ਮੁਰਿਸ਼ਦਾਬਾਦ ਹਿੰਸਾ: ਭਾਜਪਾ ਵਿਧਾਇਕਾਂ ਨੇ ਬੰਗਾਲ ਵਿਧਾਨ ਸਭਾ ਅੱਗੇ ਮਨਾਇਆ 'ਹਿੰਦੂ ਸ਼ਹੀਦ ਦਿਵਸ'
ਕੋਲਕਾਤਾ, 16 ਅਪਰੈਲ
ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਹੋਈ ਫਿਰਕੂ ਹਿੰਸਾ ਦੌਰਾਨ ਇੱਕ ਵਿਸ਼ੇਸ਼ ਭਾਈਚਾਰੇ ਦੇ ਲੋਕਾਂ 'ਤੇ ਹੋਏ ਕਥਿਤ ਅੱਤਿਆਚਾਰਾਂ ਖ਼ਿਲਾਫ਼ ਤਖ਼ਤੀਆਂ ਫੜ ਕੇ ਭਾਜਪਾ ਵਿਧਾਇਕਾਂ ਨੇ ਬੁੱਧਵਾਰ ਨੂੰ ਪੱਛਮੀ ਬੰਗਾਲ ਵਿਧਾਨ ਸਭਾ ਨੇੜੇ 'ਹਿੰਦੂ ਸ਼ਹੀਦ ਦਿਵਸ' ਮਨਾਇਆ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫ਼ੇ ਦੀ ਮੰਗ ਕੀਤੀ। ਉਨ੍ਹਾਂ ਨੇ ਉਨ੍ਹਾਂ ਪਿਤਾ-ਪੁੱਤਰ ਲਈ ਵੀ ਇਨਸਾਫ਼ ਦੀ ਮੰਗ ਕੀਤੀ ਜਿਸ ਦੀ ਪਿਛਲੇ ਹਫ਼ਤੇ ਮੁਸਲਿਮ ਬਹੁਗਿਣਤੀ ਵਾਲੇ ਜ਼ਿਲ੍ਹੇ ਵਿੱਚ ਹਿੰਸਾ ਦੌਰਾਨ ਹਜ਼ੂਮ ਨੇ ਹੱਤਿਆ ਕਰ ਦਿੱਤੀ ਸੀ।
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਦੀ ਅਗਵਾਈ ਵਿੱਚ ਲਗਪਗ 40 ਭਾਜਪਾ ਵਿਧਾਇਕਾਂ ਨੇ 'ਹਿੰਦੂ ਹਿੰਦੂ ਭਾਈ ਭਾਈ' ਵਰਗੇ ਨਾਅਰੇ ਲਗਾਏ ਅਤੇ 11 ਅਤੇ 12 ਅਪਰੈਲ ਨੂੰ ਮੁਰਸ਼ਿਦਾਬਾਦ ਦੇ ਸੂਤੀ, ਸ਼ਮਸ਼ੇਰਗੰਜ, ਧੂਲੀਆਂ ਅਤੇ ਜੰਗੀਪੁਰ ਇਲਾਕਿਆਂ ਵਿੱਚ ਵਕਫ਼ (ਸੋਧ) ਐਕਟ ਦੇ ਵਿਰੋਧ ਵਿੱਚ ਹੋਈ ਹਿੰਸਾ ਲਈ ਪੁਲੀਸ ਅਤੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੂੰ ਜ਼ਿੰਮੇਵਾਰ ਠਹਿਰਾਇਆ। ਅਧਿਕਾਰੀ ਨੇ ਪਿਤਾ-ਪੁੱਤਰ ਦੀਆਂ ਕਥਿਤ ਤਸਵੀਰਾਂ ਦਿਖਾਈਆਂ, ਜਿਨ੍ਹਾਂ ਦੀ ਪਛਾਣ ਹਰਗੋਵਿੰਦ ਦਾਸ ਅਤੇ ਚੰਦਨ ਦਾਸ ਵਜੋਂ ਹੋਈ ਹੈ।
ਉਨ੍ਹਾਂ ਦੀਆਂ ਲਾਸ਼ਾਂ ਸ਼ੁੱਕਰਵਾਰ ਦੁਪਹਿਰ ਨੂੰ ਹਿੰਸਾ ਪ੍ਰਭਾਵਿਤ ਸ਼ਮਸ਼ੇਰਗੰਜ ਦੇ ਜਾਫਰਾਬਾਦ ਇਲਾਕੇ ਵਿੱਚ ਉਨ੍ਹਾਂ ਦੇ ਘਰ ਦੇ ਅੰਦਰੋਂ ਮਿਲੀਆਂ ਸਨ ਅਤੇ ਲਾਸ਼ਾਂ 'ਤੇ ਚਾਕੂ ਮਾਰੇ ਜਾਣ ਦੇ ਕਈ ਨਿਸ਼ਾਨ ਸਨ। ਸੀਨੀਅਰ ਭਾਜਪਾ ਆਗੂ ਨੇ ਮੁਰਸ਼ਿਦਾਬਾਦ ਦੰਗਿਆਂ ਅਤੇ ਨਿਰਦੋਸ਼ ਲੋਕਾਂ ਦੀ ਮੌਤ ਲਈ ਮਮਤਾ ਬੈਨਰਜੀ ਦੇ ਅਸਤੀਫ਼ੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਹਰ ਸਾਲ ਇਸ ਦਿਨ ਮਰਹੂਮ ਪਿਤਾ-ਪੁੱਤਰ ਦੀ ਯਾਦ ਵਿੱਚ 'ਹਿੰਦੂ ਸ਼ਹੀਦ ਦਿਵਸ' ਮਨਾਏਗੀ। -ਪੀਟੀਆਈ