For the best experience, open
https://m.punjabitribuneonline.com
on your mobile browser.
Advertisement

ਗੈਂਗਸਟਰ ਸੁੱਖਾ ਬਾੜੇਵਾਲੀਆ ਕਤਲ ਕਾਂਡ ਦੇ ਮੁੱਖ ਗਵਾਹ ਦੀ ਹੱਤਿਆ

07:34 AM Feb 28, 2024 IST
ਗੈਂਗਸਟਰ ਸੁੱਖਾ ਬਾੜੇਵਾਲੀਆ ਕਤਲ ਕਾਂਡ ਦੇ ਮੁੱਖ ਗਵਾਹ ਦੀ ਹੱਤਿਆ
ਮੁਹਾਲੀ ਦੇ ਸੈਕਟਰ-79 ਢਾਬੇ ਦੇ ਬਾਹਰ ਜਾਂਚ ਕਰਦੇ ਹੋਏ ਪੁਲੀਸ ਅਧਿਕਾਰੀ।-ਫੋਟੋ: ਵਿੱਕੀ ਘਾਰੂ
Advertisement

ਗਗਨਦੀਪ ਅਰੋੜਾ
ਲੁਧਿਆਣਾ, 27 ਫਰਵਰੀ
ਇੱਥੋਂ ਦੀ ਹੰਬੜਾਂ ਰੋਡ ਸਥਿਤ ਪੰਜ ਪੀਰ ਰੋਡ ਕੋਲ ਗੈਂਗਸਟਰ ਸੁੱਖਾ ਬਾੜੇਵਾਲੀਆ ਕਤਲ ਕਾਂਡ ਦੇ ਮੁੱਖ ਗਵਾਹ ਸੂਰਜ ਪ੍ਰਕਾਸ਼ ਉਰਫ਼ ਬੱਬੂ ਦੀ ਹੱਤਿਆ ਕਰ ਦਿੱਤੀ ਗਈ ਜਦੋਂ ਕਿ ਉਸ ਦੇ ਸਾਥੀ ਗੁਰਪ੍ਰੀਤ ਦੇ ਵੀ ਗੋਲੀਆਂ ਲੱਗੀਆਂ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਇੱਥੋਂ ਦੇ ਠੇਕੇ ’ਤੇ ਨੌਜਵਾਨਾਂ ਨੇ ਹੀ ਦੋਹਾਂ ਨੂੰ ਗੱਲ ਕਰਨ ਲਈ ਸੱਦਿਆ ਸੀ। ਇਸ ਦੌਰਾਨ ਉਨ੍ਹਾਂ ਦੀ ਬਹਿਸ ਹੋ ਗਈ ਤਾਂ ਨੌਜਵਾਨਾਂ ਨੇ ਦੋਹਾਂ ’ਤੇ ਗੋਲੀਆਂ ਚਲਾ ਦਿੱਤੀਆਂ।
ਜਾਣਕਾਰੀ ਅਨੁਸਾਰ ਮਈ 2023 ’ਚ ਹੈਬੋਵਾਲ ਇਲਾਕੇ ’ਚ ਰੋਹਿਤ ਮਲਹੋਤਰਾ ਉਰਫ਼ ਈਸ਼ੂ ਦੇ ਘਰ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਬਾੜੇਵਾਲੀਆ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਉਸ ਮਾਮਲੇ ’ਚ ਬੱਬੂ ਮੁੱਖ ਗਵਾਹ ਸੀ। ਦੱਸਿਆ ਜਾਂਦਾ ਹੈ ਕਿ ਜਿਨ੍ਹਾਂ ਨੇ ਇਸ ਕਤਲ ਕਾਂਡ ਨੂੰ ਅੰਜਾਮ ਦਿੱਤਾ ਹੈ, ਉਹ ਵੀ ਰੋਹਿਤ ਮਲਹੋਤਰਾ ਉਰਫ਼ ਈਸ਼ੂ ਅਤੇ ਗੋਪਾਲ ਮਹਾਜਨ ਦੇ ਸਾਥੀ ਹਨ। ਪੁਲੀਸ ਨੇ ਇਸ ਮਾਮਲੇ ’ਚ ਬਾੜੇਵਾਲ ਵਾਸੀ ਵਿੱਕੀ, ਕਾਲਾ, ਬਵਨ, ਜਗਤਪੁਰੀ ਵਾਸੀ ਡੇਵਿਡ ਅਤੇ ਪ੍ਰਤਾਪ ਸਿੰਘ ਵਾਲਾ ਵਾਸੀ ਹਰਦੀਪ ਸਿੰਘ ਉਰਫ਼ ਘੁੱਗੂ ਸਣੇ ਹੋਰਨਾਂ ਖਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕੁਝ ਨੌਜਵਾਨਾਂ ਦੀ ਬੱਬੂ ਅਤੇ ਗੁਰਪ੍ਰੀਤ ਨਾਲ ਕੁਝ ਦਿਨ ਪਹਿਲਾਂ ਬਹਿਸ ਹੋਈ ਸੀ। ਇਨ੍ਹਾਂ ਨੌਜਵਾਨਾਂ ਨੇ ਦੇਰ ਰਾਤ ਨੂੰ ਸੂਰਜ ਤੇ ਗੁਰਪ੍ਰੀਤ ਨੂੰ ਠੇਕੇ ਬਾਹਰ ਸੱਦਿਆ ਸੀ ਤਾਂ ਕਿ ਮਸਲਾ ਹੱਲ ਕੀਤਾ ਜਾ ਸਕੇ। ਇਸ ਦੌਰਾਨ ਬਹਿਸ ਹੋ ਗਈ ਅਤੇ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ।

Advertisement

ਸੰਗੀਤਕਾਰ ਬੰਟੀ ਬੈਂਸ ਦੇ ਢਾਬੇ ’ਤੇ ਗੈਂਗਸਟਰਾਂ ਵੱਲੋਂ ਗੋਲੀਬਾਰੀ

ਮੁਹਾਲੀ (ਗੌਰਵ ਕੈਂਥਵਾਲ/ਦਰਸ਼ਨ ਸਿੰਘ ਸੋਢੀ): ਇੱਥੋਂ ਦੇ ਇਕ ਢਾਬੇ ’ਤੇ ਪੰਜਾਬੀ ਫਿਲਮਾਂ ਦੇ ਸੰਗੀਤਕਾਰ ਤੇ ਮਰਹੂਮ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਬੰਟੀ ਬੈਂਸ ’ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਇਸ ਹਮਲੇ ਤੋਂ ਕੁਝ ਸਮਾਂ ਪਹਿਲਾਂ ਹੀ ਉਹ ਢਾਬੇ ਤੋਂ ਚਲਾ ਗਿਆ ਸੀ। ਹਮਲੇ ਤੋਂ ਬਾਅਦ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਲੱਕੀ ਪਟਿਆਲ ਗਰੁੱਪ ਵਲੋਂ ਦਿੱਤੀ ਗਈ ਹੈ ਜਿਸ ਨੇ ਬੰਟੀ ਬੈਂਸ ਤੋਂ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਬੰਟੀ ਬੈਂਸ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ ਹੈ। ਪੁਲੀਸ ਨੇ ਸੀਸੀਟੀਵੀ ਕੈਮਰਿਆਂ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਬੰਟੀ ਬੈਂਸ ਸੈਕਟਰ-79 ਦੇ ਢਾਬੇ ’ਤੇ ਬੀਤੀ ਰਾਤ ਗਿਆ ਸੀ ਤੇ ਉਹ ਸੋਸ਼ਲ ਮੀਡੀਆ ’ਤੇ ਲਾਈਵ ਵੀ ਹੋਇਆ ਸੀ। ਇਸ ਤੋਂ ਬਾਅਦ ਇਕ ਮੋਟਰਸਾਈਕਲ ’ਤੇ ਤਿੰਨ ਨੌਜਵਾਨ ਆਏ ਜਿਨ੍ਹਾਂ ਵਿਚੋਂ ਇਕ ਮੋਟਰਸਾਈਕਲ ’ਤੇ ਹੀ ਖੜ੍ਹਾ ਰਿਹਾ ਜਦਕਿ ਉਸ ਦੇ ਦੋ ਸਾਥੀ ਰਾਤ ਇਕ ਵਜੇ ਦੇ ਕਰੀਬ ਢਾਬੇ ਸਾਹਮਣੇ ਗਏ ਤੇ ਗੋਲੀਆਂ ਚਲਾਈਆਂ। ਬੰਟੀ ਬੈਂਸ ਨੇ ‘ਟ੍ਰਿਬਿਊਨ ਸਮੂਹ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ ਬੀਤੇ ਕਈ ਦਿਨਾਂ ਤੋਂ ਫਿਰੌਤੀ ਲਈ ਫੋਨ ਆ ਰਹੇ ਸਨ। ਉਹ ਕੁਝ ਸਮਾਂ ਪਹਿਲਾਂ ਹੀ ਇਸ ਢਾਬੇ ਵਿਚੋਂ ਚਲਾ ਗਿਆ ਸੀ ਕਿ ਢਾਬੇ ’ਤੇ ਗੋਲੀਆਂ ਚਲਾਉਣ ਦੀ ਖਬਰ ਮਿਲੀ। ਬੰਟੀ ਨੇ ਦੱਸਿਆ ਕਿ ਉਸ ਨੂੰ ਗੋਲੀਆਂ ਚਲਾਉਣ ਤੋਂ ਬਾਅਦ ਇਕ ਕਾਲ ਆਈ ਜਿਸ ਨੇ ਲੱਕੀ ਪਟਿਆਲ ਗੈਂਗ ਦਾ ਮੈਂਬਰ ਦੱਸਦਿਆਂ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ। ਉਸ ਨੇ ਦੱਸਿਆ ਕਿ ਜਿਸ ਢਾਬੇ ’ਤੇ ਗੋਲੀਆਂ ਚਲਾਈਆਂ ਗਈਆਂ, ਇਹ ਢਾਬਾ ਉਸ ਦੇ ਘਰ ਦੇ ਨੇੜੇ ਹੈ ਤੇ ਉਹ ਅਕਸਰ ਇੱਥੇ ਆਉਂਦਾ ਜਾਂਦਾ ਹੈ। ਡੀਐੱਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਨੇ ਮੌਕੇ ਤੋਂ ਗੋਲੀਆਂ ਦੇ ਚਾਰ ਖੋਲ ਬਰਾਮਦ ਕੀਤੇ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਬੰਟੀ ਬੈਂਸ ਤੇ ਢਾਬੇ ਦੇ ਮਾਲਕ ਪਰਮਿੰਦਰ ਸਿੰਘ ਕਟਾਣੀ ਨੇ ਪੁਲੀਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ। ਇਸ ਮਾਮਲੇ ਦਾ ਪਤਾ ਘਟਨਾ ਤੋਂ ਅਗਲੇ ਦਿਨ ਸਵੇਰ ਵੇਲੇ ਲੱਗਿਆ ਜਦੋਂ ਸਟਾਫ ਆਇਆ ਤਾਂ ਢਾਬੇ ਦਾ ਸ਼ੀਸ਼ਾ ਟੁੱਟਿਆ ਦੇਖ ਕੇ ਸੀਸੀਟੀਵੀ ਫੁਟੇਜ ਖੰਘਾਲੀ। ਇਹ ਗੋਲੀਆਂ ਉਦੋਂ ਚਲਾਈਆਂ ਗਈਆਂ ਜਦੋਂ ਹੋਟਲ ਦਾ ਸਾਰਾ ਸਟਾਫ ਛੁੱਟੀ ਕਰ ਕੇ ਚਲਾ ਗਿਆ ਸੀ।

Advertisement
Author Image

joginder kumar

View all posts

Advertisement
Advertisement
×