For the best experience, open
https://m.punjabitribuneonline.com
on your mobile browser.
Advertisement

ਨੌਜਵਾਨ ਦਾ ਕਤਲ: ਪਠਾਨਕੋਟ ਪੁਲੀਸ ਵੱਲੋਂ ਸੱਤ ਮੁਲਜ਼ਮ ਗ੍ਰਿਫ਼ਤਾਰ

10:25 AM Apr 20, 2024 IST
ਨੌਜਵਾਨ ਦਾ ਕਤਲ  ਪਠਾਨਕੋਟ ਪੁਲੀਸ ਵੱਲੋਂ ਸੱਤ ਮੁਲਜ਼ਮ ਗ੍ਰਿਫ਼ਤਾਰ
ਜ਼ਿਲ੍ਹਾ ਪੁਲੀਸ ਮੁਖੀ ਜਾਣਕਾਰੀ ਦਿੰਦੇ ਹੋਏ ਅਤੇ ਪੁਲੀਸ ਹਿਰਾਸਤ ਵਿੱਚ ਮੁਲਜ਼ਮ।
Advertisement

ਐੱਨ ਪੀ ਧਵਨ
ਪਠਾਨਕੋਟ, 19 ਅਪਰੈਲ
ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਕਤਲ ਕੀਤੇ ਗਏ ਨੌਜਵਾਨ ਪੰਕਜ ਕੁਮਾਰ ਉਰਫ ਪੰਕੂ ਵਾਸੀ ਕੋਠੇ ਮਨਵਾਲ ਦੇ ਕਾਤਲਾਂ ਵਿੱਚੋਂ 7 ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਜਦਕਿ ਅੱਠਵੇਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ। ਦੂਸਰੇ ਪਾਸੇ ਮ੍ਰਿਤਕ ਦੇ ਮਾਪਿਆਂ ਨੇ ਅੱਜ ਸਵੇਰੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਸਿਵਲ ਹਸਪਤਾਲ ਦੇ ਗੇਟ ਮੂਹਰੇ ਸੜਕ ਤੇ ਧਰਨਾ ਦਿੱਤਾ। ਸੂਚਨਾ ਮਿਲਦੇ ਸਾਰ ਥਾਣਾ ਡਿਵੀਜ਼ਨ ਨੰਬਰ-1 ਦੇ ਮੁਖੀ ਦਵਿੰਦਰ ਪ੍ਰਕਾਸ਼ ਮੌਕੇ ਉਪਰ ਪੁੱਜੇ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਮੁਲਜ਼ਮ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਭਰੋਸੇ ਬਾਅਦ ਹੀ ਮਾਪਿਆਂ ਨੇ ਧਰਨਾ ਸਮਾਪਤ ਕੀਤਾ ਅਤੇ ਪੋਸਟਮਾਰਟਮ ਕਰਵਾਇਆ। ਮ੍ਰਿਤਕ ਦੇ ਭਰਾ ਰਾਹੁਲ ਨੇ ਦੱਸਿਆ ਕਿ ਪੰਕਜ ਕੁਮਾਰ ਉਰਫ ਪੰਕੂ ਅਤੇ ਮੁੱਖ ਕਾਤਲ ਵਿਨੋਦ ਕੁਮਾਰ ਉਰਫ ਸੋਨੂੰ ਦਾਨਾ ਆਪਸ ਵਿੱਚ ਦੋਸਤ ਸਨ ਪਰ ਕਰੋਨਾ ਕਾਲ ਦੌਰਾਨ ਵਿਨੋਦ ਕੁਮਾਰ ਦੀ ਪਤਨੀ ਦੀ ਮੌਤ ਹੋ ਗਈ ਸੀ ਤੇ ਉਸ ਦੀ ਮ੍ਰਿਤਕ ਦੇਹ ਨੂੰ ਪੰਕਜ ਉਰਫ ਪੰਕੂ ਨੇ ਮੋਢਾ ਦਿੱਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਤੋਂ ਬਾਅਦ ਵਿਨੋਦ ਕੁਮਾਰ ਪੰਕਜ ’ਤੇ ਉਸ ਦੀ ਪਤਨੀ ਨਾਲ ਸਬੰਧਾਂ ਦਾ ਸ਼ੱਕ ਰੱਖਣ ਦੇ ਚੱਕਰ ਵਿੱਚ ਉਸ ਨਾਲ ਰੰਜਿਸ਼ ਰੱਖਣ ਲੱਗ ਪਿਆ ਤੇ ਉਸ ਰੰਜਿਸ਼ ਨੂੰ ਲੈ ਕੇ ਬੀਤੇ ਕੱਲ੍ਹ ਵਿਨੋਦ ਕੁਮਾਰ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਸ ਦਾ ਕਤਲ ਕਰ ਦਿੱਤਾ।
ਜ਼ਿਲ੍ਹਾ ਪੁਲੀਸ ਮੁਖੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਮ੍ਰਿਤਕ ਪੰਕਜ ਕੁਮਾਰ ਉਰਫ ਪੰਕੂ ਵਾਸੀ ਕੋਠੇ ਮਨਵਾਲ ਅਤੇ ਵਿਨੋਦ ਕੁਮਾਰ ਉਰਫ ਸੋਨੂ ਦਾਨਾ ਉਪਰ ਪਹਿਲਾਂ ਵੀ ਆਪਸ ਵਿੱਚ ਲੜਾਈ ਝਗੜਾ ਕਰਨ ਦੇ ਕੇਸ ਦਰਜ ਹਨ। ਇਨ੍ਹਾਂ ਦੀ ਆਪਸ ਵਿੱਚ ਬੀਤੇ ਕੱਲ੍ਹ ਵੀ ਤਕਰਾਰਬਾਜ਼ੀ ਹੋ ਗਈ ਸੀ ਤੇ ਦੋਵਾਂ ਧਿਰਾਂ ਨੇ ਇੱਕ-ਦੂਸਰੇ ਨੂੰ ਵੰਗਾਰਦਿਆਂ ਆਪਸੀ ਸਮਾਂ ਰੱਖਿਆ ਸੀ ਅਤੇ ਬੀਤੀ ਸ਼ਾਮ ਹਥਿਆਰਾਂ ਸਮੇਤ ਪਿੰਡ ਝੁੰਬਰ ਬਾਬਾ ਪੀਰ ਦੇ ਨਜ਼ਦੀਕ ਇਕੱਠੇ ਹੋਏ ਸਨ। ਝਗੜੇ ਦੌਰਾਨ ਵਿਨੋਦ ਕੁਮਾਰ ਉਰਫ ਸੋਨੂ ਦਾਨਾ ਨੇ ਆਪਣੇ ਸਾਥੀਆਂ ਰਾਹੁਲ ਉਰਫ ਕਾਕਾ, ਅਨਿਲ ਕੁਮਾਰ ਉਰਫ ਨਿਜਾ, ਰੋਹਿਤ ਵਾਸੀ ਕਬੀਰ ਕਲੋਨੀ ਖਾਨਪੁਰ, ਪਵਨ ਕੁਮਾਰ ਉਰਫ ਬੱਬਾ, ਰਣਜੀਤ ਸਿੰਘ ਵਾਸੀ ਉਪਰਲੀ ਲਮੀਨੀ, ਮਨਜੀਤ ਸਿੰਘ, ਸੰਜੂ ਉਰਫ ਬੁੱਢਾ ਸਮੇਤ ਪੰਕਜ ਕੁਮਾਰ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਏ।
ਇਸ ਦੌਰਾਨ ਪੰਕਜ ਕੁਮਾਰ ਉਪਰ ਪੰਕੂ ਦੇ ਗੰਭੀਰ ਸੱਟਾਂ ਵੱਜੀਆਂ ਜਿਸ ਦੀ ਬਾਅਦ ਵਿੱਚ ਅਮਨਦੀਪ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ’ਤੇ ਮੁਲਜ਼ਮਾਂ ਖਿਲਾਫ਼ ਧਾਰਾ 302, 148 ਅਤੇ 149 ਤਹਿਤ ਥਾਣਾ ਸ਼ਾਹਪੁਰਕੰਡੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਸੰਜੂ ਉਰਫ ਬੁੱਢਾ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ ਜਦਕਿ ਬਾਕੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×