ਵੀਐੱਚਪੀ ਆਗੂ ਦਾ ਕਤਲ: ਐੱਨਆਈਏ ਵੱਲੋਂ ਬੱਬਰ ਖ਼ਾਲਸਾ ਮੁਖੀ ਵਧਾਵਾ ਸਿੰਘ ਸਣੇ ਛੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
ਨਵੀਂ ਦਿੱਲੀ, 12 ਅਕਤੂਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪੰਜਾਬ ਦੇ ਨੰਗਲ ਵਿੱਚ ਇਸੇ ਸਾਲ ਅਪਰੈਲ ਮਹੀਨੇ ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀ) ਦੇ ਆਗੂ ਦੇ ਕਤਲ ਦੇ ਮਾਮਲੇ ਵਿਚ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਪਾਕਿਸਤਾਨ ਆਧਾਰਤ ਮੁਖੀ ਵਧਾਵਾ ਸਿੰਘ ਸਮੇਤ ਛੇ ਜਣਿਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਦੱਸੇ ਜਾਂਦੇ ਦਹਿਸ਼ਤਗਰਦਾਂ ਨੇ ਇਸ ਸਾਲ 13 ਅਪਰੈਲ ਨੂੰ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਕਸਬਾ ਨੰਗਲ ਵਿਖੇ ਪ੍ਰਭਾਕਰ ਉਰਫ਼ ਵਿਕਾਸ ਬੱਗਾ ਦਾ ਉਸ ਦੀ ਕਨਫੈਕਸ਼ਨਰੀ ਦੀ ਦੁਕਾਨ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਐੱਨਆਈਏ ਵੱਲੋਂ ਜਾਰੀ ਬਿਆਨ ਮੁਤਾਬਕ ਚਾਰਜਸ਼ੀਟ ਕੀਤੇ ਦਹਿਸ਼ਤਗਰਦਾਂ ਵਿਚ ਵਧਾਵਾ ਸਿੰਘ ਉਰਫ਼ ਬੱਬਰ ਤੋਂ ਇਲਾਵਾ ਦੋ ਹੋਰ ਫ਼ਰਾਰ ਹਨ, ਜਦੋਂਕਿ ਤਿੰਨ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਮਨਦੀਪ ਕੁਮਾਰ ਉਰਫ਼ ਮੰਗਲੀ, ਗੁਰਪ੍ਰੀਤ ਰਾਮ ਉਰਫ਼ ਗੋਰਾ ਅਤੇ ਸੁਰਿੰਦਰ ਕੁਮਾਰ ਉਰਫ਼ ਰਿੰਕਾ ਵਜੋਂ ਦੱਸੀ ਗਈ ਹੈ। ਇਹ ਪੰਜਾਬ ਦੇ ਨਵਾਂਸ਼ਹਿਰ ਨਾਲ ਸਬੰਧਤ ਹਨ। ਮੁਲਜ਼ਮਾਂ ਖ਼ਿਲਾਫ਼ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ), ਆਈਪੀਸੀ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ। ਐੱਨਆਈਏ ਨੇ ਕਿਹਾ ਕਿ ਬੱਬਰ, ਜੋ ਇਸ ਸਮੇਂ ਪਾਕਿਸਤਾਨ ਵਿੱਚ ਹੈ, ਨੇ ਨਵਾਂਸ਼ਹਿਰ ਦੇ ਹਰਜੀਤ ਸਿੰਘ ਉਰਫ਼ ਲਾਡੀ ਅਤੇ ਯਮੁਨਾਨਗਰ (ਹਰਿਆਣਾ) ਦੇ ਕੁਲਬੀਰ ਸਿੰਘ ਉਰਫ਼ ਸਿੱਧੂ ਨਾਲ ਮਿਲ ਕੇ ਕਤਲ ਨੂੰ ਅੰਜਾਮ ਦੇਣ ਲਈ ਹਥਿਆਰ, ਗੋਲਾ-ਬਾਰੂਦ ਅਤੇ ਫੰਡ ਮੁਹੱਈਆ ਕਰਵਾਇਆ ਸੀ। ਐੱਨਆਈਏ ਨੇ ਇਸ ਸਾਲ 9 ਮਈ ਨੂੰ ਸੂਬਾ ਪੁਲੀਸ ਤੋਂ ਕੇਸ ਆਪਣੇ ਹੱਥ ਲੈ ਲਿਆ ਸੀ। ਕੌਮੀ ਜਾਂਚ ਏਜੰਸੀ ਨੇ ਇਸ ਦਹਿਸ਼ਤੀ ਹਮਲੇ ਪਿੱਛੇ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਕੌਮਾਂਤਰੀ ਸਾਜ਼ਿਸ਼ ਦਾ ਪਤਾ ਲਗਾਇਆ ਹੈ। ਐੱਨਆਈਏ ਦੀ ਜਾਂਚ ਮੁਤਾਬਕ ਵਧਾਵਾ ਸਿੰਘ ਨੇ ਹਰਜੀਤ ਸਿੰਘ ਤੇ ਕੁਲਬੀਰ ਸਿੰਘ, ਜੋ ਇਸ ਸਮੇਂ ਜਰਮਨੀ ਵਿੱਚ ਰਹਿ ਰਹੇ ਹਨ, ਨੂੰ ਪਾਕਿਸਤਾਨ ਤੋਂ ਕਤਲ ਨੂੰ ਅੰਜਾਮ ਦੇਣ ਦਾ ਨਿਰਦੇਸ਼ ਦਿੱਤਾ ਸੀ। -ਪੀਟੀਆਈ