ਨੌਜਵਾਨ ਵੱਲੋਂ ਨਾਬਾਲਗ ਭੈਣ ਦਾ ਕਤਲ
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ/ਮਲੋਟ, 27 ਜੂਨ
ਪਿੰਡ ਫਕਰਸਰ ਦੇ ਨੌਜਵਾਨ ਨੇ ਆਪਣੀ ਭੈਣ ਦੇ ਚਰਿੱਤਰ ‘ਤੇ ਸ਼ੱਕ ਕਰਦਿਆਂ ਉਸ ਦੀ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ 19 ਸਾਲਾ ਕੁਲਵਿੰਦਰ ਸਿੰਘ ਨੇ ਆਪਣੀ 17 ਸਾਲਾਂ ਦੀ ਛੋਟੀ ਭੈਣ ਦਾ ਤੇਜ਼ਧਾਰ ਹਥਿਆਰ ਨਾਲ ਗਲ ਵੱਢ ਕੇ ਕਤਲ ਕਰ ਦਿੱਤਾ। ਉਸ ਨੇ ਇਹ ਕਤਲ ਉਸ ਵੇਲੇ ਕੀਤਾ ਜਦੋਂ ਉਨ੍ਹਾਂ ਦੀ ਮਾਂ ਖੇਤ ਵਿੱਚ ਝੋਨਾ ਲਾਉਣ ਗਈ ਹੋਈ ਸੀ। ਡੀਐੱਸਪੀ ਜਸਬੀਰ ਸਿੰਘ ਪੰਨੂ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਆਪਣੀ ਭੈਣ ਅੰਜੂ ਕੌਰ ਨਾਲ ਘਰ ‘ਚ ਸੀ। ਇਸ ਤੋਂ ਪਹਿਲਾਂ ਕੁਲਵਿੰਦਰ ਆਪਣੀ 13 ਸਾਲਾ ਛੋਟੀ ਭੈਣ ਨਿਸ਼ੂ ਕੌਰ ਨੂੰ ਕਿਸੇ ਹੋਰ ਦੇ ਘਰ ਛੱਡ ਆਇਆ ਸੀ। ਇਸੇ ਦੌਰਾਨ ਕੁਲਵਿੰਦਰ ਸਿੰਘ ਅਤੇ ਅੰਜੂ ਕੌਰ ਦਰਮਿਆਨ ਝਗੜਾ ਹੋਇਆ ਅਤੇ ਕੁਲਵਿੰਦਰ ਸਿੰਘ ਨੇ ਤੇਜ਼ਧਾਰ ਟੋਕੇ ਨਾਲ ਅੰਜੂ ਕੌਰ ਦਾ ਗਲਾ ਵੱਢ ਦਿੱਤਾ। ਕੁਲਵਿੰਦਰ ਸਿੰਘ ਨੇ ਇਹ ਕਤਲ ਸ਼ੱਕ ਦੇ ਆਧਾਰ ‘ਤੇ ਕੀਤਾ ਕਿਉਂਕਿ ਉਹ ਆਪਣੀ ਭੈਣ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ। ਜ਼ਿਕਰਯੋਗ ਹੈ ਕਿ ਅੰਜੂ ਕੌਰ ਪਿੰਡ ਫਰਕਸਰ-ਥੇੜੀ ਦੇ ਸਰਕਾਰੀ ਸਕੂਲ ਵਿਚ 10ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਉਸ ਦੇ ਪਿਤਾ ਸੁਰਜੀਤ ਸਿੰਘ ਦੀ ਪੰਜ ਸਾਲ ਪਹਿਲਾਂ ਸੜਕ ਹਾਦਸੇ ਵਿਚ ਮੌਤ ਚੁੱਕੀ ਹੈ।
ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦੀ ਹੱਤਿਆ
ਤਰਨ ਤਾਰਨ (ਪੱਤਰ ਪ੍ਰੇਰਕ): ਪਿੰਡ ਗੋਹਲਵੜ੍ਹ ਦੇ ਇੱਕ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਛਾਣ ਗੁਰਜੀਤ ਸਿੰਘ (23) ਵਜੋਂ ਹੋਈ ਹੈ, ਜੋ ਕੱਲ੍ਹ ਘਰੋਂ ਮੋਰਟਸਾਈਕਲ ‘ਤੇ ਗਿਆ ਸੀ। ਜਾਣਕਾਰੀ ਅਨੁਸਾਰ ਅੱਜ ਸਵੇਰੇ ਗੁਰਜੀਤ ਦੀ ਲਾਸ਼ ਪਿੰਡ ਪੰਡੋਰੀ ਰਣ ਸਿੰਘ ਦੇ ਸ਼ਮਸ਼ਾਨਘਾਟ ‘ਚੋਂ ਮਿਲੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਝਬਾਲ ਦੇ ਐੱਸਐੱਚਓ ਸਬ-ਇੰਸਪੈਕਟਰ ਕੇਵਲ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਮੌਕੇ ਦਾ ਨਿਰੀਖਣ ਕਰਕੇ ਲਾਸ਼ ਤਰਨ ਤਾਰਨ ਦੇ ਸਿਵਲ ਹਸਪਤਾਲ ਪਹੁੰਚਾ ਦਿੱਤੀ ਹੈ। ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੇ ਮੌਕੇ ਦਾ ਜਾਇਜ਼ਾ ਲਿਆ ਹੈ। ਮੁੱਢਲੀ ਜਾਂਚ ਦੌਰਾਨ ਮ੍ਰਿਤਕ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਮਿਲੇ ਹਨ।