ਝਾੜ ਸਾਹਿਬ ’ਚ ਮਾਸੀ ਦੇ ਮੁੰਡੇ ਦਾ ਕਤਲ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 20 ਨਵੰਬਰ
ਪਿੰਡ ਝਾੜ ਸਾਹਿਬ ਵਿੱਚ ਦੇਰ ਰਾਤ ਸਰਹਿੰਦ ਨਹਿਰ ਕੰਢੇ ਮਾਸੀ ਦੇ ਲੜਕਿਆਂ ’ਚ ਹੋਏ ਝਗੜੇ ਦੌਰਾਨ ਇੱਕ ਨੇ ਦੂਜੇ ਭਰਾ ਦੀ ਗਰਦਨ ਵੱਢ ਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਰਛਪਾਲ ਸਿੰਘ ਵਾਸੀ ਗੁਮਾਣਪੁਰ ਛੇਹਰਟਾ (ਅੰਮ੍ਰਿਤਸਰ) ਵਜੋਂ ਹੋਈ ਹੈ। ਰਛਪਾਲ ਸਿੰਘ ਦੇ ਕਿਸੇ ਔਰਤ ਨਾਲ ਕਥਿਤ ਨਾਜਾਇਜ਼ ਸਬੰਧ ਸਨ। ਉਸ ਦੀ ਮਾਸੀ ਦਾ ਲੜਕਾ ਚਮਕੌਰ ਸਿੰਘ ਵਾਸੀ ਸਠਿਆਲਾ (ਬਿਆਸ) ਉਸ ਨੂੰ ਇਸ ਤੋਂ ਰੋਕਦਾ ਸੀ। ਇਸ ਸਬੰਧੀ ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਰਾਤ ਕਰੀਬ 12.50 ਵਜੇ ਮਾਛੀਵਾੜਾ ਪੁਲੀਸ ਨੂੰ ਮਾਮਲੇ ਬਾਰੇ ਸ਼ਿਕਾਇਤ ਮਿਲੀ। ਇਸ ਮਗਰੋਂ ਟੀਮ ਘਟਨਾ ਸਥਾਨ ’ਤੇ ਪੁੱਜੀ। ਉਨ੍ਹਾਂ ਦੱਸਿਆ ਕਿ ਰਛਪਾਲ ਸਿੰਘ ਆਪਣਾ ਟਰੱਕ ਲੈ ਕੇ ਲੁਧਿਆਣਾ ਤੋਂ ਬੱਦੀ ਜਾ ਰਿਹਾ ਸੀ, ਜਦੋਂਕਿ ਚਮਕੌਰ ਸਿੰਘ ਟਰੱਕ ਲੈ ਕੇ ਬੱਦੀ ਤੋਂ ਲੁਧਿਆਣਾ ਜਾ ਰਿਹਾ ਸੀ। ਦੋਵਾਂ ਦਾ ਝਾੜ ਸਾਹਿਬ ਵਿੱਚ ਇੱਕ-ਦੂਜੇ ਨਾਲ ਟਾਕਰਾ ਹੋ ਗਿਆ।ਦੋਵਾਂ ਨੇ ਇੱਕ-ਦੂਜੇ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਗਰਦਨ ਵੱਢਣ ਕਾਰਨ ਰਛਪਾਲ ਸਿੰਘ ਦੀ ਜਾਨ ਚਲੀ ਗਈ ਜਦਕਿ ਚਮਕੌਰ ਵੀ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੇ ਪੁੱਤਰ ਵਿਸ਼ਾਲ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਦਸ ਦਿਨ ਪਹਿਲਾਂ ਰਛਪਾਲ ਸਿੰਘ ਤੇ ਚਮਕੌਰ ਸਿੰਘ ਵਿਚਾਲੇ ਝਗੜਾ ਹੋਇਆ ਸੀ। ਉਸ ਨੇ ਦੋਸ਼ ਲਾਇਆ ਕਿ ਝਗੜੇ ਦਾ ਕਾਰਨ ਉਸ ਦੇ ਪਿਤਾ ਰਛਪਾਲ ਸਿੰਘ ਦੇ ਇੱਕ ਔਰਤ ਨਾਲ ਨਾਜਾਇਜ਼ ਸਬੰਧ ਸਨ ਜਿਸ ਕਾਰਨ ਚਮਕੌਰ ਸਿੰਘ ਅਕਸਰ ਝਗੜਾ ਕਰਦਾ ਸੀ।
ਐੱਸਐੱਸਪੀ ਵੱਲੋਂ ਜਾਇਜ਼ਾ
ਡੀਐੱਸਪੀ ਨੇ ਦੱਸਿਆ ਕਿ ਰਛਪਾਲ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ, ਜਦਕਿ ਚਮਕੌਰ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਅੱਜ ਸਵੇਰੇ ਐੱਸਐੱਸਪੀ ਖੰਨਾ ਅਸ਼ਵਨੀ ਗੋਟਿਆਲ ਨੇ ਵੀ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਵਿਸ਼ਾਲ ਸਿੰਘ ਦੇ ਬਿਆਨਾਂ ’ਤੇ ਮੁਲਜ਼ਮ ਚਮਕੌਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।