ਮੁਰਮੂ ਨੇ ਰਾਓ, ਚੌਧਰੀ, ਕਰਪੂਰੀ ਠਾਕੁਰ, ਸਵਾਮੀਨਾਥਨ ਨੂੰ ਮਰਨ ਬਾਅਦ ਭਾਰਤ ਰਤਨ ਦਿੱਤਾ
ਨਵੀਂ ਦਿੱਲੀ, 30 ਮਾਰਚ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇੱਥੇ ਰਾਸ਼ਟਰਪਤੀ ਭਵਨ ਵਿੱਚ ਸਮਾਰੋਹ ਦੌਰਾਨ ਸਾਬਕਾ ਪ੍ਰਧਾਨ ਮੰਤਰੀਆਂ ਪੀਵੀ ਨਰਸਿਮਹਾ ਰਾਓ ਅਤੇ ਚੌਧਰੀ ਚਰਨ ਸਿੰਘ, ਖੇਤੀਬਾੜੀ ਵਿਗਿਆਨੀ ਐੱਮਐੱਸ ਸਵਾਮੀਨਾਥਨ ਅਤੇ ਦੋ ਵਾਰ ਬਿਹਾਰ ਦੇ ਮੁੱਖ ਮੰਤਰੀ ਰਹਿ ਚੁੱਕੇ ਕਰਪੂਰੀ ਠਾਕੁਰ ਨੂੰ ਮਰਨ ਬਾਅਦ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਦਿੱਤਾ। ਇਨ੍ਹਾਂ ਮਰਹੂਮ ਹਸਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਇਹ ਪੁਰਸਕਰ ਪ੍ਰਾਪਤ ਕੀਤਾ। ਸਰਕਾਰ ਨੇ ਇਸ ਸਾਲ ਭਾਜਪਾ ਨੇਤਾ ਐੱਲਕੇ ਅਡਵਾਨੀ ਨੂੰ ਵੀ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਸੀ। ਅਡਵਾਨੀ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਸਮਾਗਮ ਵਿੱਚ ਨਾ ਪੁੱਜੇ। ਹੁਣ ਐਤਵਾਰ ਨੂੰ ਰਾਸ਼ਟਰਪਤੀ ਉਨ੍ਹਾਂ ਦੇ ਘਰ ਜਾ ਕੇ ਇਹ ਪੁਰਸਕਾਰ ਦੇਣਗੇ।
ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਲਈ ਇਹ ਸਨਮਾਨ ਉਨ੍ਹਾਂ ਦੇ ਪੁੱਤਰ ਪੀਵੀ ਪ੍ਰਭਾਕਰ ਰਾਓ ਨੇ ਸਵੀਕਾਰ ਕੀਤਾ ਸੀ। ਚੌਧਰੀ ਚਰਨ ਸਿੰਘ ਲਈ ਉਨ੍ਹਾਂ ਦੇ ਪੋਤਰੇ ਅਤੇ ਰਾਸ਼ਟਰੀ ਲੋਕ ਦਲ (ਆਰਐੱਲਡੀ) ਦੇ ਪ੍ਰਧਾਨ ਜਯੰਤ ਚੌਧਰੀ ਨੇ ਸਨਮਾਨ ਲਿਆ। ਸਵਾਮੀਨਾਥਨ ਦੀ ਬੇਟੀ ਨਿਤਿਆ ਰਾਓ ਅਤੇ ਕਰਪੂਰੀ ਠਾਕੁਰ ਦੇ ਬੇਟੇ ਰਾਮਨਾਥ ਠਾਕੁਰ ਨੇ ਰਾਸ਼ਟਰਪਤੀ ਮੁਰਮੂ ਤੋਂ ਪੁਰਸਕਾਰ ਪ੍ਰਾਪਤ ਕੀਤਾ। ਇਸ ਮੌਕੇ ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਪਤਵੰਤੇ ਹਾਜ਼ਰ ਸਨ।