ਪੱਤਰ ਪ੍ਰੇਰਕ
ਲਹਿਰਾਗਾਗਾ,18 ਜੁਲਾਈ
ਨੇੜਲੇ ਪਿੰਡ ਮੇਦੇਵਾਸ ’ਚ ਇੱਕ ਵਿਆਕਤੀ ਤੇ ਉਸ ਦੇ ਛੋਟੇ ਭਰਾ ’ਤੇ ਕਾਤਲਾਨਾ ਹਮਲੇ ’ਚ ਇੱਕ ਦੀ ਮੌਤ ਹੋੋ ਗਈ। ਥਾਣਾ ਧਰਮਗੜ੍ਹ ਦੀ ਪੁਲੀਸ ਨੇ ਮ੍ਰਿਤਕ ਬਲਵਿੰਦਰ ਸਿੰਘ ਰਾਜੂ ਦੀ ਪਤਨੀ ਬਲਵੀਰ ਕੌਰ ਦੇ ਬਿਆਨ ’ਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਲਵੀਰ ਕੌਰ ਨੇ ਦੱਸਿਆ ਕਿ ਉਹ, ਉਸ ਦਾ ਪਤੀ ਬਲਵਿੰਦਰ ਸਿੰਘ ਰਾਜੂ ਤੇ ਦਿਉਰ ਕਿਸੇ ਕੰਮ ਲਈ ਅਲਟੋ ਕਾਰ ਪੀਬੀ 08 ਏਕੇ 4281 ’ਤੇ ਗਏ ਸੀ ਤਾਂ ਵਾਪਸ ’ਤੇ ਆ ਕੇ ਉਹ ਘਰ ਦਾ ਗੇਟ ਖੋਲ੍ਹਣ ਆ ਗਈ। ਉਸਦਾ ਪਤੀ ਤੇ ਦਿਉਰ ਗੱਡੀ ’ਚ ਹੀ ਬੈਠੇ ਸਨ ਤਾਂ ਉਨ੍ਹਾਂ ਦੇ ਗੁਆਂਢੀ ਗੁਰਤੇਜ ਸਿੰਘ, ਕੁਲਵਿੰਦਰ ਸਿੰਘ ,ਗੁਰਵਿੰਦਰ ਸਿੰਘ, ਹੈਪੀ ਮੁਸੱਲਾ, ਬੰਟੂ ਨੇ ਤੇਜ਼ਧਾਰ ਹਥਿਆਰਾਂ ਨਾਲ ਬਲਵਿੰਦਰ ਸਿੰਘ ਰਾਜੂ ਅਤੇ ਦਿਉਰ ਕਾਲਾ ਸਿੰਘ ’ਤੇ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਮੁਲਜ਼ਮ ਸਵਿਫਟ ਕਾਰ ਵਿੱਚ ਭੱਜ ਗਏ। ਉਹ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਸੁਨਾਮ ਵਿੱਚ ਲੈ ਕੇ ਜਾ ਰਹੀ ਸੀ ਤਾਂ ਰਸਤੇ ’ਚ ਬਲਵਿੰਦਰ ਸਿੰਘ ਰਾਜੂ ਦੀ ਮੌਤ ਹੋ ਗਈ। ਪੁਲੀਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਕਰੰਟ ਲਗਣ ਕਾਰਨ ਨੌਜਵਾਨ ਕਿਸਾਨ ਦੀ ਮੌਤ
ਸਮਾਣਾ (ਪੱਤਰ ਪ੍ਰੇਰਕ): ਇੱਥੇ ਬੀਤੀ ਰਾਤ ਪਿੰਡ ਫ਼ਤਿਹਗੜ ਛੰਨਾ ਦੇ ਨੋਜਵਾਨ ਕਿਸਾਨ ਦੀ ਖੇਤ ਵਿੱਚ ਕਰੰਟ ਲੱਗਣ ਕਾਰਨ ਮੌਤ ਹੋ ਗਈ। ਗਾਜੇਵਾਸ ਪੁਲੀਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਅਨੁਸਾਰ 174 ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਜਾਂਚ ਅਧਿਕਾਰੀ ਏਐਸਆਈ ਗੁਰਦੇਵ ਸਿੰਘ ਚੀਮਾ ਨੇ ਦੱਸਿਆ ਕਿ ਮ੍ਰਿਤਕ ਸੰਦੀਪ ਸਿੰਘ (28) ਦੇ ਪਿਤਾ ਜਗਦੀਸ਼ ਸਿੰਘ ਵਾਸੀ ਪਿੰਡ ਫਤਿਹਗੜ੍ਹ ਛੰਨਾ ਵਲੋਂ ਦਰਜ ਬਿਆਨਾਂ ਅਨੁਸਾਰ ਉਸ ਦਾ ਪੁੱਤਰ ਰਾਤ ਨੂੰ ਖੇਤ ਵਿੱਚ ਜੀਰੀ ਨੂੰ ਪਾਣੀ ਲਗਾਉਣ ਲਈ ਮੋਟਰ ਚਲਾ ਕੇ ਜਦੋਂ ਫਰਾਟਾ ਪੱਖਾ ਚਲਾਉਣ ਲੱਗਿਆ ਤਾਂ ਉਸ ਨੂੰ ਕਰੰਟ ਲਗਿਆ। ਇਸ ਕਾਰਨ ਉਹ ਸਾਰੀ ਰਾਤ ਖੇਤ ਵਿੱਚ ਹੀ ਢੇਰ ਹੋਇਆ ਪਿਆ ਰਿਹਾ। ਜਿਸ ਦਾ ਪਤਾ ਉਨ੍ਹਾਂ ਨੂੰ ਸਵੇਰੇ ਖੇਤ ਵਿੱਚ ਜਾ ਕੇ ਲੱਗਿਆ। ਅਧਿਕਾਰੀ ਅਨੁਸਾਰ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਛੋਟਾ ਬੱਚਾ ਛੱਡ ਗਿਆ ਹੈ।
ਸੜਕ ਹਾਦਸੇ ਵਿੱਚ ਜ਼ਖ਼ਮੀ ਦੀ ਇਲਾਜ ਦੌਰਾਨ ਮੌਤ
ਸਮਾਣਾ (ਪੱਤਰ ਪ੍ਰੇਰਕ): ਇੱਥੇ ਬੁੱਧਵਾਰ ਸ਼ਾਮ ਨੂੰ ਸਮਾਣਾ-ਪਟਿਆਲਾ ਸੜਕ ਤੇ ਪਿੰਡ ਨੱਸੂਪੁਰ ਨੇੜੇ ਸਾਈਕਲ ਤੇ ਮੋਟਰਸਾਈਕਲ ਦੀ ਹੋਈ ਟੱਕਰ ਦੌਰਾਨ ਜ਼ਖ਼ਮੀ ਹੋਏ ਸਾਈਕਲ ਸਵਾਰ ਦੀ ਪੀਜੀਆਈ ਚੰਡੀਗੜ੍ਹ ਵਿੱਚ ਮੌਤ ਹੋ ਗਈ। ਸਦਰ ਪੁਲੀਸ ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ’ਤੇ ਕੇਸ ਦਰਜ ਕਰ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਸਦਰ ਪੁਲੀਸ ਦੇ ਏਐੱਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਮੇਲ ਸਿੰਘ (65) ਦੇ ਪੁੱਤਰ ਗੁਰਧਿਆਨ ਸਿੰਘ ਵਾਸੀ ਪਿੰਡ ਤੁਲੇਵਾਲ ਨੇ ਦੱਸਿਆ ਕਿ ਉਸ ਦਾ ਪਿਤਾ ਆਪਣੇ ਕੰਮ ਤੋਂ ਵਾਪਸ ਸਾਈਕਲ ’ਤੇ ਪਿੰਡ ਆ ਰਿਹਾ ਸੀ, ਕਿ ਪਿੱਛੋਂ ਆ ਰਹੇ ਤੇਜ਼ ਰਫਤਾਰ ਮੋਟਰਸਾਈਕਲ ਚਾਲਕ ਸਾਗਰ ਸਿੰਘ ਨੇ ਸਾਈਕਲ ਵਿੱਚ ਟੱਕਰ ਮਾਰੀ। ਜ਼ਖ਼ਮੀ ਨੂੰ ਪਹਿਲਾਂ ਸਿਵਲ ਹਸਪਤਾਲ ਸਮਾਣਾ, ਮਗਰੋਂ ਚੰਡੀਗੜ੍ਹ ਰੈਫ਼ਰ ਕਰ ਦਿੱਤਾ। ਅਧਿਕਾਰੀ ਅਨੁਸਾਰ ਮੋਟਰਸਾਈਕਲ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।