ਪਿੰਡ ਗੁਆਰਾ ਵਿੱਚ ਬਿਰਧ ਔਰਤ ਦਾ ਕਤਲ
ਰਾਜਿੰਦਰ ਜੈਦਕਾ
ਅਮਰਗੜ੍ਹ, 25 ਜੁਲਾਈ
ਪਿੰਡ ਗੁਆਰਾ ਵਿੱਚ ਬਿਰਧ ਔਰਤ ਦਾ ਭੇਤਭਰੀ ਹਾਲਤ ਵਿੱਚ ਕਤਲ ਹੋ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਔਰਤ ਤੇਜ ਕੌਰ (80) ਘਰ ਵਿੱਚ ਇਕੱਲੀ ਰਹਿੰਦੀ ਸੀ। ਉਸ ਨੇ 2 ਮੱਝਾਂ ਰੱਖੀਆਂ ਹੋਈਆਂ ਸਨ। ਉਸ ਦੀਆਂ 2 ਲੜਕੀਆਂ ਵਿਆਹੀਆਂ ਹੋਈਆਂ ਹਨ। ਬੀਤੀ ਰਾਤ ਕਾਤਲਾਂ ਨੇ ਕੰਧ ਟੱਪ ਕੇ ਵਿਹੜੇ ਵਿੱਚ ਪਈ ਉੱਕਤ ਔਰਤ ਦੇ ਮੂੰਹ ਵਿੱਚ ਚੁੰਨੀ ਤੁੰਨ ਕੇ ਅਤੇ ਗਲ ਕੱਪੜੇ ਨਾਲ ਘੁੱਟ ਕੇ ਕਤਲ ਕਰ ਦਿੱਤਾ। ਘਰ ਦਾ ਸਾਮਾਨ ਤੇ ਕੱਪੜੇ ਖਿਲਰੇ ਹੋਏ ਸਨ। ਸਵੇਰੇ ਜਦੋਂ ਉੱਕਤ ਔਰਤ ਨੇ ਆਪਣਾ ਦਰਵਾਜ਼ਾ ਨਾ ਖੋਲ੍ਹਿਆ ਤਾਂ ਗੁਆਂਢੀਆਂ ਨੇ ਦਰਵਾਜ਼ਾ ਖੜਕਾਇਆ। ਕੋਈ ਜਵਾਬ ਨਾ ਮਿਲਣ ’ਤੇ ਉਨ੍ਹਾਂ ਕੰਧ ਟੱਪ ਕੇ ਦਰਵਾਜ਼ਾ ਖੋਲ੍ਹਿਆ। ਉਨ੍ਹਾਂ ਵੇਖਿਆ ਕਿ ਉੱਕਤ ਔਰਤ ਵਿਹੜੇ ਵਿੱਚ ਮਰੀ ਪਈ ਹੈ। ਉਨ੍ਹਾਂ ਇਸ ਸਬੰਧੀ ਅੱਜ ਸਵੇਰੇ ਪੁਲੀਸ ਨੂੰ ਸੂਚਨਾ ਦੇ ਦਿੱਤੀ।
ਥਾਣਾ ਮੁਖੀ ਰਾਜੇਸ਼ ਮਲਹੋਤਰਾ, ਐੱਸਆਈ ਸੋਹਨ ਸਿੰਘ, ਡੌਗ ਸੁਕਾਐਡ ਤੇ ਸੀਆਈਏ ਦੀ ਟੀਮਾਂ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ। ਪੁਲੀਸ ਨੇ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਭੇਜ ਦਿੱਤੀ ਹੈ।