ਮੁਰਮੂ ਨੇ ਪੁਲਾੜ ’ਚ ਮਲਬਾ ਵਧਣ ’ਤੇ ਚਿੰਤਾ ਜ਼ਾਹਿਰ ਕੀਤੀ
ਨਵੀਂ ਦਿੱਲੀ, 23 ਅਗਸਤ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਪੁਲਾੜ ’ਚ ਕਈ ਉਪਗ੍ਰਹਿ ਸਥਾਪਤ ਹੋਣ ਕਾਰਨ ਵਧਦੇ ਮਲਬੇ ’ਤੇ ਚਿੰਤਾ ਜ਼ਾਹਿਰ ਕੀਤੀ ਤੇ 2030 ਤੱਕ ਭਵਿੱਖ ਦੀਆਂ ਪੁਲਾੜ ਮੁਹਿੰਮਾਂ ਨੂੰ ਮਲਬਾ ਮੁਕਤ ਬਣਾਉਣ ਦਾ ਟੀਚਾ ਤੈਅ ਕਰਨ ਲਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਸ਼ਲਾਘਾ ਕੀਤੀ। ਮੁਰਮੂ ਭਾਰਤ ਦੇ ਚੰਦਰਯਾਨ-3 ਦੇ ਚੰਦ ਦੇ ਦੱਖਣੀ ਧਰੁਵ ਖੇਤਰ ’ਚ ਉਤਰਨ ਦੀ ਪਹਿਲੀ ਵਰ੍ਹੇਗੰਢ ਮੌਕੇ ਕਰਵਾਏ ਗਏ ਪਹਿਲੇ ਕੌਮੀ ਪੁਲਾੜ ਦਿਵਸ ਸਬੰਧੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਰਾਸ਼ਟਰਪਤੀ ਨੇ ਇੱਥੇ ਭਾਰਤ ਮੰਡਪਮ ’ਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਪੁਲਾੜ ਦਾ ਮਲਬਾ ਪੁਲਾੜ ਮੁਹਿੰਮਾਂ ਲਈ ਸਮੱਸਿਆ ਪੈਦਾ ਕਰ ਸਕਦਾ ਹੈ।’ ਇਸ ਸਮਾਗਮ ’ਚ ਕੇਂਦਰੀ ਮੰਤਰੀ ਜਿਤੇਂਦਰ ਸਿੰਘ, ਇਸਰੋ ਮੁਖੀ ਐੱਸ ਸੋਮਨਾਥ, ਇਸਰੋ ਦੇ ਇੰਜਨੀਅਰ, ਵਿਗਿਆਨੀ ਤੇ ਪੁਲਾੜ ਸਨਅਤ ਦੇ ਨੁਮਾਇੰਦੇ ਸ਼ਾਮਲ ਹੋਏ। ਰਾਸ਼ਟਰਪਤੀ ਨੇ ਇਸਰੋ ਦੀ ਸੁਰੱਖਿਆ ਤੇ ਸਥਿਰ ਸੰਚਾਲਨ ਪ੍ਰਬੰਧਨ ਸਹੂਲਤ ਦੀ ਸ਼ਲਾਘਾ ਕੀਤੀ ਜੋ ਪੁਲਾੜ ਖੋਜ ਗਤੀਵਿਧੀਆਂ ਦੀ ਲਗਾਤਾਰ ਪ੍ਰਗਤੀ ਯਕੀਨੀ ਬਣਾਉਂਦੀ ਹੈ। ਮੁਰਮੂ ਨੇ ਕਿਹਾ, ‘ਮੈਨੂੰ ਇਹ ਜਾਣ ਕੇ ਵੀ ਖੁਸ਼ੀ ਹੋ ਰਹੀ ਹੈ ਕਿ ਭਾਰਤ 2023 ਤੱਕ ਆਪਣੀਆਂ ਸਾਰੀਆਂ ਪੁਲਾੜ ਮੁਹਿੰਮਾਂ ਨੂੰ ਮਲਬਾ ਮੁਕਤ ਬਣਾਉਣ ਦੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ।’ ਰਾਸ਼ਟਰਪਤੀ ਨੇ ਇਸ ਮੌਕੇ ਰੋਬੋਟਿਕਸ ਚੈਲੇਂਜ ਤੇ ਭਾਰਤੀ ਪੁਲਾੜ ਹੈਕਾਥਨ ਦੇ ਜੇਤੂਆਂ ਨੂੰ ਇਨਾਮ ਵੀ ਵੰਡੇ। ਉਨ੍ਹਾਂ ਕਿਹਾ ਕਿ ਇਸਰੋ ਨੇ ਪੁਲਾੜ ਖੇਤਰ ’ਚ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ ਤੇ ਨਾਲ ਹੀ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ’ਚ ਵੀ ਵਡਮੁੱਲਾ ਯੋਗਦਾਨ ਪਾਇਆ ਹੈ।
ਇਸੇ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਉਪ ਮੁੱਖ ਮੰਤਰੀਆਂ ਕੇਸ਼ਵ ਪ੍ਰਸਾਦ ਮੌਰਿਆ ਤੇ ਬ੍ਰਿਜੇਸ਼ ਪਾਠਕ ਨੇ ਪਹਿਲੇ ਕੌਮੀ ਪੁਲਾੜ ਦਿਵਸ ਦੀ ਵਧਾਈ ਦਿੰਦਿਆਂ ਵਿਗਿਆਨੀਆਂ ਦੀ ਸ਼ਲਾਘਾ ਕੀਤੀ ਹੈ। ਦੂਜੇ ਪਾਸੇ ਕੇਂਦਰੀ ਮੰਤਰੀ ਐੱਚਡੀ ਕੁਮਾਰਸਵਾਮੀ ਨੇ ਵੀ ਪਹਿਲੇ ਕੌਮੀ ਪੁਲਾੜ ਦਿਵਸ ਦੀ ਵਧਾਈ ਦਿੱਤੀ। -ਪੀਟੀਆਈ
ਪ੍ਰਧਾਨ ਮੰਤਰੀ ਵੱਲੋਂ ਪਹਿਲੇ ਕੌਮੀ ਪੁਲਾੜ ਦਿਵਸ ਦੀ ਵਧਾਈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਹਿਲੇ ਕੌਮੀ ਪੁਲਾੜ ਦਿਵਸ ਦੀ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠਲੀ ਸਰਕਾਰ ਨੇ ਇਸ ਖੇਤਰ ਨਾਲ ਸਬੰਧਤ ਕਈ ਭਵਿੱਖਮੁਖੀ ਫ਼ੈਸਲੇ ਲਏ ਹਨ। ਉਨ੍ਹਾਂ ਐਕਸ ’ਤੇ ਲਿਖਿਆ, ‘ਪਹਿਲੇ ਕੌਮੀ ਪੁਲਾੜ ਦਿਵਸ ਦੀਆਂ ਸਾਰਿਆਂ ਨੂੰ ਸ਼ੁਭਕਾਮਨਾਵਾਂ। ਅਸੀਂ ਪੁਲਾੜ ਖੇਤਰ ’ਚ ਆਪਣੇ ਦੇਸ਼ ਦੀਆਂ ਪ੍ਰਾਪਤੀਆਂ ਨੂੰ ਬਹੁਤ ਮਾਣ ਨਾਲ ਯਾਦ ਕਰਦੇ ਹਾਂ। ਇਹ ਸਾਡੇ ਪੁਲਾੜ ਵਿਗਿਆਨੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਨ ਦਾ ਵੀ ਦਿਨ ਹੈ।’ -ਪੀਟੀਆਈ
ਇਸਰੋ ਵੱਲੋਂ ਖੋਜਾਰਥੀਆਂ ਲਈ ਚੰਦਰਯਾਨ-3 ਦਾ ਵਿਗਿਆਨਕ ਡੇਟਾ ਜਾਰੀ
ਨਵੀਂ ਦਿੱਲੀ: ਇਸਰੋ ਨੇ ਅੱਜ ਭਾਰਤ ਦੇ ਚੰਦਰਯਾਨ-3 ਮਿਸ਼ਨ ਦੀ ਕਾਮਯਾਬੀ ਦੀ ਪਹਿਲੀ ਵਰ੍ਹੇਗੰਢ ਮੌਕੇ ਉੱਥੋਂ ਇਕੱਤਰ ਕੀਤਾ ਗਿਆ ਆਪਣਾ ਵਿਗਿਆਨਕ ਡੇਟਾ ਵਿਸ਼ਲੇਸ਼ਣ ਲਈ ਦੁਨੀਆ ਭਰ ਦੇ ਖੋਜਾਰਥੀਆਂ ਲਈ ਜਾਰੀ ਕਰ ਦਿੱਤਾ ਹੈ। ਪੁਲਾੜ ਏਜੰਸੀ ਨੇ ਪੰਜ ਪੇਲੋਡ (ਤਿੰਨ ਵਿਕਰਮ ਲੈਂਡਰ ’ਤੇ ਅਤੇ ਦੋ ਪ੍ਰਗਿਆਨ ਰੋਵਰ ’ਤੇ) ਤੋਂ 55 ਗੀਗਾਬਾਈਟ ਤੋਂ ਵੱਧ ਡੇਟਾ ਤੱਕ ਪਹੁੰਚ ਮੁਹੱਈਆ ਕੀਤੀ ਹੈ ਜਿਨ੍ਹਾਂ ਪਿਛਲੇ ਸਾਲ 23 ਅਗਸਤ ਨੂੰ ਚੰਨ ਦੇ ਦੱਖਣੀ ਧਰੁਵ ਖੇਤਰ ਨੇੜੇ ਇੱਕ ਨਰਮ ਲੈਂਡਿੰਗ ਕਰਕੇ ਇਤਿਹਾਸ ਰਚਿਆ ਸੀ। ਇਸਰੋ ਦੇ ਚੇਅਰਮੈਨ ਐੱਸ ਸੋਮਨਾਥ ਨੇ ਕਿਹਾ, ‘ਇਹ ਡੇਟਾ ਉਨ੍ਹਾਂ ਵਿਗਿਆਨੀਆਂ ਤੱਕ ਸੀਮਤ ਨਹੀਂ ਰਹੇਗਾ ਜਿਨ੍ਹਾਂ ਉਹ ਉਪਕਰਨ ਬਣਾਏ ਹਨ ਸਗੋਂ ਇਸ ਦੇ ਨਤੀਜਿਆਂ ਨੂੰ ਅੱਗੇ ਵਧਾਉਣ ਲਈ ਇਸ ਨੂੰ ਦੇਸ਼ ਤੇ ਦੁਨੀਆ ਦੇ ਸਾਰੇ ਖੋਜਾਰਥੀਆਂ ਲਈ ਮੁਹੱਈਆ ਕੀਤਾ ਜਾਵੇਗਾ।’ -ਪੀਟੀਆਈ