ਨਾਜਾਇਜ਼ ਸਬੰਧਾਂ ਦੇ ਸ਼ੱਕ ਵਿੱਚ ਸੁਪਰਵਾਈਜ਼ਰ ਦੀ ਹੱਤਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਜੂਨ
ਪੁਲੀਸ ਨੇ ਸੁਪਰਵਾਈਜ਼ਰ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਪੁਲੀਸ ਅਨੁਸਾਰ ਘਟਨਾ ਦੀ ਸੂਚਨਾ ਮਿਲਣ ‘ਤੇ ਉਹ ਫੈਕਟਰੀ ਐਨ-ਬਲਾਕ, ਡੀਐੱਸਆਈਆਈਡੀਸੀ ਬਵਾਨਾ ਸੈਕਟਰ-5 ਵਿੱਚ ਮੌਕੇ ‘ਤੇ ਪੁੱਜੇ।
ਉਦੋਂ ਤੱਕ ਜ਼ਖਮੀ ਰਾਕੇਸ਼ ਨੂੰ ਪੁਤ ਖੁਰਦ ਦੇ ਐੱਮਵੀ ਹਸਪਤਾਲ ਪਹੁੰਚਾਇਆ ਗਿਆ ਸੀ। ਇਸ ਤੋਂ ਬਾਅਦ ਜ਼ਖਮੀ ਨੂੰ ਰੋਹਿਣੀ ਦੇ ਬੀਐੱਸਏ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲੀਸ ਨੇ ਕੁਲਦੀਪ ਨੂੰ ਗ੍ਰਿਫ਼ਤਾਰ ਕਰ ਲਿਆ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਆਊਟਰ ਨਾਰਥ) ਰਵੀ ਕੁਮਾਰ ਸਿੰਘ ਨੇ ਦੱਸਿਆ ਕਿ ਉਸ ਨੇ ਰਾਕੇਸ਼ ਦੀ ਹੱਤਿਆ ਕਰਨ ਦੀ ਗੱਲ ਕਬੂਲੀ ਹੈ। ਪਤਾ ਲੱਗਿਆ ਹੈ ਕਿ ਉਹ ਆਪਣੀ ਪਤਨੀ ਨਾਲ ਬਵਾਨਾ ਸਥਿਤ ਡੀਐੱਸਆਈਆਈਡੀਸੀ ਦੀ ਫੈਕਟਰੀ ਵਿੱਚ ਮਜ਼ਦੂਰੀ ਕਰਦਾ ਸੀ। ਪੁਲੀਸ ਨੇ ਦੱਸਿਆ ਕਿ ਜੋੜਾ ਵੀ ਫੈਕਟਰੀ ਦੀ ਚੌਥੀ ਮੰਜ਼ਿਲ ‘ਤੇ ਰਹਿੰਦਾ ਸੀ।
ਕੁਲਦੀਪ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਫੈਕਟਰੀ ਦੇ ਸੁਪਰਵਾਈਜ਼ਰ ਰਾਕੇਸ਼ ਨਾਲ ਨਾਜਾਇਜ਼ ਸਬੰਧ ਹਨ। ਪੁਲੀਸ ਨੇ ਦੱਸਿਆ ਕਿ ਰਾਤ ਨੂੰ ਉਸ ਨੇ ਦੋਹਾਂ ਨੂੰ ਇਕ ਕਮਰੇ ਵਿੱਚ ਇਕੱਠੇ ਦੇਖਿਆ।
ਉਸ ਨੇ ਉਨ੍ਹਾਂ ਨੂੰ ਰਿਸ਼ਤੇ ਤੋਂ ਦੂਰ ਰਹਿਣ ਲਈ ਕਿਹਾ ਜਿਸ ਤੋਂ ਬਾਅਦ ਰਾਕੇਸ਼ ਤੇ ਕੁਲਦੀਪ ਦੀ ਪਤਨੀ ਦੋਵਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੁਲੀਸ ਨੇ ਦੱਸਿਆ ਕਿ ਰਾਕੇਸ਼ ਤੋਂ ਬਦਲਾ ਲੈਣ ਲਈ ਕੁਲਦੀਪ ਨੇ ਉਸ ਨੂੰ ਕੁਲਹਾੜੀ ਨਾਲ ਮਾਰ ਦਿੱਤਾ।