ਵੀਐੱਚਪੀ ਆਗੂ ਦਾ ਕਤਲ: ਪਾਕਿ ਰਹਿੰਦੇ ਬੱਬਰ ਖ਼ਾਲਸਾ ਮੁਖੀ ਵਧਾਵਾ ਸਿੰਘ ਸਣੇ 6 ਖ਼ਿਲਾਫ਼ ਚਾਰਜਸ਼ੀਟ ਦਾਖ਼ਲ
ਨਵੀਂ ਦਿੱਲੀ, 12 ਅਕਤੂਬਰ
VHP leader's murder in Punjab: ਕੌਮੀ ਜਾਂਚ ਏਜੰਸੀ (NIA) ਨੇ ਇਸੇ ਸਾਲ ਅਪਰੈਲ ਮਹੀਨੇ ਪੰਜਾਬ ਵਿਚ ਨੰਗਲ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ (VHP) ਦੇ ਆਗੂ ਵਿਕਾਸ ਪ੍ਰਭਾਕਰ ਦੇ ਹੋਏ ਕਤਲ ਦੇ ਮਾਮਲੇ ਵਿਚ ਬੱਬਰ ਖ਼ਾਲਸਾ ਇੰਟਰਨੈਸ਼ਨਲ (BKI) ਦੇ ਪਾਕਿਸਤਾਨ ਆਧਾਰਤ ਮੁਖੀ ਵਧਾਵਾ ਸਿੰਘ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ।
ਪ੍ਰਭਾਕਰ ਉਰਫ਼ ਵਿਕਾਸ ਬੱਗਾ ਨੂੰ ਬੀਕੇਆਈ ਨਾਲ ਸਬੰਧਤ ਦੱਸੇ ਜਾਂਦੇ ਦਹਿਸ਼ਤਗਰਦਾਂ ਨੇ 13 ਅਪਰੈਲ, 2024 ਨੂੰ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਕਸਬਾ ਨੰਗਲ ਵਿਖੇ ਉਸ ਦੀ ਕਨਫੈਕਸ਼ਨਰੀ ਦੀ ਦੁਕਾਨ ਵਿਚ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ। ਐੱਨਆਈਏ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਚਾਰਜਸ਼ੀਟ ਕੀਤੇ ਗਏ ਦਹਿਸ਼ਤਗਰਦਾਂ ਵਿਚ ਵਧਾਵਾ ਸਿੰਘ ਉਰਫ਼ ਬੱਬਰ ਤੋਂ ਇਲਾਵਾ ਦੋ ਹੋਰ ਫ਼ਰਾਰ ਹਨ, ਜਦੋਂਕਿ ਤਿੰਨ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਦੀਪ ਕੁਮਾਰ ਉਰਫ਼ ਮੰਗਲੀ, ਗੁਰਪ੍ਰੀਤ ਰਾਮ ਉਰਫ਼ ਗੋਰਾ ਅਤੇ ਸੁਰਿੰਦਰ ਕੁਮਾਰ ਉਰਫ਼ ਰਿੰਕਾ ਵਜੋਂ ਦੱਸੀ ਗਈ ਹੈ, ਜਿਹੜੇ ਪੰਜਾਬ ਦੇ ਨਵਾਂਸ਼ਹਿਰ ਨਾਲ ਸਬੰਧਤ ਹਨ। -ਪੀਟੀਆਈ