇ ’ਤੇ ਮੁੱਖ ਮਹਿਮਾਨ ਵਜੋਂ 12 ਮਾਰਚ ਨੂੰ ਮੌਰੀਸ਼ਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ 11 ਤੋਂ 13 ਮਾਰਚ ਤੱਕ ਮੌਰੀਸ਼ਸ ਦਾ ਰਾਜਕੀ ਦੌਰਾ ਕਰਨਗੇ।’’ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਮੁਰਮੂ ਮੌਰੀਸ਼ਸ ਦੇ ਆਪਣੇ ਹਮਰੁਤਬਾ ਪ੍ਰਿ੍ਥਵੀਰਾਜਸਿੰਘ ਰੂਪਿਨ ਅਤੇ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜੁਗਨਾਥ ਨਾਲ ਦੁਵੱਲੀ ਮੀਟਿੰਗ ਕਰਨਗੇ। -ਪੀਟੀਆਈ