ਮੌਲੀ ਜੱਗਰਾਂ ਵਿੱਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਜੂਨ
ਇੱਥੋਂ ਦੇ ਵਿਕਾਸ ਨਗਰ, ਮੌਲੀ ਜੱਗਰਾਂ ਵਿੱਚ ਲੰਘੀ ਰਾਤ ਇਕ ਨਾਬਾਲਗ ਨੌਜਵਾਨ ‘ਤੇ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਉਕਤ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੌਰਵ ਭਾਰਦਵਾਜ (16) ਵਜੋਂ ਹੋਈ ਹੈ, ਜੋ ਕਿ ਦਸਵੀਂ ਜਮਾਤ ਦਾ ਵਿਦਿਆਰਥੀ ਸੀ। ਘਟਨਾ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਮੌਲੀ ਜੱਗਰਾਂ ਦੀ ਪੁਲੀਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਵੱਲੋਂ ਇਹ ਕੇਸ ਮ੍ਰਿਤਕ ਦੇ ਪਿਤਾ ਜਗਦੀਸ਼ ਭਾਰਦਵਾਜ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਲੰਘੀ ਰਾਤ ਉਨ੍ਹਾਂ ਦਾ ਪੁੱਤਰ ਸੌਰਵ ਚੌਲ ਲੈਣ ਲਈ ਘਰ ਤੋਂ ਕੁਝ ਦੂਰੀ ‘ਤੇ ਸਥਿਤ ਦੁਕਾਨ ‘ਤੇ ਗਿਆ ਸੀ। ਦੁਕਾਨ ਤੋਂ ਵਾਪਸ ਆਉਂਦੇ ਸਮੇਂ ਘਰ ਤੋਂ ਕੁਝ ਦੂਰੀ ‘ਤੇ ਸਥਿਤ ਪਾਰਕ ਨੇੜੇ ਪਹੁੰਚਿਆ ਤਾਂ ਸੱਤ-ਅੱਠ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ।
ਇਸੇ ਦੌਰਾਨ ਉਕਤ ਨੌਜਵਾਨਾਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਹਮਲੇ ਵਿੱਚ ਚਾਕੂ, ਗੰਡਾਸੇ, ਡੰਡੇ ਅਤੇ ਹੋਰ ਕਈ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕੀਤੀ। ਸੌਰਵ ਦੀਆਂ ਚੀਕਾਂ ਸੁਣ ਕੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਸੌਰਵ ਨੂੰ ਸੈਕਟਰ-32 ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮੌਲੀ ਜੱਗਰਾਂ ਦੀ ਪੁਲੀਸ ਨੇ ਨੇ ਇਲਾਕੇ ਦੇ ਲੋਕਾਂ ਤੋਂ ਕੀਤੀ ਪੁੱਛਗਿਛ ਦੇ ਆਧਾਰ ‘ਤੇ ਚਾਰ ਘੰਟਿਆਂ ਵਿੱਚ ਵਾਰਦਾਤ ‘ਚ ਸ਼ਾਮਲ ਅੱਠ ਨਾਬਾਲਗ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਥਾਣਾ ਮੌਲੀ ਜੱਗਰਾਂ ਦੀ ਪੁਲੀਸ ਨੇ ਮੁਲਜ਼ਮਾਂ ਵੱਲੋਂ ਵਾਰਦਾਤ ‘ਚ ਵਰਤੇ ਗਏ ਚਾਕੂ, ਗੰਡਾਸੇ ਅਤੇ ਹੋਰ ਹਥਿਆਰ ਵੀ ਬਰਾਮਦ ਕਰ ਲਏ ਹਨ। ਪੁਲੀਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।