ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ; ਕੇਸ ਦਰਜ
ਤੇਜਿੰਦਰ ਸਿੰਘ
ਚੋਹਲਾ ਸਾਹਿਬ, 28 ਜੁਲਾਈ
ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਘੜਕਾ ਵਿੱਚ ਨੌਜਵਾਨ ਦਾ ਕਤਲ ਹੋ ਗਿਆ। ਇਸ ਸਬੰਧੀ ਚੋਹਲਾ ਸਾਹਿਬ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।
ਪੁਲੀਸ ਨੂੰ ਦਰਜ ਕਰਵਾਏ ਬਿਆਨਾਂ ‘ਚ ਬਲਕਾਰ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਘੜਕਾ ਨੇ ਦੱਸਿਆ ਕਿ ਉਸ ਦਾ ਵੱਡਾ ਲੜਕਾ ਜੁਗਰਾਜ ਸਿੰਘ ਉਰਫ ਜੱਗਾ (18 ਸਾਲ) ਉਸ ਨਾਲ ਖੇਤੀ ਦੇ ਕੰਮ ਵਿੱਚ ਹੱਥ ਵਟਾਉਂਦਾ ਸੀ ਅਤੇ ਸ਼ਾਮ ਸਮੇਂ ਦੌੜ ਵੀ ਲਗਾਉਂਦਾ ਸੀ। 27 ਜੁਲਾਈ ਦੀ ਸ਼ਾਮ ਨੂੰ ਜੁਗਰਾਜ ਸਿੰਘ ਦੌੜ ਲਗਾਉਣ ਲਈ ਘਰੋਂ ਬਾਹਰ ਚਲਾ ਗਿਆ ਅਤੇ ਆਪਣਾ ਮੋਬਾਈਲ ਵੀ ਨਾਲ ਲੈ ਗਿਆ। ਰਾਤ ਕਰੀਬ 9 ਵਜੇ ਊਸ ਦਾ ਲੜਕੇ ਦਾ ਦੋਸਤ ਹਰਮਨਦੀਪ ਸਿੰਘ ਆਇਆ ਅਤੇ ਦੱਸਿਆ,‘ਅੱਜ ਇਕ ਨੌਜਵਾਨ ਬੜੀ ਤੇਜ਼ ਰਫਤਾਰ ‘ਚ ਦੌੜ ਰਿਹਾ ਸੀ ਜਿਸ ਦੇ ਪਿੱਛੇ ਜੁਗਰਾਜ ਸਿੰਘ ਭੱਜ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਮੇਰਾ ਮੋਬਾਈਲ ਵਾਪਸ ਦੇ ਦੇਵੇ।’ ਇਸ ‘ਤੇ ਊਸ ਨੇ ਪਿੰਡ ਦੇ ਮੋਹਤਬਰਾਂ ਨੂੰ ਨਾਲ ਲੈ ਕੇ ਨਜ਼ਦੀਕੀ ਖੇਤਾਂ ਵਿੱਚ ਭਾਲ ਕੀਤੀ ਤਾਂ ਅੱਜ ਸਵੇਰੇ ਊਸ ਨੂੰ ਊਸ ਦੇ ਲੜਕੇ ਦੀ ਲਾਸ਼ ਸਰਵਣ ਸਿੰਘ ਦੇ ਖੇਤਾਂ ਵਿੱਚ ਪਈ ਹੋਈ ਮਿਲੀ ਜਿਸ ਦੀ ਗਰਦਨ ਉਪਰ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਏ ਵਾਰਾਂ ਦੇ ਨਿਸ਼ਾਨ ਸਨ।
ਇਸ ਸਬੰਧੀ ਥਾਣਾ ਮੁਖੀ ਸੋਨਮਦੀਪ ਕੌਰ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 302 ਦਾ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਊਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।