ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ
ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਦਸੰਬਰ
ਇਥੇ ਬੱਸ ਸਟੈਂਡ ਦੇ ਨੇੜੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਲੰਘੀ ਅੱਧੀ ਰਾਤ ਤੋਂ ਬਾਅਦ ਇੱਕ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ਼ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ (35) ਵਾਸੀ ਪਿੰਡ ਜਾਹਲ਼ਾਂ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਉਹ ਇਥੇ ਫੋਕਲ ਪੁਆਇੰਟ ਵਿਖੇ ਸਥਿਤ ‘ਪਿਕਅੱਪ ਗੱਡੀਆਂ ‘ਤੇ ਆਧਾਰਤ ਟੈਕਸੀ ਯੂਨੀਅਨ’ ਦਾ ਪ੍ਰਧਾਨ ਵੀ ਸੀ। ਮ੍ਰਿਤਕ ਇੱਕ ਛੋਟੀ ਬੱਚੀ ਦਾ ਪਿਤਾ ਸੀ, ਜੋ ਆਪਣੀ ਬੱਚੀ ਅਤੇ ਪਤਨੀ ਸਮੇਤ ਇਥੇ ਰਾਜਪੁਰਾ ਰੋਡ ‘ਤੇ ਸਥਿਤ ਪਿੰਡ ਚੌਰਾ ਵਿਖੇ ਰਹਿੰਦਾ ਸੀ।
ਇਸ ਸਬੰਧੀ ਮ੍ਰਿਤਕ ਦੇ ਭਰਾ ਕੁਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਅਨਾਜ ਮੰਡੀ ਵਿਖੇ ਅੱਠ ਨੌ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦੀ ਧਾਰਾ 302 ਤਹਿਤ ਕੇਸ ਦਰਜ ਕੀਤਾ ਹੈ। ਘਟਨਾ ਦਾ ਪਤਾ ਲੱਗਣ ‘ਤੇ ਥਾਣਾ ਅਨਾਜ ਮੰਡੀ ਦੇ ਐਸ.ਐਚ.ਓ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਨਾਲ਼ ਹੀ ਪੁਲੀਸ ਦੇ ਫੋਰੈਂਸਿਕ ਸੈੱਲ ਦੀ ਟੀਮ ਨੇ ਵੀ ਘਟਨਾ ਸਥਾਨ ‘ਤੇ ਪਹੁੰਚ ਕੇ ਨਿਸ਼ਾਨ ਅਤੇ ਹੋਰ ਸਬੂਤ ਇਕੱਤਰ ਕੀਤੇ।
ਭਾਵੇਂ ਅਜੇ ਮੁਕੰਮਲ ਜਾਂਚ ਜਾਰੀ ਹੈ, ਪਰ ਮੁਢਲੀ ਪੁਲੀਸ ਤਫ਼ਤੀਸ਼ ਦੇ ਹਵਾਲ਼ੇ ਨਾਲ਼ ਥਾਣਾ ਮੁਖੀ ਅਮਨਦੀਪ ਬਰਾੜ ਦਾ ਕਹਿਣਾ ਸੀ ਕਿ ਇਹ ਅਚਾਨਕ ਵਾਪਰੀ ਝਗੜੇ ਦੀ ਘਟਨਾ ਦਾ ਸਿੱਟਾ ਜਾਪਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਦੋਂ ਵਾਪਰੀ, ਜਦੋਂ ਦਵਿੰਦਰ ਸਿੰਘ ਸ਼ਰਾਬ ਦੇ ਠੇਕੇ ਕੋਲ਼ੋਂ ਲੰਘ ਰਿਹਾ ਸੀ। ਚਰਚਾ ਹੈ ਕਿ ਇਸ ਦੌਰਾਨ ਹੀ ਉਸ ਦਾ ਕਿਸੇ ਹੋਰ ਨੌਜਵਾਨ ਨਾਲ਼ ਮੋਢਾ ਖਹਿ ਗਿਆ, ਜਿਸ ਦੌਰਾਨ ਹੋਈ ਬਹਿਸ ਦੇ ਚੱਲਦਿਆਂ ਇੱਕ ਨੌਜਵਾਨ ਨੇ ਉਸ ਦੇ ਸਰੀਰ ‘ਚ ਤੇਜ਼ਧਾਰ ਹਥਿਆਰ ਗੱਡ ਦਿੱਤਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਹਮਲੇ ‘ਚ ਚਿਕਨ ਬਣਾਉਣ ਲਈ ਵਰਤੀ ਜਾਂਦੀ ਸੀਖ ਦੀ ਵਰਤੋਂ ਕੀਤੀ ਗਈ ਹੈ।
ਉਧਰ ਇਲਾਕੇ ਦੇ ਡੀਐਸਪੀ ਸਿਟੀ 2 ਜਸਵਿੰਦਰ ਸਿੰਘ ਟਿਵਾਣਾ ਦਾ ਕਹਿਣਾ ਸੀ ਕਿ ਇਸ ਸਬੰਧੀ ਸੀਸੀਟੀਵੀ ਕੈਮਰਿਆਂ ਸਮੇਤ ਹੋਰ ਵੱਖ ਵੱਖ ਪਹਿਲੂਆਂ ਰਾਹੀਂ ਕਾਤਲਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਹੁਤ ਜਲਦੀ ਕਾਤਲਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਂਜ ਪੁਲੀਸ ਤਫਤੀਸ਼ ਮੁਤਾਬਿਕ ਕਤਲ ਦੀ ਇਹ ਘਟਨਾ ਅਚਾਨਕ ਹੀ ਵਾਪਰੀ।