ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
ਹਤਿੰਦਰ ਮਹਿਤਾ
ਜਲੰਧਰ, 2 ਜੁਲਾਈ
ਨਕੋਦਰ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਲੱਧੇਵਾਲੀ ਵਿਚ ਦੇਰ ਰਾਤ ਦੋ ਕਾਰਾਂ ਅਤੇ ਐਕਟਿਵਾ ਸਵਾਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਨੌਜਵਾਨ ਦਾ ਕਤਲ ਕਰ ਦਿੱਤਾ। ਪੁਲੀਸ ਨੇ ਕਾਰਵਾਈ ਕਰਦੇ ਹੋਏ 24 ਘੰਟਿਆਂ ਵਿਚ ਹੀ ਹਮਲਾ ਕਰਨ ਵਾਲੇ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਨਕੋਦਰ ਸਦਰ ਥਾਣੇ ਦੇ ਮੁਖੀ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕੁਲਜਿੰਦਰ ਸਿੰਘ ਉਰਫ ਕਿੰਦਾ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਲੱਧੇਵਾਲੀ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਕੁਲਜਿੰਦਰ ਸਿੰਘ ਬੀਤੀ ਰਾਤ ਆਪਣੇ ਖੇਤਾਂ ਵਿੱਚ ਕੱਦੂ ਕਰ ਰਿਹਾ ਸੀ ਤਾਂ ਦੋ ਕਾਰਾਂ ਅਤੇ ਇੱਕ ਐਕਟਿਵਾ ’ਚ ਨੌਜਵਾਨ ਆਏ ਅਤੇ ਕੁਲਜਿੰਦਰ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਤੇ ਉਸ ਦਾ ਭਰਾ ਬਲਵਿੰਦਰ ਸਿੰਘ ਜਦ ਉਸ ਨੂੰ ਛੁਡਾਉਣ ਆਇਆ ਤਾਂ ਹਮਲਾਵਰਾਂ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ ਤੇ ਉਹ ਵੀ ਜ਼ਖਮੀ ਹੋ ਗਿਆ। ਦੋਵਾਂ ਨੂੰ ਜਲੰਧਰ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਜਿੱਥੇ ਕੁਲਜਿੰਦਰ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਕਾਰਵਾਈ ਕਰਦੇ ਹੋਏ ਕੁਲਜਿੰਦਰ ਸਿੰਘ ’ਤੇ ਹਮਲਾ ਕਰਨ ਵਾਲੇ ਗੁਰਦੀਪ ਸਿੰਘ ਪੁੱਤਰ ਲੇਟ ਬੂਧ ਸਿੰਘ ਵਾਸੀ ਮਹਿਮੂਦਪੁਰ, ਵਿੱਕੀ ਪੁੱਤਰ ਹਰਬੰਸ ਲਾਲ ਵਾਸੀ ਗੁਰੂਨਾਨਕ ਪੁਰਾ ਨਕੋਦਰ, ਵਰਿੰਦਰ ਸਿੰਘ ਉਰਫ ਬੱਟੂ ਪੁੱਤਰ ਲੇਟ ਅਵਤਾਰ ਸਿੰਘ ਵਾਸੀ ਮੁਹੇਮਾ ਨੂੰ ਕਾਬੂ ਕਰ ਪੁੱਛ-ਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਬਾਕੀ ਦੇ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।
ਕਤਲ ਦੇ ਮਾਮਲੇ ਵਿੱਚ ਇਕ ਮੁਲਜ਼ਮ ਗ੍ਰਿਫ਼ਤਾਰ
ਤਰਨ ਤਾਰਨ (ਪੱਤਰ ਪ੍ਰੇਰਕ): ਸਥਾਨਕ ਥਾਣਾ ਸਦਰ ਨੇ ਇਲਾਕੇ ਦੇ ਪਿੰਡ ਰੈਸ਼ੀਆਣਾ ਦੇ ਵਾਸੀ ਕਸ਼ਮੀਰ ਸਿੰਘ (27) ਦੇ ਇਕ ਕਤਲ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫਤਾਰ ਲਿਆ ਜਦੋਂਕਿ ਇਸ ਮਾਮਲੇ ਵਿੱਚ ਨਾਮਜ਼ਦ ਪੰਜ ਮੁਲਜ਼ਮ ਪੁਲੀਸ ਦੀ ਗ੍ਰਿਫਤ ਤੋਂ ਅਜੇ ਬਾਹਰ ਹਨ| ਐਸਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜਮ ਦੀ ਸਨਾਖਤ ਪਿਆਰਾ ਸਿੰਘ ਵਾਸੀ ਰੈਸ਼ੀਆਣਾ ਦੇ ਤੌਰ ’ਤੇ ਕੀਤੀ ਗਈ ਹੈ| ਫਰਾਰ ਚਲ ਰਹੇ ਮੁਲਜ਼ਮਾਂ ਵਿੱਚ ਪਿਆਰਾ ਸਿੰਘ ਦੇ ਭਰਾ ਲਵਜੀਤ ਸਿੰਘ, ਅੰਮ੍ਰਿਤਸਰ ਦੀ ਚਮਰੰਗ ਰੋਡ ਦੇ ਵਾਸੀ ਬੱਗੋ, ਨੇੜਲੇ ਪਿੰਡ ਪੱਖੋਕੇ ਦੇ ਵਾਸੀ ਮਿੰਦਰ ਸਿੰਘ ਮਿੰਦੀ, ਉਸ ਦੇ ਲੜਕੇ ਆਕਾਸ਼ ਅਤੇ ਕਰਨ ਸ਼ਾਮਲ ਹਨ| ਮੁਲਜ਼ਮਾਂ ਨੇ 30 ਜੂਨ ਦੀ ਰਾਤ ਵੇਲੇ ਕਸ਼ਮੀਰ ਸਿੰਘ ਤੇ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ, ਜਿਹੜਾ ਇਲਾਜ ਦੌਰਾਨ ਬੀਤੇ ਸ਼ਨਿਚਰਵਾਰ ਨੂੰ ਮੌਤ ਹੋ ਗਈ ਸੀ| ਉਨ੍ਹਾਂ ਕਿਹਾ ਕਿ ਹੋਰਨਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।