ਸ਼ੋਅਰੂਮ ਦੇ ਕਰਿੰਦੇ ਦਾ ਕਤਲ
ਹਤਿੰਦਰ ਮਹਿਤਾ
ਜਲੰਧਰ, 4 ਅਗਸਤ
ਇਥੋਂ ਦੇ ਇੱਕ ਵੱਡੇ ਸ਼ੋਅਰੂਮ ਵਿਚ ਦਰਜੀ ਦਾ ਕੰਮ ਕਰਨ ਵਾਲੇ ਵਿਅਕਤੀ ਦਾ ਬੀਤੀ ਰਾਤ ਕਤਲ ਹੋ ਗਿਆ। ਰਾਮਾਂ ਮੰਡੀ ਪੁਲੀਸ ਨੇ ਕਾਰਵਾਈ ਕਰਦੇ ਹੋਏ ਉਸ ਦੇ ਸਾਥੀ ਸੰਨੀ ਨੂੰ ਚਾਰ ਘੰਟਿਆਂ ਅੰਦਰ ਹੀ ਕਾਬੂ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਮੁਹੱਲਾ ਸੰਤੋਖਪੁਰਾ ਵਿਚ ਮ੍ਰਿਤਕ ਰਜਿੰਦਰ ਵਾਸੀ ਮੁਰਾਦਾਬਾਦ ਯੂਪੀ ਅਤੇ ਸੰਨੀ ਵਾਸੀ ਹੁਸ਼ਿਆਰਪੁਰ ਇੱਕਠੇ ਇੱਕ ਕਮਰੇ ਵਿਚ ਰਹਿੰਦੇ ਸਨ ਤੇ ਦੋਵੇਂ ਹੀ ਸੰਤੋਖਪੁਰਾ ਵਿਚ ਸਥਿਤ ਡਰੈਸ ਗੁਰੂ ਨਾਮਕ ਸ਼ੋਅਰੂਮ ਵਿਚ ਕੰਮ ਕਰਦੇ ਸਨ। ਅੱਜ ਸਵੇਰੇ ਸ਼ੋਅਰੂਮ ਵਿਚ ਹੀ ਕੰਮ ਕਰਨ ਵਾਲਾ ਇੱਕ ਨੌਜਵਾਨ ਰਜਿੰਦਰ ਨੂੰ ਲੈਣ ਗਿਆ ਤਾਂ ਉਸ ਨੇ ਦੇਖਿਆ ਕਿ ਰਜਿੰਦਰ ਦੀ ਲਾਸ਼ ਖੂਨ ਨਾਲ ਲਥਪਥ ਪਈ ਸੀ ਜਿਸ ਕਾਰਨ ਉਸ ਨੇ ਮੁਹੱਲੇ ਦੇ ਲੋਕਾਂ ਅਤੇ ਰਾਮਾਂਮੰਡੀ ਪੁਲੀਸ ਨੂੰ ਇਸ ਦੀ ਜਾਣਕਾਰੀ ਦਿੱਤੀ। ਘਟਨਾ ਵਾਲੀ ਥਾਂ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਦੇ ਕਮਰੇ ਵਿਚ ਸਾਮਾਨ ਖਿਲਰਿਆ ਪਿਆ ਸੀ ਤੇ ਉਸ ਦਾ ਸਾਥੀ ਸੰਨੀ ਵੀ ਗਾਇਬ ਸੀ। ਮੌਕੇ ’ਤੇ ਪਹੁੰਚੀ ਥਾਣਾ ਰਾਮਾਂਮੰਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਰਜਿੰਦਰ ਦਾ ਕਤਲ ਉਸ ਦੇ ਸਾਥੀ ਸੰਨੀ ਨੇ ਕੀਤਾ ਹੈ। ਇਸੇ ਦੌਰਾਨ ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਰਜਿੰਦਰ ਦਾ ਕਤਲ ਕਰਨ ਵਾਲੇ ਸੰਨੀ ਨੂੰ ਕਾਬੂ ਕਰ ਕੇ ਉਸ ਪਾਸੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਬੀਤੀ ਰਾਤ ਉਸ ਦਾ ਰਜਿੰਦਰ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਸੀ ਤੇ ਉਸ ਨੇ ਇੱਟ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ।